ਰਵੀ ਕੰਵਰ
ਅੱਜ ਸਮੁੱਚੀ ਦੁਨੀਆਂ ਕੋਵਿਡ 19 ਮਹਾਮਾਰੀ ਭਾਵ ਕਰੋਨਾ ਨਾਲ ਜੂਝ ਰਹੀ ਹੈ। 9 ਮਈ ਦੀ ਸਵੇਰ ਤੱਕ ਪੂਰੀ ਦੁਨੀਆਂ ਵਿਚ 15 ਕਰੋੜ 83 ਲੱਖ 29 ਹਜ਼ਾ ਡਰ 68 ਲੋਕ ਇਸ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ ਅਤੇ 32 ਲੱਖ 96 ਹਜ਼ਾਰ 841 ਮੌਤ ਦੇ ਮੂੰਹ ‘ਚ ਜਾ ਪਏ ਸਨ। ਦੁਨੀਆਂ ਦਾ ਸਭ ਤੋਂ ਅਮੀਰ ਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ, ਇਸ ਬਿਮਾਰੀ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਮਾਮਲੇ ਵਿਚ ਪਹਿਲੇ ਨੰਬਰ ‘ਤੇ ਹੈ। ਇੱਥੇ 3 ਕਰੋੜ 34 ਲੱਖ 54 ਹਜ਼ਾਰ 581 ਲੋਕ, ਇਸਦਾ ਸ਼ਿਕਾਰ ਬਣ ਚੁੱਕੇ ਹਨ ਅਤੇ 5 ਲੱਖ 95 ਹਜ਼ਾਰ 588 ਲੋਕਾਂ ਦੀ, ਮੌਤ ਹੋ ਚੁੱਕੀ ਹੈ। ਦੂਜੇ ਨੰਬਰ ‘ਤੇ ਹੁਣ ਸਾਡਾ ਦੇਸ਼ ਭਾਰਤ ਹੈ, ਜਿਥੇ 2 ਕਰੋੜ 22 ਲੱਖ 96 ਹਜ਼ਾਰ 414 ਲੋਕ, ਇਸ ਬੀਮਾਰੀ ਦਾ ਸ਼ਿਕਾਰ ਹੋਏ ਹਨ ਅਤੇ ਹੁਣ ਤੱਕ 2 ਲੱਖ 42 ਹਜ਼ਾਰ 398 ਮੌਤਾਂ ਹੋ ਚੁੱਕੀਆਂ ਹਨ, ਤੀਜੇ ਨੰਬਰ ‘ਤੇ ਲਾਤੀਨੀ ਅਮਰੀਕੀ ਦੇਸ਼ ਬ੍ਰਾਜ਼ੀਲ ਆਉਂਦਾ ਹੈ। (ਸਾਰੇ ਅੰਕੜੇ 9 ਮਈ ਤੱਕ ਦੇ ਹਨ)
ਸੰਸਾਰ ਦੇ ਸਭ ਤੋਂ ਵਧੇਰੇ ਜਨਸੰਖਿਆ ਵਾਲੇ ਦੇਸ਼, ਸਮਾਜਵਾਦੀ ਚੀਨ ਦੇ ਇਕ ਕਰੋੜ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰ ਵੁਹਾਨ ਦੀ ਮੀਟ ਮਾਰਕੀਟ ਵਿਚੋਂ ਸੰਸਾਰ ਦੇ ਸਭ ਤੋਂ ਪਲੇਠੇ ਕਰੋਨਾ ਪੀੜਤ ਮਰੀਜ਼ ਦੀ ਸ਼ਨਾਖਤ ਹੋਈ ਸੀ। ਯਾਨਿ ਇਸ ਰੋਗ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ, ਜਿਸ ਦੀ ਰੋਕਥਾਮ ਲਈ ਚੀਨ ਦੀ ਸਰਕਾਰ ਵਲੋਂ 76 ਦਿਨਾਂ ਦਾ ਸਖ਼ਤ ਲਾਕ ਡਾਊਨ ਲਾਇਆ ਗਿਆ ਸੀ। ਅੱਜ ਵੁਹਾਨ ਵਿਚ ਹੀ ਨਹੀਂ ਬਲਕਿ ਸਮੁੱਚੇ ਚੀਨ ਵਿਚ ਕੋਵਿਡ-19 ਮਹਾਮਾਰੀ ‘ਤੇ ਕਾਬੂ ਪਾਇਆ ਜਾ ਚੁੱਕਾ ਹੈ। 9 ਮਈ ਨੂੰ ਬੀਤੇ 24 ਘੰਟਿਆਂ ਵਿਚ ਸਮੁੱਚੇ ਦੇਸ਼ ਵਿਚ ਸਿਰਫ 12 ਕੇਸ ਸਾਹਮਣੇ ਆਏ ਹਨ। ਸਮਾਜਵਾਦੀ ਦੇਸ਼ ਹੋਣ ਕਰਕੇ ਮਈ ਦਿਵਸ ਭਾਵ 1 ਮਈ ਦੇਸ਼ ਭਰ ਵਿਚ ਸਰਕਾਰੀ ਤੌਰ ‘ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਹਿਲੀ ਮਈ ਨੂੰ ਵੁਹਾਨ ਸ਼ਹਿਰ ਵਿਚ 140 ਜਨਤਕ ਇਕੱਠ ਹੋਏ ਸਨ ਅਤੇ ਸ਼ਹਿਰ ਦੇ ਪ੍ਰਸ਼ਾਸਕਾਂ ਵਲੋਂ ਵੁਹਾਨ ਨੂੰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਹੈ। ਅੱਜ ਸਥਿਤੀ ਇਹ ਹੈ ਕਿ ਹੂਬੇਈ ਪ੍ਰਾਂਤ, ਜਿਸ ਵਿਚ ਵੁਹਾਨ ਸ਼ਹਿਰ ਸਥਿਤ ਹੈ, ਵਿਚ ਵੀ 24 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਕੋਵਿਡ-19 ਦਾ ਸਿਰਫ 1 ਕੇਸ ਸਾਹਮਣੇ ਆਇਆ ਹੈ। ਇਸ ਵੇਲੇ ਚੀਨ ਸਮੁੱਚੀ ਦੁਨੀਆਂ ਵਿਚ ਕੋਵਿਡ-19 ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ 96ਵੇਂ ਸਥਾਨ ‘ਤੇ ਹੈ ਅਤੇ ਉਥੇ ਹੁਣ ਤੱਕ ਸਿਰਫ 90 ਹਜ਼ਾਰ 758 ਮਾਮਲੇ ਹੀ ਸਾਹਮਣੇ ਆਏ ਹਨ ਜਦਕਿ ਕੁਲ ਮੌਤਾਂ ਦੀ ਗਿਣਤੀ 4 ਹਜ਼ਾਰ 636 ਹੈ। ਜੇਕਰ ਪ੍ਰਤੀ 10 ਲੱਖ ਆਬਾਦੀ ਦੇ ਆਧਾਰ ‘ਤੇ ਮੌਤਾਂ ਦੀ ਗਿਣਤੀ ਕੀਤੀ ਜਾਵੇ ਤਾਂ ਅਮਰੀਕਾ ਵਿਚ ਇਹ ਗਿਣਤੀ 1790, ਭਾਰਤ ਵਿਚ 174 ਅਤੇ ਚੀਨ ਵਿਚ ਸਿਰਫ 3 ਬਣਦੀ ਹੈ। ਇੱਥੇ ਇਹ ਸਪੱਸ਼ਟ ਹੈ ਕਿ ਚੀਨ ਆਪਣੀ ਸਮਾਜਵਾਦੀ ਵਿਵਸਥਾ ਕਰਕੇ ਹੀ ਇਸ ਨਾਮੁਰਾਦ ਮਹਾਮਾਰੀ ਨੂੰ ਕਾਬੂ ਕਰਨ ਵਿਚ ਸਫਲ ਰਿਹਾ ਹੈ, ਜਦੋਂਕਿ ਦੁਨੀਆਂ ਦਾ ਸਭ ਤੋਂ ਅਮੀਰ ਤੇ ਸ਼ਕਤੀਸ਼ਾਲੀ ਦੇਸ਼ ਅਮਰੀਕੀ ਸਾਮਰਾਜ ਹੀ ਨਹੀਂ ਬਲਕਿ ਵਿਕਸਿਤ ਹੋਣ ਦਾ ਰੁਤਬਾ ਰੱਖਣ ਵਾਲਾ ਸਮੁੱਚਾ ਯੂਰਪ ਤੇ ਸਾਡਾ ਦੇਸ਼ ਭਾਰਤ ਇਸ ਮਹਾਮਾਰੀ ਦੀ ਦੂਜੀ ਤੇ ਤੀਜੀ ਲਹਿਰ ਨਾਲ ਬੁਰੀ ਤਰ੍ਹਾਂ ਝੰਝੋੜੇ ਗਏ ਹਨ ਅਤੇ ਇਨ੍ਹਾਂ ਦੇਸ਼ਾਂ ਦੇ ਲੋਕ ਬਹੁਤ ਹੀ ਦੁਖਦਾਇਕ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ।
ਇਸ ਮਹਾਮਾਰੀ ਨੇ ਪੂੰਜੀਵਾਦੀ ਵਿਵਸਥਾ ਵਾਲੇ ਦੇਸ਼ਾਂ ਤੇ ਸਮਾਜਵਾਦੀ ਵਿਵਸਥਾ ਵਾਲੇ ਦੇਸ਼ਾਂ ਦਰਮਿਆਨ ਅੰਤਰ ਨੂੰ ਸਪੱਸ਼ਟ ਰੂਪ ਵਿਚ ਸਾਹਮਣੇ ਲਿਆ ਦਿੱਤਾ ਹੈ। ਇਹ ਅੰਤਰ ਸਮਾਜ ਪ੍ਰਤੀ ਇਨ੍ਹਾਂ ਵਿਵਸਥਾਵਾਂ ਦੀ ਪਹੁੰਚ ਵਿਚ ਲੁਕਿਆ ਹੋਇਆ ਹੈ। ਸਮਾਜਵਾਦੀ ਢਾਂਚੇ ਅੰਦਰ ਮਨੁੱਖੀ ਜ਼ਿੰਦਗੀ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਭਾਵ ਕਿ ਮੁਨਾਫ਼ੇ ਨਾਲੋਂ ਵਿਗਿਆਨ ਦੀ ਲੋਕਾਂ ਦੀ ਭਲਾਈ ਲਈ ਵਿਆਪਕ ਵਰਤੋਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਮਾਜਵਾਦੀ ਪ੍ਰਬੰਧ ਵਿਅਕਤੀ ਵਿਸ਼ੇਸ਼ ਦੀ ਬਜਾਇ ਸਮੂਹਿਕ ਵਿਕਾਸ ‘ਤੇ ਟੇਕ ਰੱਖਦਾ ਹੈ। ਇਸ ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਪਾਉਣ ਦੇ ਹੁਣ ਤੱਕ ਦੇ ਇਕੋ-ਇਕ ਹਥਿਆਰ ਵੈੈਕਸੀਨ ਭਾਵ ਰੋਗ ਰੋਧਕ ਟੀਕੇ ਦੇ ਉਤਪਾਦਨ ਤੇ ਵੰਡ ਦੇ ਰਫਤਾਰ ਫੜ੍ਹਨ ਨਾਲ ਵਿਵਸਥਾਵਾਂ ਦਾ ਇਹ ਅੰਤਰ ਹੋਰ ਵਧੇਰੇ ਉਘੜਕੇ ਸਾਹਮਣੇ ਆ ਰਿਹਾ ਹੈ।
