
ਮੰਗਤ ਰਾਮ ਪਾਸਲਾ
ਇਕ ਸਾਲ ਤੋਂ ਵਧੇਰੇ ਸਮੇਂ ਤੱਕ ਦਿੱਲੀ ਦੀਆਂ ਹੱਦਾਂ ਉਪਰ ਟਰਾਲੀਆਂ ਤੇ ਬਾਂਸਾਂ ਦੇ ਘਰਾਂ ’ਚ ਬੈਠੇ ਕਿਸਾਨਾਂ ਦਾ ਅੰਦੋਲਨ ਸ਼ਾਨਾਮੱਤੀ ‘ਫਤਿਹ’ ਨਾਲ ਸੰਪਨ ਹੋ ਗਿਆ ਹੈ। ਭਾਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦਾ ਇਕਤਰਫ਼ਾ ਐਲਾਨ ਪ੍ਰਧਾਨ ਮੰਤਰੀ ਮੋਦੀ ਨੇ 19 ਨਵੰਬਰ ਨੂੰ ਹੀ ਟੀ.ਵੀ. ਉਪਰ ਕਰ ਦਿੱਤਾ ਸੀ, ਪ੍ਰੰਤੂ ਕਿਸਾਨੀ ਫਸਲਾਂ ਦੇ ਘੱਟੋ ਘੱਟ ਲਾਹੇਵੰਦ ਭਾਅ ਨੀਯਤ ਕਰਨਾ, ਕਿਸਾਨਾਂ-ਮਜ਼ਦੂਰਾਂ ਸਿਰ ਮੜ੍ਹੇ ਹਜ਼ਾਰਾਂ ਪੁਲਸ ਕੇਸਾਂ ਦੀ ਵਾਪਸੀ, ਪਾਰਲੀਮੈਂਟ ’ਚ ਬਿਜਲੀ ਸੋਧ ਬਿੱਲ ਪੇਸ਼ ਕੀਤੇ ਜਾਣ ਨੂੰ ਸਸਪੈਂਡ ਕਰਨਾ, ਪਰਾਲੀ ਜਲਾਉਣ ਬਾਰੇ ਕਾਨੂੰਨ ’ਚ ਕਿਸਾਨਾਂ ਵਿਰੁੱਧ ਅੱਤ ਦੀਆਂ ਨਾਵਾਜ਼ਿਬ ਸਜ਼ਾਵਾਂ ਨੂੰ ਖਤਮ ਕਰਨ ਵਰਗੇ ਮਸਲਿਆਂ ਬਾਰੇ ਸਰਕਾਰ ਨਾਲ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਹੀ ਸੰਯੁਕਤ ਕਿਸਾਨ ਮੋਰਚੇ ਨੇ ਗੰਭੀਰ ਵਿਚਾਰ ਵਟਾਂਦਰਾ ਕਰਕੇ ਅੰਦੋਲਨ ਨੂੰ ਵਾਪਸ (ਮੁਲਤਵੀ) ਲਿਆ।
11 ਦਸੰਬਰ ਨੂੰ ਦਿੱਲੀ ਦੇ ਬਾਰਡਰਾਂ ਤੋਂ ‘ਫਤਿਹ ਮਾਰਚ’ ਸ਼ੁਰੂ ਕਰਕੇ ਕਿਸਾਨਾਂ ਨੇ ਘਰ ਵਾਪਸੀ ਕੀਤੀ। ਘਰ ਵਾਪਸੀ ਦਾ ਕੌਤਕ ਮੋਰਚੇ ਦੀ ਭਾਵਨਾ ਤੇ ਚੇਤਨਤਾ ਨੂੰ ਹੋਰ ਬੁਲੰਦੀਆਂ ’ਤੇ ਲੈ ਗਿਆ। ਇਸ ਸਦੀ ਦਾ ਸਭ ਤੋਂ ਲੰਬਾ, ਸ਼ਾਂਤੀਪੂਰਨ ਤੇ ਅਨੁਸ਼ਾਸ਼ਤ ਕਿਸਾਨ ਘੋਲ ਇਕ ਨਵਾਂ ਇਤਿਹਾਸ ਸਿਰਜ ਗਿਆ ਹੈ। ਬਹੁਤ ਸਾਰੇ ਬੁੱਧੀਜੀਵੀਆਂ ਤੇ ਰਾਜਨੀਤੀਵਾਨਾਂ, ਖਾਸਕਰ ਮੋਦੀ ਸਰਕਾਰ ਵਲੋਂ, ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਬਹੁਤ ਹੀ ਲਾਹੇਵੰਦਾ ਦੱਸਿਆ ਗਿਆ ਤੇ ਅੰਦੋਲਨਕਾਰੀਆਂ ਨੂੰ ਇਨ੍ਹਾਂ ਕਾਨੂੰਨਾਂ ਦੀ ਖਾਸੀਅਤ ‘ਤੇ ਫਾਇਦੇ ਜਾਨਣ ਦੀ ਸਿੱਖਿਆ ਦਿੱਤੀ ਗਈ। ਹਰ ਕਿਸਮ ਦੇ ਇਲਜ਼ਾਮ ਹੱਕ-ਸੱਚ ਦੀ ਲੜਾਈ ਲੜ ਰਹੇ ਧਰਤੀ ਪੁੱਤਰਾਂ ਉਪਰ ਮੜ੍ਹੇ ਗਏ ਤੇ ਸਾਜਿਸ਼ਾਂ ਘੜੀਆਂ ਗਈਆਂ। ਫਿਰਕੂ ਤੇ ਸਰਕਾਰ ਪ੍ਰਸਤ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਿੱਖਾਂ ਤੇ ਕਮਿਊਨਿਸਟਾਂ ’ਚ ਪਾੜਾ ਪਾਉਣ ਦਾ ਕੋਝਾ ਯਤਨ ਵੀ ਕੀਤਾ, ਜੋ ਸਫਲ ਨਹੀਂ ਹੋ ਸਕਿਆ। ਇਸਦੇ ਵਿਪਰੀਤ ਅਲੱਗ-ਅਲੱਗ ਵਿਚਾਰਧਾਰਾਵਾਂ, ਰਾਜਸੀ ਪ੍ਰਤੀਬੱਧਤਾਵਾਂ, ਧਰਮਾਂ ਤੇ ਜਾਤੀਆਂ ਦੇ ਲੋਕਾਂ ’ਚ ਫੌਲਾਦੀ ਏਕਤਾ ਸਥਾਪਤ ਹੋ ਗਈ। ਕੀ ਕੋਈ ਸੱਜਣ ਦੱਸ ਸਕਦਾ ਹੈ ਕਿ ਜਿਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਮੋਦੀ ਸਰਕਾਰ ਕਿਸਾਨੀ ਸੰਕਟ ਦੇ ਹੱਲ ਲਈ ਸੰਜੀਵਨੀ ਬੂਟੀ ਦੱਸ ਰਹੀ ਸੀ, ਜੋ ਹਕੀਕਤ ’ਚ ਖਾਧ ਪਦਾਰਥਾਂ ਦੀ ਸਪਲਾਈ ਨੂੰ ਸੰਸਾਰ ਭਰ ਦੇ ਕਾਰਪੋਰੇਟ ਘਰਾਣਿਆਂ ਵਲੋਂ ਆਪਣੇ ਕੰਟਰੋਲ ਹੇਠ ਕਰਨ ਵਾਸਤੇ ਕਿਸਾਨਾਂ ਦੀ ਜ਼ਮੀਨ ਉਪਰ ਕਾਬਜ਼ ਹੋਣ ਦੀ ਸਾਜਿਸ਼ ਸੀ, ਉਨ੍ਹਾਂ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ-ਮਜ਼ਦੂਰਾਂ ਵਲੋਂ ਲੜੇ ਗਏ ਇਸ ਲਹੂ ਵੀਟਵੇਂ ਸੰਘਰਸ਼ ਤੋਂ ਬਿਨਾਂ ਹੋਰ ਕਿਹੜਾ ਉਪਾਅ ਜਾਂ ਵਿਧੀ ਸੀ? ਇਸ ਜਨ ਅੰਦੋਲਨ ਤੋਂ ਬਿਨਾਂ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਤਾਂ ਕੀ, ਇਸ ਬਾਰੇ ਗੱਲਬਾਤ ਜਾਂ ਕੋਈ ਸੰਵਾਦ ਰਚਾਉਣ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਕਿਉਂਕਿ ਧਨਵਾਨ ਤੇ ਸੱਤਾਧਾਰੀ ਲੋਕ ‘ਜਨਤਾ ਦੀ ਸ਼ਕਤੀ’ ਨੂੰ ਤੁੱਛ ਦੱਸਕੇ ਸਿਰਫ ਇਸਦੀ ਅਣਦੇਖੀ ਕਰਨ ਜਾਂ ਦਮਨ ਨਾਲ ਦਬਾਉਣ ਦੀ ਨੀਅਤ ਰੱਖਦੇ ਹਨ, ਇਸ ਲਈ ਉਹ ਕਿਸੇ ਵੀ ਤਰ੍ਹਾਂ ਅਜਿਹੇ ਸ਼ਾਨਦਾਰ ਜਨਤਕ ਉਭਾਰ ਨੂੰ ਸਹੀ ਨਹੀਂ ਆਖ ਸਕਦੇ। ਅੰਦੋਲਨ ਦੇ ਦੌਰਾਨ ਕਿਸ ਤਰ੍ਹਾਂ ਦਾ ਜਨਤਕ ਉਭਾਰ ਸੀ, ਸਰਕਾਰੀ ਸਾਜਿਸ਼ਾਂ ਤੇ ਸ਼ਰਾਰਤੀ ਤੱਤਾਂ ਦਾ ਯੋਗ ਲੀਡਰਸ਼ਿਪ ਨੇ ਕਿਵੇਂ ਮੁਕਾਬਲਾ ਕੀਤਾ ਤੇ ਭਾਈਚਾਰਕ ਤੇ ਫਿਰਕੂ ਸਾਂਝ ਦੀ ਨਿਵੇਕਲੀ ਇਬਾਰਤ ਕਿੱਸ ਤਰ੍ਹਾਂ ਲਿਖੀ, ਇਸ ਬਾਰੇ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਤੇ ਅੱਗੋਂ ਵੀ ਇਸ ਅੰਦੋਲਨ ਦੇ ਤਜ਼ਰਬਿਆਂ ਤੋਂ ਸਬਕ ਲੈ ਕੇ ਨਵੇਂ ਤੇ ਨਰੋਏ ਸੰਘਰਸ਼ ਕੀਤੇ ਜਾਂਦੇ ਰਹਿਣਗੇ।
ਜਿਸ ਖੁਸ਼ੀ, ਜੋਸ਼, ਉਤਸ਼ਾਹ ਤੇ ਜਿੱਤ ਦੇ ਝਲਕਾਰੇ 11 ਦਸੰਬਰ ਨੂੰ ਦਿੱਲੀ ਬਾਰਡਰਾਂ ਤੋਂ ਸ਼ੁਰੂ ਕੀਤੇ ‘ਫਤਿਹ ਮਾਰਚ’ ਦੌਰਾਨ ਹਰਿਆਣਾ ਤੇ ਪੰਜਾਬ ਦੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਤੇ ਦਰਮਿਆਨੇ ਤਬਕਿਆਂ ਦੇ ਲੋਕਾਂ ਦੇ ਚਿਹਰਿਆਂ ਉਪਰ ਦੇਖੇ ਗਏ, ਉਸਦਾ ਅੱਖਰੀਂ ਬਿਰਤਾਂਤ ਕਰਨਾ ਮੁਸ਼ਕਿਲ ਹੈ। ਅੱਤ ਮੁਸ਼ਕਿਲਾਂ ਦੇ ਦੌਰ ’ਚੋਂ ਲੰਘਕੇ ਸਰਦੀਆਂ-ਗਰਮੀਆਂ ਨਾਲ ਖਹਿੰਦਿਆਂ, ਕਰੋਨਾ ਮਹਾਂਮਾਰੀ ਦੇ ਭੈਅ ਨੂੰ ਹਿੰਮਤਾਂ ’ਚ ਢਾਲਕੇ ਕੁੰਦਨ ਬਣੇ ਅੰਦੋਲਨਕਾਰੀਆਂ ਨੇ ਜਦੋਂ ਫਤਿਹ ਦੇ ਨਾਅਰੇ ਮਾਰਦੇ ਹੋਏ ਦਿੱਲੀ ਤੋਂ ਕੂਚ ਕੀਤਾ, ਲੋਕਾਂ ਦਾ ਸੈਲਾਬ ਉਮਡ ਪਿਆ। ਦਿੱਲੀ ਸਿੰਘੂ ਬਾਰਡਰ ਤੋਂ ਜਲੰਧਰ ਤੱਕ ਦਾ ਫਾਸਲਾ ਇਕ ਅਮੁੱਕ ਲੰਬੀ ‘ਮਨੁੱਖੀ ਲੜੀ’ ਦਾ ਰੂਪ ਧਾਰਨ ਕਰ ਗਿਆ। 5-7 ਕਿਲੋਮੀਟਰਾਂ ਦੇ ਫਾਸਲੇ ਉਪਰ ਸੜਕਾਂ ਦੇ ਕੰਢਿਆਂ ’ਤੇ ਲਾਈਨਾਂ ਲਾ ਕੇ ਨਿਮਰਤਾ ਤੇ ਪ੍ਰਸੰਨਤਾ ਨਾਲ ਹੱਥਜੋੜੀ ਖੜ੍ਹੇ ਹਰਿਆਣੇ ਦੇ ਨੌਜਵਾਨ, ਬਜ਼ੁਰਗ ਤੇ ਔਰਤਾਂ ਖੁਸ਼ੁਬੋਦਾਰ ਤਾਜ਼ੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਵਾ ਰਹੇ ਸਨ। ਔਰਤਾਂ ਹਰਿਆਣਵੀ ਲਿਬਾਸ ’ਚ ਖੁਸ਼ੀ ਨਾਲ ਖੀਵੀਂਆਂ ਹੋ ਕੇ ਗਿੱਧਾ ਪਾ ਰਹੀਆਂ ਸਨ ਤੇ ਮਰਦ ‘ਰਾਗਨੀਆਂ’ ਗਾ ਰਹੇ ਸਨ। ਨਾਅਰਾ ‘‘ਆਪਸੀ ਭਾਈਚਾਰਾ ਜ਼ਿੰਦਾਬਾਦ’ ਇਕ ਨਵੀਂ ਕਹਾਣੀ ਰਚ ਰਿਹਾ ਸੀ, ਕਿਉਂਕਿ ਰੰਗ-ਬਿਰੰਗੀਆਂ ਸਰਕਾਰਾਂ ਤੇ ਮੌਕਾਪ੍ਰਸਤ ਰਾਜਸੀ ਦਲਾਂ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਮਨਾਂ ਅੰਦਰ ਨਫਰਤ ਦੀ ਦੀਵਾਰ ਖਿੱਚਣ ਦੇ ਜੋ ਯਤਨ ਕੀਤੇ ਸਨ, ਉਹ ਬਰਲਿਨ ਦੀ ਦੀਵਾਰ ਵਾਂਗ ਢਹਿ-ਢੇਰੀ ਹੋ ਗਏ। ਸੰਘਰਸ਼ ਦੇ ਰੰਗ ’ਚ ਰੰਗੇ ਸਾਰੇ ਧਰਮਾਂ, ਜਾਤੀਆਂ, ਬੋਲੀਆਂ ਬੋਲਣ ਵਾਲੇ ਮਰਦ ਤੇ ਔਰਤਾਂ ਅਜੋਕੇ ਹਾਕਮਾਂ ਨੂੰ ਵੰਗਾਰ ਰਹੇ ਸਨ ਤੇ ਭਵਿੱਖ ’ਚ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਨਵੇਂ ਸੰਘਰਸ਼ ਵਿੱਢਣ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਗਟਾਵਾ ਕਰ ਰਹੇ ਸਨ। ਭੰਗੜਿਆਂ, ਬੋਲੀਆਂ, ਗੀਤਾਂ, ਗਿੱਧਿਆਂ ਤੇ ਲੰਗਰਾਂ ਦਾ ਦੌਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 12 ਵਜੇ ਤੱਕ ਜਾਰੀ ਰਿਹਾ।
ਕੁੱਝ ਸਰਕਾਰ ਪੱਖੀ ਬੁੱਧੀਜੀਵੀਆਂ ਵਲੋਂ ਇਸ ਕਿਸਾਨ ਅੰਦੋਲਨ ਪ੍ਰਤੀ ਸ਼ੰਕੇ ਖੜ੍ਹੇ ਕਰਨ ਲਈ ਕਿਹਾ ਜਾ ਰਿਹਾ ਹੈ ਕਿ ‘‘ਜੇਕਰ ਪਾਰਲੀਮੈਂਟ ਵਲੋਂ ਪਾਸ ਕੀਤੇ ਕਨੂੰਨਾਂ ਨੂੰ ਸੜਕਾਂ ’ਤੇ ਲੋਕਾਂ ਦੀਆਂ ਭੀੜਾਂ ਨਾਲ ਰੱਦ ਕੀਤਾ ਜਾਣਾ ਹੈ, ਤਾਂ ਫਿਰ ਦੇਸ਼ ਦੇ ‘ਲੋਕ ਰਾਜ’ ਦਾ ਕੀ ਬਣੇਗਾ’’? ਤਰਕ ਇਹ ਦਿੱਤਾ ਜਾਣਾ ਚਾਹੀਦਾ ਹੈ ਕਿ ਪਾਰਲੀਮੈਂਟ ਅੰਦਰ ਜਿਹੜੇ ਕਾਨੂੰਨ ਲੋਕਾਂ ਦੀ ਰੋਟੀ-ਰੋਜ਼ੀ ਖੋਹਣ, ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ, ਹੱਕ-ਸੱਚ ਦੀ ਆਵਾਜ਼ ਨੂੰ ‘ਦੇਸ਼ ਧ੍ਰੋਹੀ’ ਦੱਸ ਕੇ ਦਬਾਉਣ ਦਾ ਯਤਨ ਕਰਨ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲਈ ਬਣਾਏ ਜਾਣ, ਉਨ੍ਹਾਂ ਨੂੰ ਲੋਕਾਂ ਦੀ ਕਚਿਹਰੀ ’ਚ ਰੱਦ ਕੀਤਾ ਹੀ ਜਾਣਾ ਚਾਹੀਦਾ ਹੈ। ਲੋਕ ਰਾਜ ਦਾ ਮੂਲਮੰਤਰ ਆਮ ਲੋਕਾਂ ਦੇ ਹਿਤਾਂ ਦੀ ਰਾਖੀ ਕਰਨਾ ਹੁੰਦਾ ਹੈ ਨਾ ਕਿ ਚੰਦ ਧਨਵਾਨ ਲੋਕਾਂ ਦੇ ਹਿਤਾਂ ਦੀ ਸੇਵਾ ਕਰਨਾ। ਮੋਦੀ ਸਰਕਾਰ ਦੇਸ਼ ਦੇ ਸਾਰੇ ਜਨਤਕ ਅਦਾਰੇ ਤੇ ਮਹਿਕਮੇ ਜਿਵੇਂ ਰੇਲਵੇ, ਹਵਾਈ ਸੇਵਾਵਾਂ, ਬੈਂਕਾਂ, ਬੀਮਾਂ, ਸਿਹਤ, ਵਿਦਿਆ, ਖਾਨਾਂ, ਡਾਕ ਤਾਰ ਮਹਿਕਮਾ, ਬਿਜਲੀ ਇਤਿਆਦਿ ਕੌਡੀਆਂ ਦੇ ਭਾਅ ਨਿੱਜੀ ਹੱਥਾਂ ਦੇ ਹਵਾਲੇ ਕਰਦੀ ਜਾ ਰਹੀ ਹੈ। ਕਿਸਾਨ ‘ਮੋਰਚੇ’ ਦੇ ਆਗੂਆਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਸਲਾਹ ਦੇਣ ਵਾਲੇ ਭਾਜਪਾ ਬੁਲਾਰੇ ਮੋਦੀ ਸਰਕਾਰ ਨੂੰ ਹੁਣੇ ਹੀ ਸਲਾਹ ਕਿਉਂ ਨਹੀਂ ਦਿੰਦੇ ਕਿ ਉਪਰੋਕਤ ਮਹਿਕਮਿਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਕੇ ਸੰਬੰਧਤ ਲੋਕਾਂ ਨਾਲ ਪਹਿਲਾਂ ਖੁੱਲ੍ਹ ਕੇ ਗੱਲਬਾਤ ਕਰੇ? ਜਦੋਂ ਇਨ੍ਹਾਂ ਲੋਕ ਵਿਰੋਧੀ ਕਦਮਾਂ ’ਤੇ ਪਾਰਲੀਮੈਂਟ ਦੀ ਮੋਹਰ ਲੱਗ ਜਾਵੇਗੀ (ਕਿਉਂਕਿ ਭਾਜਪਾ ਕੋਲ ਲੋਕ ਸਭਾ ’ਚ ਭਾਰੀ ਬਹੁਮੱਤ ਹੈ), ਤਾਂ ਫਿਰ ਕਿਸਾਨ ਮੋਰਚੇ ਦੀਆਂ ਪੈੜਾਂ ਉਪਰ ਚਲਦਿਆਂ ਹੋਇਆਂ ਇਨ੍ਹਾਂ ਸਰਕਾਰੀ ਫੈਸਲਿਆਂ ਵਿਰੁੱਧ ਹੋਰ ਵਡੇਰਾ ਜਨਤਕ ਅੰਦੋਲਨ ਖੜਾ ਕਰਨਾ ਹਾਲਾਤ ਦੀ ਜ਼ਰੂਰਤ ਬਣ ਜਾਵੇਗਾ। ਜਦੋਂ ਸਰਕਾਰਾਂ ਆਪਣੇ ਕੰਮਾਂ ਲਈ ਲੋਕਾਂ ਸਾਹਮਣੇ ਜਵਾਬਦੇਹੀ ਦਾ ਰਾਹ ਤਿਆਗ ਕੇ ਮਨਮਰਜ਼ੀ ਦੇ ਫੈਸਲੇ ਕਰਨ ’ਤੇ ਉਤਾਰੂ ਹੋ ਜਾਣ, ਤਾਂ ਫਿਰ ਉਦੋਂ ਸਭ ਤੋਂ ਕਾਰਗਾਰ ਹਥਿਆਰ ਪੁਰਅਮਨ ਤੇ ਅਨੁਸ਼ਾਸ਼ਤ ਜਨ ਅੰਦੋਲਨ ਹੀ ਹੈ, ਜੋ ਲੋਕ ਮਾਰੂ ਕਦਮਾਂ ਨੂੰ ਠੱਲ੍ਹ ਪਾ ਸਕਦਾ ਹੈ। ਅੰਗਰੇਜ਼ੀ ਗੁਲਾਮੀ ਵਿਰੁੱਧ ਲੜਿਆ ਗਿਆ ਆਜ਼ਾਦੀ ਸੰਗਰਾਮ ਵੀ ਇਨ੍ਹਾਂ ਰਵਾਇਤਾਂ ਦੀ ਜ਼ਾਮਨੀ ਭਰਦਾ ਹੈ। ਪੰਜਾਬੀਆਂ ਦਾ ਮਾਣਮੱਤਾ ਇਤਿਹਾਸ ਤਾਂ ਜਨ ਸੰਘਰਸ਼ਾਂ ਦੀ ਇਬਾਰਤ ਨਾਲ ਭਰਿਆ ਪਿਆ ਹੈ। ਰੋਜ਼ਾਨਾ ਜ਼ਿੰਦਗੀ ’ਚ ਭਰਿਸ਼ਟਾਚਾਰ, ਪੁਲਸ ਜ਼ਿਆਦਤੀਆਂ ਤੇ ਪ੍ਰਸ਼ਾਸ਼ਨ ਵਲੋਂ ਆਮ ਲੋਕਾਂ ਨਾਲ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ ਜਨ ਸੰਘਰਸ਼ ਹੀ ਇਕ ਯੋਗ ਵਿਧੀ ਹੈ। ਲੋਕ ਰਾਜੀ ਪ੍ਰਣਾਲੀ ਦਾ ਇਹ ਮੂਲ ਮੰਤਰ ਹੈ। ਲੋਕਾਂ ਦੀ ਸਿਆਣਪ ਉਪਰ ਕਿਸੇ ਕਿਸਮ ਦਾ ਸ਼ੱਕ ਕਰਨਾ ਗੁਨਾਹ ਹੋਵੇਗਾ ਕਿ ਉਹ ਤਾਂ ਸਰਕਾਰ ਦੇ ਠੀਕ ਫੈਸਲਿਆਂ ਦਾ ਵੀ ਵਿਰੋਧ ਹੀ ਕਰਨਗੇ? ਹੁਣ ਤਾਂ ਕਿਸਾਨ ਅੰਦੋਲਨ ਨੇ ਲੋਕਾਂ ਦੀ ਸ਼ਕਤੀ, ਸਿਆਣਪ ਤੇ ਹਰ ਸਥਿਤੀ ’ਚ ਢੁਕਵਾਂ ਫੈਸਲਾ ਲੈਣ ਦੀ ਕਾਬਲੀਅਤ ਨੂੰ ਸਿੱਧ ਕਰ ਦਿੱਤਾ ਹੈ, ਜਿਸਨੂੰ ਭਵਿੱਖ ’ਚ ਵੀ ਇਸਤੇਮਾਲ ਕਰਨ ਦੀ ਲੋੜ ਹੈ।
ਆਓ ਸਾਰੇ ਇਨਸਾਫ ਪਸੰਦ ਲੋਕ ਦੇਸ਼ ਦੇ ਕਰੋੜਾਂ ਕਿਸਾਨਾਂ-ਮਜ਼ਦੂਰਾਂ ਤੇ ਉਨ੍ਹਾਂ ਦੇ ਹੱਕੀ ਅੰਦੋਲਨ ਦੀ ਹਮਾਇਤ ’ਤੇ ਨਿੱਤਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਵੈ ਸੇਵੀ ਸੰਸਥਾਵਾਂ, ਅਸੂਲ ਪ੍ਰਸਤ ਮੀਡੀਆ, ਬੁੱਧੀਜੀਵੀਆਂ, ਕਲਮਕਾਰਾਂ, ਛੋਟੇ ਦੁਕਾਨਦਾਰਾਂ ਤੇ ਵਿਉਪਾਰੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੇ ਹੋਏ ਸ਼ਹੀਦ ਹੋਏ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰੀਏ।
ਜਗ ਬਾਣੀ (18 ਦਸੰਬਰ 2021) ਤੋਂ ਧੰਨਵਾਦ ਸਹਿਤ