Now Reading
ਐਮ.ਸੀ.ਪੀ.ਆਈ.(ਯੂ) ਅਤੇ ਆਰ.ਐਮ.ਪੀ.ਆਈ. ਵਲੋਂ ਇੱਕਜੁਟ ਹੋ ਕੇ ਹਾਕਮ ਜਮਾਤਾਂ ਦੀਆਂ ਨਵਉਦਾਰਵਾਦੀ ਤੇ ਫਿਰਕੂ ਨੀਤੀਆਂ ਨੂੰ ਭਾਂਜ ਦੇਣ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਮੁੱਠ ਕਰਨ ਦਾ ਫੈਸਲਾ

ਐਮ.ਸੀ.ਪੀ.ਆਈ.(ਯੂ) ਅਤੇ ਆਰ.ਐਮ.ਪੀ.ਆਈ. ਵਲੋਂ ਇੱਕਜੁਟ ਹੋ ਕੇ ਹਾਕਮ ਜਮਾਤਾਂ ਦੀਆਂ ਨਵਉਦਾਰਵਾਦੀ ਤੇ ਫਿਰਕੂ ਨੀਤੀਆਂ ਨੂੰ ਭਾਂਜ ਦੇਣ ਅਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇਕਮੁੱਠ ਕਰਨ ਦਾ ਫੈਸਲਾ

ਜਲੰਧਰ, 26 ਫਰਵਰੀ : ਦੋ ਖੱਬੀਆਂ ਪਾਰਟੀਆਂ, ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਇਟਿਡ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇਕਜੁਟਤਾ ਕਮੇਟੀ ਨੇ ਆਰ.ਐਸ.ਐਸ. ਤੇ ਇਸਦੇ ਸਹਿਯੋਗੀਆਂ ਦੀ ਫਿਰਕੂ ਫਾਸ਼ੀਵਾਦੀ ਰਾਜਨੀਤੀ ਵਿਰੁੱਧ ਪੂਰਨ ਤਨਦੇਹੀ ਨਾਲ ਲੋਕ ਲਾਮਬੰਦੀ ਕਰਨ ਅਤੇ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਦਾ ਫੈਸਲਾ ਲਿਆ ਹੈ।
ਦੋਹਾਂ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀ ਸਰਵਸਾਥੀ ਕੇ.ਗੰਗਾਧਰਨ, ਮੰਗਤ ਰਾਮ ਪਾਸਲਾ, ਕਿਰਨਜੀਤ ਸਿੰਘ ਸੇਖੋਂ ਅਤੇ ਟੀ.ਐਸ.ਨਾਰਾਇਣਨ ਦੇ ਸਾਂਝੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਹਾਕਮ ਜਮਾਤਾਂ ਦੀਆਂ ਪਾਰਟੀਆਂ, ਬੀ.ਜੇ.ਪੀ., ਕਾਂਗਰਸ ਅਤੇ ਉਹਨਾਂ ਦੇ ਸਹਿਯੋਗੀਆਂ ਦੀਆਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਅਤੇ ਸੰਘ-ਪਰਿਵਾਰ ਦੇ ਏਕਾ ਅਧਿਕਾਰਵਾਦੀ ਅਜੰਡੇ ਨੂੰ ਭਾਂਜ ਦੇਣ ਲਈ ਅਤੇ ਨਾਲ ਦੀ ਨਾਲ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਕ ਨੀਤੀਆਂ ਵਿਰੁੱਧ ਲੜਨ ਵਾਲੀਆਂ ਖੱਬੀਆਂ ਸ਼ਕਤੀਆਂ ਨੂੰ ਮਜ਼ਬੂਤ ਕਰਨ ਦੇ ਜੁੜਵੇਂ ਉਦੇਸ਼ ਦੀ ਪੂਰਤੀ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਾਂਝੇ ਰੂਪ ਵਿਚ ਦਖਲਅੰਦਾਜ਼ੀ ਕਰਨ ਦਾ ਸਰਵਸੰਮਤੀ ਨਾਲ ਫੈਸਲਾ ਲਿਆ ਹੈ। ਇਤਿਹਾਸ ਵਿਚ ਪਹਿਲੀ ਵਾਰ ਹੋਈ ਅਜੇਹੀ ਦੋ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀ ਸਾਂਝੀ ਮੀਟਿੰਗ ਨੇ ਸਮੁੱਚੇ ਰਾਜਨੀਤਕ ਦ੍ਰਿਸ਼ ਦਾ ਵਿਸ਼ਲੇਸ਼ਣ ਕਰਦਿਆਂ ਡੂੰਘੀ ਚਿੰਤਾ ਨਾਲ ਨੋਟ ਕੀਤਾ ਕਿ ਆਰ.