ਡਾ. ਕਰਮਜੀਤ ਸਿੰਘ
ਕਿਸੇ ਸਮਾਜ ਵਿਚ ਜਦੋਂ ‘ਆਤਮ ਸਨਮਾਨ ਅੰਦੋਲਨ’ ਚਲਾਉਣ ਦੀ ਲੋੜ ਪਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਉਸ ਸਮਾਜ ਵਿਚ ਕਿਸੇ ਵਿਅਕਤੀ ਜਾਂ ਕਿਸੇ ਸਮੂਹ ਨੂੰ ਸਨਮਾਨ ਨਹੀਂ ਮਿਲ਼ ਰਿਹਾ ਜਾਂ ਦੂਸਰੇ ਸ਼ਬਦਾਂ ਵਿਚ ਉਸਦਾ ਅਪਮਾਨ ਕੀਤਾ ਜਾਂਦਾ ਹੈ। ਭਾਰਤ ਵਿਚ ਇਸ ਤਰ੍ਹਾਂ ਦੇ ਅਪਮਾਨ ਦਾ ਸਭ ਤੋਂ ਵੱਡਾ ਤੇ ਮੂਲ਼ ਕਾਰਣ ਜਾਤੀ ਪ੍ਰਥਾ ਰਹੀ ਹੈ ਅਤੇ ਹੁਣ ਵੀ ਹੈ। ਭਾਰਤ ਦਾ ਸੰਵਿਧਾਨ ਹਰੇਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਪਰ ਸਮਾਜ ਵਿਚ ਸਦੀਆਂ ਤੋਂ ਚੱਲੇ ਆ ਰਹੇ ਸ਼ਾਸਤਰਾਂ ਦੇ ਨਿਯਮ ਸੰਵਿਧਾਨਕ ਬਰਾਬਰੀ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਹਨ। ਜਾਤ ਜਨਮ ਅਧਾਰਿਤ ਹੈ, ਇਸ ਲਈ ਮਨੁੱਖ ਦਾ ਰੁਤਬਾ ਕੋਈ ਵੀ ਹੋਵੇ ਜੇ ਉਸਦੀ ‘ਜਾਤ’ ਨੀਵੀਂ ਹੈ ਤਾਂ ਉਹ ਕਿਸੇ ਸਨਮਾਨ ਦਾ ਅਧਿਕਾਰੀ ਨਹੀਂ। ਉਸਨੂੰ ਕਿਸੇ ਵੀ ਪੁਜਾਰੀ ਹੱਥੋਂ ਅਪਮਾਨਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਾ. ਬਾਬਾ ਸਾਹਿਬ ਅੰਬੇਡਕਰ ਆਪਣੇ ਲੇਖ ‘ਹਿੰਦੂ ਸਮਾਜ ਵਿਵਸਥਾ : ਮੂਲ ਵਿਸ਼ੇਸ਼ਤਾਵਾਂ’ ਵਿਚ ਲਿਖਦੇ ਹਨ, ‘‘ਕੀ ਹਿੰਦੂ ਸਮਾਜ ਵਿਵਸਥਾ ਵਿਚ ਬਰਾਬਰੀ ਨੂੰ ਕਿਸੇ ਤਰ੍ਹਾਂ ਦੀ ਮਾਨਤਾ ਦਿੱਤੀ ਗਈ ਹੈ? ਇਸਦਾ ਜਵਾਬ ਨਿਸ਼ਚਿਤ ਰੂਪ ਵਿਚ ਨਾਂਹ ਵਿਚ ਹੀ ਹੈ। ਸਾਰੇ ਮਨੁੱਖ ਜਨਮ ਤੋਂ ਹੀ ਸਮਾਨ ਹੁੰਦੇ ਹਨ ਇਹ ਸਿਧਾਂਤ ਹਿੰਦੂ ਸਮਾਜ ਵਿਵਸਥਾ ਦੇ ਉਲਟ ਹੈ। ਅਧਿਆਤਮਕ ਪੱਧਰ ’ਤੇ ਇਸ ਸਿਧਾਂਤ ਨੂੰ ਗ਼ਲਤ ਮੰਨਿਆ ਜਾਂਦਾ ਹੈ। ਹਿੰਦੂ ਸਮਾਜ ਵਿਵਸਥਾ ਅਨੁਸਾਰ ਭਾਵੇਂ ਇਹ ਸੱਚ ਹੈ ਕਿ ਸਾਰੇ ਮਨੁੱਖ ਬ੍ਰਹਿਮੰਡ ਦੇ ਸਿਰਜਣਹਾਰੇ ਪ੍ਰਜਾਪਤੀ ਦੀ ਔਲਾਦ ਹਨ ਪ੍ਰੰਤੂ ਇਸ ਨਾਲ਼ ਉਹ ਬਰਾਬਰ ਨਹੀਂ ਹੋ ਜਾਂਦੇ। ਇਸ ਵਿਵਸਥਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਉਤਪੱਤੀ ਪ੍ਰਜਾਪਤੀ ਦੇ ਸਰੀਰ ਦੇ ਵਿਭਿੰਨ ਹਿੱਸਿਆਂ ਤੋਂ ਹੋਈ ਹੈ। ਬ੍ਰਾਹਮਣ ਦੀ ਉਤਪੱਤੀ ਮੂੰਹ ਤੋਂ, ਕਸ਼ਤਰੀ ਦੀ ਡੌਲ਼ਿਆਂ ਤੋਂ, ਵੈਸ਼ ਦੀ ਪੱਟਾਂ ਤੋਂ ਅਤੇ ਸ਼ੂਦਰਾਂ ਦੀ ਉਸਦੇ ਪੈਰਾਂ ਤੋਂ ਹੋਈ ਹੈ। ਸਰੀਰ ਦੇ ਇਨ੍ਹਾਂ ਅੰਗਾਂ ਦੀ ਉਪਯੋਗਤਾ ਅਸਮਾਨ ਹੈ, ਇਸ ਲਈ ਇਨ੍ਹਾਂ ਤੋਂ ਪੈਦਾ ਹੋਏ ਮਨੁੱਖ ਵੀ ਅਸਮਾਨ ਹੁੰਦੇ ਹਨ।’’ ਅਗਾਂਹ ਡਾ. ਅੰਬੇਡਕਰ ਨੇ ਬੜੀ ਮੌਲਿਕ ਸਥਾਪਨਾ ਦਿੱਤੀ ਹੈ ਕਿ ਇਸ ਸਭ ਦਾ ਅਧਾਰ ‘‘ਸ਼ੇ੍ਰਣੀ ਬੱਧ ਗ਼ੈਰ ਬਰਾਬਰੀ’’ ਦਾ ਸਿਧਾਂਤ ਹੈ। ਚਾਰ ਵਰਗ ਕਿਸੇ ਬਰਾਬਰ ਧਰਾਤਲ ਉੱਪਰ ਟਿਕੇ ਹੋਏ ਨਹੀਂ ਕਿ ਉਹ ਵੱਖ ਹੋਣ ਦੇ ਬਾਵਜੂਦ ਬਰਾਬਰ ਹੋਣ। ਉਹ ਖੜ੍ਹੇ ਦਾਅ ਧਰਾਤਲ ਉੱਪਰ ਟਿਕੇ ਹੋਏ ਹਨ। ਉਹ ਵੱਖਰੇ ਹੀ ਨਹੀਂ ਉਨ੍ਹਾਂ ਦੀ ਹੈਸੀਅਤ ਵੀ ਅਸਮਾਨ ਹੈ। ਇਕ ਹੀ ਕੰਮ ਦੂਸਰੇ ਤੋਂ ਵੱਧ। ਮਨੂੰ ਅਨੁਸਾਰ ਪਦ ਦੇ ਕ੍ਰਮ ਅਨੁਸਾਰ ਬ੍ਰਾਹਮਣ ਪਹਿਲੇ ਥਾਂ ’ਤੇ ਹੈ, ਕਸ਼ਤਰੀ ਉਸਤੋਂ ਹੇਠ ਹੈ। ਕਸ਼ਤਰੀ ਤੋਂ ਹੇਠ ਵੈਸ਼ ਹੈ, ਵੈਸ਼ ਤੋਂ ਹੇਠ ਸ਼ੂਦਰ ਅਤੇ ਸ਼ੂਦਰ ਤੋਂ ਹੇਠ ਅਤਿ ਸ਼ੂਦਰ ਜਾਂ ਅਛੂਤ ਆਉਦਾ ਹੈ। ਵਰਗਾਂ ਵਿਚ ਉੱਚਤਾ ਦਾ ਇਹ ਕ੍ਰਮ ਸਿਰਫ਼ ਪਰੰਪਰਾਗਤ ਨਹੀਂ ਹੈ। ਇਹ ਅਧਿਆਤਮਕ, ਨੈਤਿਕ ਅਤੇ ਕਾਨੂੰਨੀ ਹੈ।’’
ਇਸੇ ਕਰਕੇ ਹੀ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਜਾ ਕੇ ਵੀ ਪੁਜਾਰੀ ਵਰਗ ਇਸਨੂੰ ਲਾਗੂ ਕਰਦਾ ਹੋਇਆ ਕਿਸੇ ਦਾ ਵੀ ਅਪਮਾਨ ਕਰ ਸਕਦਾ ਹੈ। ਇਥੇ ਅਸੀਂ ਮੰਦਿਰ ਪ੍ਰਵੇਸ਼ ਨੂੰ ਲੈ ਕੇ ਉੱਚ ਪਦਾਂ ਉੱਪਰ ਬੈਠੇ ਪ੍ਰਤਿਸ਼ਠਿਤ (ਸਨਮਾਨਯੋਗ ਉਚੇ ਰੁਤਬੇ ਵਾਲੇ) ਵਿਅਕਤੀਆਂ ਦੇ ਕੀਤੇ ਅਪਮਾਨ ਦੀਆਂ ਘਟਨਾਵਾਂ ਨੂੰ ਦੇਖ-ਪਰਖ ਸਕਦੇ ਹਾਂ। ਦੇਸ਼ ਦਾ ਰਾਸ਼ਟਰਪਤੀ ਤਿੰਨ ਸੈਨਾਵਾਂ ਦਾ ਸੁਪਰੀਮ ਕਮਾਂਡਰ ਹੈ, ਪਰ ਜੇਕਰ ਉਹ ਦਲਿਤ ਹੈ ਤਾਂ ਉਪਰੋਕਤ ਅਨੁਸਾਰ ਘਟੀਆ ਜਾਤ ਦਾ ਹੀ ਮੰਨਿਆ ਜਾਵੇਗਾ, ਭਾਵੇਂ ਉਹ ਭਾਰਤ ਦਾ ਪਹਿਲਾ ਨਾਗਰਿਕ ਹੀ ਕਿਉ ਨਾ ਹੋਵੇ। ਕਾਇਮ ਮੁਕਾਮ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਸਦੀ ਪਤਨੀ ਨੂੰ ਜਗਨਨਾਥ ਮੰਦਿਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਅਤੇ ਇਕ ਖਾਸ ਦੂਰੀ ਤੋਂ ਹੀ ਦਰਸ਼ਨ ਕਰਵਾ ਕੇ ਮੋੜ ਦਿੱਤਾ ਗਿਆ ਜਦ ਕਿ ਇਸਤੋਂ ਪਹਿਲੇ ਰਾਸ਼ਟਰਪਤੀ ਪ੍ਰਣਾਬ ਮੁਕਰਜੀ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਾਰਣ ਦੋਨਾਂ ਮਹਾਂ ਪੁਰਖਾਂ ਦੀ ਜਾਤੀ ਵਿਚ ਪਿਆ ਦਿਖਾਈ ਦਿੰਦਾ ਹੈ। ਏ. ਕੇ. ਬਿਸਵਾਸ ਨੇ 2010 ’ਚ ‘ਮੇਨਸਟ੍ਰੀਮ’ ਵਿਚ ਛਪੀ ਟੈਗੋਰ ਦੀ ਜੀਵਨੀ ਵਿਚ (ਅਨਿਲ ਚਾਮੜੀਆ ਅਨੁਸਾਰ) ਸਨਸਨੀਖ਼ੇਜ਼ ਖ਼ੁਲਾਸਾ ਕੀਤਾ ਹੈ ਕਿ ਟੈਗੋਰ ਦੇ ਪਵਿੱਤਰ ਮੰਦਿਰਾਂ ਵਿਚ ਜਾਣ ਉੱਪਰ ਸਰਕਾਰੀ ਪਾਬੰਦੀ ਸੀ। ਭਾਰਤ ਦਾ ਅਖੀਰਲਾ ਵਾਇਸਰਾਏ ਲਾਰਡ ਮਾਊਂਟਬੇਟਨ, ਡਾ. ਅੰਬੇਡਕਰ ਨੂੰ ਨਾਲ਼ ਲੈ ਕੇ ਪੁਰੀ ਗਿਆ ਤਾਂ ਪੁਜਾਰੀਆਂ ਨੇ ਵਾਇਰਰਾਏ ਦਾ ਤਾਂ ਸ਼ਾਹੀ ਸਨਮਾਨ ਕੀਤਾ, ਪਰ ਡਾ. ਅੰਬੇਡਕਰ ਨੂੰ ਜਗਨਨਾਥ ਮੰਦਿਰ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ। ਜਗਜੀਵਨ ਰਾਮ ਅਤੇ ਉਸਦੇ ਪਰਿਵਾਰ ਨੂੰ, ਜੋ ਭਾਰਤ ਦਾ ਡਿਫੈਂਸ ਮਨਿਸਟਰ ਵੀ ਰਿਹਾ ਹੈ, ਨੂੰ ਵੀ ਜਗਨਨਾਥ ਮੰਦਿਰ ਵਿਚ ਨਹੀਂ ਜਾਣ ਦਿੱਤਾ ਗਿਆ। ਡਿਫੈਂਸ ਮਨਿਸਟਰ ਦੇ ਤੌਰ ’ਤੇ ਜਦੋਂ ਜਗਜੀਵਨ ਰਾਮ ਨੇ 1978 ਵਿਚ ਵਾਰਾਣਸੀ ਵਿਚ ਸੰਪੂਰਣਾਨੰਦ ਦੇ ਬੁੱਤ ਨੂੰ ਲੋਕ ਅਰਪਣ ਕੀਤਾ ਤਾਂ ਉਸਦੇ ਜਾਣ ਤੋਂ ਬਾਅਦ ਬ੍ਰਾਹਮਣਾਂ ਨੇ ਸੰਪੂਰਣਾਨੰਦ ਦੇ ਬੁੱਤ ਦਾ ਗੰਗਾ ਜਲ ਨਾਲ਼ ਸ਼ੁੱਧੀਕਰਣ ਕੀਤਾ ਕਿਉਕਿ ਇਸਨੂੰ ਇੱਕ ਦਲਿਤ ਨੇ ਆਪਣੇ ‘ਅਪਵਿੱਤਰ’ ਹੱਥਾਂ ਨਾਲ਼ ਛੋਹ ਦਿੱਤਾ ਸੀ। ਜੇਕਰ ਏਨੇ ਵੱਡੇ ਬੰਦਿਆਂ ਨੂੰ ਬ੍ਰਾਹਮਣ ਪੁਜਾਰੀ ਅਪਮਾਨਿਤ ਕਰ ਸਕਦਾ ਸੀ ਤਾਂ ਆਮ ਨਾਗਰਿਕਾਂ ਨਾਲ਼ ਉਹ ਕੀ ਵਿਹਾਰ ਕਰਦਾ ਰਿਹਾ ਹੈ, ਉਸ ਨਾਲ਼ ਇਤਿਹਾਸ ਦੇ ਪੰਨੇ ਭਰੇ ਪਏ ਹਨ। ਸੜਕਾਂ ’ਤੇ ਚੱਲਣ ਉੱਪਰ ਰੋਕ, ਪਿੱਛੇ ਝਾੜੂ ਬੰਨ੍ਹ ਕੇ ਤੁਰਨਾਂ ਅਤੇ ਗਲ਼ ਵਿਚ ਥੁੱਕਣ ਲਈ ਕੁੱਜਾ ਬੰਨ੍ਹ ਕੇ ਰੱਖਣ ਲਈ ਮਜ਼ਬੂਰ ਕਰਨਾ, ਸਾਂਝੇ ਥਾਵਾਂ ਤੋਂ ਪਾਣੀ ਨਾ ਪੀਣ ਦੇਣਾ, ਸੰਸਕ੍ਰਿਤ ਪੜ੍ਹਨ ਦੀ ਮਨਾਹੀ ਆਦਿ ਇਸ ਅਣਮਨੁੱਖੀ ਵਰਤਾਰੇ ਦੀਆਂ ਉਘੜਵੀਆਂ ਮਿਸਾਲਾਂ ਹਨ। ਅਜਿਹੇ ਨਿਯਮਾਂ ਨੂੰ ਤੋੜਨ ਉੱਪਰ ਜੋ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ ਸਨ ਉਹ ਪੜ੍ਹ-ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਿਮ੍ਰਤੀ ਗ੍ਰੰਥ ਅਜਿਹੀਆਂ ਅਣਮਨੁੱਖੀ ਸਜ਼ਾਵਾਂ ਦੇ ਵੇਰਵਿਆਂ ਨਾਲ਼ ਭਰੇ ਪਏ ਹਨ।
ਇਥੇ ਇਹ ਕਹਿਣ ਦੀ ਬਹੁਤੀ ਲੋੜ ਨਹੀਂ ਰਹਿ ਜਾਂਦੀ ਕਿ ਆਰਥਿਕ ਬਰਾਬਰੀ ਆਉਣ ਨਾਲ਼ ਹੀ ਜਾਤੀ ਦਾ ਕੋਹੜ ਖ਼ਤਮ ਹੋ ਜਾਵੇਗਾ। ਇਨ੍ਹਾਂ ਸਥਿਤੀਆਂ ਵਿਚੋਂ ਹੀ ਪੇਰੀਆਰ ਦਾ ‘ਆਤਮ-ਸਨਮਾਨ ਅੰਦੋਲਨ’ ਸਾਹਮਣੇ ਆਉਦਾ ਹੈ। ਏਰੋਡ ਵਿਚ ਪੂਰੀ ਮਾਰਕੀਟ ਦੇ ਮਾਲਕ ਹੋਣ ਦੇ ਬਾਵਜੂਦ ਪੁਜਾਰੀਆਂ ਦਾ ਉਨ੍ਹਾਂ ਪ੍ਰਤੀ ਵਿਹਾਰ ਕਦੇ ਵੀ ਸਨਮਾਨਜਨਕ ਨਹੀਂ ਰਿਹਾ। ਨਤੀਜੇ ਵਜੋਂ ਪੇਰੀਆਰ ਦੀ ਭਾਸ਼ਾ ਵੀ ਬਹੁਤ ਸਖ਼ਤ ਸੀ। ਜਦ ਪੇਰੀਆਰ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਰਵੱਈਆ ਕਿਉ ਅਪਣਾਉਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੋਲੇ ਸ਼ਬਦ ਸੁਣ ਕੇ ਉਹ ਮੁਸਕਰਾ ਕੇ ਤੁਰਦੇ ਬਣਦੇ ਹਨ, ਪਰ ਕਠੋਰ ਸ਼ਬਦ ਉਨ੍ਹਾਂ ਨੂੰ ਸੰਵਾਦ ਵਿਚ ਲਿਆਉਣ ਲਈ ਸਹਾਈ ਹੁੰਦੇ ਹਨ। ਪੇਰੀਆਰ ਦਾ ਮੰਨਣਾ ਸੀ ਕਿ ਜਾਤੀ ਵਿਵਸਥਾ ਤੁਹਾਨੂੰ ਦੋਗਲ਼ਾ (ਦੋਹਰੇ ਚਰਿੱਤਰ ਵਾਲ਼ਾ) ਬਣਾਉਦੀ ਹੈ, ਜਿਸਨੂੰ ਉਹ ਨਫ਼ਰਤ ਕਰਦੇ ਸਨ। ਕਿਉਕਿ ਜਾਤੀ ਵਿਚ ਜੋ ਇਕ ਲਈ ਚੰਗਾ ਹੈ, ਉਹ ਦੂਸਰੇ ਲਈ ਭੈੜਾ ਹੈ। ਜੋ ਇਕ ਜਾਤੀ ਕਰਦੀ ਹੈ ਦੂਸਰੀ ਨੂੰ ਉਹ ਕੁਝ ਕਰਨ ਦੀ ਮਨਾਹੀ ਹੈ। ਪੇਰੀਆਰ ਅਨੁਸਾਰ ‘‘ਕਹਿਣੀ ਤੇ ਕਥਨੀ ਦਾ ਅੰਤਰ ਸੁਧਾਰ ਰਾਹੀਂ ਹੀ ਨਹੀਂ ਬਲਕਿ ‘ਇਨਕਲਾਬ’ ਰਾਹੀਂ ਯਥਾਰਥਕ ਰੂਪ ਗ੍ਰਹਿਣ ਕਰ ਸਕਦਾ ਹੈ।’’ ਪੇਰੀਆਰ ਆਮ ਬੋਲਚਾਲ ਵਿਚ ਕਦੇ ਵੀ ‘ਮੈਂ’ ਦੀ ਵਰਤੋਂ ਨਹੀਂ ਸਨ ਕਰਦੇ ਸਗੋਂ ਅਸੀਂ ਸ਼ਬਦ ਵਰਤਦੇ ਹਨ। ਉਨ੍ਹਾਂ ਦਾ ਕਹਿਣਾ ਸੀ, ‘ਜਾਤ ਨੇ ਸਾਨੂੰ ਨੀਵੇਂ ਕੀਤਾ ਅਤੇ ਗਰੀਬ ਬਣਾਇਆ’ ਅਤੇ ਇਸ ਕਰਕੇ ਘਟੀਆਪੁਣੇ ਦਾ ਅਹਿਸਾਸ ਹੁੰਦਾ ਹੈ ਅਤੇ ਅਪਮਾਨ ਸਹਿਣਾ ਪੈਂਦਾ ਹੈ। ਪੇਰੀਆਰ ਹੇਠਲੀਆਂ ਜਾਤਾਂ ਨੂੰ ਗ਼ੈਰ-ਬ੍ਰਾਹਮਣ ਕਹਿੰਦੇ ਹਨ। ਪੇਰੀਆਰ ਬ੍ਰਾਹਮਣ ਗ੍ਰੰਥਾਂ ਦੀ ਅਸਲੀਅਤ ਵੀ ਸਾਰੀ ਉਮਰ ਉਜਾਗਰ ਕਰਦੇ ਰਹੇ ਹਨ। ਉਨ੍ਹਾਂ ਅਨੁਸਾਰ, ‘‘ਬ੍ਰਾਹਮਣ ਨੇ ਸਾਨੂੰ ਸ਼ੂਦਰ ਬਣਾਇਆ ਹੈ। (ਵੇਸ਼ਵਾਵਾਂ ਦੀ ਔਲਾਦ ਜਾਂ ਰਖੇਲਾਂ ਦੀ ਔਲਾਦ) ਇਹ ਕੰਮ ਉਨ੍ਹਾਂ ਸ਼ਾਸਤਰਾਂ (ਹਿੰਦੂ ਸਿਧਾਂਤਾਂ) ਅਤੇ ਪੁਰਾਣਾਂ (ਮਿੱਥਾਂ) ਦੀ ਮਦਦ ਨਾਲ਼ ਕੀਤਾ ਹੈ। ਅਸੀਂ ਹਿੰਦੂ ਧਰਮ ਅਪਣਾਇਆ, ਅਸੀਂ ਤਲਾਅ ਪੁਟਾਏ, ਮੰਦਿਰ ਬਣਾਏ, ਧੰਨ ਦਾਨ ਦਿੱਤਾ, ਪਰ ਐਸ਼ ਕੌਣ ਕਰ ਰਿਹਾ ਹੈ? ਸਿਰਫ਼ ਤੇ ਸਿਰਫ਼ ਬ੍ਰਾਹਮਣ।’’ ਉਨ੍ਹਾਂ ਅਨੁਸਾਰ ਗ੍ਰੰਥ ਸਵੈ-ਪ੍ਰਸੰਸਾ ਨਾਲ਼ ਭਰਪੂਰ ਹਨ। ਉਪਰੋਕਤ ਅਪਮਾਨ ਤੋਂ ਬਾਅਦ ਰਾਸ਼ਟਰਪਤੀ ਜਾਂ ਨੇਤਾਵਾਂ ਵੱਲੋਂ ਪ੍ਰੋਟੈਸਟ ਦਰਜ ਕਰਵਾਏ ਗਏ। ਪ੍ਰੰਤੂ ਪੇਰੀਆਰ ਤਾਮਿਲਨਾਡੂ ਵਿਚ ਵਿਸ਼ੇਸ਼ ਵਿਅਕਤੀਆਂ ਨਾਲ਼ ਹੋਈਆਂ ਘਟਨਾਵਾਂ ਤੋਂ ਬਾਅਦ ਚੁੱਪ ਨਹੀਂ ਬੈਠਦੇ ਸਗੋਂ ਅਜਿਹੇ ਬੁੱਤਾਂ ਨੂੰ ਤੋੜਨ ਦਾ ਹੋਕਾ ਵੀ ਦੇ ਦਿੰਦੇ ਹਨ। ਉਨ੍ਹਾਂ ਅਨੁਸਾਰ, ‘‘ਜਿਸ ਈਸ਼ਵਰ ਦਾ ਬੁੱਤ ਲੋਕਾਂ ਦੇ ਸਪਰੱਸ਼ ਨਾਲ਼ ਭਿੱਟਿਆ ਜਾਂਦਾ ਹੈ ਅਜਿਹੇ ਈਸ਼ਵਰ ਦੀ ਕੋਈ ਲੋੜ ਨਹੀਂ। ਇਨ੍ਹਾਂ ਦੇ ਬੁੱਤ ਚੀਣਾ-ਚੀਣਾ ਕਰਕੇ ਸੜਕਾਂ ਵਿਚ ਵਿਛਾਏ ਜਾਣੇ ਚਾਹੀਦੇ ਹਨ ਜਾਂ ਫਿਰ ਧੋਬੀ ਘਾਟ ਉੱਪਰ ਰੱਖ ਕੇ ਇਨ੍ਹਾਂ ਉੱਪਰ ਕਪੜੇ ਧੋਣੇ ਚਾਹੀਦੇ ਹਨ।’’ (ਕੁਲੈਕਟਡ ਵਰਕਸ ਆਫ਼ ਪੇਰੀਆਰ, ਈ. ਵੀ. ਆਰ., ਪੰਨਾ-141) ਸਮੁੱਚੇ ਤੌਰ ’ਤੇ ਪੇਰੀਆਰ ਅਨੁਸਾਰ ਜਾਤੀ ਪ੍ਰਬੰਧ ਇਕ ਕਾਇਮੀ (ਕਰੌਨਿਕ) ਬਿਮਾਰੀ ਹੈ ਜਿਸਨੇ ਸਮਾਜ ਨੂੰ ਸਦੀਆਂ ਤੱਕ ਖਾਧਾ। ਕੁੱਤੇ ਵੱਢਣ ਦੀ ਦਵਾਈ ਜਾਂ ਖੁਜ਼ਲੀ ਦੀ ਦਵਾਈ ਇਸ ਕੈਂਸਰ ਨੂੰ ਦੂਰ ਨਹੀਂ ਕਰ ਸਕਦੀ, ਸਾਨੂੰ ਸਰੀਰ ਦਾ ਅਪ੍ਰੇਸ਼ਨ ਕਰਕੇ ਕੈਂਸਰ ਨਾਲ਼ ਪ੍ਰਭਾਵਿਤ ਹਿੱਸੇ ਨੂੰ ਬਾਹਰ ਕੱਢਣਾ ਹੋਵੇਗਾ। ਵੱਖ ਬਿਮਾਰੀ ਲਈ ਵੱਖ਼ਰਾ ਇਲਾਜ ਕਰਨਾ ਪਵੇਗਾ। ਹਿੰਦੂ ਕਾਨੂੰਨ ਅਨੁਸਾਰ ਅਸੀਂ 3000 ਸਾਲ ਤੋਂ ਸ਼ੂਦਰ ਹਾਂ। 3000 ਸਾਲਾਂ ਤੋਂ ਅਸੀਂ ਵੇਸਵਾਵਾਂ ਦੀ ਔਲਾਦ ਹਾਂ (ਹਿੰਦੂ ਪੁਜਾਰੀ ਸ਼ੂਦਰਾਂ ਲਈ ਠੀਕ ਇਹੋ ਸ਼ਬਦ ਵਰਤਦੇ ਸਨ)।’’ (ਪੰਨਾ-152)
ਜਦੋਂ ਵਾਈਕੌਮ ਵਿਚ ਮੰਦਿਰ ਦੁਆਲੇ ਦੀਆਂ ਗਲ਼ੀਆਂ ’ਚ ਜਾਣ ਦੀ ਰੋਕ ਵਿਰੁੱਧ ਦਲਿਤ ਅੰਦੋਲਨ ਚਲ ਰਿਹਾ ਸੀ ਤਾਂ ਇਕ ਥਾਂ ਪੇਰੀਆਰ ਨੇ ਇਸ ਅੰਦੋਲਨ ਵਿਚ ਪੰਜਾਬੀਆਂ ਦੇ ਰੋਲ ਦਾ ਜ਼ਿਕਰ ਕੀਤਾ ਹੈ, ਜਿਸਨੂੰ ਸਾਮਣੇ ਲਿਆਉਣਾ ਬਣਦਾ ਹੈ। ਇਸ ਅੰਦੋਲਨ ਦੀ ਖ਼ਬਰ ਪੰਜਾਬ ਪਹੰੁਚੀ ਤਾਂ ਸਵਾਮੀ ਸੀਰਤਾ ਨੰਦ ਨੇ ਪੰਜਾਬੀਆਂ ਨੂੰ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸੀਰਤਾ ਨੰਦ ਨੇ ਪੰਜਾਬ ਤੋਂ 30 ਲੋਕਾਂ ਦਾ ਜੱਥਾ ਵਾਈਕੌਮ ਭੇਜਿਆ। ਉਨ੍ਹਾਂ 2000 ਰੁਪਏ ਵੀ ਭੇਜੇ ਅਤੇ ਵਲੰਟੀਅਰਾਂ ਦੇ ਖਾਣੇ-ਪੀਣੇ ਦਾ ਖਰਚਾ ਚੁੱਕਣ ਦਾ ਐਲਾਨ ਵੀ ਕੀਤਾ। ਇਸਦੇ ਵਿਰੋਧ ਵਿਚ ਬ੍ਰਾਹਮਣਾਂ ਨੇ ਮਹਾਤਮਾ ਗਾਂਧੀ ਨੂੰ ਸ਼ਿਕਾਇਤ ਭੇਜੀ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਹਿੰਦੂਆਂ ਖਿਲਾਫ਼ ਜੰਗ ਛੇੜ ਰਹੇ ਹਨ। ਗਾਂਧੀ ਨੇ ਵਿਚਾਰ ਦਿੱਤੇ ਕਿ ‘‘ਮੁਸਲਮਾਨ, ਈਸਾਈ, ਸਿੱਖ ਅਤੇ ਹੋਰ ਗ਼ੈਰ ਹਿੰਦੂਆਂ ਨੂੰ ਅੰਦੋਲਨ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ।’’ ਗਾਂਧੀ ਦੀ ਅਪੀਲ ’ਤੇ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਨੇ ਆਪਣੇ ਆਪ ਨੂੰ ਵਾਈਕੌਮ ਦੇ ਅੰਦੋਲਨ ਤੋਂ ਵੱਖ ਕਰ ਲਿਆ। ਬਾਅਦ ਵਿਚ ਜਦੋਂ ਸੀਰਤਾ ਨੰਦ ਵਾਈਕੌਮ ਗਿਆ ਤਾਂ ਉਸਨੇ ਪੇਰੀਆਰ ਨੂੰ ਆਰਥਿਕ ਮਦਦ ਦਾ ਭਰੋਸਾ ਦਿੱਤਾ। ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੇਰੀਆਰ ਦੇ ਗਾਂਧੀ ਨਾਲ਼ ਕਿਹੋ ਜਿਹੇ ਰਿਸ਼ਤੇ ਸਨ। ਉਨ੍ਹਾਂ ਜਾਤੀ ਦੇ ਅਧਾਰ ’ਤੇ ਕੀਤੇ ਜਾਂਦੇ ਵਿਤਕਰੇ ਨਾਲ਼ ਕੋਈ ਸਮਝੌਤਾ ਨਹੀਂ ਕੀਤਾ ਅਤੇ ਸ਼ੂਦਰਾਂ ਅਤੇ ਅਛੂਤਾਂ ਦੇ ਆਤਮ ਸਨਮਾਨ ਦੀ ਲੜਾਈ ਲਈ ਕਾਂਗਰਸ ਨੂੰ ਵੀ ਤਿਆਗ ਦਿੱਤਾ। (ਪੰਨਾ-145)
ਪੇਰੀਆਰ ਨੇ ਆਪਣੀ ਸਾਰੀ ਧਨ-ਦੌਲਤ ਅਤੇ ਜਾਇਦਾਦ ‘ਆਤਮ ਸਨਮਾਨ’ (-) ਦੀ ਲੜਾਈ ਦੇ ਨਾਂ ਲਾ ਦਿੱਤੀ ਅਤੇ ਦੱਸਿਆ ਕਿ ਉਹ ਤਾਂ ਖਾਣ-ਪੀਣ ਦਾ ਖਰਚਾ ਵੀ ਅੰਦੋਲਨ ਦੇ ਪੈਸਿਆਂ ਵਿਚੋਂ ਕਰਦੇ ਹਨ। ਕਾਲਜਾਂ ਅਤੇ ਹਸਪਤਾਲ਼ਾਂ ਨੂੰ ਦਿੱਤਾ ਜਾਂਦਾ ਦਾਨ ਵੀ ਲੋਕਾਂ ਦੇ ਪੈਸਿਆਂ ਵਿਚੋਂ ਦਿੱਤਾ ਜਾਂਦਾ ਹੈ। ਹੋਰ ਚੰਗੇ ਕੰਮਾਂ ਲਈ ਦਿੱਤਾ ਪੈਸਾ ਵੀ ਅੰਦੋਲਨ ਦਾ ਹੀ ਹੁੰਦਾ ਹੈ। ਪੇਰੀਆਰ, ਕਾਰਲ ਮਾਰਕਸ ਦੇ ‘ਦੁਨੀਆਂ ਦੇ ਮਜ਼ਦੂਰਾਂ ਨੂੰ ਇਕ ਹੋਣ’ ਦੇ ਹੋਕੇ ਵਾਂਗ ਸਾਰੀ ਦੁਨੀਆਂ ਦੇ ਲੋਕਾਂ ਨੂੰ ਏਕੇ ਦਾ ਹੋਕਾ ਦਿੰਦਿਆਂ ਕਹਿੰਦੇ ਹਨ, ‘‘ਸਾਰੇ ਦੁਨੀਆਂ ਦੇ ਲੋਕਾਂ ਨੂੰ ਇੱਕਠੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਅਜਿਹੀ ਹੋਂਦ ਹੋਣੀ ਚਾਹੀਦੀ ਹੈ ਜੋ ਦੂਸਰਿਆਂ ਲਈ ਖ਼ਤਰਾ ਨਾ ਬਣੇ। ਸ਼ਾਂਤਮਈ ਜ਼ਿੰਦਗੀ ਲਈ ਸਾਧਨ ਲੱਭੇ ਜਾਣੇ ਚਾਹੀਦੇ ਹਨ ਜਿਨ੍ਹਾਂ ਵਿਚ ਵੈਰ ਭਾਵ ਨਾ ਹੋਵੇ, ਧੋਖਾ, ਨਫ਼ਰਤ ਅਤੇ ਗ਼ਮ ਨਾ ਹੋਣ। ਇਹੀ ਮੇਰੀ ਇੱਛਾ ਹੈ।’’ ਪੇਰੀਆਰ ਦੇ ਵਿਚਾਰ ਗੁਰੂ ਰਵਿਦਾਸ ਜੀ ਦੇ ‘ਬੇਗ਼ਮਪੁਰਾ’ ਦੇ ਸੰਕਲਪ ਦੇ ਨੇੜੇ ਪੁੱਜ ਜਾਂਦੇ ਹਨ।
ਉਹ ਦੱਸਦੇ ਹਨ ਕਿ ਆਤਮ ਸਨਮਾਨ ਕਿਵੇਂ ਆ ਸਕਦਾ ਹੈ? ‘‘ਅਸੀਂ ਆਤਮ ਸਨਮਾਨ ਬਾਰੇ ਸੋਚ ਹੀ ਤਾਂ ਸਕਦੇ ਹਾਂ ਜਦੋਂ ਉੱਚੀ-ਨੀਵੀਂ ਜਾਤ ਦੀ ਭਾਵਨਾ ਸਾਡੀ ਧਰਤੀ ਤੋਂ ਮਿਟ ਜਾਵੇ।’’ ਭਾਰਤ ਵਿਚ ਧਰਮ, ਰਾਜਨੀਤੀ, ਅਰਥ ਸ਼ਾਸਤਰ ਅਤੇ ਸਮਾਜਿਕ ਜ਼ਿੰਦਗੀ ਜਾਤੀ ਭੇਦ ਭਾਵ ਉੱਪਰ ਅਧਾਰਿਤ ਹੈ, ਇਸ ਲਈ ਕੁੱਝ ਉੱਚੇ ਲੋਕ ਅਮੀਰੀ ਭੋਗਦੇ ਹਨ ਅਤੇ ਬਹੁਗਿਣਤੀ ਗਰੀਬੀ ਵਿਚ ਜਿਊਂਦੀ ਹੈ। ਲੋਕਾਂ ਨੇ ਸਵੈ-ਸਨਮਾਨ ਦੀ ਭਾਵਨਾ ਨੂੰ ਗੁਆ ਲਿਆ ਹੈ। (ਪੰਨਾ-537) ਜੋ ਮਾਣ-ਸਨਮਾਨ ਦੀ ਚਿੰਤਾ ਨਹੀਂ ਕਰਦਾ, ਉਹ ਵੇਸਵਾ ਤੋਂ ਘੱਟ ਨਹੀਂ, ਭਾਵੇਂ ਉਹ ਕਿੰਨਾ ਵੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ। ਅਜਿਹੇ ਵਿਅਕਤੀ ਦੀ ਸਿੱਖਿਆ, ਸਵੈਮਾਣ ਦੀ ਚਿੰਤਾ ਕਰਨ ਵਾਲ਼ਿਆਂ ਨੂੰ ਵੀ ਖ਼ਤਰੇ ਵਿਚ ਪਾ ਦਿੰਦੀ ਹੈ।
‘ਆਤਮ ਸਨਮਾਨ ਅੰਦੋਲਨ’ ਦਾ ਆਖ਼ਰੀ ਨਿਸ਼ਾਨਾ ਹੈ, ਮਨੁੱਖ ਦੀਆਂ ਭਾਵਨਾਵਾਂ ਅਤੇ ਆਤਮ ਸਨਮਾਨ ਖ਼ਿਲਾਫ਼ ਹਰ ਉਸ ਚੀਜ਼ ਨੂੰ ਬਦਲਣਾ ਜੋ ਦੁਨੀਆਂ ਨੂੰ ਰਿਵਾਜ਼ਾਂ ਦੀ ਗ਼ੁਲਾਮ ਬਣਾਉਦੀ ਹੋਵੇ। ਧਾਰਮਿਕ ਕੱਟੜਤਾ ਅਤੇ ਤਰਕ ਦੇ ਉਲਟ ਅਤੇ ਚੇਤਨਾ ਦੇ ਖ਼ਿਲਾਫ਼ ਜਾਂ ਸੱਚ ਦੇ ਤਜਰਬੇ ਖ਼ਿਲਾਫ਼ ਸਭ ਕੁਝ ਹੀ ਆਤਮ ਸਨਮਾਨ ਦੇ ਵਿਰੋਧ ਵਿਚ ਹੈ। ਠੀਕ ਜਾਂ ਗ਼ਲਤ ਕਾਰਜ ਦਾ ਕਾਰਣ ਜਾਨਣਾ, ਸਥਿਤੀਆਂ/ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ, ਖੋਜ ਕਰਨਾ ਅਤੇ ਸੱਚਾਈਆਂ ਦਾ ਸਨਮਾਨ ਕਰਨਾ ‘ਆਤਮ ਸਨਮਾਨ ਅੰਦੋਲਨ’ ਦਾ ਅਸਲ ਉਦੇਸ਼ ਹੈ। ਇਥੇ ਪੇਰੀਆਰ ਦੀ ਤਰਕਸ਼ੀਲ ਸ਼ਖਸ਼ੀਅਤ ਦੇ ਦਰਸ਼ਨ ਵੀ ਹੁੰਦੇ ਹਨ। ਇਹੋ ਆਤਮ ਸਨਮਾਨ ਆਜ਼ਾਦੀ ਦੀ ਭਾਵਨਾ ਨਾਲ਼ ਜੁੜਿਆ ਹੋਇਆ ਹੈ। ਆਤਮ ਸਨਮਾਨ ਅਤੇ ਆਜ਼ਾਦੀ ਇਕ ਦੂਜੇ ਦੀਆਂ ਪੂਰਕ ਹਨ।
ਆਜ਼ਾਦੀ ਅੰਦੋਲਨ ਨੂੰ ਮੁਖ਼ਾਤਿਬ ਹੁੰਦਿਆਂ ਪੇਰੀਆਰ ਸਪੱਸ਼ਟ ਆਖਦੇ ਹਨ ਕਿ ਇਨ੍ਹਾਂ ਨੇ ਆਤਮ ਸਨਮਾਨ ਅਤੇ ਮਨੁੱਖੀ ਗੌਰਵ ਨੂੰ ਭੁਲਾ ਦਿੱਤਾ ਹੈ। ਇਸਨੂੰ ਉਹ ਬਕਵਾਸ, ਊਲ-ਜਲੂਲ ਅੰਦੋਲਨ ਦਾ ਨਾਂ ਦਿੰਦੇ ਹਨ। ਉਨ੍ਹਾਂ ਅਨੁਸਾਰ ਆਤਮ ਸਨਮਾਨ ਦਾ ਆਦਰਸ਼ ਆਜ਼ਾਦੀ ਦੀ ਭਾਵਨਾ ਨੂੰ ਚਲਾਉਦਾ ਹੈ। ਆਤਮ ਸਨਮਾਨ ਵਿਚ ਆਜ਼ਾਦੀ ਹਰ ਥਾਂ ਮੌਜੂਦ ਹੈ। ਪੇਰੀਆਰ ਅਨੁਸਾਰ ਧਰਮ ਗਿਆਨ ਦਾ ਨਾਸ਼ ਹੀ ਨਹੀਂ ਕਰਦਾ ਸਗੋਂ ਆਤਮ ਸਨਮਾਨ ਨੂੰ ਵੀ ਖ਼ਤਰੇ ਵਿਚ ਪਾਉਦਾ ਹੈ। ਜੇਕਰ ਧਰਮ ਮਾਨਵਤਾ ਨੂੰ ਉੱਚੇ ਅਤੇ ਨੀਵੇਂ/ਨੀਚ ਵਿਚ ਵੰਡਦਾ ਹੈ, ਜੇ ਇਹ ਏਕਤਾ ਦੀ ਥਾਂ ਵੰਡੀਆਂ ਪਾਉਦਾ ਹੈ ਅਤੇ ਆਜ਼ਾਦੀ ਨੂੰ ਤਬਾਹ ਕਰਦਾ ਹੈ ਤਾਂ ‘ਆਤਮ ਸਨਮਾਨ ਅੰਦੋਲਨ’ ਇਸ ਦੀ ਚੰਗੀ ਤਰ੍ਹਾਂ ਖ਼ਬਰ ਲਵੇਗਾ। ਪੇਰੀਆਰ ਅਨੁਸਾਰ ‘ਆਤਮ ਸਨਮਾਨ ਅੰਦੋਲਨ’ ਉਨ੍ਹਾਂ ਕਾਰਨਾਂ ਨੂੰ ਜਾਨਣ ਦਾ ਨਾਂ ਹੈ ਜਿਨ੍ਹਾਂ ਕਾਰਨਾਂ ਕਰਕੇ ਸ਼ੂਦਰ ਨੂੰ ਹੇਠਲੇ ਦਰਜ਼ੇ ’ਤੇ ਧੱਕ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਅਪਮਾਨ ਦੀ ਸਥਿਤੀ ਵਿਚ ਪਹੁੰਚਾ ਦਿੱਤਾ ਹੈ।
ਪੇਰੀਆਰ ਆਪਣੇ ਲੜਨ ਲਈ ਆਪਣੇ ਵੇਲੇ ਦੀਆਂ ਪੰਜ ਬੁਰਾਈਆਂ ਨੂੰ ਰੇਖਾਂਕਿਤ ਕਰਦੇ ਹਨ। 1. ਰੱਬ ਦੀ ਸਿਰਜਣਾ 2. ਕਾਂਗਰਸ ਪਾਰਟੀ 3. ਗਾਂਧੀ 4. ਬ੍ਰਾਹਮਣ ਵੱਲੋਂ ਲਿਆਂਦੀ ਤਬਾਹੀ ਅਤੇ 5. ਧਰਮ। ਇਨ੍ਹਾਂ ਪੰਜਾਂ ਬੁਰਾਈਆਂ ਦੀ ਵਿਸਤਿ੍ਰਤ ਚਰਚਾ ਕਰਦਿਆਂ ਉਹ ਨਿਰਣਾ ਕਰਦੇ ਹਨ ਕਿ, ‘ਆਤਮ ਸਨਮਾਨ ਅੰਦੋਲਨ’ ਇਨ੍ਹਾਂ ਪੰਜਾਂ ਬੁਰਾਈਆਂ ਦੇ ਖ਼ਿਲਾਫ਼ ਹੈ। ਸੰਖੇਪ ਵਿਚ ਆਤਮ ਸਨਮਾਨ ਅੰਦੋਲਨ ਨੇ ਰੱਬ, ਧਰਮ, ਕਾਂਗਰਸ, ਗਾਂਧੀ ਅਤੇ ਬ੍ਰਾਹਮਣ ਖ਼ਿਲਾਫ਼ ਮੋਰਚਾ ਵਿੱਢਣ ਦੀ ਜ਼ਿੰਮੇਂਵਾਰੀ ਲਈ ਹੈ। ਇਹ ਪੰਜ ਤਾਕਤਾਂ ਘਾਤਕ ਵਿਚਾਰਾਂ ਦਾ ਸਮਰਥੱਨ ਕਰਦੀਆਂ ਹੋਈਆਂ ਸਾਨੂੰ ਆਪਣਾ ਸ਼ਿਕਾਰ ਬਣਾਉਦੀਆਂ ਹਨ। ਸਾਡੇ ਲੋਕ ਗ਼ੁਲਾਮ ਬਣਦੇ ਹਨ। ਇਨ੍ਹਾਂ ਤਾਕਤਾਂ ਨੂੰ ਨੇਸਤੋ ਨਾਬੂਦ ਕੀਤੇ ਬਿਨਾਂ ਅਸੀਂ ਆਪਣੇ ਲੋਕਾਂ ਲਈ ਵਧੀਆ ਸਥਿਤੀਆਂ ਨਹੀਂ ਸਿਰਜ ਸਕਦੇ। ਅਸੀਂ ਲੋਕਾਂ ਦਾ ਆਤਮ ਸਨਮਾਨ ਬਹਾਲ ਕਰਨਾ ਚਾਹੁੰਦੇ ਹਾਂ।’’ (ਪੰਨਾ-215)
ਪੇਰੀਆਰ ਬਾਰ-ਬਾਰ ਇਹ ਸਪੱਸ਼ਟ ਕਰਦੇ ਹਨ ਕਿ ‘ਆਤਮ ਸਨਮਾਨ ਅੰਦੋਲਨ’ ਰਾਜਨੀਤਿਕ ਅੰਦੋਲਨ ਨਹੀਂ ਹੈ। ਇਹ ਸ਼ੁੱਧ ਸਮਾਜ ਸੁਧਾਰ ਦਾ ਅੰਦੋਲਨ ਹੈ। ਸਪੱਸ਼ਟ ਰੂਪ ਵਿਚ ਆਤਮ ਸਨਮਾਨ ਦਾ ਅਧਾਰ ਗੌਰਵ ਹੈ ਜੋ ਅਪਮਾਨ ਦੇ ਭਾਵਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਪੇਰੀਆਰ ਅਨੁਸਾਰ, ਆਤਮ ਸਨਮਾਨ, ‘ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ’, ਕਿਉਕਿ ਮਨੁੱਖ ਹੋਣ ਦਾ ਅਹਿਸਾਸ ਹੀ ਗੌਰਵ ਦੇ ਹੋਣ ਨਾਲ਼ ਜੁੜਿਆ ਹੋਇਆ ਹੈ। ਮਨੁੱਖ ਸ਼ਬਦ ਵਿਚ ਹੀ ਸ਼ਾਨ/ਗੌਰਵ ਦਾ ਭਾਵ ਜੁੜਿਆ ਹੋਇਆ ਹੈ। ਮਾਨਵੀ ਗੌਰਵ ਦੇ ਅਧਿਕਾਰ ਰਾਹੀਂ ਹੀ ਇਸਦੇ ਗੁਣ ਪ੍ਰਗਟ ਹੋ ਸਕਦੇ ਹਨ।
ਆਤਮ ਸਨਮਾਨ ਮਿਲਣ ਨਾਲ਼ ਹੀ ਮਨੁੱਖ ਨੂੰ ਆਪਣੀਆਂ ਹੀਣ ਭਾਵਨਾਵਾਂ ਤੋਂ ਛੁਟਕਾਰਾ ਮਿਲ਼ ਸਕਦਾ ਹੈ। ਇਸ ਭਾਵ ਨਾਲ਼ ਹੀ ਮਨੁੱਖ ਵਿਚ ਵਿਸ਼ਵਾਸ਼ ਪੈਦਾ ਹੁੰਦਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ। ਮਨੁੱਖ ਵਿਚ ਵਿਸ਼ਵਾਸ਼ ਅਤੇ ਆਤਮ ਸਨਮਾਨ ਪੈਦਾ ਕਰਨਾ ਹੀ ਪੇਰੀਆਰ ਦੇ ਅੰਦੋਲਨ ਦਾ ਮੂਲ਼ ਮਨੋਰਥ ਸੀ। ਜੇਕਰ ਲੋਕਾਂ ਵਿਚ ਵਾਕਿਆ ਹੀ ਆਤਮ ਸਨਮਾਨ ਦੀ ਭਾਵਨਾ ਆ ਜਾਵੇ ਤਾਂ ਇਹ ਆਪਣੇ ਆਪ ਰਾਜਨੀਤੀ, ਰਾਸ਼ਟਰਵਾਦ ਅਤੇ ਧਾਰਮਿਕਤਾ ਨੂੰ ਸਹੀ ਦਿਸ਼ਾ ਦੇ ਲਵੇਗਾ। ਨਿਰਾ ਕਾਨੂੰਨ ਆਤਮ ਸਨਮਾਨ ਲੈ ਆਵੇ ਜਾਂ ਸੁਧਾਰ ਕਰ ਦੇਵੇ ਅਜਿਹਾ ਸੰਭਵ ਨਹੀਂ।
ਪੱਛਮ ਨਾਲ਼ ਤੁਲਨਾ ਕਰਦਿਆਂ ਪੇਰੀਆਰ ਨੇ ਆਰਥਿਕ ਸਨਮਾਨ ਤੋਂ ਵੱਧ ਹੋਰ ਸਨਮਾਨਾਂ ਨੂੰ ਵੀ ਸਾਹਮਣੇ ਰੱਖਿਆ ਹੈ। ‘‘ਪੱਛਮ ਵਿਚ ਆਤਮ ਸਨਮਾਨ ਸਿਰਫ਼ ਆਰਥਿਕ ਖੇਤਰ ਵਿਚ ਚਾਹੀਦਾ ਹੈ, ਪਰ ਸਾਡੇ ਲਈ ਇਹ ਧਰਮ, ਸਮਾਜ, ਸਿੱਖਿਆ, ਗਿਆਨ, ਖੋਜ ਕਲਾ, ਰਾਜਨੀਤੀ, ਆਰਥਿਕਤਾ ਅਤੇ ਹੋਰ ਕਈ ਖੇਤਰਾਂ ਵਿਚ ਵੀ ਲੋੜੀਂਦਾ ਹੈ। ਸਾਡੇ ਲੋਕਾਂ ਨੂੰ ਸਿਰਫ਼ ਸਿੱਖਿਆ ਦੀ ਹੀ ਲੋੜ ਨਹੀਂ ਹੈ ਬਲਕਿ ਚੇਤਨਾ ਅਤੇ ਆਤਮ ਸਨਮਾਨ ਦੀ ਵੀ ਲੋੜ ਹੈ।’’ (ਪੰਨਾ-538)
ਪੇਰੀਆਰ ਨੇ ਆਤਮ ਸਨਮਾਨ ਦਾ ਸਿਧਾਂਤ ਹੀ ਨਹੀਂ ਘੜ੍ਹਿਆ ਸਗੋਂ ਉਸਨੂੰ ਅਮਲੀ ਰੂਪ ਵੀ ਦਿੱਤਾ। ਉਨ੍ਹਾਂ ਨੇ ਨਵੀਂ ਤਰਕਸ਼ੀਲ ਵਿਆਹ ਸੰਸਥਾ ਦਾ ਆਰੰਭ ਕੀਤਾ ਜਿਸ ਨੂੰ ‘‘ਆਤਮ ਸਨਮਾਨ ਵਿਆਹ’’ ਦਾ ਨਾਂ ਦਿੱਤਾ ਗਿਆ। ਇਸ ਵਿਆਹ ਵਿਚ ਸੋਚ-ਸਮਝ ਕੇ ਧਾਰਮਿਕ ਰੀਤਾਂ ਦਾ ਤਿਆਗ ਕੀਤਾ ਗਿਆ। ਅਜਿਹੇ ਵਿਆਹਾਂ ਵਿਚ ਬ੍ਰਾਹਮਣ ਵੱਲੋਂ ਸੰਸਕ੍ਰਿਤ
ਸ਼ਲੋਕ ਉਚਾਰਣ ਦੀ ਮਨਾਹੀ ਕਰ ਦਿੱਤੀ ਗਈ। ਵਹੁਟੀ ਤੇ ਲਾੜਾ ਇਕ ਦੂਜੇ ਦੇ ਗਲ਼ ਵਿਚ ਮਾਲ਼ਾ ਪਾਉਣ ਸਮੇਂ ਤਾਮਿਲ਼ ਮਾਤ ਭਾਸ਼ਾ ਵਿਚ ਵਿਆਹ ਨਿਭਾਉਣ ਦਾ ਅਹਿਦ ਲੈਂਦੇ ਸਨ। ਵਿਆਹ ਉੱਪਰ ਵਾਧੂ ਖਰਚੇ ’ਤੇ ਰੋਕ ਲਾਈ ਗਈ। ਇਸ ਤਰ੍ਹਾਂ ਪੇਰੀਆਰ ਨੇ ਵਿਆਹ ਸੰਸਥਾ ਨੂੰ ਧਰਮ ਨਿਰਪੱਖ ਰੂਪ ਦੇ ਦਿੱਤਾ। ਕਿਸੇ ਵੀ ਧਰਮ ਦਾ ਜੋੜਾ ਇਕ ਦੂਜੇ ਦੇ ਹਾਰ ਪਾ ਕੇ, ਅਹਿਦ ਕਰਕੇ ਜੀਵਨ ਸਾਥੀ ਬਣ ਸਕਦਾ ਸੀ। ਅੰਤਰਜਾਤੀ ਵਿਆਹ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਅਜਿਹੇ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਸੀ, ਪਰ ਜਦੋਂ ਅੰਨਾ ਦੁਰਾਈ ਤਾਮਿਲਨਾਡੂ ਦਾ ਮੁੱਖ ਮੰਤਰੀ ਬਣਿਆ ਤਾਂ ਉਸਨੇ ਆਤਮ-ਸਨਮਾਨ ਵਿਆਹ ਨੂੰ ਮਾਨਤਾ ਦੇਣ ਵਾਲਾ ਕਾਨੂੰਨ ਬਣਾਇਆ। ਇਸਨੂੰ ਹਿੰਦੂ ਮੈਰਿਜ (ਤਾਮਿਲ਼ਨਾਡੂ ਅਮੈਂਡਮੈਂਡ ਐਕਟ-1967) ਕਿਹਾ ਜਾਂਦਾ ਹੈ। ਇਸ ਕਾਨੂੰਨ ਰਾਹੀਂ ਇਸਤੋਂ ਪਹਿਲਾਂ ਹੋਏ ‘‘ਆਤਮ-ਸਨਮਾਨ ਵਿਆਹਾਂ’’ ਨੂੰ ਵੀ ਮਾਨਤਾ ਮਿਲ਼ ਗਈ।
1929 ਵਿਚ ਹੋਈ ਪਹਿਲੀ ‘ਆਤਮ ਸਨਮਾਨ ਕਾਨਫਰੰਸ’ ਵਿਚ ਪੇਰੀਆਰ ਨੇ ਸੁਝਾਅ ਦਿੱਤਾ ਕਿ ਕੁੜੀਆਂ ਦਾ ਵਿਆਹ 16 ਸਾਲ ਜਾਂ ਉਸ ਤੋਂ ਵੱਧ ਉਮਰ ਵਿਚ ਹੋਣਾ ਚਾਹੀਦਾ ਹੈ। 1930 ਵਿਚ ਵਿਧਵਾ ਵਿਆਹ ਲਈ ਪੇਰੀਆਰ ਨੇ ‘ਸ਼ਾਰਦਾ ਕਾਨੂੰਨ’ ਦਾ ਸੁਝਾਅ ਦਿੱਤਾ। ਇਸ ਵਿਚ ਆਈਆਂ ਅੜਚਨਾਂ ਨੂੰ 1978 ਵਿਚ ਕਾਨੂੰਨੀ ਰੂਪ ਦਿੱਤਾ ਗਿਆ। ਤਲਾਕ ਦੇ ਕਾਨੂੰਨ ਬਾਰੇ ਰੈਜ਼ੂਲੇਸ਼ਨ ਵੀ ਪਹਿਲੀ ‘ਆਤਮ ਸਨਮਾਨ ਕਾਨਫਰੰਸ’ ਵਿਚ ਹੀ ਪਾਸ ਕਰਵਾਇਆ ਗਿਆ ਸੀ । ਇਸੇ ਕਾਨਫਰੰਸ ਵਿਚ ਔਰਤ ਨੂੰ ਜਾਇਦਾਦ ਦੇਣ ਦੇ ਅਧਿਕਾਰ ਦਾ ਮਤਾ ਵੀ ਪਾਇਆ ਗਿਆ। ਕੇ.ਕਰੁਣਾਨਿਧੀ ਦੇ ਮੁੱਖ ਮੰਤਰੀ ਹੁੰਦਿਆਂ ਉਥੋਂ ਦੀ ਸਰਕਾਰ ਨੇ 1989 ਵਿਚ ਔਰਤ ਦੇ ਪਰਿਵਾਰ ਵਿਚ ਜਾਇਦਾਦ ਦੇ ਅਧਿਕਾਰ ਨੂੰ ਸਵੀਕਾਰ ਕੀਤਾ ਅਤੇ ਕਾਨੂੰਨੀ ਰੂਪ ਦਿੱਤਾ। ਸਾਲ 2005 ਵਿਚ ਇਸਨੂੰ ਕੌਮੀ ਕਾਨੂੰਨ ਦਾ ਦਰਜਾ ਮਿਲ਼ਿਆ।
ਇਉ ਅਸੀਂ ਵੇਖਦੇ ਹਾਂ ਕਿ ਪੇਰੀਆਰ ਦਾ ਤਾਮਿਲਨਾਡੂ ਵਿਚ ‘ਆਤਮ ਸਨਮਾਨ ਅੰਦੋਲਨ’ ਇਕ ਤਰ੍ਹਾਂ ਨਾਲ਼ ਦਲਿਤਾਂ ਅਤੇ ਔਰਤਾਂ ਦੇ ਉੱਥਾਨ ਦਾ ਅੰਦੋਲਨ ਬਣ ਜਾਂਦਾ ਹੈ। ਮੰਦਿਰਾਂ ਵਿਚ ਪ੍ਰਵੇਸ਼ ਅਤੇ ਹੋਰ ਅਨੇਕਾਂ ਪੱਖ ਇਸ ਅੰਦੋਲਨ ਨਾਲ਼ ਜੁੜੇ ਹੋਏ ਹਨ। ਅੱਜ ਤਕ ਪੇਰੀਆਰ ਦਾ ਪ੍ਰਭਾਵ ਤਾਮਿਲਨਾਡ ਵਿਚ ਹੀ ਨਹੀਂ ਸਾਰੇ ਭਾਰਤ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਫਿਰਕਾਪ੍ਰਸਤ ਤੱਤ ਅੱਜ ਵੀ ਪੇਰੀਆਰ ਦੇ ਬੁੱਤਾਂ ਨੂੰ ਤੋੜ ਕੇ ਉਨ੍ਹਾਂ ਪ੍ਰਤੀ ਨਫ਼ਰਤ ਦਾ ਇਜ਼ਹਾਰ ਕਰਦੇ ਹਨ, ਪਰ ਦਲਿਤਾਂ ਲਈ ਪੇਰੀਆਰ ਦਾ ਵੱਖਰਾ ਮਹੱਤਵ ਹੈ। ਯੂਨੈਸਕੋ ਨੇ 1970 ਵਿਚ ਪੇਰੀਆਰ ਨੂੰ ਸਨਮਾਨ ਪੱਤਰ ਨਾਲ਼ ਸਨਮਾਨਿਤ ਕੀਤਾ ਜਿਸਦੇ ਸ਼ਬਦ ਹਨ, ‘‘ਪੇਰੀਆਰ ਨਵੇਂ ਯੁੱਗ ਦੇ ਪੈਗੰਬਰ ਹਨ, ਦੱਖਣੀ ਏਸ਼ੀਆ ਦੇ ਉਹ ਸੁਕਰਾਤ ਹਨ, ਸਮਾਜਿਕ ਸੁਧਾਰ ਅੰਦੋਲਨ ਦੇ ਸਿਰਜਿਕ ਹਨ ਅਤੇ ਉਹ ਅਗਿਆਨਤਾ, ਅੰਧਵਿਸ਼ਵਾਸ਼, ਬੇਮਤਲਬ ਰੀਤੀ ਰਿਵਾਜਾਂ ਅਤੇ ਬੇਮਤਲਬ ਵਿਹਾਰਾਂ ਦੇ ਕੱਟੜ ਦੁਸ਼ਮਣ ਸਨ।’’ ਯੂਨੈਸਕੋ ਦੇ ਇਹ ਸ਼ਬਦ ਕਿਸੇ ਤਰ੍ਹਾਂ ਦੀ ਅਤਿਕਥਨੀ ਨਹੀਂ ਸਗੋਂ ਪੇਰੀਆਰ ਦੇ ਕੀਤੇ ਕੰਮਾਂ ਨੂੰ ਹੀ ਮਾਨਤਾ ਦਿੰਦੇ ਹਨ।
(ਬਾਕੀ ਅਗਲੇ ਅੰਕ ਵਿਚ)