ਸਮਾਜਵਾਦੀ ਦੇਸ਼ਾਂ, ਚੀਨ ਤੇ ਵਿਅਤਨਾਮ ਨੇ ਇਸ ਕੋਵਿਡ-19 ਦੀ ਲਾਗ ਨੂੰ ਕਾਬੂ ਹੇਠ ਹੀ ਨਹੀਂ ਕੀਤਾ ਬਲਕਿ ਇਸਦੇ ਫ਼ੈਲਾਓ ਨੂੰ ਵੀ ਤੇਜ਼ੀ ਨਾਲ ਠੱਲ੍ਹ ਪਾਈ ਹੈ। ਇਸ ਲਈ ਇਨ੍ਹਾਂ ਨੇ ਰੋਕਥਾਮ ਅਧਾਰਤ ਬਹੁਪੱਖੀ ਰਣਨੀਤੀ ਅਖਤਿਆਰ ਕੀਤੀ ਅਤੇ ਅਣਗਿਣਤ ਜਾਨਾਂ ਹੀ ਨਹੀਂ ਬਚਾਈਆਂ ਬਲਕਿ ਇਸ ਮਹਾਮਾਰੀ ਦੇ ਘਾਤਕ ਸਮਾਜਕ ਤੇ ਆਰਥਕ ਪ੍ਰਭਾਵਾਂ ਨੂੰ ਵੀ ਘੱਟ ਕਰਨ ਵਿਚ ਸਫਲਤਾ ਹਾਸਲ ਕੀਤੀ।
ਵੈਕਸੀਨ (ਰੋਗ ਰੋਧਕ ਟੀਕਾ) ਇਸ ਮਾਮਲੇ ਵਿਚ ਇਨ੍ਹਾਂ ਦੇਸ਼ਾਂ ਲਈ ਇਕ ਮਹੱਤਵਪੂਰਨ ਹਥਿਆਰ ਹੈ। ਸਮਾਜਵਾਦੀ ਦੇਸ਼ ਕਿਊਬਾ ਵੈਕਸੀਨ ਖੋਜ ਤੇ ਉਤਪਾਦਨ ਦੇ ਮਾਮਲੇ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਜਦੋਂ ਕਿ ਚੀਨ ਵੈਕਸੀਨ ਬਰਾਮਦ ਦੇ ਮਾਮਲੇ ਵਿਚ ਦੁਨੀਆਂ ਭਰ ਵਿਚ ਮੋਹਰੀ ਹੈ। ਉਹ 60 ਦੇਸ਼ਾਂ ਤੱਕ ਵੈਕਸੀਨ ਪਹੁੰਚਾ ਚੁੱਕਾ ਹੈ।
ਅਮਰੀਕਾ ਅਤੇ ਯੂਰਪ ਦੇ ਵਿਕਸਿਤ ਪੂੰਜੀਪਤੀ ਦੇਸ਼ ਕੋਵਿਡ-19 ਨੂੰ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਦੇ ਲੋਕ ਇਸ ਮਹਾਮਾਰੀ ਦੀ ਮਾਰ ਹੇਠ ਸਹਿਕ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਵੀ ਟੇਕ ਵੈਕਸੀਨ ‘ਤੇ ਹੀ ਹੈ।
ਮੌਜੂਦਾ ਸਾਮਰਾਜੀ ਸੰਸਾਰ ਵਿਵਸਥਾ ਵਿਚ ਸਿਖਰਲੀਆਂ ਥਾਵਾਂ ਵਾਲੇ ਵਿਕਸਿਤ ਪੂੰਜੀਵਾਦੀ ਦੇਸ਼ ਹੋਣ ਕਰਕੇ ਇਨ੍ਹਾਂ ਕੋਲ ਪੂੰਜੀ ਤੇ ਬੌਧਿਕਤਾ ਦੇ ਅਥਾਹ ਭੰਡਾਰ ਹਨ, ਇਸ ਕਰਕੇ ਇਨ੍ਹਾਂ ਕੋਲ ਉਚ ਦਰਜੇ ਦੀਆਂ ਵਿਕਸਿਤ ਤੇ ਉਚ ਤਕਨੀਕ ਅਧਾਰਤ ਫਾਰਮਾਸਿਊਟਿਕਲ ਤੇ ਬਾਇਓਟੈਕਨੋਲਾਜੀ ਅਧਾਰਤ ਦਵਾਈ ਸਨਅਤਾਂ ਹਨ, ਜਿਨ੍ਹਾਂ ਨੂੰ ਸਰਕਾਰਾਂ ਵਲੋਂ ਵੱਡੇ ਫੰਡ ਵੀ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਦਿਓਕੱਦ ਨਿੱਜੀ ਕਾਰਪੋਰੇਸ਼ਨਾਂ ਨੇ ਅਤਿ-ਆਧੁਨਿਕ ਤਕਨੀਕ (ਰੋਗ ਪ੍ਰਤੀਰੋਧਕਤਾ ਨੂੰ ਪੈਦਾ ਕਰਨ ਲਈ ਕੁਦਰਤੀ ਰਸਾਇਣਾਂ ਦੀ ਨਕਲ ਕਰਨ ‘ਤੇ ਅਧਾਰਤ ਤਕਨੀਕ) ਦੀ ਵਰਤੋਂ ਕਰਕੇ ਕੋਵਿਡ-19 ਲਈ ਵੈਕਸੀਨ ਵਿਕਸਿਤ ਕਰ ਲਈ ਹੈ ਅਤੇ ਕਰ ਰਹੇ ਹਨ। ਇਹ ਵੈਕਸੀਨ ਸਿਧਾਂਤਕ ਰੂਪ ਵਿਚ ਵਾਇਰਸ ਦੇ ਵੱਖ-ਵੱਖ ਰੂਪਾਂ ਦਾ ਤੇਜ਼ੀ ਨਾਲ ਟਾਕਰਾ ਕਰ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਹਰ ਤਰ੍ਹਾਂ ਦੇ ਫਲੂ ਵਿਰੁੱਧ ਰੋਗ ਰੋਧਕ ਸਮਰੱਥਾ (ਇਮਿਊਨਿਟੀ) ਪ੍ਰਦਾਨ ਕਰ ਸਕਦੀ ਹੈ। ਇਸ ਤਕਨੀਕ ਰਾਹੀਂ ਏਡਜ ਵਿਰੁੱਧ ਵੀ ਸ਼ਕਤੀਸ਼ਾਲੀ ਵੈਕਸੀਨ ਦੇ ਈਜ਼ਾਦ ਹੋਣ ਦੀ ਸੰਭਾਵਨਾ ਬਣਦੀ ਦਿਸਦੀ ਹੈ। ਇਸ ਤਕਨੀਕ ਦੀ ਪੁਰਾਣੀਆਂ ਵੈਕਸੀਨ ਤਕਨੀਕਾਂ ਨਾਲੋਂ ਇਕ ਹੋਰ ਖੂਬੀ ਇਹ ਹੈ ਕਿ ਇਸਦਾ ਉਤਪਾਦਨ ਕਰਨ ਸਮੇਂ ਜਿਉਂਦੇ ਵਾਇਰਸ ਦੀ ਵਰਤੋਂ ਨਹੀਂ ਕਰਨੀ ਪੈਂਦੀ, ਜਿਸ ਕਰਕੇ ਪ੍ਰਯੋਗਸ਼ਾਲਾਵਾਂ ਤੇ ਉਤਪਾਦਨ ਯੂਨਿਟਾਂ ਇੱਥੇ ਕੰਮ ਕਰਦੇ ਖੋਜੀਆਂ ਲਈ ਵਧੇਰੇ ਸੁਰੱਖਿਅਤ ਹੁੰਦੀਆਂ ਹਨ।
