Now Reading
ਤਰਕਸ਼ੀਲ ਸਮਾਜ ਸੁਧਾਰਕ ਪੇਰੀਆਰ

ਤਰਕਸ਼ੀਲ ਸਮਾਜ ਸੁਧਾਰਕ ਪੇਰੀਆਰ

ਡਾ. ਕਰਮਜੀਤ ਸਿੰਘ
ਈ. ਵੀ. ਰਾਮਾਸਾਮੀ ‘ਪੇਰੀਆਰ’ (1879-1973) ਨੂੰ ‘ਪੇਰੀਆਰ’ ਦਾ ਖ਼ਿਤਾਬ 13 ਨਵੰਬਰ, 1938 ’ਚ ਮਦਰਾਸ ਵਿਚ ਹੋਈ ‘ਤਾਮਿਲਨਾਇਡੂ ਦੀਆਂ ਇਸਤਰੀਆਂ ਦੀ ਕਾਨਫਰੰਸ’ ਵਿਚ ਪ੍ਰਦਾਨ ਕੀਤਾ ਗਿਆ ਸੀ, ਜਿਸ ਦਾ ਅਰਥ ਹੈ ਉਹ ਲੰਮਾ ਪੇਰੀਆਰ ਦਰਿਆ ਜੋ ਕੇਰਲ ਵਿਚ ਵਹਿੰਦਾ ਹੈ। ਉਨ੍ਹਾਂ ਭਾਰਤ ਵਿਚ ਨਵਜਾਗਰਣ ਸਮੇਂ ਤਰਕਸ਼ੀਲਤਾ ਦੀ ਮਸ਼ਾਲ ਬਾਲ਼ੀ, ਦਲਿਤਾਂ ਲਈ ਨੰਗੇ ਧੜ ਲੜਾਈ ਲੜੀ ਅਤੇ ਇਸਤੋਂ ਇਲਾਵਾ ‘ਆਤਮ-ਸਨਮਾਨ ਅੰਦੋਲਨ’ ਚਲਾਇਆ, ਸਮਾਜ ਸੁਧਾਰਾਂ ਨੂੰ ਗਤੀ ਦਿੱਤੀ, ਸਾਇੰਸ, ਸਿੱਖਿਆ, ਮਾਤਭਾਸ਼ਾ (ਤਾਮਿਲ਼) ਨੂੰ ਤਰਕ ਦੇ ਅਧਾਰ ’ਤੇ ਪਹਿਲ ਦਿੱਤੀ, ਤਾਮਿਲ ਅੱਖਰਾਂ ਵਿਚ ਸੁਧਾਰ ਲਿਆਂਦਾ ਅਤੇ ਪ੍ਰਾਪਤ ਸਾਹਿਤ ਕਲਾਵਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਸਮਾਜਵਾਦੀ ਲੀਹਾਂ ’ਤੇ ਕੋਆਪ੍ਰੇਟਿਵ ਮੂਵਮੈਂਟ ਚਲਾਉਣ ਦੀ ਵਕਾਲਤ ਕੀਤੀ ਅਤੇ ਸੋਵੀਅਤ ਯੂਨੀਅਨ ਦੀ ਯਾਤਰਾ ਤੋਂ ਬਾਅਦ ਸਾਰੀ ਉਮਰ ਸਮਾਜਵਾਦ ਅਤੇ ਕਮਿਊਨਿਜ਼ਮ ਦੀ ਚਰਚਾ ਕੀਤੀ। ਆਰਥਿਕ ਮਸਲਿਆਂ ’ਤੇ ਪੇਰੀਆਰ ਦੇ ਆਪਣੇ ਨਿਵੇਕਲੇ ਵਿਚਾਰ ਸਨ। ਉਹ ਔਰਤਾਂ ਦੇ ਅਧਿਕਾਰਾਂ ਲਈ ਬੇਹੱਦ ਸੰਵੇਦਨਸ਼ੀਲ ਸਨ, ਇਸੇ ਲਈ ਵਿਆਹ-ਸੰਸਥਾ ਨੂੰ ਵੀ ਉਨ੍ਹਾਂ ਨੇ ‘ਆਤਮ-ਸਨਮਾਨ ਅੰਦੋਲਨ’ ਅਨੁਸਾਰ ਢਾਲ਼ਿਆ। ਨੌਜਵਾਨਾਂ ਦੀ ਪਰਵਰਿਸ਼ ਲਈ ਵੀ ਪੇਰੀਆਰ ਦੇ ਆਪਣੇ ਮੌਲਿਕ ਵਿਚਾਰ ਸਨ। ਉਹ ਰਾਜਨੀਤੀ ਵਿਚ ਜਾਤੀ ਦਖ਼ਲ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਪੂਜਾ ਸੀ ਤੇ ਜਾਤ ਵਿਵਸਥਾ ਨੂੰ ਜੜ੍ਹੋਂ ਖ਼ਤਮ ਕਰਨਾ ਆਖਰੀ ਨਿਸ਼ਾਨਾ। ਪੇਰੀਆਰ ਦੀ ਬਹੁਪੱਖੀ ਸ਼ਖਸੀਅਤ ਦੇ ਇਨ੍ਹਾਂ ਸਾਰੇ ਪੱਖਾਂ ਨੂੰ ਇਕ-ਅੱਧ ਲੇਖ ਵਿਚ ਸਮੇਟ ਸਕਣਾ ਸੰਭਵ ਨਹੀਂ। ਫਿਰ ਵੀ ਅਸੀਂ ਸੰਖੇਪ ਵਿਚ ਉਪਰੋਕਤ ਪੱਖਾਂ ਨੂੰ ਪੇਰੀਆਰ ਦੇ ਜੀਵਨ ਨਾਲ ਜੋੜ ਕੇ ਦੇਖਣ ਦਾ ਯਤਨ ਕਰਾਂਗੇ।
ਪੇਰੀਆਰ ਦਾ ਪਰਿਵਾਰ ਵਪਾਰੀ ਪਰਿਵਾਰ ਸੀ, ਪਰ ਪੇਰੀਆਰ ਸ਼ੁਰੂ ਤੋਂ ਹੀ ਸਮਾਜਿਕ ਬੰਧਨਾਂ ਤੋਂ ਉੱਪਰ ਉੱਠੇ ਹੋਏ ਸਨ। ਪਰਿਵਾਰ ਚਾਹੁੰਦਾ ਸੀ ਕਿ ਪੇਰੀਆਰ ਆਪਣੀ ਜਾਤੀ ਤੋਂ ਇਲਾਵਾ ਕਥਿਤ ਨੀਵੀਆਂ ਜਾਤੀਆਂ ਦੇ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣ, ਪਰ ਉਹ ਅਜਿਹਾ ਨਹੀਂ ਸਨ ਕਰ ਸਕਦੇ, ਇਸ ਲਈ ਪੰਜਵੀਂ ਤੋਂ ਬਾਅਦ ਹੀ ਉਨ੍ਹਾਂ ਦਾ ਸਕੂਲ ਜਾਣਾ ਬੰਦ ਕਰ ਦਿੱਤਾ ਗਿਆ। ਪਿਉ ਦੀ ਕੱਟੜਤਾ ਕਰਕੇ ਪੇਰੀਆਰ ਘਰ ਛੱਡ ਕੇ ਵਾਰਾਣਸੀ ਆ ਗਏ। ਓਥੇ ਕੁਝ ਅਜਿਹਾ ਵਾਪਰਿਆ ਕਿ ਉਹ ਸਾਰੀ ਉਮਰ ਲਈ ਬ੍ਰਾਹਮਣਵਾਦ ਦੇ ਵਿਰੋਧੀ ਬਣ ਗਏ। ਵਾਰਾਣਸੀ ਵਿਚ ਦੱਖਣ ਦੇ ਦ੍ਰਾਵੜ ਵਪਾਰੀਆਂ ਨੇ ਆਸ਼ਰਮ ਖੁੱਲ੍ਹਵਾਏ ਹੋਏ ਸਨ। ਬੇਰੋਜ਼ਗਾਰ ਹੋਣ ਕਾਰਨ ਪੇਰੀਆਰ ਨੂੰ ਲੰਗਰ ਖਾਣ ਲਈ ਇਨ੍ਹਾਂ ਆਸ਼ਰਮਾਂ ਵਲ ਪਰਤਣਾ ਪਿਆ, ਪਰ ਬ੍ਰਾਹਮਣ ਨਾ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ ਗਿਆ। ਭੁੱਖੇ ਪੇਰੀਆਰ ਨੇ ਜੂਠੀਆਂ, ਸੁੱਟੀਆਂ ਪੱਤਲ਼ਾਂ ਵਿਚੋਂ ਕੁੱਤਿਆਂ ਨਾਲ ਆਪਣੀ ਭੁੱਖ ਮਿਟਾਉਣ ਦੀ ਕੋਸ਼ਿਸ਼ ਕੀਤੀ। ਇਥੋਂ ਪੇਰੀਆਰ ਦਾ ਤਰਕ ਸ਼ੁਰੂ ਹੁੰਦਾ ਹੈ ਕਿ ‘ਆਸ਼ਰਮ ਤਾਂ ਬਣਾਏ ਤਾਮਿਲ਼ਨਾਡੂ ਦੇ ਦ੍ਰਾਵੜਾਂ ਨੇ ਪਰ ਉਨ੍ਹਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਨਹੀਂ, ਜਦਕਿ ਬ੍ਰਾਹਮਣਾਂ ਲਈ ਭੋਜਨ ਮੁਫ਼ਤ ਵਰਤਾਇਆ ਜਾਂਦਾ ਹੈ।’ ਬ੍ਰਾਹਮਣਾਂ ਤੋਂ ਇਲਾਵਾ ਹੋਰ ਕਿਸੇ ਨੂੰ ਅੰਦਰ ਜਾਣ ਤੱਕ ਦੀ ਇਜਾਜ਼ਤ ਨਹੀਂ। ਜੇਕਰ ਆਸ਼ਰਮ ਦ੍ਰਾਵੜ ਦਾਨੀਆਂ ਨੇ ਬਣਾਏ ਹਨ ਤਾਂ ਫਿਰ ਬ੍ਰਾਹਮਣ, ਦ੍ਰਾਵੜਾਂ ਨਾਲ਼ ਖਾਣੇ ਉੱਪਰ ਅਜਿਹਾ ਵਿਹਾਰ ਕਿਵੇਂ ਕਰ ਸਕਦੇ ਹਨ? ਉਹ ਹੋਰਨਾਂ ਉੱਪਰ ਆਪਣੀ ਜਾਤੀ ਧੌਂਸ ਕਿਉ ਜਮਾਉਣ? ਇਸਤੋਂ ਇਲਾਵਾ ਕਾਸ਼ੀ ਦੀਆਂ ਐਨਤਿਕ ਗਤੀਵਿਧੀਆਂ, ਵੇਸਵਾ ਘਰਾਂ, ਠੱਗੀ, ਲੁੱਟਾਂ-ਖੋਹਾਂ, ਮੰਗਤਿਆਂ ਦੀਆਂ ਹੇੜ੍ਹਾਂ, ਗੰਗਾ ਵਿਚ ਮੁਰਦਿਆਂ ਦੀਆਂ ਰੁੜ੍ਹਦੀਆਂ ਲਾਸ਼ਾਂ ਨੇ ਪੇਰੀਆਰ ਦੇ ਮਨ ਵਿਚ ਇਸ ‘ਪਵਿੱਤਰ ਸ਼ਹਿਰ’ ਪ੍ਰਤੀ ਘਿ੍ਰਣਾ ਪੈਦਾ ਕਰ ਦਿੱਤੀ।
ਪਲੇਗ ਫੈਲਣ ’ਤੇ ਸਾਰੇ ਵਿਰੋਧਾਂ ਦੇ ਬਾਵਜੂਦ ਪੇਰੀਆਰ ਨੇ ਮੁਰਦਿਆਂ ਨੂੰ ਪਿੱਠ ’ਤੇ ਲੱਦ ਕੇ ਸ਼ਮਸ਼ਾਨ ਘਾਟ ਤੱਕ ਪਹੰੁਚਾਇਆ। ਪਰਿਵਾਰ ਦੇ ਪੂਰੇ ਵਿਰੋਧ ਦੇ ਬਾਵਜੂਦ ਪੇਰੀਆਰ ਨੇ ਨੌਂ ਸਾਲ ਦੀ ਨਿੱਕੀ ਉਮਰ ਵਿਚ ਵਿਧਵਾ ਹੋ ਗਈ ਆਪਣੀ ਸਕੀ ਭਾਣਜੀ ਦਾ ਦੋਬਾਰਾ ਵਿਆਹ ਕਰਵਾਇਆ।
ਰਾਜਗੋਪਾਲਾਚਾਰੀਆ ਦੇ ਪ੍ਰਭਾਵ ਹੇਠ ਪੇਰੀਆਰ ਕਾਂਗਰਸ ਵਿਚ ਸ਼ਾਮਿਲ ਹੋ ਗਏ ਪਰ ਇਥੇ ਵੀ ਉਨ੍ਹਾਂ ਨੇ ਦਲਿਤਾਂ ਲਈ ਕਮਿਊਨਲ ਰਿਜ਼ਰਵੇਸ਼ਨ ਦੀ ਮੰਗ ਨੂੰ ਕਿਸੇ ਪੱਧਰ ’ਤੇ ਨਹੀਂ ਤਿਆਗਿਆ, ਸਗੋਂ ਦਲਿਤਾਂ ਦੇ ਹੋਰਨਾਂ ਅਧਿਕਾਰਾਂ ਲਈ ਵੀ ਰਾਹ ਖੋਲ੍ਹ ਦਿੱਤੇ। ਉਹ ਤਾਮਿਲ਼ਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਖੇਤਰੀ ਕਾਨਫਰੰਸ ਵਿਚ ਅਛੂਤਾਂ ਨੂੰ ਮੰਦਿਰਾਂ ਵਿਚ ਪ੍ਰਵੇਸ਼ ਕਰਨ ਦੇ ਅਧਿਕਾਰ ਦਾ ਮਤਾ ਲੈ ਆਏ, ਪਰ ਬ੍ਰਾਹਮਣ ਮੈਂਬਰਾਂ ਨੇ ਇਸ ਮਤੇ ਨੂੰ ਪਾਸ ਨਹੀਂ ਹੋਣ ਦਿੱਤਾ। ਜਾਤੀ ਵਿਰੋਧ ਦੇ ਹਿੱਸੇ ਵਜੋਂ ਹੀ ਪੇਰੀਆਰ ਨੇ ਐਲਾਨ ਕੀਤਾ ਕਿ ਮਨੂੰ ਸਿਮ੍ਰਤੀ ਅਤੇ ਰਮਾਇਣ ਆਦਿ ਦਾ ਦਹਿਨ ਕੀਤਾ ਜਾਵੇਗਾ। ਪੇਰੀਆਰ ਦਾ ਤਰਕ ਇਹ ਸੀ ਕਿ ਇਨ੍ਹਾਂ ਗ੍ਰੰਥਾਂ ਨੂੰ ਹਥਿਆਰ ਵਜੋਂ ਵਰਤ ਕੇ ਦ੍ਰਾਵੜਾਂ ਨੂੰ ਦਬਾਇਆ ਹੀ ਨਹੀਂ ਜਾਂਦਾ ਸਗੋਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਰਿਹਾ ਹੈ। ਰਾਵਣ, ਜਾਮਵੰਤ, ਹਨੂੰਮਾਨ, ਬਾਲੀ, ਜਟਾਯੂ ਆਦਿ ਨੂੰ ਰਮਾਇਣ ਜਿਵੇਂ ਪੇਸ਼ ਕਰਦੀ ਹੈ, ਉਹ ਪੂਰੀ ਦ੍ਰਾਵੜ ਜਾਤੀ ਦਾ ਅਪਮਾਨ ਹੈ। ਮਨੂੰ ਸਿਮ੍ਰਤੀ, ਸ਼ੂਦਰਾਂ (ਪੇਰੀਆਰ ਅਨੁਸਾਰ ਸ਼ੂਦਰ ਦਾ ਅਰਥ ਹੈ ਵੇਸਵਾ ਦੀ ਸੰਤਾਨ) ਨਾਲ ਜਿਹੜਾ ਗ਼ੈਰ-ਬਰਾਬਰੀ ਦਾ ਵਿਹਾਰ ਕਰਦੀ ਹੈ ਉਸਦੀ ਮਿਸਾਲ ਹੋਰ ਕਿਤੇ ਨਹੀਂ ਮਿਲ਼ਦੀ।
ਪੇਰੀਆਰ ਦਾ ਕਾਰਜ ਖੇਤਰ ਤਾਮਿਲਨਾਡੂ ਤਕ ਸੀਮਤ ਨਹੀਂ ਰਿਹਾ। ਬਾਅਦ ਵਿਚ ਤਾਂ ਉਨ੍ਹਾਂ ਨੇ ਪੂਰੇ ਭਾਰਤ ਦਾ ਦੌਰਾ ਕੀਤਾ ਅਤੇ ਵਿਦੇਸ਼ ਦੌਰੇ ’ਤੇ ਵੀ ਗਏ। ਕੇਰਲ ਵਿਚ ਵਾਈਕਾਮ ਮੰਦਰ ਦੇ ਦੁਆਲ਼ੇ ਗ਼ਲੀਆਂ ਵਿਚ ਸ਼ੂਦਰਾਂ ਦੇ ਪ੍ਰਵੇਸ਼ ਉੱਪਰ ਪਾਬੰਦੀ ਸੀ। ਕਾਂਗਰਸੀਆਂ ਨੇ ਇਸ ਵਿਰੁੱਧ ਸਤਿਆਗ੍ਰਹਿ ਚਲਾਇਆ ਤਾਂ ਪੇਰੀਆਰ ਤਾਮਿਲਨਾਡੂ ਤੋਂ ਆ ਕੇ ਇਸ ਵਿਚ ਸ਼ਾਮਿਲ ਹੋਏ। ਉਨ੍ਹਾਂ ਨੂੰ ਦੋ ਬਾਰ ਛੇ-ਛੇ ਮਹੀਨੇ ਦੀ ਕੈਦ ਵੀ ਹੋਈ। ਇਹ ਸਤਿਆਗ੍ਰਹਿ ਇਕ ਸਾਲ ਤੱਕ ਚੱਲਿਆ, ਜਿਸ ਤੋਂ ਬਾਅਦ ਮੰਦਰ ਦੁਆਲ਼ੇ ਦੀਆਂ ਸਾਰੀਆਂ ਗਲ਼ੀਆਂ ਸ਼ੂਦਰਾਂ ਦੇ ਆਉਣ-ਜਾਣ ਲਈ ਖੋਲ੍ਹ ਦਿੱਤੀਆਂ ਗਈਆਂ। ਪੇਰੀਆਰ ਨੇ ਬੜੇ ਵਿਸਤਾਰ ਵਿਚ ਆਪਣੀ ਜੀਵਨ ਗਾਥਾ ਵਿਚ ਇਸ ਘਟਨਾ ਬਾਰੇ ਦੱਸਦਿਆਂ, ਮੁੱਖ ਮੰਤਰੀ ਆਦਿ ਨਾਲ਼ ਸੰਬੰਧਾਂ ਦੀ ਵਿਸਤਿ੍ਰਤ ਚਰਚਾ ਕੀਤੀ ਹੈ। ਨੈਸ਼ਨਲ ਟ੍ਰੇਨਿੰਗ ਸਕੂਲ ਹੋਸਟਲ ਗੁਰੂਕੁਲਮ, ਚਰਨਮਾ ਦੇਵੀ, ਥਿਰੁਨੇਲਵੇਲੀ ਵਿਚ ਗ਼ੈਰ-ਬ੍ਰਾਹਮਣਾਂ ਨਾਲ਼ ਵਿਤਕਰਾ ਕੀਤਾ ਜਾਂਦਾ ਸੀ, ਜਿਸ ਲਈ ਪੇਰੀਆਰ ਨੂੰ ਦਖ਼ਲ ਦੇਣਾ ਪਿਆ ਕਿਉਕਿ ਇਸ ਲਈ ਫੰਡ ਦ੍ਰਾਵੜ ਦਾਨੀ ਜੁਟਾਉਦੇ ਸਨ।
1920 ਤੋਂ ਲੈ ਕੇ 1925 ਤਕ ਪੇਰੀਆਰ ਕਾਂਗਰਸ ਕਾਨਫਰੰਸਾਂ ਵਿਚ ਲਗਾਤਾਰ ਦ੍ਰਾਵੜਾਂ (ਸ਼ੂਦਰਾਂ) ਲਈ ਜਾਤ ਅਧਾਰਿਤ ਰਿਜ਼ਰਵੇਸ਼ਨ ਦਾ ਮਤਾ ਲਿਆਉਦੇ ਰਹੇ, ਪਰ ਜਦੋਂ ਕਾਂਚੀਪੁਰਮ ਕਾਨਫਰੰਸ ਵਿਚ 50 ਪ੍ਰਤੀਸ਼ਤ ਜਾਤੀ ਅਧਾਰਿਤ ਰਿਜ਼ਰਵੇਸ਼ਨ ਦੇ ਮਤੇ ਨੂੰ ਬ੍ਰਾਹਮਣ ਲਾਬੀ ਵਲੋਂ ਪਾਸ ਨਾ ਹੋਣ ਦਿੱਤਾ ਗਿਆ ਤਾਂ ਪੇਰੀਆਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਕਾਂਗਰਸ ਤੋਂ ਬਾਹਰ ਆ ਕੇ ਪੇਰੀਆਰ ਨੇ ‘ਆਤਮ-ਸਨਮਾਨ ਅੰਦੋਲਨ’ ਦੀ ਸ਼ੁਰੂਆਤ ਕੀਤੀ ਜਿਸਦੀ ਵਿਸਤਿ੍ਰਤ ਚਰਚਾ ਅਗਲੇ ਭਾਗਾਂ ਵਿਚ ਕੀਤੀ ਜਾਵੇਗੀ। ਸਮਾਜ ਸੁਧਾਰਕ ਦੇ ਤੌਰ ’ਤੇ ਪੇਰੀਆਰ ਨੇ ਨਾਗਾਪਟੱਨਮ ਵਿਖੇ 1927 ਵਿਚ ਕੀਤੀ ਗਈ ਰੇਲਵੇ ਹੜਤਾਲ ਦਾ ਡੱਟ ਕੇ ਸਾਥ ਦਿੱਤਾ।
ਪਰਵਾਸੀ ਲੋਕਾਂ ਦੇ ਕਹਿਣ ’ਤੇ ਪੇਰੀਆਰ ਨੇ ਮਲਾਇਆ, ਮਲੇਸ਼ੀਆ, ਸਿੰਗਾਪੁਰ, ਇਜਿਪਟ, ਗਰੀਕ, ਟਰਕੀ ਅਤੇ ਸੋਵੀਅਤ ਰੂਸ ਦੀ ਯਾਤਰਾ ਕੀਤੀ। ਸੋਵੀਅਤ ਯੂਨੀਅਨ ਵਿਚ ਪੇਰੀਆਰ ਤਿੰਨ ਮਹੀਨੇ ਰਹੇ, ਜਿੱਥੇ ਉਨ੍ਹਾਂ ਨੇ ਅਨੇਕਾਂ ਮਜ਼ਦੂਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਕਾਰਲ ਮਾਰਕਸ ਵਲੋਂ ਕਮਿਊਨਿਜ਼ਮ ਦੇ ਪਹਿਲੇ ਮਾਡਲ ਸਮਾਜਵਾਦ ਦੀ ਸਥਾਪਨਾ ਕਰਨ ਵਾਲੀ ਪਹਿਲੀ ਸਟੇਟ ਹੋਣ ਕਾਰਣ, ਲੈਨਿਨ ਦੇ ਇਸ ਦੇਸ਼ ਨੇ ਪੇਰੀਆਰ ਦਾ ਦਿਲ ਜਿੱਤ ਲਿਆ। ਭਾਵੇਂ ਦੂਸਰੇ ਦੇਸ਼ਾਂ ਦੀਆਂ ਉਦਾਹਰਣਾਂ ਦੇ ਕੇ ਉਹ ਆਪਣੇ ਦੇਸ਼ ਦੀਆਂ ਸਥਿਤੀਆਂ ਨੂੰ ਸੁਧਾਰਨ ਦਾ ਹੋਕਾ ਸਾਰੀ ਉਮਰ ਦਿੰਦੇ ਰਹੇ, ਪਰ ਸਮਾਜਿਕ ਬਦਲਾਅ ਦਾ ਖਾਕਾ ਪੇਸ਼ ਕਰਦੇ ਹੋਏ ਉਹ ਹਮੇਸ਼ਾ ਰੂਸ ਵਿਚਲੇ ਸਮਾਜਵਾਦੀ ਮਾਡਲ ਨੂੰ ਤਰਜੀਹ ਦਿੰਦੇ ਰਹੇ। ਏ. ਆਰ. ਵੇਂਕਟਾਚਲਾਪਥੀ ਦਾ ਵਿਚਾਰ ਹੈ ਕਿ ਸੋਵੀਅਤ ਯੂਨੀਅਨ ਦੀ ਯਾਤਰਾ ਗ਼ੈਰ-ਕਾਨੂੰਨੀ ਸੀ, ਜਿਸ ਲਈ ਇਸਨੂੰ ਵਧ ਤੋਂ ਵਧ ਖ਼ੁਫ਼ੀਆ ਰੱਖਿਆ ਗਿਆ। ਸੋਵੀਅਤ ਟੂਰ ਸ਼ੁਰੂ ਕਰਨ ਤੋਂ ਪਹਿਲਾਂ ਪੇਰੀਆਰ ਨੇ ਐਸ. ਰਾਮਾਨਾਥਨ ਨਾਲ਼ ਮਿਲ਼ ਕੇ ਕਮਿਊਨਿਸਟ ਮੈਨੀਫੈਸਟੋ ਦਾ ਤਾਮਿਲ਼ ਵਿਚ ਅਨੁਵਾਦ ਵੀ ਕੀਤਾ ਜੋ ਕਿ ਇਸ ਮਹਾਨ ਪੁਸਤਕ ਦਾ ਕਿਸੇ ਵੀ ਭਾਰਤੀ ਭਾਸ਼ਾ ’ਚ ਕੀਤਾ ਗਿਆ ਪਲੇਠਾ ਅਨੁਵਾਦ ਵੀ ਹੈ।