ਐਸ.ਐਸ. ਤੋਂ ਪ੍ਰੇਰਤ ਗੁੰਡਿਆਂ ਨੇ ਇਕ ਪਾਸੇ ਤਾਂ ਬੇਲਗਾਮ ਫਿਰਕੂ ਭੀੜਤੰਤਰ ਰਾਹੀਂ ਮਜ਼ਦੂਰਾਂ, ਕਿਸਾਨਾਂ ਤੇ ਛੋਟੇ ਉਦਪਾਦਕਾਂ ਦੀਆਂ ਜੀਵਨ ਹਾਲਤਾਂ ਨੂੰ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ ਨਾਲ ਜਮਹੂਰੀਅਤ ਤੇ ਦੇਸ਼ ਦੇ ਸਮਾਜਕ ਸਭਿਆਚਾਰਕ ਤਾਣੇ-ਬਾਣੇ ਲਈ ਗੰਭੀਰ ਖਤਰਾ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਗੈਰ ਸਮਾਜੀ ਅਨਸਰਾਂ ਦੇ ਜ਼ਹਿਰੀਲੇ ਪ੍ਰਚਾਰ ਕਰਕੇ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਇਸਾਈਆਂ, ਦਲਿਤਾਂ, ਇਸਤਰੀਆਂ ਤੇ ਆਦਿਵਾਸੀਆਂ ‘ਤੇ ਅਤਿਆਚਾਰ ਕਈ ਗੁਣਾ ਵੱਧ ਗਏ ਹਨ। ਜਦੋਂਕਿ ਦੂਜੇ ਪਾਸੇ ਮੋਦੀ ਸਰਕਾਰ ਦੇ ਕਈ ਕਾਰਪੋਰੇਟ ਪੱਖੀ ਨੀਤੀਗਤ ਫੈਸਲਿਆਂ ਨੇ ਦੇਸ਼ ਵਿਚ ਆਰਥਕ ਸੰਕਟ ਨੂੰ ਹੋਰ ਵਧੇਰੇ ਤਿੱਖਾ ਕਰ ਦਿੱਤਾ ਹੈ; ਜਿਸ ਨਾਲ ਕਿਰਤੀਆਂ, ਕਿਸਾਨਾਂ, ਬੇਰੁਜ਼ਗਾਰਾਂ ਤੇ ਅਰਧ ਬੇਰੁਜ਼ਗਾਰ ਨੌਜਵਾਨਾਂ, ਔਰਤਾਂ, ਮੁਲਾਜ਼ਮਾਂ ਅਤੇ ਮਿਹਨਤਕਸ਼ਾਂ ਦੇ ਹੋਰ ਹਿੱਸਿਆਂ ਦੀਆਂ ਦੁਸ਼ਵਾਰੀਆਂ ਕਈ ਗੁਣਾ ਵੱਧ ਗਈਆਂ ਹਨ। ਅਜਿਹੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਫਿਰਕਾਪ੍ਰਸਤਾਂ ਤੇ ਕਾਰਪੋਰੇਟ ਪੱਖੀ ਨਵਉਦਾਰਵਾਦੀ ਨੀਤੀਆਂ ਦੇ ਸਮਰਥਕਾਂ ਨੂੰ ਭਾਂਜ ਦੇਣ ਦੀ ਭਾਰੀ ਲੋੜ ਹੈ। ਇਸ ਲਈ ਹੀ, ਸਮੁੱਚੀਆਂ ਖੱਬੀਆਂ ਤੇ ਅਗਾਂਹਵਧੂ ਸ਼ਕਤੀਆਂ ਦੀ ਫੌਰੀ ਤੌਰ ‘ਤੇ ਏਕਤਾ ਸਮੇਂ ਦੀ ਇਤਿਹਾਸਕ ਲੋੜ ਹੈ।
ਸਾਂਝੀ ਮੀਟਿੰਗ ਵਿਚ ਹੋਏ ਫੈਸਲਿਆਂ ਨੂੰ ਪ੍ਰੈਸ ਨੂੰ ਜਾਰੀ ਕਰਦਿਆਂ ਐਮ.ਸੀ.ਪੀ.ਆਈ.