ਪ੍ਰੰਤੂ, ਪੂੰਜੀਵਾਦੀ ਉਤਪਾਦਕ ਰਿਸ਼ਤੇ ਜਿਨ੍ਹਾਂ ਅਧੀਨ ਇਹ ਵਿਕਸਿਤ ਕੀਤੇ ਗਏ ਹਨ, ਇਸਦੀ ਪੂਰੀ ਸਮਰਥਾ ਨੂੰ ਇਨਸਾਨੀਅਤ ਦੀਆਂ ਲੋੜਾਂ ਮੁਤਾਬਕ ਵਰਤੋਂ ਦੇ ਮਾਮਲੇ ਵਿਚ ਸੀਮਤ ਕਰ ਦਿੰਦੇ ਹਨ। ਬੌਧਿਕ ਸੰਪਤੀ ਅਧਿਕਾਰਾਂ ਭਾਵ ਪੇਟੈਂਟਾਂ ਦੀ ਹਮਲਾਵਰ ਵਰਤੋਂ ਇਨ੍ਹਾਂ ਦੇ ਸਮੂਹ ਲੋਕਾਈ ਲਈ ਇਸਤੇਮਾਲ ਵਿਚ ਅੜਿਕੇ ਖੜ੍ਹੇ ਕਰਦੀ ਹੈ। ਇਨ੍ਹਾਂ ਦੀਆਂ ਬੇਬਹਾ ਕੀਮਤਾਂ ਇਨ੍ਹਾਂ ਨੂੰ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਕਰ ਦਿੰਦੀਆਂ ਹਨ ਅਤੇ ਨਿੱਜੀ ਦਵਾਈ ਤੇ ਬਾਇਓਟੈਕ ਕੰਪਨੀਆਂ ਦੇ ਹੱਥਾਂ ਵਿਚ ਅਥਾਹ ਤਾਕਤ ਇਕੱਤਰ ਕਰ ਦਿੰਦੀਆਂ ਹਨ। ਕੋਵਿਡ-19 ਲਈ ਵੈਕਸੀਨ ਬਨਾਉਣ ਵਾਲੀ ਅਮਰੀਕੀ ਦਿਓਕੱਦ ਕੰਪਨੀ ‘ਫਾਇਜ਼ਰ’ ਦਾ ਅਰਜਨਟੀਨਾ ਤੇ ਬ੍ਰਾਜ਼ੀਲ ਨੂੰ ਕੋਵਿਡ-19 ਵੈਕਸੀਨ ਦੇਣ ਬਦਲੇ ਉਨ੍ਹਾਂ ਦੀਆਂ ਸਰਕਾਰੀ ਸੰਪਤੀਆਂ ਫੌਜੀ ਅੱਡਿਆਂ ਤੇ ਸਫਾਰਤਖਾਨਿਆਂ ਨੂੰ ਜ਼ਾਮਨੀ ਵਜੋਂ ਕੰਪਨੀ ਕੋਲ ਗਹਿਣੇ ਰੱਖਣ ਦੀ ਮੰਗ ਕਰਨਾ ਉਕਤ ਵਰਤਾਰੇ ਦੀਆਂ ਸਭ ਤੋਂ ਭੱਦੀਆਂ ਮਿਸਾਲਾਂ ‘ਚੋਂ ਇਕ ਹੈ।
ਸੰਸਾਰ ਸਿਹਤ ਸੰਸਥਾ (ਡਬਲਿਓ.ਐਚ.ਓ.) ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਮ ਨੇ 9 ਅਪ੍ਰੈਲ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 87% ਵੈਕਸੀਨ ਅਮੀਰ ਦੇਸ਼ਾਂ ਕੋਲ ਹੈ, ਜਦੋਂਕਿ ਗਰੀਬ ਦੇਸ਼ਾਂ ਨੂੰ ਸਿਰਫ 0.2% ਹੀ ਪ੍ਰਾਪਤ ਹੋਈ ਹੈ। ਜਿਸ ਤਰ੍ਹਾਂ ਕੁੱਝ ਕੁ ਦਿਓਕੱਦ ਨਿੱਜੀ ਦਵਾਈ ਕਾਰਪੋਰੇਸ਼ਨਾਂ ਦੇ ਕਬਜ਼ੇ ਵਿਚ ਵੈਕਸੀਨ ਦੀ ਖੋਜ ਤੇ ਉਤਪਾਦਨ ਹੈ, ਇਸਦਾ ਇਹ ਅਟਲ ਨਤੀਜਾ ਹੈ। ਕਿਉਂਕਿ ਉਹ ਉਨ੍ਹਾਂ ਨੂੰ ਪਹਿਲ ਦਿੰਦੀਆਂ ਹਨ ਜਿਹੜੇ ਵੱਧ ਤੋਂ ਵੱਧ ਕੀਮਤ ਦੇਣ ਦੀ ਸਮਰਥਾ ਰੱਖਦੇ ਹਨ। ਵਿਕਾਸਸ਼ੀਲ ਦੇਸ਼ਾਂ ਦੀ ਤਾਂ ਉਹ ਜੰਮਕੇ ਛਿੱਲ ਲਾਹੁੰਦੀਆਂ ਹਨ।
ਸਾਮਰਾਜਵਾਦ ਵਿਕਾਸਸ਼ੀਲ ਦੇਸ਼ਾਂ ਦਾ ਫੌਜੀ ਦਖ਼ਲ-ਅੰਦਾਜ਼ੀ ਤੇ ਡਰੋਨ ਹਮਲਿਆਂ ਰਾਹੀਂ ਨੱਕ ਵਿਚ ਦਮ ਕਰਦਾ ਹੈ, ਜਦੋਂਕਿ ਸਾਮਰਾਜੀ ਦੇਸ਼ਾਂ ਦੀਆਂ ਦਿਓਕਦ ਨਿੱਜੀ ਕੰਪਨੀਆਂ ਵੈਕਸੀਨ ਤੇ ਹੋਰ ਜੀਵਨ ਰੱਖਿਅਕ ਤਕਨੀਕਾਂ ਦੀ ਵਰਤੋਂ ਉਨ੍ਹਾਂ ਦਾ ਬੇਕਿਰਕ ਸ਼ੋਸ਼ਣ ਕਰਨ ਲਈ ਕਰਦੀਆਂ ਹਨ।