ਸੋਵੀਅਤ ਯੂਨੀਅਨ ਪਹੰੁਚ ਕੇ ਪੇਰੀਆਰ ਸਭ ਤੋਂ ਪਹਿਲਾਂ ਰੈਡ ਸਕੁਆਇਰ ਲੈਨਿਨ ਮੌਸੋਲਿਅਮ (ਮਕਬਰਾ) ਗਏ। ਬਾਕੂ ਤੇਲ ਖਿੱਤੇ (ਆਜ਼ਰਬਾਈਜਾਨ) ਨੂੰ ਦੇਖਣ ਗਏ, ਅਬਧਾਜ਼ੀਆ ਵਿਚ ਸੁਖੂਮੀ ਗਏ ਅਤੇ ਜਾਰਜ਼ੀਆ ਵਿਚ ਤਬਲੀਸੀ ਵਿਚ ਵੀ ਫੇਰਾ ਪਾਇਆ। ਲੈਨਿਨਗਰਾਡ ਤੋਂ ਇਲਾਵਾ ਪੇਰੀਆਰ, ਹਾਈਡਰੋ ਇਲੈਕਟਿ੍ਰਕ ਸਟੇਸ਼ਨਾਂ ’ਤੇ ਵੀ ਗਏ ਜੋ ਸੋਵੀਅਤ ਸ਼ਕਤੀ ਦਾ ਪ੍ਰਤੀਕ ਸਨ। ਪੇਰੀਆਰ ਮੋਸਕਵਾ ਸਰਨੋਜ਼ੀ ਡਿਸਟਿ੍ਰਕਟ ਪੀਪਲਜ਼ ਕੋਰਟ ਦਾ ਵਿਸਤਿ੍ਰਤ ਵਰਣਨ ਕਰਦੇ ਹਨ। ਇਸੇ ਸਮੇਂ ਉਨ੍ਹਾਂ ਨੂੰ ਮਈ ਦਿਵਸ ਦੀ ਪਰੇਡ ਦੇਖਣ ਦਾ ਵੀ ਮੌਕਾ ਮਿਲ਼ਿਆ। ਉਨ੍ਹਾਂ ਨੂੰ ਵਿਦੇਸ਼ੀ ਡੈਲੀਗੇਟਾਂ ਨਾਲ਼ ਗਰੇਟ ਕਰੈਮਲਿਨ ਪੈਲੇਸ ਵਿਚ ਪੁੱਜਣ ਦਾ ਵੀ ਸੱਦਾ ਪੱਤਰ ਦਿੱਤਾ ਗਿਆ।
ਸੋਵੀਅਤ ਯੂਨੀਅਨ ਤੋਂ ਪਰਤਦਿਆਂ ਪੇਰੀਆਰ ਉੱਪਰ ਇਸਦਾ ਸਪੱਸ਼ਟ ਪ੍ਰਭਾਵ ਦਿਸਣ ਲੱਗਾ। ਪੇਰੀਆਰ ਨੇ ‘ਆਤਮ-ਸਨਮਾਨ ਅੰਦੋਲਨ’ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਸਾਥੀਆਂ ਲਈ ਸੰਬੋਧਨ ਵਿਚ ਮਹਾਗਣਮ, ਸ੍ਰੀ, ਥੀਰੂ ਅਤੇ ਥਿਰੂਮਾਠੀ ਆਦਿ ਅਗੇਤਰ ਲਾਉਣ ਦੀ ਬਜਾਇ ‘ਥੋੋਜਾਰ’ ਜਾਂ ‘ਕਾਮਰੇਡ’ ਸ਼ਬਦਾਂ ਦੀ ਵਰਤੋਂ ਕਰਨ। ਉਨ੍ਹਾਂ ’ਤੇ ਸੋਵੀਅਤ ਯੂਨੀਅਨ ਨੇ ਏਨਾ ਤਲਿਸੱਮੀ ਪ੍ਰਭਾਵ ਛੱਡਿਆ ਕਿ ਉਨ੍ਹਾਂ ਨੇ ਇਕ ਵਿਦਵਾਨ ਮਿੱਤਰ ਦੀ ਬੇਟੀ ਦਾ ਨਾਂ ‘ਰਸ਼ੀਆ’ ਅਤੇ ਇਕ ਹੋਰ ਦੇ ਬੱਚੇ ਦਾ ਨਾਂ ‘ਮਾਸਕੋ’ ਰਖਵਾਇਆ। ਪੁਲੀਸ ਅਨੁਸਾਰ ਪੇਰੀਆਰ ਨੇ, ‘‘ਕਮਿਊਨਿਸਟ ਸਿਧਾਂਤ ਦੇ ਪ੍ਰਚਾਰ ਲਈ ਇਕ ਪਲ ਵੀ ਨਹੀਂ ਗੁਆਇਆ।’’ ਰੂਸ ਤੋਂ ਪਰਤ ਕੇ ਤਿੰਨ ਮਹੀਨਿਆਂ ਵਿਚ ਹੀ ਉਨ੍ਹਾਂ ਨੇ 40 ਪਬਲਿਕ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਉਨ੍ਹਾਂ ਨੇ, ‘‘ਰੂਸੀ ਰਾਜ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ’’ ਅਤੇ ਇਹ ਵੀ ਕਿਹਾ ਕਿ, ‘‘ਉਨ੍ਹਾਂ ਦੀ ਮਨਸ਼ਾ ਵਰਤਮਾਨ ਵਿਵਸਥਾ ਨੂੰ ਸਮਾਪਤ ਕਰਨਾ ਅਤੇ ਸਮਾਜਵਾਦੀ ਸਰਕਾਰ ਸਥਾਪਿਤ ਕਰਨਾ ਹੈ।’’ ‘ਦਾ ਹਿੰਦੂ’ ਵਿਚ ਲਿਖੇ ਇਕ ਲੇਖ ਰਾਹੀਂ ਏ.ਆਰ. ਵੈਂਕਟਾਚੈਲਾਪਥੀ ਨੇ ਦੱਸਿਆ ਹੈ ਕਿ ਅੰਗ੍ਰੇਜ਼ ਸਰਕਾਰ ਲਾਲ ਰੰਗ ਦੇ ਭੂਤ ਤੋਂ ਏਨੀ ਡਰੀ ਹੋਈ ਸੀ ਕਿ ਉਸਨੇ ਪੇਰੀਆਰ ਅਤੇ ਉਸਦੇ ਪਰਿਵਾਰ ਉੱਪਰ ਬੇਹੱਦ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਪੇਰੀਆਰ ਨੂੰ ਪਾਰਟੀ ਪ੍ਰੋਗਰਾਮ ਅਤੇ ਭਵਿੱਖ ਦਾ ਤੁਰੰਤ ਕੋਈ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ। ਮਾਰਚ 1935 ਵਿਚ ਉਨ੍ਹਾਂ ਨੇ ਸਮਾਜਵਾਦੀ ਪ੍ਰੋਗਰਾਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਜੋ ਉਨ੍ਹਾਂ ਅਨੁਸਾਰ ‘ਆਤਮ-ਸਨਮਾਨ ਅੰਦੋਲਨ’ ਦੀ ਬਿਹਤਰੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ।