(ਯੂ) ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰਾਂ, ਕ੍ਰਮਵਾਰ ਸਾਥੀ ਮੁਹੰਮਦ ਗੌਸ ਤੇ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਜਿਹੀ ਗੰਭੀਰ ਹਾਲਤ ਦੇ ਮੱਦੇਨਜ਼ਰ ਇਕਜੁਟਤਾ ਕਮੇਟੀ ਸਮੂਹ ਕਿਰਤੀਆਂ ਅਤੇ ਕਿਸਾਨਾਂ ਨੂੰ ਇਕਜੁਟ ਕਰਨ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਤਿੱਖਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ, ਕਿਉਂਕਿ ਇਹ ਸੰਘਰਸ਼ ਹੀ ਨਵਉਦਾਰਵਾਦੀ ਤੇ ਫਿਰਕੂ ਨੀਤੀਆਂ ਦਾ ਇਕੋ ਬਦਲ ਹਨ। ਇਕਜੁਟਤਾ ਕਮੇਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਖੜ੍ਹੇ ਕਰਨ ਦੇ ਨਾਲ ਨਾਲ ਗੈਰ-ਬੀ.ਜੇ.ਪੀ., ਗੈਰ-ਕਾਂਗਰਸ ਤੇ ਗੈਰ-ਫਿਰਕੂ ਸ਼ਕਤੀਆਂ, ਰਾਜਨੀਤਕ ਪਾਰਟੀਆਂ, ਜਨਤਕ ਲਹਿਰਾਂ ਤੇ ਅਗਾਂਹਵਧੂ ਤੱਤਾਂ ਨੂੰ ਇਕਜੁਟ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੇਗੀ ਤਾਂਕਿ ਦੇਸ਼ ਵਿਚ ਲੋਕ ਹਿਤੂ ਰਾਜਨੀਤਕ-ਆਰਥਕ ਬਦਲ ਉਸਾਰਿਆ ਜਾ ਸਕੇ ਅਤੇ ਉਸਨੂੰ ਸਪੱਸ਼ਟ ਰੂਪ ਵਿਚ ਜਨਤਾ ਸਾਹਮਣੇ ਪੇਸ਼ ਕੀਤਾ ਜਾ ਸਕੇ। ਇਕਜੁਟਤਾ ਕਮੇਟੀ ਨੇ ਸਮੁੱਚੀਆਂ ਖੱਬੀਆਂ ਸ਼ਕਤੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਇਸ ਫੌਰੀ ਕਾਰਜ ਦੀ ਪੂਰਤੀ ਲਈ ਸਮੇਂ ਦੇ ਹਾਣ ਦੀਆਂ ਬਣਨ। ਦੋਹਾਂ ਆਗੂਆਂ ਨੇ ਇਹ ਵੀ ਨੋਟ ਕੀਤਾ ਕਿ ਹਾਲੀਆ ਸਮੇਂ ਵਿਚ ਕੇਰਲ ਦੇ ਸ਼ਹਿਰ ਅਰਨਾਕੁਲਮ ਵਿਚ  ਹੋਈ ਐਮ.ਸੀ.ਪੀ.ਆਈ.(ਯੂ.) ਦੀ ਸਫਲ ਚੌਥੀ ਕਾਂਗਰਸ ਇਸ ਦਿਸ਼ਾ ਵਿਚ ਇਕ ਠੋਸ ਕਦਮ ਸਾਬਤ ਹੋਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਕਜੁਟਤਾ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ, 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ, 13 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਦਾ ਸ਼ਤਾਬਦੀ ਦਿਵਸ ਅਤੇ 14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਦੇਸ਼ ਭਰ ਵਿਚ ਜਨਤਕ ਮੀਟਿੰਗਾਂ, ਰੈਲੀਆਂ ਅਤੇ ਸੈਮੀਨਾਰ ਕਰਕੇ ਥਾਂ-ਥਾਂ ਸਾਂਝੇ ਤੌਰ ‘ਤੇ ਮਨਾਏ ਜਾਣਗੇ।
ਦਸਤਖਤ – ਮੁਹੰਮਦ ਗੌਂਸ                            ਦਸਤਖਤ – ਮੰਗਤ ਰਾਮ ਪਾਸਲਾ

%MCEPASTEBIN%

Scroll To Top