ਵੈਕਸੀਨ ਸਿਰਫ ਅਮਰੀਕੀ ਤੇ ਯੂਰਪੀ ਦਿਓਕੱਦ ਨਿੱਜੀ ਖੇਤਰ ਦੀਆਂ ਦਵਾਈ ਕਾਰਪੋਰੇਸ਼ਨਾਂ ‘ਫਾਈਜਰ’ ਤੇ ‘ਮੋਡਰੇਨਾ’ ਵਲੋਂ ਹੀ ਨਹੀਂ ਵਿਕਸਿਤ ਕੀਤੇ ਤੇ ਬਣਾਏ ਜਾ ਰਹੇ। ਚੀਨ ਤੇ ਕਿਊਬਾ ਵੀ ਵੈਕਸੀਨ ਵਿਕਸਿਤ ਕਰਨ ਤੇ ਉਨ੍ਹਾਂ ਦੇ ਉਤਪਾਦਨ ਵਿਚ ਮੋਹਰੀ ਹਨ। ਉਹ ਪੂੰਜੀਵਾਦੀ ਦੇਸ਼ਾਂ ਨਾਲੋਂ ਵੱਖਰਾ ਰਾਹ ਅਖਤਿਆਰ ਕਰ ਰਹੇ ਹਨ। ਉਨ੍ਹਾਂ ਵਲੋਂ ਵੈਕਸੀਨ ਖੋਜ ਤੇ ਉਤਪਾਦਨ ਪੂਰੀ ਤਰ੍ਹਾਂ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ, ਜੋ ਕਿ ਦੇਸ਼ ਦੇ ਲੋਕਾਂ ਦੀ ਸਮੂਹਕ ਸੰਪਤੀ ਹੈ, ਕੁੱਝ ਕੁ ਦਿਓਕੱਦ ਕੰਪਨੀਆਂ ਦੀ ਨਹੀਂ।
ਕਿਊਬਾ ਨੇ 1981 ਵਿਚ, ਪਹਿਲਾ ‘ਬਾਇਓ ਕਿਊਬਾ ਫਾਰਮਾ’ ਨਾਂਅ ਹੇਠ ਬਾਇਉਟੈਕ ਖੋਜ ਤੇ ਉਤਪਾਦਨ ਕੇਂਦਰ ਸਥਾਪਤ ਕੀਤਾ ਸੀ। ਇਹ ਸਰਕਾਰੀ ਮਾਲਕੀ ਵਾਲੇ 34 ਵਿਗਿਆਨਕ ਅਦਾਰਿਆਂ ‘ਤੇ ਅਧਾਰਤ ਨੈਟਵਰਕ ਹੈ, ਜਿਹੜਾ ਕਿ ਦਵਾਈਆਂ ਤੇ ਵੈਕਸੀਨ ਬਾਰੇ ਸਮਾਜ ਕੇਂਦਰਤ ਪਹੁੰਚ ਨੂੰ ਯੋਜਨਾਬੱਧ ਢੰਗ ਨਾਲ ਇਕਜੁਟ ਹੋ ਕੇ ਅਪਨਾਉਂਦਾ ਹੋਇਆ ਇਸ ਬਾਰੇ ਖੋਜ ਕਾਰਜ ਤੇ ਉਤਪਾਦਨ ਕਰਦਾ ਹੈ। ਇਕ ਹੋਰ ਅਦਾਰਾ ‘ਸੈਂਟਰ ਆਫ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇੳਟੈਕਨੋਲਾਜੀ’ ਮਨੁੱਖੀ ਤੇ ਪਸ਼ੂਆਂ ਦੀਆਂ ਬੀਮਾਰੀਆਂ ਲਈ ਵੈਕਸੀਨ ਦੇ ਖੇਤਰ ਵਿਚ ਖੋਜ, ਵਿਕਾਸ ਤੇ ਉਤਪਾਦਨ ਬਾਰੇ ਕਾਰਜ ਕਰਦਾ ਹੈ। ਕਿਊਬਾ ਦਾ ‘ਫਿਨਲੇ ਇੰਸਟੀਚਿਊਟ’ ਦੇਸ਼ ਦਾ ਉੱਘਾ ਵੈਕਸੀਨ ਖੋਜ ਤੇ ਵਿਕਾਸ ਕੇਂਦਰ ਹੈ, ਜਿਸਨੂੰ ਅੱਜ ਤੋਂ 30 ਸਾਲ ਪਹਿਲਾਂ ਦੁਨੀਆਂ ਦਾ ਸਭ ਤੋਂ ਪਹਿਲਾ ਦਿਮਾਗੀ ਬੁਖਾਰ ‘ਮੇਨਿਨਗੀਟਿਸ-ਬੀ’ ਬਾਰੇ ਵੈਕਸੀਨ ਦੀ ਖੋਜ ਕਰਨ ਦਾ ਮਾਣ ਹਾਸਿਲ ਹੈ।
ਸਿਰਫ 1 ਕਰੋੜ 10 ਲੱਖ ਦਾ ਅਬਾਦੀ ਵਾਲਾ, ਅਮਰੀਕੀ ਸਾਮਰਾਜਵਾਦ ਦੀਆਂ ਪਾਬੰਦੀਆਂ ਦਾ ਭੰਨਿਆ ਸਮਾਜਵਾਦੀ ਦੇਸ਼ ਕਿਊਬਾ, ਬਾਇਓਮੈਡੀਕਲ ਖੇਤਰ ਵਿਚ ਵਿਕਸਿਤ ਪੂੰਜੀਵਾਦੀ ਦੇਸ਼ਾਂ ਦਾ ਮੁਕਾਬਲਾ ਕਰਦਾ ਹੈ। ਇਹ ਇਸ ਵੇਲੇ ਕੋਵਿਡ-19 ਦੇ 5 ਵੈਕਸੀਨ ਵਿਕਸਿਤ ਕਰ ਰਿਹਾ ਹੈ, ਜਿਨ੍ਹਾਂ ਵਿਚੋਂ ਸੋਬੇਰਾਨਾ-02 ਤੇ ਅਬਦਾਲਾ ਕਲੀਨੀਕਲ ਟਰਾਇਲਜ਼ (ਅਜ਼ਮਾਇਸ਼ੀ) ਦੇ ਤੀਜੇ ਪੜਾਅ ‘ਤੇ ਹਨ। ਕਿਊਬਾ, ਲਾਤੀਨੀ ਅਮਰੀਕੀ ਮਹਾਂਦੀਪ ਦਾ ਵੈਕਸੀਨ ਵਿਕਸਿਤ ਕਰਨ ਵਾਲਾ ਇਕੋ ਇਕ ਦੇਸ਼ ਹੀ ਨਹੀਂ ਹੈ ਬਲਕਿ ਦੁਨੀਆਂ ਦਾ ਸਭ ਤੋਂ ਛੋਟਾ ਦੇਸ਼ ਵੀ ਹੈ। ਇਹ ਕਿਊਬਾ ਦੀ ਰਾਜ ਕਰਦੀ ਕਮਿਊਨਿਸਟ ਪਾਰਟੀ ਵਲੋਂ ਦਹਾਕਿਆਂ ਪਹਿਲਾਂ ਅਪਣਾਈ ਗਈ ਲੋਕਾਂ ਦੀ ਸਿਹਤ ਨੂੰ ਸਭ ਤੋਂ ਵਧੇਰੇ ਤਰਜ਼ੀਹ ਦੇਣ ਦੀ ਨੀਤੀ ਦਾ ਹੀ ਸਿੱਟਾ ਹੈ।