ਪੇਰੀਆਰ ਸੋਵੀਅਤ ਯੂਨੀਅਨ ਦੀਆਂ ਪ੍ਰਾਪਤੀਆਂ ਨੂੰ ਸਾਰੀ ਉਮਰ ਨਹੀਂ ਭੁੱਲ ਸਕੇ। ਸਟੇਟ ਵਲੋਂ ਸਮਾਜ ਅਤੇ ਆਰਥਿਕਤਾ ਉੱਪਰ ਕੰਟਰੋਲ ਨੇ ਉਨ੍ਹਾਂ ਦੀ ਸੋਚ ’ਤੇ ਡੰੂਘਾ ਪ੍ਰਭਾਵ ਪਾਇਆ। ਉਨ੍ਹਾਂ ਨੇ ਕਿਹਾ, ‘‘ਇਹ ਇਕ ਦਮ ਨਵੀਂ ਦੁਨੀਆ ਹੈ। ਅਜਿਹੀ ਤਬਦੀਲੀ ਕਦੇ ਕਿਸੇ ਦੇਸ਼ ਵਿਚ ਨਹੀਂ ਵਾਪਰੀ।’’ ਉਹ ਵਿਸ਼ਵਾਸ਼ ਕਰਦੇ ਸਨ ਕਿ ਸਿਰਫ਼ ਸੋਵੀਅਤ ਤਰਜ਼ ਦੀ ਸਟੇਟ ਹੀ ਭਾਰਤ ਨੂੰ ਗਰੀਬੀ ਤੋਂ ਨਿਜਾਤ ਦੁਆ ਸਕਦੀ ਹੈ। ਵੈਂਕਟਾਚਲਾਪਥੀ ਅਨੁਸਾਰ ‘‘ਪੇਰੀਅਰ ਨੇ ਸੋਵੀਅਤ ਯਾਤਰਾ ਤੋਂ ਬਾਅਦ ਇਸ ਦੇ ਹੱਕ ਵਿਚ ਅਨੇਕਾਂ ਬਿਆਨ ਦਿੱਤੇ ਅਤੇ ਸਾਰੀ ਉਮਰ ਇਸ ਬਾਰੇ ਉਦਾਹਰਣਾਂ ਦਿੰਦੇ ਰਹੇ, ਪਰ ਉਹ ਭਾਰਤੀ ਕਮਿਊਨਿਸਟਾਂ ਬਾਰੇ ਬੜੀ ਆਲੋਚਨਾਤਮਕ ਦਿ੍ਰਸ਼ਟੀ ਰੱਖਦੇ ਸਨ, ਕਿਉਕਿ ਉਨ੍ਹਾਂ ਅਨੁਸਾਰ ਇਨ੍ਹਾਂ ਦੀ ਪਾਰਟੀ ਬ੍ਰਾਹਮਣਵਾਦੀ ਹੈ। ਪੇਰੀਆਰ ਅਨੁਸਾਰ, ਕਮਿਊਨਿਸਟਾਂ ਨੂੰ ਜਾਤੀ ਪ੍ਰੇਤ ਦੀ ਕੋਈ ਚਿੰਤਾ ਨਹੀਂ ਤੇ ਨਾ ਹੀ ਕਾਂਗਰਸ ਵਲੋਂ ਕੀਤੀ ਜਾਂਦੀ ਵਰਣ ਆਸ਼ਰਮ ਦੀ ਵਕਾਲਤ ਦੀ। ਉਹ ਆਪਣੇ ਜਾਣੇ-ਪਛਾਣੇ ਤਿੱਖੇ ਅੰਦਾਜ਼ ਵਿਚ ਕਹਿੰਦੇ ਹਨ, ‘‘ਆਪਣੇ ਦੇਸ਼ ਵਿਚ ਕਮਿਊਨਿਜ਼ਮ ਬਾਰੇ ਚਰਚਾ ਕਰਨਾ ਫ਼ਾਲਤੂ ਹੈ। ਉਨ੍ਹਾਂ ਦਾ ਕੰਮ ਮੁਸਲਮਾਨਾਂ ਅਤੇ ਅਮੀਰ ਆਦਮੀਆਂ ਦੀ (ਪੇਰੀਆਰ ਵੀ ਅਮੀਰਾਂ ਵਿਚ ਗਿਣੇ ਜਾਂਦੇ ਸਨ) ਆਲੋਚਨਾ ਕਰਨਾ ਹੈ। ਉਨ੍ਹਾਂ ਨੂੰ ਜਾਤੀ ਦੇ ਭੂਤ ਦੀ ਕੋਈ ਚਿੰਤਾ ਨਹੀਂ, ਨਾ ਹੀ ਚਿੰਤਾ ਹੈ ਮਹਾਤਮਾ ਗਾਂਧੀ ਦੇ ਪ੍ਰਤਿਗਾਮੀ ਪ੍ਰਾਪੇਗੰਡੇ ਦੀ। ਉਨ੍ਹਾਂ ਨੂੰ ਇਸਦੀ ਵੀ ਚਿੰਤਾ ਨਹੀਂ ਕਿ ਰਾਜਾ ਜੀ (ਰਾਜਗੋਪਾਲਾਚਾਰੀਆ) ਸਿਰਫ਼ ਬ੍ਰਾਹਮਣਾਂ ਨੂੰ ਹੀ ਖੁਸ਼ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਕਾਂਗਰਸ ਦੀ ਚਿੰਤਾ ਨਹੀਂ ਜੋ ਵਰਣ ਆਸ਼ਰਮ ਨੂੰ ਕਾਇਮ ਰੱਖਣਾ ਚਾਹੁੰਦੀ ਹੈ।’’ (ਕੁਲੈਕਟਡ ਵਰਕਸ ਆਫ਼ ਪੇਰੀਆਰ ਈ. ਵੀ. ਆਰ., ਪੰਨਾ-179-180)
‘‘ਜੇ ਪੇਰੀਆਰ ਦੇ ‘ਆਤਮ ਸਨਮਾਨ ਅੰਦੋਲਨ’ ਅਤੇ ਸਮਾਜਵਾਦ ਵਿਚ ਏਕਤਾ ਬਣੀ ਰਹਿੰਦੀ ਤਾਂ ਤਾਮਿਲਨਾਡੂ ਦਾ ਸਰੂਪ ਅੱਜ ਕੁਝ ਹੋਰ ਹੀ ਹੋਣਾ ਸੀ।’’ ਆਰ. ਵਿਜੈ ਸ਼ੰਕਰ ਨੇ ਵੀ ਕਿਹਾ ਹੈ ਕਿ ਪੇਰੀਆਰ ਦੇ ਫੈਸਲੇ ਨੇ ਤਾਮਿਲਨਾਡੂ ਦੇ ਇਤਿਹਾਸ ਅਤੇ ਰਾਜਨੀਤੀ ਦੀ ਰਾਹ ਹੀ ਬਦਲ ਦਿੱਤੀ। ਵਿਜੈ ਸੰਕਰ ਦਾ ਇਹ ਕਥਨ ਵੀ ਮਹੱਤਵ ਰੱਖਦਾ ਹੈ ਕਿ ਦੱਖਣੀ ਭਾਰਤ ਵਿਚ ਗ਼ੈਰ-ਖੱਬੀ ਰਾਜਨੀਤੀ ਵਿਚੋਂ ਪੇਰੀਆਰ ਸਮਾਜਵਾਦ ਦੇ ਸਭ ਤੋਂ ਪਹਿਲੇ ਪ੍ਰਚਾਰਕਾਂ ਵਿਚੋਂ ਇਕ ਸਨ।
ਪੇਰੀਆਰ ਸਮਾਜਵਾਦ ਦੀ ਇਤਿਹਾਸ ਰੇਖਾ ਖਿੱਚਦਿਆਂ ਆਖਦੇ ਹਨ ਕਿ ਤਰਕ ਨਾਲ਼ ਸਮਾਜਵਾਦ ਰੂਸ ਨਾਲੋਂ ਭਾਰਤ ਵਿਚ ਪਹਿਲਾਂ ਆਉਣਾ ਚਾਹੀਦਾ ਸੀ, ਪਰ ਭਾਰਤ ਵਿਚ ਇਸਨੂੰ ਰੋਕਣ ਲਈ ਅਨੇਕਾਂ ਛੜਯੰਤਰ ਰਚੇ ਗਏ। ਛੜਯੰਤਰਕਾਰੀਆਂ ਨੇ ਬੜੇ ਧਿਆਨ ਨਾਲ਼ ਭਾਰਤੀ ਲੋਕਾਂ ਨੂੰ ਬਰਬਰ ਸਥਿਤੀ ਵਿਚ ਰੱਖਣ ਲਈ, ਉਨ੍ਹਾਂ ਲਈ ਸਿੱਖਿਆ, ਗਿਆਨ, ਸੰਸਾਰਰਿਕ ਸਿਆਣਪ ਅਤੇ ਆਤਮ-ਸਨਮਾਨ ਦੇ ਸਾਰੇ ਰਸਤੇ ਬੰਦ ਕਰ ਦਿੱਤੇੇ, ਤੇ ਇਹ ਸਭ ਕੁਝ ਕੀਤਾ ਗਿਆ ਈਸ਼ਵਰ ਅਤੇ ਧਰਮ ਦੇ ਨਾਮ ’ਤੇ। ਲੋਕਾਂ ਦੇ ਅਵਚੇਤਨ ਵਿਚ ਇਹ ਵਿਚਾਰ ਬਿਠਾ ਦਿੱਤਾ ਗਿਆ ਕਿ ‘‘ਈਸ਼ਵਰ ਦੀ ਇੱਛਾ ਹੈ ਕਿ ਉਹ ਹਮੇਸ਼ਾ ਗ਼ੁਲਾਮ ਰਹਿਣ ਅਤੇ ਮੁਕਤੀ ਪ੍ਰਾਪਤ ਨਾ ਕਰਨ।’’ 4 ਅਕਤੂਬਰ 1931 ਦੇ ‘ਕੂਡੀ ਅਰਾਸ’ੂ ਮੈਗਜ਼ੀਨ ਵਿਚ ਲਿਖੇ ਸੰਪਾਦਕੀ ਵਿਚ ਪੇਰੀਆਰ ਕਹਿੰਦੇ ਹਨ, ‘‘ਭਾਰਤ ਵਿਚ ਉੱਚੀ ਜਾਤ ਨੂੰ ਨੀਵੀਂ ਜਾਤ ’ਤੇ ਪਹਿਲ ਹੈ ਤੇ ਇਹ ਸਭ ਤੋਂ ਵੱਧ ਮਹੱਤਵਪੂਰਣ ਹੈ। ਇਹ ਅੰਤਰ ਵਿਰੋਧ ਅਮੀਰ-ਗਰੀਬ ਦੀ ਖਾਈ ਨੂੰ ਪੂਰਨ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਇਨ੍ਹਾਂ ਦੋਨਾਂ ਵਿਰੋਧਾਂ ਕਾਰਣ ਸਮਾਜਵਾਦੀ ਭਾਵਨਾਵਾਂ ਨੇ ਭਾਰਤ ਵਿਚ ਤਾਕਤ ਨਹੀਂ ਫੜੀ।’’
ਦਰਾਵਿੜ ਕੜਗਮ ਦੀ ਪ੍ਰਕਾਸ਼ਨਾ ‘ਉਨਮਈ’ ਵਿਚ 1972 ਵਿਚ ਲਿਖੇ ਇਕ ਲੇਖ ਵਿਚ ਪੇਰੀਆਰ ਨੇ ਸੋਵੀਅਤ ਯੂਨੀਅਨ ਦੀਆਂ ਕੁਝ ਖ਼ਾਸੀਅਤਾਂ ਨੂੰ ਰੇਖਾਂਕਿਤ ਕੀਤਾ ਹੈ। ਜਿਵੇਂ ਬੱਚਿਆਂ ਦੀ ਜ਼ਿੰਮੇਵਾਰੀ ਸਟੇਟ ਦੀ ਹੈ। ਸਾਡੇ ਦੇਸ਼ ’ਚ ਬੱਚੇ (ਮੁੰਡੇ) ਦੀ ਇਸ ਲਈ ਲੋੜ ਹੈ ਕਿਉਂਕਿ ਇਹ ਧਾਰਨਾ ਹੈ ਕਿ ਉਹ ਬੁਢਾਪੇ ਦਾ ਸਹਾਰਾ ਬਣੇਗਾ, ਮਾਪਿਆਂ ਦੀ ਚਿਤਾ ਨੂੰ ਅਗਨੀ ਦੇਵੇਗਾ ਤੇ ਸਭ ਤੋਂ ਜ਼ਰੂਰੀ ਇਹ ਕਿ ਉਹ ਨਿੱਜੀ ਜਾਇਦਾਦ ਦਾ ਵਾਰਿਸ ਬਣੇਗਾ। ਜੇ ਨਿੱਜੀ ਜਾਇਦਾਦ ਦਾ ਅਧਿਕਾਰ ਹੀ ਨਹੀਂ ਹੋਵੇਗਾ ਤਾਂ ਉਸਦੇ ਵਾਰਿਸ ਦੀ ਵੀ ਕੋਈ ਲੋੜ ਨਹੀਂ ਰਹਿਣੀ। ਇਥੇ ਕੰਮ ਦੇ ਘੰਟੇ ਤੈਅ ਹਨ। ਪ੍ਰਾਪਰਟੀ ਦੀ ਚਿੰਤਾ ਨਹੀਂ, ਬੁਢਾਪੇ ਦੀ ਚਿੰਤਾ ਨਹੀਂ, ਸਿਖਿਆ, ਸਿਹਤ ਸਹੂਲਤਾਂ ਦੀ ਚਿੰਤਾ ਨਹੀਂ ਤਾਂ ਹੀ ਲੋਕ ਚਿੰਤਾ ਮੁਕਤ ਜੀਵਨ ਜਿਉਦੇ ਹਨ, ਜਿਸ ਲਈ ਉਨ੍ਹਾਂ ਦੀਆਂ ਉਮਰਾਂ ਵੀ ਲੰਮੀਆਂ ਹੁੰਦੀਆਂ ਹਨ ਆਦਿ ਆਦਿ। ‘ਇਰੋਡ ਪ੍ਰੋਗਰਾਮ’ ਵਿਚ ਉਨ੍ਹਾਂ ਵਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸਨ, ਉਨ੍ਹਾਂ ਵਿਚ ‘‘ਬਿ੍ਰਟਿਸ਼ ਗੌਰਮਿੰਟ ਅਤੇ ਹੋਰ ਬੁਰਜੂਆ ਸਰਕਾਰਾਂ ਤੋਂ ਸੰਪੂਰਣ ਆਜ਼ਾਦੀ, ਰਾਸ਼ਟਰੀ ਕਰਜ਼ਿਆਂ ਦੀ ਮਨਸੂਖ਼ੀ, ਖੇਤੀ ਦੀ ਜ਼ਮੀਨ ਅਤੇ ਹੋਰ ਸਾਰੀ ਜ਼ਮੀਨ, ਪਾਣੀਆਂ, ਰੇਲਵੇ, ਬੈਂਕਾਂ, ਜਹਾਜ਼ਰਾਨੀ ਅਤੇ ਹੋਰ ਟਰਾਂਸਪੋਰਟ ’ਤੇ ਸਮਾਜ ਦੀ ਮਾਲਕੀ, ਮਜ਼ਦੂਰਾਂ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਸਾਰੀਆਂ ਭਾਰਤੀ ਸਟੇਟਾਂ ਨੂੰ ਫੈਡਰੇਸ਼ਨ ਹੇਠ ਲੈ ਕੇ ਆਉਣਾ ਆਦਿ ਮੰਗਾਂ ਸ਼ਾਮਲ ਕੀਤੀਆਂ ਗਈਆਂ ਸਨ। ਉਕਤ ਮੰਗਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੇਰੀਆਰ ਚਾਹੁੰਦੇ ਸਨ ਕਿ ਸਟੇਟ ਉੱਪਰ ਮਜ਼ਦੂਰਾਂ ਅਤੇ ਕਿਸਾਨਾਂ ਦਾ ਕਬਜ਼ਾ ਹੋਵੇ।’’
ਪੇਰੀਆਰ ਭਾਵੇਂ ਆਤਮ-ਸਨਮਾਨ ਦੀ ਲੜਾਈ ਲੜਦੇ ਰਹੇ ਪਰ ਇਕ ਪੜਾਅ ’ਤੇ ਉਹ ਇਹ ਵੀ ਮਹਿਸੂਸ ਕਰਨ ਲੱਗੇ ਸਨ ਕਿ ਇਹ ਲੜਾਈ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਈ ਹੈ। ਇਸ ਵਿਚ ਆਮ ਲੋਕਾਂ ਦੇ ਆਰਥਿਕ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ। ਡਾ. ਅੰਬੇਡਕਰ ਵੀ ਸਮਾਜਿਕ ਪੱਖ ਉੱਪਰ ਵਧੇਰੇ ਜ਼ੋਰ ਦਿੰਦੇ ਸਨ। ਇਹ ਸਭ ਕੁਝ ਅੱਜ ਵੀ ਏਨਾ ਇਕ ਪਾਸੜ ਹੋ ਗਿਆ ਹੈ ਕਿ ਅੱਜ ਦਲਿਤ ਅਤੇ ਖੱਬੇ ਪੱਖੀ ਵਿਦਵਾਨਾਂ ਨੂੰ ਇਨ੍ਹਾਂ ਦੋਨਾਂ ਪੱਖਾਂ ਨੂੰ ਜੋੜ ਕੇ ਲੜਾਈ ਲੜਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਪੇਰੀਆਰ ਦਾ ਕਥਨ ਹੈ, ‘‘ਅੰਦੋਲਨ ਹਿੰਦੂ ਧਰਮ ਅਤੇ ਬ੍ਰਾਹਮਣਾਂ ਖਿਲਾਫ਼ ਬਿਆਨਬਾਜ਼ੀ ਬਣ ਕੇ ਰਹਿ ਗਿਆ ਹੈ। ਇਸ ਨਾਲ਼ ਗ਼ੈਰ-ਬ੍ਰਾਹਮਣ ਲੋਕਾਂ ਦੇ ਆਰਥਿਕ ਅਤੇ ਰਾਜਨੀਤਿਕ ਹਿੱਤ ਨਜ਼ਰ ਅੰਦਾਜ਼ ਹੋਏ ਹਨ। ਲੋਕ ਆਰਥਿਕ ਸਥਿਤੀ ਸੁਧਾਰ ਕੇ ਹੀ ਆਪਣਾ ਸਮਾਜਿਕ ਸਟੇਟਸ ਵੀ ਸੁਧਾਰ ਸਕਦੇ ਹਨ। ਇਹ ਕੁਝ ਬ੍ਰਾਹਮਣਾਂ ਦੇ ਰਸਮੀ ਸਟੇਟਸ ਨੂੰ ਰੱਦ ਕਰਕੇ ਹੀ ਸੰਭਵ ਨਹੀਂ। ਗ਼ੈਰ-ਬ੍ਰਾਹਮਣਾਂ ਦੇ ਹਿੱਤ ਅਜੋਕੇ ਡੈਮੋਕਰੇਟਿਕ ਸਿਸਟਮ ਵਿਚ ਸੁਰੱਖਿਅਤ ਨਹੀਂ ਹਨ, ਕਿਉਕਿ ਪੰੂਜੀਪਤੀ ਇਸ ’ਤੇ ਹਾਵੀ ਹਨ, ਇਹ ਹਿੱਤ ਸਮਾਜਵਾਦੀ ਸਰਕਾਰ ਹੀ ਸੁਰੱਖਿਅਤ ਕਰ ਸਕਦੀ ਹੈ, ਜਿਸ ਨੂੰ ਮਜ਼ਦੂਰ ਆਪ ਚਲਾ ਰਹੇ ਹੋਣ।’’ ਵਿਸ਼ਵਾਨਾਥ ਦੇ ਕਹਿਣ ਅਨੁਸਾਰ ‘ਆਤਮ ਸਨਮਾਨ ਅੰਦੋਲਨ’ ਦੇ ਦੋ ਵਿੰਗਾਂ ਨੇ ਮਾਰਕਸ-ਏਂਗਲਜ਼ ਦੀਆਂ ਜੀਵਨੀਆਂ ਤੋਂ ਇਲਾਵਾ ਸੋਵੀਅਤ ਯੂਨੀਅਨ ਦੇ ਪਹਿਲੀ ਪੰਜ ਸਾਲਾ ਯੋਜਨਾ ਦੇ ਦਸਤਾਵੇਜ਼ਾਂ ਦਾ ਅਨੁਵਾਦ ਵੀ ਕੀਤਾ। ‘ਪੁਰਾਚੀ’ (ਇਨਕਲਾਬ), ‘ਪਾਗੂਥਾਰੀਵੂ’ (ਤਰਕਸ਼ੀਲ ਵਿਚਾਰ), ‘ਸਮਧਰਮਮ’ (ਸਮਾਜਵਾਦ) ਨਾਂ ਦੇ ਪਰਚੇ ਵੀ ਕੱਢੇ ਗਏ।
ਆਪਣੇ ਲੇਖ ‘ਮਾਰਚ ਟੂਵਾਰਡਸ ਪੀਸ, ਪ੍ਰਾਸਪੈਰੀਟੀ ਐਂਡ ਪ੍ਰਾਗ੍ਰੈਸ’ ਵਿਚ ਪੇਰੀਆਰ ਨੇ ਭਾਰਤ ਲਈ ਜਿਹੜਾ ਕੋਆਪ੍ਰੇਟਿਵ ਦਾ ਮਾਡਲ ਪੇਸ਼ ਕੀਤਾ ਹੈ, ਉਸ ਉੱਪਰ ਸਮਾਜਵਾਦੀ ਮਾਡਲ ਦੀ ਛਾਪ ਸਪੱਸ਼ਟ ਦਿਖਾਈ ਦਿੰਦੀ ਹੈ। ਭਾਵੇਂ ਇਹ ਕਾਲਪਨਿਕ ਹੈ। ਪਰ ਉਨ੍ਹਾਂ ਅਨੁਸਾਰ ਕਮਿਊਨਿਜ਼ਮ ਤੋਂ ਬਗ਼ੈਰ ਵੀ ਕੋਆਪ੍ਰੇਟਿਵ ਰਾਹੀਂ ਸਮਾਜ ਨੂੰ ਪ੍ਰਗਤੀਸ਼ੀਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੇ ਕਹਿਣ ਅਨੁਸਾਰ, ‘‘ਇਕ ਦਿਨ ਜਾਂ ਅਗਲੇ ਦਿਨ ਕੋਆਪ੍ਰੇਟਿਵ ਸਪਿਰਟ ਸਭ ਤੋਂ ਉੱਪਰ ਹੋਵੇਗੀ ਤੇ ਇਸ ਨਾਲ਼ ਸਮਾਜ ਪ੍ਰਗਤੀ ਕਰਦਾ ਅਗਾਂਹ ਵਧੇਗਾ। ਇਸ ਲਈ ਜ਼ਰੂਰੀ ਨਹੀਂ ਕਿ ਉਸ ਲਈ ਕਮਿਊਨਿਜ਼ਮ ਹੀ ਆਵੇ। ਕਮਿਊਨਿਜ਼ਮ ਬਾਰੇ ਇਕ ਵੀ ਸ਼ਬਦ ਕਹੇ ਬਗ਼ੈਰ ਤੁਸੀਂ ਸਮਾਜ ਨੂੰ ਪ੍ਰਗਤੀਸ਼ੀਲ ਬਣਾ ਸਕਦੇ ਹੋ, ਸਿਰਫ਼ ਕੋਆਪ੍ਰੇਸ਼ਨ ਦੇ ਅਧਾਰ ’ਤੇ।’’ (ਪੰਨਾ-296)
ਪੇਰੀਆਰ ਅਨੁਸਾਰ ਰੂਸ ਵਿਚ ਕਿਸੇ ਵਿਅਕਤੀ ਨੂੰ ਸੂਦ ’ਤੇ ਪੈਸਾ ਦੇਣ ਦਾ ਅਧਿਕਾਰ ਨਹੀਂ। ਕੋਈ ਕਿਸੇ ਤੋਂ ਥੋੜ੍ਹਾ ਜਿਹਾ ਵੀ ਸੂਦ ਲੈਂਦਾ ਹੈ ਤਾਂ ਇਸਨੂੰ ਚੋਰੀ ਸਮਝਿਆ ਜਾਂਦਾ ਹੈ। ਜੇ ਤੁਸੀਂ ਕਹਿੰਦੇ ਹੋ ਕਿ ਔਖੇ ਵੇਲੇ ਕਿਸੇ ਦੀ ਮਦਦ ਕਰਨ ਵਿਚ ਹਰਜ਼ ਹੀ ਕੀ ਹੈ ਤਾਂ ਉਹ ਕਹਿਣਗੇ, ‘‘ਇਥੇ ਔਖੇ ਵੇਲੇ ਜਾਂ ਖ਼ਤਰੇ ਹੋਣ ਹੀ ਕਿਉ?’’ ਕੋਆਪ੍ਰੇਟਿਵ ਚਿੰਤਾਵਾਂ ਅਤੇ ਤੰਗੀਆਂ ਤੋਂ ਨਿਾਜ਼ਤ ਦਿਵਾਏਗਾ।
ਕੋਆਪ੍ਰੇਟਿਵ ਲਾਗੂ ਕਰਨ ਦਾ ਮਤਲਬ ਪੇਰੀਆਰ ਲਈ ਨਿੱਜੀ ਜਾਇਦਾਦ ਤੋਂ ਛੁਟਕਾਰਾ ਪਾਉਣਾ ਵੀ ਹੈ। ਉਨ੍ਹਾਂ ਅਨੁਸਾਰ ਆਦਮੀ ਬਹੁਤਾ ਰੌਲ਼ਾ ਨਹੀਂ ਪਾਉਦਾ, ਜੇਕਰ ਉਸ ਕੋਲ ਲੋੜ ਮੁਤਾਬਿਕ ਸਮੱਗਰੀ ਹੋਵੇ। ਪਰ ਜੇ ਇਕ ਕੋਲ ਬਹੁਤਾ ਹੋਵੇ ਤੇ ਦੂਸਰੇ ਕੋਲ ਘੱਟ ਤਾਂ ਝਗੜੇ ਸ਼ੁਰੂ ਹੁੰਦੇ ਹਨ। ਜੇਕਰ ਬੇਲੋੜੀਆਂ ਚਿੰਤਾਵਾਂ ਅਤੇ ਲਾਲਸਾਵਾਂ ਤੋਂ ਬਚਣਾ ਹੈ ਤਾਂ ਸਮਾਜ ਨੂੰ ਹੌਲ਼ੀ-ਹੌਲ਼ੀ ਸਮਾਜਵਾਦੀ ਵਿਚਾਰਾਂ ਨੂੰ ਸਿਰਜਣਾ ਹੋਵੇਗਾ। ਅਜਿਹੇ ਸਮਾਜ ਦੀ ਸਿਰਜਣਾ ਕਰਨੀ ਹੋਵੇਗੀ ਜਿਸ ਵਿਚ ਹਰ ਕੋਈ ਖੁਸ਼ੀਆਂ ਤੇ ਗ਼ਮ ਬਰਾਬਰ ਵੰਡ ਸਕੇ। ਸਮਾਜਵਾਦੀ ਸਟੇਟ ਜਾਂ ਸਮਾਜ ਸਿਰਜਣ ਦੇ ਰਾਹ ਵਿਚ ਨਿੱਜੀ ਜਾਇਦਾਦ ਬਹੁਤ ਵੱਡਾ ਰੋੜਾ ਹੈ। ਸਾਰਾ ਕੁਝ ਸਰਕਾਰ ਦਾ (ਸਮਾਜ ਦਾ) ਹੋਣਾ ਚਾਹੀਦਾ ਹੈ। ਰਾਸ਼ਟਰੀਕਰਣ ਦੀ ਪਾਲਿਸੀ ਨੂੰ ਗੰਭੀਰਤਾ ਨਾਲ਼ ਲਾਗੂ ਕਰਨਾ ਚਾਹੀਦਾ ਹੈ ਤਾਂ ਹੀ ਲੋਕ ਇਕ-ਦੂਜੇ ਨੂੰ ਬਰਾਬਰ ਸਮਝ ਕੇ ਪਿਆਰ ਕਰਨਗੇ। ਪੇਰੀਆਰ ਉਲਟ ਪਾਸਿਉ ਸਮਾਜਵਾਦ ਸ਼ੁਰੂ ਕਰਨਾ ਚਾਹੁੰਦੇ ਹਨ, ਪੰੂਜੀਵਾਦੀ ਸਟੇਟ ਵਿਚ ਅਜਿਹਾ ਕਰਨਾ ਚਾਹੁੰਦੇ ਹਨ ਜੋ ਸੰਭਵ ਨਹੀਂ, ਪ੍ਰੰਤੂ ਉਨ੍ਹਾਂ ਦੇ ਵਿਚਾਰਾਂ ਨੂੰ ਵਿਸਤਾਰ ਵਿਚ ਜਾ ਕੇ ਸਮਝਣ ਤੇ ਵਿਚਾਰਨ ਦੀ ਲੋੜ ਹੈ। ਉਨ੍ਹਾਂ ਅਨੁਸਾਰ ਇੱਛਾਵਾਂ ਤੋਂ ਪੈਦਾ ਹੁੰਦੀਆਂ ਚਿੰਤਾਵਾਂ ਅਤੇ ਥੁੜ੍ਹਾਂ ਤੋਂ ਜਨਮ ਲੈਂਦੀਆਂ ਚਿੰਤਾਵਾਂ ਕਮਿਊਨਿਜ਼ਮ ਵਿਚ ਨਹੀਂ ਮਿਲ਼ਦੀਆਂ, ਇਹੀ ਮੁਕਤੀ ਦਾ ਰਾਹ ਹੈ। ‘‘ਸਵਰਗ ਅਤੇ ਮੁਕਤੀ ਦਾ ਅਰਥ ਹੈ ਚਿੰਤਾਵਾਂ ਦਾ ਅੰਤ ਅਤੇ ਖੁਸ਼ੀਆਂ ਦਾ ਆਰੰਭ। ਚਿੰਤਾਵਾਂ ਦਾ ਅੰਤ ਕਮਿਊਨਿਜ਼ਮ ਵਿਚ ਪਿਆ ਹੋਇਆ ਹੈ। ਸਮਾਜ ਦੀਆਂ ਸਾਰੀਆਂ ਘਾਟਾਂ ਦੇ ਖ਼ਾਤਮੇ ਦਾ ਰਾਹ ਕਮਿਊਨਿਜ਼ਮ ਵਿਚੋਂ ਨਿਕਲ਼ਦਾ ਹੈ।’’ (ਪੰਨਾ-298)
ਪੇਰੀਆਰ ਸਮਝਦੇ ਹਨ ਕਿ ਸਮਾਜਵਾਦੀ ਸਮਾਜ ਵਿਚ ਆਦਰਸ਼ਵਾਦੀ ਦਰਸ਼ਨਾਂ ਦੀ ਵੀ ਕੋਈ ਲੋੜ ਨਹੀਂ। ਉਹ ਤਾਂ ਇਥੋਂ ਤੱਕ ਕਹਿ ਜਾਂਦੇ ਹਨ ਕਿ ਸਮਾਜਵਾਦ ਵਿਚ ਨਿੱਜੀ ਜਾਇਦਾਦ ਬਣਾਉਣ ਉੱਪਰ ਰੋਕ ਹੈ, ‘‘ਨਿੱਜੀ ਜਾਇਦਾਦ ਉੱਪਰ ਰੋਕ ਹੋਵੇ ਤਾਂ ਰੱਬ, ਧਰਮ ਜਾਂ ਸ਼ਾਸਤਰਾਂ ਦੇ ਪਵਿੱਤਰ ਸਿਧਾਂਤਾਂ ਦੀ ਲੋੜ ਨਹੀਂ, ਲੋੜ ਹੈ ਤਾਂ ਸਹੀ ਸੋਚ ਅਤੇ ਗਿਆਨ ਦੀ,’’ ਜਿਥੇ ਊਚ-ਨੀਚ ਨਹੀਂ ਹੋਵੇਗੀ ਤੇ ਨਾ ਕੋਈ ਉੱਚਾ ਜਾਂ ਨੀਵਾਂ ਸਮਝਿਆ ਜਾਵੇਗਾ। ਸਾਡੇ ਭਾਰਤ ਤੋਂ ਉਲਟ ਕਮਿਊਨਿਜ਼ਮ ਵਿਚ ਸਭ ਕੋਲ ਇਕੋ ਜਿਹੇ ਅਧਿਕਾਰ ਹਨ। ਇਥੇ ਗ਼ੈਰ ਬ੍ਰਾਹਮਣ ਲੱਖਪਤੀ, ਕਰੋੜਪਤੀ ਕਿਉ ਨਾ ਹੋਵੇ ਪਰ ਉਸਦੇ ਅਧਿਕਾਰ ਉਹ ਨਹੀਂ ਜੋ ਪੁਜਾਰੀ ਬ੍ਰਾਹਮਣ ਕੋਲ ਹਨ ਜੋ ਮਿਹਨਤ ਤਕ ਨਹੀਂ ਕਰਦਾ। ‘‘ਜੇਕਰ ਅਸੀਂ ਖ਼ਾਸ ਅਧਿਕਾਰ ਖ਼ਤਮ ਕਰਨ ਵਿਚ ਕਾਮਯਾਬ ਹੁੰਦੇ ਹਾਂ ਤਾਂ ਕਮਿਊਨਿਜ਼ਮ ਦਾ ਉਦੈ ਹੋਵੇਗਾ ਅਤੇ ਇਹ ਡੰੂਘੀਆਂ ਜੜ੍ਹਾਂ ਫੜੇ੍ਹਗਾ। ਅਜਿਹੇ ਦੇਸ਼ ਵਿਚ ਕਮਿਊਨਿਜ਼ਮ ਦਾ ਸਕੋਪ ਨਹੀਂ ਜਿਥੇ ਅਧਿਕਾਰ ਸਭ ਦੇ ਸਾਂਝੇ ਨਹੀਂ।’’ (ਪੰਨਾ-299) ਅਧਿਕਾਰ ਸਭ ਦੇ ਸਾਂਝੇ ਹੋਣਗੇ ਤਾਂ ਹੀ ਕਮਿਊਨਿਜ਼ਮ ਆਏਗਾ। ਪਰ ਇਸਦੇ ਬਾਵਜੂਦ ਪੇਰੀਆਰ ਦੇ ਵਿਚਾਰਾਂ ਦਾ ਮੁੱਲ ਘੱਟ ਨਹੀਂ ਜਾਂਦਾ। ਅਖੀਰ ’ਤੇ ਪੇਰੀਆਰ ਸਮਾਜਵਾਦੀ ਦੇਸ਼ਾਂ ਵਿਚ ਨਾਸਤਿਕਤਾ ਦੀ ਸਥਿਤੀ ਬਾਰੇ ਵਿਸਤਿ੍ਰਤ ਚਰਚਾ ਕਰਦੇ ਹਨ ਜੋ ਉਨ੍ਹਾਂ ਦੀ ਤਰਕਸ਼ੀਲਤਾ ਦਾ ਮੁੱਖ ਵਿਸ਼ਾ ਹੈ।
ਇਉ ਅਸੀਂ ਦੇਖਦੇ ਹਾਂ ਕਿ ਪੇਰੀਆਰ ਇਕ ਪੱਧਰ ’ਤੇ ਆਪਣੇ ਆਪ ਨੂੰ ਸਮਾਜਵਾਦੀ ਪ੍ਰੋਗਰਾਮ ਤੋਂ ਵੱਖ ਕਰ ਲੈਂਦੇ ਹਨ। ਅਜਿਹਾ ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ, ਉਨ੍ਹਾਂ ਨੇ ‘ਆਤਮ-ਸਨਮਾਨ ਅੰਦੋਲਨ’ ਨੂੰ ਸਟੇਟ ਦੇ ਜ਼ਬਰ ਤੋਂ ਬਚਾਉਣ ਲਈ ਕੀਤਾ, ਪਰ ਸਮਾਜਵਾਦੀ ਵਿਚਾਰ ਸਾਰੀ ਉਮਰ ਉਨ੍ਹਾਂ ਦੀ ਸੋਚ ਦਾ ਹਿੱਸਾ ਬਣੇ ਰਹੇ। ਅਗਲੇ ਭਾਗਾਂ ਵਿਚ ਅਸੀਂ ‘ਆਤਮ ਸਨਮਾਨ ਅੰਦੋਲਨ’ ਬਾਰੇ ਸੰਖੇਪ ਵਿਚ ਜਾਨਣ ਦੀ ਕੋਸ਼ਿਸ਼ ਕਰਾਂਗੇ।

Scroll To Top