ਕਿਊਬਾ ਵਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਕੋਵਿਡ-19 ਵੈਕਸੀਨਾਂ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਹ MRNA ਤਕਨੀਕ ਦੀ ਵਰਤੋਂ ਕਰਕੇ ਨਹੀਂ ਵਿਕਸਿਤ ਕੀਤੀਆਂ ਜਾ ਰਹੀਆਂ ਬਲਕਿ ਸੌਖੇ, ਪਰਖੇ ਤੇ ਹਕੀਕੀ ਤਰੀਕੇ ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਰੋਗ ਪ੍ਰਤੀਰੋਧਕਤਾ ਨੂੰ ਉਤੇਜਤ ਕਰਨ ਲਈ ਵਾਇਰਸ ਪ੍ਰੋਟੀਨ ਦੀ ਚਿੱਪਰ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂਕਿ ਚੀਨ ਦੀ ਸੀਨੋਵਕ ਤੇ ਰੂਸ ਦੀ ਸਪੂਤਨਿਕ-V ਵੈਕਸੀਨ ਸੰਸ਼ਲੇਸ਼ਿਤ ਜਾਂ ਕਸ਼ੀਦ ਕੀਤੇ ਵਾਇਰਸ ਦੀ ਚਿੱਪਰ ‘ਤੇ ਟੇਕ ਰੱਖਦੀਆਂ ਹਨ।
ਕਿਊਬਾ ਦਾ ਮਈ ਦੇ ਅੰਤ ਤੱਕ ਰਾਜਧਾਨੀ ਹਵਾਨਾ ਦੀ ਸਮੁੱਚੀ ਆਬਾਦੀ ਅਤੇ ਦੇਸ਼ ਦੀ 60% ਅਬਾਦੀ ਨੂੰ ਵੈਕਸੀਨ ਟੀਕਾ ਲਗਾ ਦੇਣ ਅਤੇ ਇਸ ਸਾਲ ਦੇ ਅੰਤ ਤੱਕ ਸਮੁੱਚੇ ਦੇਸ਼ ਦਾ ਟੀਕਾਕਰਣ ਕਰ ਦੇਣ ਦਾ ਟੀਚਾ ਹੈ। ਇੰਝ ਕਰਦਿਆਂ ਕਿਊਬਾ, ‘ਹਰਡ ਇਮਊਨਿਟੀ’ (ਸਮੂਹਿਕ ਰੋਗ ਪ੍ਰਤੀਰੋਧਕਤਾ) ਪ੍ਰਾਪਤ ਕਰ ਲੈਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਜਾਵੇਗਾ। ਵੈਕਸੀਨ ਦਾ ਟੀਕਾ ਲਗਵਾਉਣਾ ਉਥੇ ਲਾਜ਼ਮੀ ਨਹੀਂ ਬਲਕਿ ਸਵੈ ਇੱਛਤ ਹੈ, ਪ੍ਰੰਤੂ ਦੇਸ਼ ਦੀ ਸਰਕਾਰ ਨੂੰ ਭਰੋਸਾ ਹੈ ਕਿ ਦੇਸ਼ ਦੇ ਲੋਕ ਚੰਗੇ ਪੜ੍ਹੇ-ਲਿਖੇ ਤੇ ਜਨਤਕ ਸਿਹਤ ਮੁੱਦਿਆਂ ਪ੍ਰਤੀ ਚੇਤੰਨ ਹਨ, ਇਸ ਲਈ ਸਰਕਾਰ ਸਮੁੱਚੇ ਦੇਸ਼ਵਾਸੀਆਂ ਦਾ ਟੀਕਾਕਰਣ ਕਰਨ ਵਿਚ ਸਫਲ ਰਹੇਗੀ।
ਕਿਊਬਾ ਦੀ ਵੈਕਸੀਨ ਸਨਅਤ ਹੋਰਨਾਂ ਦੇਸ਼ਾਂ ਨੂੰ ਭੇਜਣ ਹਿੱਤ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦਾ ਉਤਪਾਦਨ ਕਰਨ ਲਈ ਮੁੜ ਤੋਂ ਹੰਭਲਾ ਮਾਰ ਰਹੀ ਹੈ। ਇਸ ਨੇ ਵੈਨਜ਼ੁਏਲਾ ਤੇ ਈਰਾਨ ਵਿਚ ਵੀ ਵੈਕਸੀਨ ਦਾ ਉਤਪਾਦਨ ਕਰਨ ਲਈ ਸਮਝੌਤੇ ਕੀਤੇ ਹਨ। ਇਸ ਵਲੋਂ ਵਿਕਸਿਤ ਕੀਤੇ ਜਾ ਰਹੇ ਵੈਕਸੀਨ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਹਫਤਿਆਂ ਤੱਕ ਕਮਰੇ ਦੇ ਤਾਪਮਾਨ ‘ਤੇ ਸਟੋਰ ਕੀਤਾ ਜਾ ਸਕਦਾ ਹੈ, ਜਿਸ ਕਰਕੇ ਇਹ ਵਿਕਾਸਸ਼ੀਲ ਤੇ ਗਰਮ ਦੇਸ਼ਾਂ ਲਈ ਵਧੇਰੇ ਲਾਹੇਵੰਦ ਸਾਬਤ ਹੋਣਗੇ, ਜਦੋਂਕਿ ‘ਫਾਈਜ਼ਰ’ ਤੇ ‘ਮੋਡਰੇਨਾ’ ਦੇ ਵੈਕਸੀਨ ਬਹੁਤ ਹੀ ਵਧੇਰੇ ਠੰਡੇ, ਮਨਫੀ 70 ਡਿਗਰੀ ਸੈਂਟੀਗਰੇਡ ‘ਤੇ ਸਟੋਰ ਕਰਨੇ ਪੈਂਦੇ ਹਨ। ਉਨ੍ਹਾਂ ਦੇਸ਼ਾਂ ਵਿਚ ਇਨ੍ਹਾਂ ਦੀ ਵਰਤੋਂ ਮੁਸ਼ਕਲ ਹੈ, ਜਿੱਥੇ ਸਿਹਤ ਢਾਂਚਾ ਪਛੜਿਆ ਹੋਇਆ ਹੈ।
ਕੋਵਿਡ-19 ਵੈਕਸੀਨ ਦੇ ਮਾਮਲੇ ਵਿਚ ਚੀਨ ਦੇ ਯਤਨ ਵੀ ਕਈ ਪੱਖੋਂ ਕਮਾਲ ਦੇ ਹਨ। ਕਿਊਬਾ ਦੀ ਤਰ੍ਹਾਂ ਹੀ ਇਸ ਦੀਆਂ ਵੈਕਸੀਨ ਉਤਪਾਦਨ ਸਨਅਤਾਂ ਤੇ ਅਦਾਰੇ ਵੀ ਸਰਕਾਰੀ ਮਾਲਕੀ ਵਾਲੇ ਹਨ। 2022 ਦੇ ਅੰਤ ਤੱਕ ਚੀਨ ਦੀ ਯੋਜਨਾ 5 ਅਰਬ ਵੈਕਸੀਨ ਖੁਰਾਕਾਂ ਦਾ ਉਤਪਾਦਨ ਕਰਨ ਅਤੇ ਇਸ ਸਾਲ ਦੇ ਅੰਤ ਤੱਕ ਆਪਣੀ 70% ਆਬਾਦੀ ਨੂੰ ਵੈਕਸੀਨ ਲਗਾ ਦੇਣ ਦੀ ਹੈ।
ਦੇਸ਼ ਦੇ ਅਖਬਾਰ ‘ਸਾਉਥ ਚਾਇਨਾ ਮੋਰਨਿੰਗ ਪੋਸਟ’ ਦੇ 9 ਅਪ੍ਰੈਲ ਦੇ ਅੰਕ ਮੁਤਾਬਕ ਚੀਨ ਆਪਣੇ ਦੇਸ਼ ਵਿਚ 16 ਕਰੋੜ ਲੋਕਾਂ ਨੂੰ ਵੈਕਸੀਨ ਲਗਾ ਚੁੱਕਾ ਹੈ ਅਤੇ 8 ਕਰੋੜ ਖੁਰਾਕਾਂ ਦੁਨੀਆਂ ਦੇ ਬਾਕੀ ਦੇਸ਼ਾਂ ਵਿਚ ਭੇਜ ਚੁੱਕਿਆ ਹੈ। ਇੰਡੋਨੇਸ਼ੀਆ ਤੇ ਬ੍ਰਾਜ਼ੀਲ ਸਥਿਤ ਫੈਕਟਰੀਆਂ ਵਿਚ ਚੀਨ ਨਾਲ ਸਾਂਝੇ ਉਦਮਾਂ ਰਾਹੀਂ 9 ਕਰੋੜ ਖੁਰਾਕਾਂ ਦੇ ਉਤਪਾਦਨ ਦਾ ਕੰਮ ਅੰਤਮ ਪੜਾਅ ‘ਤੇ ਹੈ। ਚੀਨ ਸੰਸਾਰ ਪੱਧਰ ‘ਤੇ ਲੱਗਣ ਵਾਲੇ ਕੁਲ ਵੈਕਸੀਨੇਸ਼ਨ ਟੀਕਿਆਂ ਦੇ ਇਕ ਤਿਹਾਈ ਦਾ ਭਾਈਵਾਲ ਹੈ, ਜਦੋਂ ਕਿ ਇਸਦੀ ਆਬਾਦੀ ਕੁੱਲ ਦੁਨੀਆਂ ਦੀ ਆਬਾਦੀ ਦਾ ਪੰਜਵਾਂ ਹਿੱਸਾ ਹੈ। ਇਸ ਤਰ੍ਹਾਂ ਇਹ ਕੋਵਿਡ-19 ਟੀਕਾਕਰਣ ਦੇ ਮਾਮਲੇ ਵਿਚ ਸੰਸਾਰ ਦਾ ਮੋਹਰੀ ਬਣਕੇ ਉਭਰਿਆ ਹੈ।
ਚੀਨ ਘਰੇਲੂ ਰੂਪ ਵਿਚ MRNA ਤਕਨੀਕ ਅਧਾਰਤ ਵੈਕਸੀਨ ਉਤਪਾਦਨ ਵੱਲ ਵੀ ਵੱਧ ਰਿਹਾ ਹੈ ਅਤੇ ਆਸ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਇਸਦਾ ਉਤਪਾਦਨ ਸ਼ੁਰੂ ਕਰ ਦੇਵੇਗਾ। ਅਜਿਹੇ ਇਕ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਚੱਲ ਰਹੇ ਹਨ ਅਤੇ ਮੈਕਸੀਕੋ ਪੜਾਅਵਾਰ ਟ੍ਰਾਇਲ ਅਤੇ ਨਾਲੋਂ ਨਾਲ ਉਤਪਾਦਨ ਲਈ ਸਹਿਮਤ ਹੋ ਗਿਆ ਹੈ। ਪਿਛਲੇ ਦਸੰਬਰ ਵਿਚ ਚੀਨ ਨੇ MRNA ਅਧਾਰਤ ਵੈਕਸੀਨ ਦੀਆਂ 12 ਕਰੋੜ ਖੁਰਾਕਾਂ ਉਤਪਾਦਨ ਕਰਨ ਯੋਗ ਇਕ ਸਨਅਤ ਦੀ ਉਸਾਰੀ ਸ਼ੁਰੂ ਕੀਤੀ ਸੀ, ਜਿਹੜੀ ਕਿ ਚੀਨ ਦੀ ਮਿਲਟਰੀ ਸਾਇੰਸ ਬਾਰੇ ਅਕਾਦਮੀ, ‘ਵਾਲਵੈਕਸ ਬਾਇਓਟੈਕ’ ਤੇ ‘ਸੁਝੋਉ ਅਬੋਜੇਨ ਬਾਇਓਸਾਇੰਸਿਜ਼’ ਵਲੋਂ ਸਾਂਝੇ ਰੂਪ ਵਿਚ ਉਸਾਰੀ ਜਾ ਰਹੀ ਹੈ। ਇੱਥੇ ਤਿਆਰ ਹੋਣ ਵਾਲੀ ‘ਆਰਕੋਵ’ MRNA ਤਕਨੀਕ ਅਧਾਰਤ ਵੈਕਸੀਨ ਇਕ ਹਫਤੇ ਤੱਕ ਕਮਰੇ ਦੇ ਤਾਪਮਾਨ ‘ਤੇ ਰੱਖੀ ਜਾ ਸਕੇਗੀ। ਚੀਨ ਨੇ ਇਸ ਤਕਨੀਕ ਲਈ ਜ਼ਰੂਰੀ ‘ਲਿਪਿਡ ਨੈਨੋਪਾਰਟੀਕਲ’ ਜਿਹੇ ਰਸਾਇਣਿਕ ਤੱਤ ਵੀ ਘਰੇਲੂ ਪੱਧਰ ‘ਤੇ ਵਿਕਸਿਤ ਕਰ ਲਏ ਹਨ, ਹੁਣ ਉਸਨੂੰ ਇਨ੍ਹਾਂ ਜ਼ਰੂਰੀ ਘਟਕਾਂ ਲਈ ‘ਮੇਰਕ’ ਵਰਗੀਆਂ ਪੂੰਜੀਵਾਦੀ ਕੰਪਨੀਆਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਚੀਨ ਤੇ ਕਿਊਬਾ ਤੋਂ ਬਿਨਾਂ ਸੰਸਾਰ ਪੱਧਰ ‘ਤੇ ਰੂਸ ਵੀ ਕੋਵਿਡ-19 ਵੈਕਸੀਨ ਦੇ ਮਾਮਲੇ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸਦੇ ਵੈਕਸੀਨ ਵੀ ਸਰਕਾਰੀ ਅਦਾਰਿਆਂ ਵਲੋਂ ਹੀ ਵਿਕਸਿਤ ਤੇ ਉਤਪਾਦਤ ਕੀਤੇ ਜਾ ਰਹੇ ਹਨ। ਹੁਣ ਚਾਹੇ ਰੂਸ ਵਿਚ ਪੂੰਜੀਵਾਦ ਸਥਾਪਤ ਹੋ ਚੁਕਿਆ ਹੈ ਪ੍ਰੰਤੂ 70 ਸਾਲਾਂ ਤੱਕ ਉਥੇ ਕਾਇਮ ਰਹੇ ਸਮਾਜਵਾਦੀ ਢਾਂਚੇ ਦੌਰਾਨ ਵਿਕਸਿਤ ਕੀਤੀਆਂ ਗਈਆਂ ਉਚ ਪੱਧਰੀ ਦਵਾਈ ਤੇ ਬਾਇਉਟੈਕ ਸਨਅਤਾਂ ਦਾ ਲਾਹਾ ਰੂਸ ਨੂੰ ਇਸ ਵੈਕਸੀਨ ‘ਸਪੁਤਨਿਕ-V ਨੂੰ ਵਿਕਸਿਤ ਕੀਤੇ ਜਾਣ ਦੇ ਰੂਪ ਵਿਚ ਮਿਲਿਆ ਹੈ।
ਪੂੰਜੀਵਾਦੀ ਦੇਸ਼ਾਂ ਵਿਚ ਵਿਕਸਿਤ ਕੀਤੇ ਗਏ MRNA ਤਕਨੀਕ ਅਧਾਰਤ ਵੈਕਸੀਨ ਇਸ ਭਿਅੰਕਰ ਮਹਾਮਾਰੀ ਦੇ ਕਾਲ ਵਿਚ ਦੁਨੀਆਂ ਦੀ ਲੋਕਾਈ ਲਈ ਵਰਦਾਨ ਸਿੱਧ ਹੋ ਸਕਦੇ ਹਨ, ਪਰ ਉਹ ਮੁਨਾਫ਼ੇ ਦੀ ਹਵਸ ਦੀਆਂ ਡੰਗੀਆਂ ਨਿੱਜੀ ਪੂੰਜੀਵਾਦੀ ਕਾਰਪੋਰੇਸ਼ਨਾਂ ਦੇ ਕਬਜ਼ੇ ਹੇਠ ਹੋਣ ਕਰਕੇ ਕਦੇ ਵੀ ਆਪਣੀ ਪੂਰੀ ਸਮਰੱਥਾ ਨਾਲ ਆਮ ਲੋਕਾਂ ਤੱਕ ਨਹੀਂ ਪੁੱਜ ਸਕਦੀਆਂ। ਖੁਸ਼ੀ ਵਾਲੀ ਗੱਲ ਤਾਂ ਇਹ ਹੈ ਕਿ ਦੁਨੀਆਂ ਵਿਚ ਚੀਨ ਤੇ ਕਿਉਬਾ ਵਰਗੇ ਲੋਕ ਕੇਂਦਰਤ ਵਿਵਸਥਾਵਾਂ ਵਾਲੇ ਦੇਸ਼ ਹਨ ਜਿਹੜੇ ਕਿ ਆਪਣੀ ਸਮਰੱਥਾ ਦੀ ਵਰਤੋਂ ਕਰਕੇ MRNA ਤਕਨੀਕ ਅਧਾਰਤ ਵੈਕਸੀਨ ਸਮੇਤ ਹੋਰ ਕਈ ਤਰ੍ਹਾਂ ਦੇ ਵੈਕਸੀਨ ਵਿਕਸਿਤ ਤੇ ਤਿਆਰ ਕਰਨ ਦੇ ਸਮਰੱਥ ਹਨ, ਜਿਸ ਨਾਲ ਮਾਫੀਆ ਬਣ ਚੁੱਕੀਆਂ ਪੂੰਜੀਵਾਦੀ ਦਿਉਕਦ ਦਵਾਈ ਸਨਅਤਾਂ ਤੇ ਪੂੰਜੀਵਾਦੀ ਸਰਕਾਰਾਂ ਸਾਹਮਣੇ ਗੋਡੇ ਟੇਕੇ ਬਗੈਰ ਦੁਨੀਆਂ ਦੀ ਲੋਕਾਈ ਅਜ਼ਾਦਾਨਾ ਰੂਪ ਵਿਚ ‘ਸਮੂਹਿਕ ਰੋਗ ਪ੍ਰਤੀਰੋਧਕਤਾ’ (Herd immunity) ਪ੍ਰਾਪਤ ਕਰਨ ਵੱਲ ਵਧੇਗੀ ਅਤੇ ਇਸ ਭਿਆਨਕ ਮਹਾਮਾਰੀ ਤੋਂ ਨਿਜਾਤ ਹਾਸਲ ਕਰੇਗੀ। ਇਹ ਗੱਲ ਉਚੇਚੀ ਯਾਦ ਰੱਖਣਯੋਗ ਹੈ ਕਿ ਸਮਾਜਵਾਦੀ ਦੇਸ਼, ਚੀਨ ਤੇ ਕਿਊਬਾ, ਅਮਰੀਕੀ ਸਾਮਰਾਜ ਤੇ ਪੱਛਮੀ ਪੂੰਜੀਵਾਦੀ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਮਾਰ ਝੱਲ ਰਹੇ ਦੇਸ਼ਾਂ ਨੂੰ ਵੈਕਸੀਨ ਭੇਜ ਰਹੇ ਹਨ।