ਡਾ. ਕਰਮਜੀਤ ਸਿੰਘ
ਮਨੂੰ ਸਿਮ੍ਰਤੀ ਵਿਚ ਅਗਨੀ ਦਾ ਜੋ ਗੁਣਗਾਨ ਕੀਤਾ ਗਿਆ ਹੈ, ਉਸ ਬਾਰੇ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ, ਇਥੇ ਕੁਝ ਹੋਰ ਵਿਚਾਰ। ਜੇ ਅਗਨੀ ਨਾ ਹੋਵੇ ਤਾਂ ਆਹੂਤੀ ਬ੍ਰਾਹਮਣ ਦੇ ਹੱਥ ਵਿਚ ਦੇ ਦੇਵੇ, ਇਵੇਂ ਸਮਝਿਆ ਜਾਏਗਾ ਕਿ ਅਹੂਤੀ ਅਗਨੀ ਨੂੰ ਹੀ ਦਿੱਤੀ ਗਈ ਹੈ ਕਿਉਂਕਿ ‘ਜੋ ਅਗਨੀ ਹੈ, ਉਹੀ ਬ੍ਰਾਹਮਣ ਹੈ, ਅਜਿਹਾ ਵੇਦ-ਗਿਆਨੀ ਬ੍ਰਾਹਮਣਾਂ ਦਾ ਕਹਿਣਾ ਹੈ।’ (3/212) ਅਗਨੀ ਨੂੰ ਫੂਕ ਮਾਰ ਕੇ ਬੁਝਾਉਣ ਦੀ ਮਨਾਹੀ ਹੈ। ਇਹ ਵਿਚਾਰ ਅੱਜ ਤੱਕ ਪੂਰੇ ਸਮਾਜ ਵਿਚ ਕਿਸੇ ਨਾ ਕਿਸੇ ਰੂਪ ਵਿਚ ਪ੍ਰਚੱਲਿਤ ਹੈ। ਚੁੱਲ੍ਹੇ ਦੀ ਅੱਗ ਨੂੰ ਪਾਣੀ ਨਾਲ ਬੁਝਾਇਆ ਜਾਂਦਾ ਹੈ, ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਇਆ ਜਾਂਦਾ। ਭਾਵੇਂ ਬਿਜਲੀ ਨੇ ਦੀਵਾ ਬੁਝਾਉਣ ਦਾ ਕੰਮ ਖ਼ਤਮ ਕਰ ਦਿੱਤਾ ਹੈ ਪਰ ਧਾਰਮਿਕ ਅਸਥਾਨਾਂ ‘ਤੇ ਜਿੱਥੇ ਵੀ ਦੀਵਾ ਬਾਲਿਆ ਜਾਂਦਾ ਹੈ, ਉਸਨੂੰ ਫੂਕ ਮਾਰ ਕੇ ਨਹੀਂ ਬੁਝਾਇਆ ਜਾਂਦਾ।
ਸ਼੍ਰਾਧ ਆਦਿ ਵਿਚ ਪਿਤਰਾਂ ਨੂੰ ਦੇਣ ਵਾਲੀਆਂ ਖਾਣ ਦੀਆਂ ਚੀਜ਼ਾਂ ਵਿਚ ਦੁੱਧ, ਦਹੀਂ, ਘਿਉ, ਸ਼ਹਿਦ ਹੀ ਨਹੀਂ ਸਗੋਂ ਅਨੇਕ ਪ੍ਰਕਾਰ ਦੇ ਭੋਜਨ ਦੇ ਨਾਲ-ਨਾਲ ਮਾਸ ਤੇ ਸੁਗੰਧਿਤ ਜਲ ਰੱਖਣ ਦਾ ਵੀ ਨਿਯਮ ਹੈ। ‘ਮਾਂਸਾਨਿ ਪਾਨਾਨੀ ਸੁਰਭੀਣਿ ‘ਚ’ (3/227) ਸ਼੍ਰਾਧ ਖਾਣ ਦੀ ਆਪਣੀ ਵਿਧੀ ਹੈ। ਸਿਰ ਢੱਕ ਕੇ ਨਹੀਂ ਖਾਣਾ, ਦੱਖਣ ਵੱਲ ਮੂੰਹ ਕਰਕੇ ਨਹੀਂ ਖਾਣਾ, ਜੁੱਤੀ ਪਾ ਕੇ ਖਾਣਾ ਵੀ ਵਿਵਰਜਤ। ‘ਸਿਰ ‘ਤੇ ਕੱਪੜਾ ਬੰਨ੍ਹ ਕੇ, ਦੱਖਣ ਨੂੰ ਮੂੰਹ ਕਰਕੇ ਅਤੇ ਜੁੱਤੀਆਂ ਸਮੇਤ ਜੋ ਖਾਂਦਾ ਹੈ, ਉਸਦਾ ਖਾਧਾ ਰਾਕਸ਼ਸ਼ਾਂ ਨੂੰ ਜਾਂਦਾ ਹੈ।’ (3/238) ਸਿਰ ਢੱਕੇ ਬਿਨਾਂ ਖਾਣਾ ਸਿੱਖ ਧਰਮ ਵਿਚ ਆ ਕੇ ਵਿਵਰਜਤ ਹੈ। ਦੱਖਣ ਦਾ ਵਿਚਾਰ ਵੀ ਸਿੱਖ ਧਰਮ ਨੇ ਛੱਡ ਦਿੱਤਾ ਹੈ। ਸਿਰਫ਼ ਮੁਰਦੇ ਨੂੰ ਜਲਾਉਣ ਸਮੇਂ ਉਸਦੇ ਪੈਰ ਦੱਖਣ ਵੱਲ ਰੱਖੇ ਜਾਂਦੇ ਹਨ। ਦੱਖਣ ਨੂੰ ਰਾਕਸ਼ਸ਼ਾਂ ਦੇ ਵਸੇਬੇ ਨਾਲ ਜੋੜ ਦਿੱਤਾ ਗਿਆ ਹੈ। ਪਿਤਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥ ਤੇ ਮਾਸ ਵੱਖ-ਵੱਖ ਸਮੇਂ ਤੱਕ ਤ੍ਰਿਪਤ ਕਰਦੇ ਹਨ। ਜਿਵੇਂ ‘ਮੱਛੀ ਦਾ ਮਾਸ ਦੋ ਮਹੀਨੇ, ਹਿਰਣ ਦਾ ਮਾਸ ਤਿੰਨ ਮਹੀਨੇ, ਭੇਡੂ ਦਾ ਮਾਸ ਚਾਰ ਮਹੀਨੇ ਤੇ ਪੰਛੀਆਂ ਦਾ ਮਾਸ ਪੰਜ ਮਹੀਨੇ ਤੱਕ ਪਿਤਰਾਂ ਨੂੰ ਤ੍ਰਿਪਤੀ ਦਿੰਦਾ ਹੈ।’ (3/268) ਬੱਕਰੀ ਦੇ ਮਾਸ ਨਾਲ ਛੇ ਮਹੀਨੇ, ਚਿੱਤਰ ਮ੍ਰਿਗ (ਹਿਰਣ) ਦੇ ਮਾਸ ਨਾਲ ਸੱਤ ਮਹੀਨੇ, ਕਾਲੇ ਮਿਰਗ ਦੇ ਮਾਸ ਨਾਲ ਅੱਠ ਮਹੀਨੇ ਅਤੇ ਪਾਠੀਨ ਮਛਲੀ ਅਤੇ ਰੁਰੂਨਾਮ ਹਿਰਣ ਦੇ ਮਾਸ ਨਾਲ ਪਿਤਰਾਂ ਨੂੰ ਨੌਂ ਮਹੀਨਿਆਂ ਤੱਕ ਤ੍ਰਿਪਤੀ ਮਿਲਦੀ ਹੈ। (3/269) ਸੂਅਰ ਅਤੇ ਭੈਂਸੇ (ਮਹੇ) ਦੇ ਮਾਸ ਨਾਲ ਦਸ ਮਹੀਨੇ, ਖਰਗੋਸ਼ ਅਤੇ ਕਛੂਏ ਦੇ ਮਾਸ ਨਾਲ ਪਿਤਰ ਗਿਆਰਾਂ ਮਹੀਨੇ ਲਈ ਤ੍ਰਿਪਤ ਹੁੰਦੇ ਹਨ। (3/270) ਗਊ ਦੇ ਦੁੱਧ ਅਤੇ ਖੀਰ ਨਾਲ ਪਿਤਰਾਂ ਦੀ ਇਕ ਸਾਲ ਤੱਕ ਤ੍ਰਿਪਤੀ ਹੁੰਦੀ ਹੈ। ਵਾਰਧੀਣਸ (ਸਫ਼ੈਦ ਰੰਗ ਦਾ ਬੱਕਰਾ, ਜਿਸਦੇ ਪਾਣੀ ਪੀਣ ਸਮੇਂ ਕੰਨ ਭਿੱਜ ਜਾਣ) ਦਾ ਮਾਸ ਬਾਰਾਂ ਸਾਲ ਤੱਕ ਪਿਤਰਾਂ ਦੀ ਤ੍ਰਿਪਤੀ ਕਰਦਾ ਹੈ। (3/271) ਇਹ ਸ਼ਲੋਕ ਸਿਰਫ ਇਹ ਦੱਸਦੇ ਹਨ ਕਿ ਮੰਨੂੰ ਸਿਮ੍ਰਤੀ ਸਮੇਂ ਕਿਨ੍ਹਾਂ-ਕਿਨ੍ਹਾਂ ਜਾਨਵਰਾਂ ਦਾ ਮਾਸ ਖਾਧਾ ਜਾਂਦਾ ਸੀ ਤੇ ਇਹੀ ਮਾਸ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਵੀ ਬਣਾਇਆ ਤੇ ਭੇਟਾ ਕੀਤਾ ਜਾਂਦਾ ਸੀ। ਦੁੱਧ, ਖੀਰ ਇਕ ਸਾਲ ਤੱਕ ਪਿਤਰਾਂ ਨੂੰ ਤ੍ਰਿਪਤ ਕਰਦੇ ਹਨ ਤੇ ਸਾਲ ਬਾਅਦ ਫਿਰ ਸ਼੍ਰਾਧ ਆ ਜਾਂਦੇ ਹਨ, ਭਾਵ ਪਿਤਰਾਂ ਨੂੰ ਹਮੇਸ਼ਾਂ ਸੰਤੁਸ਼ਟ ਰੱਖਣ ਲਈ ਹਰ ਸਾਲ ਸ਼੍ਰਾਧ ਕਰਨਾ ਜ਼ਰੂਰੀ ਕਰ ਦਿੱਤਾ ਗਿਆ।
ਇਉਂ ਲੱਗਦਾ ਹੈ ਕਿ ਰਾਕਸ਼ਸ਼ ਇਥੋਂ ਦੇ ਪੂਰਵਜ ਸਨ, ਜਿਨ੍ਹਾਂ ਦੇ ਖਾਣ-ਪੀਣ ਪਹਿਨਣ ਅਤੇ ਰੀਤੀ-ਰਿਵਾਜ ਵੱਖਰੇ ਸਨ। ਜਦੋਂ ਵੀ ਸਿਮ੍ਰਤੀ ਮਾਨਤਾਵਾਂ/ਨਿਯਮ ਤੈਅ ਕਰਦੀ ਹੈ ਤਾਂ ਉਨ੍ਹਾਂ ਨੂੰ ਰਾਕਸ਼ਸ਼ਾਂ ਤੋਂ ਵੱਖ ਕਰਨਾ ਨਹੀਂ ਭੁੱਲਦੀ। ਪੇਰੀਆਰ ਇਨ੍ਹਾਂ ਨੂੰ ਦ੍ਰਵਿੜ ਲੋਕਾਂ ਪ੍ਰਤੀ ਆਰੀਆਂ ਦੀ ਨਫ਼ਰਤ ਦੇ ਰੂਪ ਵਿਚ ਦੇਖਦਾ ਹੈ। ਐਮ. ਪੀ. ਦਾਸ ਅਨੁਸਾਰ ”ਇੰਦਰ ਅਤੇ ਹੋਰ ਦੇਵੀ-ਦੇਵਤਾਵਾਂ ਦੇ ਪੁਜਾਰੀ ਅਤੇ ਸ਼ਰਧਾਲੂ ਦੇਵਤੇ ਕਹੇ ਗਏ ਅਤੇ ਇੰਦਰ ਦੀ ਪੂਜਾ ਤੇ ਯੱਗ ਦੇ ਵਿਰੋਧੀ ਹੀ ਅਸੁਰ (ਰਾਕਸ਼ਸ਼) ਕਹਾਉਂਦੇ ਹਨ। ਇਹ ਦ੍ਰਵਿੜ ਇਕ ਜਾਂ ਦੂਸਰੇ ਲੋਕਾਂ ਦੀ ਘਿਰਣਾ ਦੇ ਪਾਤਰ ਬਣ ਗਏ।” (ਪੇਰੀਆਰ ਰਾਮਾਸਵਾਮੀ, ਸੱਚੀ ਰਮਾਇਣ, ਰੈਸ਼ਨਲਿਸਟ ਪਬਲੀਕੇਸ਼ਨਜ਼ ਮਦਰਾਸ, 1968) ਇਸੇ ਦੀ ਰੌਸ਼ਨੀ ਵਿਚ ਪੇਰੀਆਰ ਨੇ ਲਿਖਿਆ ਹੈ ਕਿ, ”ਇਥੇ ਅਸੀਂ ਆਰੀਆਂ ਦੇ ਈਸ਼ਵਰ ਨੂੰ ਸਾਕਾਰ ਰੂਪ ਦੇਣ, ਦੇਵਤਾਵਾਂ, ਰਿਸ਼ੀਆਂ, ਇੰਦਰ ਅਤੇ ਇਸ ਵਰਗੇ ਦੂਸਰੇ ਮਹਾਤਮਾਵਾਂ ਦੇ ਗੁਣਾਂ ਨੂੰ ਦੇਖਾਂਗੇ। ਆਰੀਆ, ਜਿਨ੍ਹਾਂ ਨੇ ਦ੍ਰਵਿੜਾਂ (ਸ਼ੂਦਰਾਂ ਤੇ ਮਹਾਂਸ਼ੂਦਰਾਂ) ਦੀ ਪ੍ਰਾਚੀਨ ਧਰਤੀ ‘ਤੇ ਹਮਲਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਅਪਮਾਨਿਤ ਕੀਤਾ ਅਤੇ ਗਾਲੀਆਂ ਦਿੱਤੀਆਂ, ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਮਿਥਿਆ ਭਰਮ ਫੈਲਾਉਣ ਵਾਲਾ ਉਹ ਇਤਿਹਾਸ ਲਿਖਿਆ-ਜਿਸਨੂੰ ਰਮਾਇਣ ਕਹਿੰਦੇ ਹਨ। ਰਾਵਣ ਨੂੰ ਰਾਕਸ਼ਸ਼, ਹਨੂੰਮਾਨ, ਸੁਗਰੀਵ ਤੇ ਬਾਲੀ ਆਦਿ ਨੂੰ ਬਾਂਦਰ, ਮਹਾਂ ਮੰਤਰੀ ਜਾਮਵੰਤ ਨੂੰ ਰਿੱਛ, ਬਜ਼ੁਰਗਵਾਰ ਨੇਤਾ ਜਟਾਊ ਨੂੰ ਗਿੱਧ ਅਤੇ ਮਹਾਨ ਵਿਦਵਾਨ ਕਾਕਭਸੁੰਡ ਨੂੰ ਕਾਂ ਆਦਿ ਕਹਿਣਾ ਉਹ ਨਿਰਣੇ ਹਨ ਕਿ ਜਿਸ ‘ਤੇ ਖੋਜੀ ਵਿਦਵਾਨ ਵਿਦਿਆਰਥੀ ਪਹੁੰਚ ਸਕਦੇ ਹਨ।” (ਸੱਚੀ ਰਮਾਇਣ ਪੰਨਾ-17) ਮੰਨੂੰ ਸਿਮ੍ਰਤੀ ਰਾਤ ਨੂੰ ‘ਰਾਕਸ਼ਸ਼ੀ’ ਕਹਿੰਦੀ ਹੈ। ‘ਰਾਤ ਨੂੰ ਸ਼੍ਰਾਧ ਨਾ ਕਰੋ, ਕਿਉਂਕਿ ਰਾਤ ਨੂੰ ਸਹੀ ਰੂਪ ਵਿਚ ਰਾਕਸ਼ਸ਼ੀ ਕਿਹਾ ਗਿਆ ਹੈ। ਦੋਵਾਂ ਸੰਧਿਆਵਾਂ ਵਿਚ ਤੇ ਸੂਰਜ ਦੇ ਇਕਦਮ ਚੜ੍ਹਦੇ ਸਮੇਂ ਸ਼੍ਰਾਧ ਨਾ ਕਰੋ। (3/280) ਲੱਗਦਾ ਹੈ ਰਾਤ ਨੂੰ ਮੂਲ ਨਿਵਾਸੀ ਵਧੇਰੇ ਆਕ੍ਰਾਮਿਕ (ਹਮਲਾਵਰ) ਰਹਿੰਦੇ ਸਨ। ਜਦੋਂ ਮਨੂੰ ਸਿਮ੍ਰਤੀ ਕਹਿੰਦੀ ਹੈ ਕਿ ‘ਰਾਤ ਨੂੰ ਦੱਖਣ ਵੱਲ ਮੂੰਹ ਕਰਕੇ ਮਲ ਮੂਤਰ ਦਾ ਤਿਆਗ ਨਹੀਂ ਕਰਨਾ ਚਾਹੀਦਾ ਤਾਂ ਰਾਤ ਅਤੇ ਦੱਖਣ ਨੂੰ ਰਾਕਸ਼ਸ਼ਾਂ ਨਾਲ (ਮੂਲ ਨਿਵਾਸੀਆਂ ਨਾਲ) ਜੋੜਨਾ ਸਪੱਸ਼ਟ ਹੋ ਜਾਂਦਾ ਹੈ। ਤਿਲ ਪਵਿੱਤਰ ਮੰਨੇ ਗਏ ਹਨ। ਇਸ ਲਈ ‘ਸੂਰਜ ਅਸਤ ਹੋਣ ‘ਤੇ ਤਿਲ ਦੀ ਕੋਈ ਚੀਜ਼ ਨਾ ਖਾਵੇ।’ (4/75)
ਭਾਰਤੀ ਸਮਾਜ ਵਿਚ ਖਾਣ-ਪੀਣ ਨਾਲ ਸੰਬੰਧਿਤ ਅਨੇਕਾਂ ਰੋਕਾਂ (ਟੈਬੂ) ਹਨ। ਕੁੱਝ ਤਾਂ ਕਬੀਲਾਈ ਸਮਾਜ ਤੋਂ ਹੀ ਤੁਰੀਆਂ ਆ ਰਹੀਆਂ ਹਨ, ਕੁੱਝ ਜਿਵੇਂ ਅਸੀਂ ਵਿਚਾਰ ਰਹੇ ਹਾਂ ਸੱਭਿਆਚਾਰਾਂ ਦੇ ਭੇੜ ‘ਚੋਂ ਜਨਮ ਲੈਂਦੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਨੂੰ ਸ਼ਾਸਤਰ ਨਿਯਮਾਂ ਵਿਚ ਬੰਨ੍ਹ ਕੇ ਸਮਾਜ ਲਈ ਜ਼ਰੂਰੀ ਬਣਾ ਦਿੰਦੇ ਹਨ। ਨਾਲ ਧਾਰਮਿਕ ਠੱਪਾ ਲੱਗ ਜਾਵੇ ਤਾਂ ਸਦੀਆਂ ਤੱਕ ਇਨ੍ਹਾਂ ਟੈਬੂਆਂ ਨੂੰ ਤੋੜਿਆ ਨਹੀਂ ਜਾ ਸਕਦਾ ਭਾਵੇਂ ਕਿ ਸਮੇਂ ਨਾਲ ਇਨ੍ਹਾਂ ਦਾ ਰੂਪਾਂਤ੍ਰਣ ਹੋਣਾ ਹੁੰਦਾ ਹੈ ਤੇ ਕਈ ਬੀਤੇ ਦੀ ਵਸਤ ਬਣ ਜਾਂਦੇ ਹਨ। ਮਨੂੰ ਸਿਮ੍ਰਤੀ ਦੇ ਪੰਜਵੇਂ ਅਧਿਆਇ ਵਿਚ ਖਾਣ-ਪੀਣ ਦੀਆਂ ਮਨਾਹੀਆਂ ਬਾਰੇ ਵਿਸ਼ੇਸ਼ ਚਰਚਾ ਹੈ, ਜਿਵੇਂ ‘ਲਸਣ, ਗਾਜਰ, ਪਿਆਜ, ਖੁੰਬ ਅਤੇ ਅਸ਼ੁੱਧ ਥਾਂ ਪੈਦਾ ਹੋਇਆ ਅੰਨ, ਸਾਗ ਆਦਿ ਦਵਿਜ ਜਾਤੀਆਂ (ਬ੍ਰਾਹਮਣ, ਕਸ਼ੱਤਰੀ, ਵੈਸ਼) ਨੂੰ ਨਹੀਂ ਖਾਣੇ ਚਾਹੀਦੇ, ਕਿਉਂਕਿ ਇਨ੍ਹਾਂ ਦੇ ਖਾਣ ਨਾਲ ਦਵਿਜ ਪਤਿਤ ਹੁੰਦਾ ਹੈ। (5/19) ਸਾਫ਼ ਹੈ ਕਿ ਇਹ ਖਾਣਾ ਸ਼ੂਦਰਾਂ ਦਾ ਹੈ। ਜੈਨੀਆਂ ਵਿਚ ਅੱਜ ਵੀ ਲਸਣ-ਪਿਆਜ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਹ ਪ੍ਰਭਾਵ ਮਨੂੰ ਸਿਮ੍ਰਤੀ ਦਾ ਹੀ ਹੈ। ਸੂਈ ਗਾਂ ਦੇ ਪਹਿਲੇ ਦਸ ਦਿਨ ਦਾ, ਊਠਣੀ, ਘੋੜੀ ਤੇ ਭੇਡ ਜਾਂ ਜਿਸ ਗਾਂ ਦਾ ਵੱਛਾ ਮਰ ਗਿਆ ਹੋਵੇ, ਉਸਦੇ ਦੁੱਧ ਨੂੰ ਤਿਆਗ ਦੇਣਾ ਚਾਹੀਦਾ ਹੈ। (5/8) ਪਰ ਪੰਜਾਬੀ ਘਰਾਂ ਵਿਚ ਇਹ ਦੁੱਧ (ਬਹੁਲੀ) ਬਣਾ ਕੇ ਖਾਧਾ/ਪੀਤਾ ਜਾਂਦਾ ਹੈ। ਇਹ ਬਹੁਲੀ ਪੂਰੀ ਭਰਵੀਂ ਖੁਰਾਕ ਹੈ ਜੋ ਟੈਬੂ ਅਧੀਨ ਵਿਵਰਜਿਤ ਕੀਤੀ ਗਈ ਹੈ। ਮੱਝ ਦੇ ਦੁੱਧ ਨੂੰ ਛੱਡ ਕੇ ਸਾਰੇ ਦੁਧਾਰੂ ਪਸ਼ੂਆਂ ਦਾ ਦੁੱਧ ਪੀਣ ਦੀ ਮਨਾਹੀ ਹੈ। ਔਰਤ ਦਾ ਦੁੱਧ ਤੇ ਕਾਂਜੀ ਪੀਣ ਦੀ ਵੀ ਮਨਾਹੀ ਹੈ। (5/19) ਅੱਜ ਵੀ ਜੰਮਦੇ ਬੱਚੇ ਨੂੰ ਮਾਂ ਦਾ ਦੁੱਧ ਨਹੀਂ ਪਿਲਾਇਆ ਜਾਂਦਾ ਜਦ ਕਿ ਡਾਕਟਰ ਇਸਨੂੰ ਪਿਲਾਉਣ ਦੀ ਸਿਫਾਰਸ਼ ਕਰਦੇ ਹਨ ਕਿਉਂਕਿ ਇਹ ਦੁੱਧ ਬੱਚੇ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਗੌਰੀਆ, ਪਪੀਹੇ, ਹੰਸ, ਚਕਵਾ, ਪਿੰਡ ਦਾ ਕੁੱਕੜ, ਸਾਰਸ, ਸਾਨ੍ਹ, ਜਲ ਕੁਕੜੀ, ਤੋਤੇ ਅਤੇ ਮੈਨਾ ਦੇ ਮਾਸ ਖਾਣ ਉਪਰ ਪਾਬੰਦੀ ਲਾਈ ਗਈ ਹੈ। (5/12) ਯੱਗ ਲਈ ਮਿਰਗ ਤੇ ਪੰਛੀ ਮਾਰਨ ਦੀ ਮਨਾਹੀ ਨਹੀਂ, ਕਿਉਂਕਿ ਇਸਦੀ ਅਗਸਤਮੁਨੀ ਨੇ ਸਹਿਮਤੀ ਦਿੱਤੀ ਹੈ। (5/22) ਕਣਕ ਅਤੇ ਦੁੱਧ ਤੋਂ ਬਣੇ ਪਦਾਰਥ ਬੇਹੇ ਵੀ ਹੋਣ ਤਾਂ ਦਵਿਜ ਜਾਤੀਆਂ ਨੂੰ ਖਾ ਲੈਣੇ ਚਹੀਦੇ ਹਨ। (5/25)
ਯੱਗ ਲਈ ਮਾਸ ਖਾਣਾ ਦੈਵ ਵਿਧੀ ਕਹੀ ਗਈ ਹੈ, ਪਰ ਸਰੀਰ ਨੂੰ ਬਲਵਾਨ ਬਨਾਉਣ ਲਈ ਮਾਸ ਖਾਣਾ ਰਾਕਸ਼ਸ਼ ਵਿਧੀ ਵਿਚ ਰੱਖਿਆ ਗਿਆ ਹੈ। (5/3) ਸਪੱਸ਼ਟ ਹੋ ਰਿਹਾ ਹੈ ਕਿ ਆਰੀਆ ਯੱਗ ਵਿਚ ਮਾਸ ਖਾਣ ਨੂੰ ਬੁਰਾ ਨਹੀਂ ਮੰਨਦੇ, ਪਰ ਮੂਲ ਵਾਸੀ ਜੋ ਮਾਸਾਹਾਰੀ ਸਨ ਉਨ੍ਹਾਂ ਨੂੰ ਨਫ਼ਰਤ ਇਸੇ ਅਧਾਰ ‘ਤੇ ਕਰਦੇ ਹਨ ਕਿ ਉਹ ਸਰੀਰ ਤਕੜਾ ਰੱਖਣ ਲਈ ਮਾਸਾਹਾਰੀ ਹਨ। ‘ਜੋ ਪਿਸ਼ਾਚ ਦੀ ਵਿਧੀ ਛੱਡ ਕੇ ਮਾਸ ਨਹੀਂ ਖਾਂਦਾ ਉਹ ਸੰਸਾਰ ਨੂੰ ਪਿਆਰਾ ਲੱਗਦਾ ਹੈ ਅਤੇ ਰੋਗਾਂ ਤੋਂ ਪੀੜਤ ਨਹੀਂ ਹੁੰਦਾ।’ (5/50) ਜੋ ਮਨੁੱਖ ਸ਼੍ਰਾਧ ਅਤੇ ਮਧੁਪਰਕ (ਦਹੀਂ, ਘਿਓ, ਪਾਣੀ, ਸ਼ਹਿਦ ਤੇ ਮਿੱਠੇ ਤੋਂ ਬਣਿਆ ਪਦਾਰਥ) ਵਿਚ ਚੁਣਿਆ ਗਿਆ ਹੈ, ਜੇ ਉਹ ਮਾਸ ਨਹੀਂ ਖਾਂਦਾ ਹੈ ਤਾਂ ਉਹ ਮਰ ਕੇ ਇੱਕੀ ਜਨਮਾਂ ਤੱਕ ਪਸ਼ੂ ਬਣਦਾ ਹੈ। (5/35) ਇਥੇ ਪਸ਼ੂ ਮਾਰਨ ਨੂੰ ਹਿੰਸਾ ਵੀ ਨਹੀਂ ਮੰਨਿਆ ਗਿਆ ਕਿਉਂਕਿ ਬ੍ਰਹਮਾ ਨੇ ਆਪ ਹੀ ਯੱਗ ਲਈ ਅਤੇ ਸਾਰੇ ਯੱਗਾਂ ਦੀ ਸਿੱਧੀ ਲਈ ਪਸ਼ੂਆਂ ਨੂੰ ਬਣਾਇਆ ਹੈ। (5/39) ਯੱਗ ਲਈ ਦਵਾ, ਪਸ਼ੂ, ਦਰਖਤ, ਟੇਢੇ ਚੱਲਣ ਵਾਲੇ ਜੀਵ (ਕਛੂਏ ਆਦਿ) ਅਤੇ ਪੰਛੀ ਯੱਗ ਲਈ ਨਾਸ਼ ਹੋ ਕੇ ਉੱਤਮ ਗਤੀ ਨੂੰ ਪ੍ਰਾਪਤ ਹੁੰਦੇ ਹਨ। (5/40)
ਅਸਲ ਵਿਚ ਕੁਤਰਕ ਨੂੰ ਵੇਦ ਸੰਮਤ ਕਰਕੇ ਤਰਕ ਸਿੱਧ ਕੀਤਾ ਗਿਆ ਹੈ ਕਿ ”ਜੋ ਹਿੰਸਾ ਵੇਦ ਅਨੁਸਾਰ ਨਿਯਤ ਕੀਤੀ ਗਈ ਹੈ, ਉਸਨੂੰ ਅਹਿੰਸਾ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਧਰਮ ਵੇਦ ਤੋਂ ਹੀ ਨਿੱਕਲਿਆ ਹੋਇਆ ਹੈ।” (5/44) ਯੱਗਾਂ ਤੋਂ ਹਟ ਕੇ ਇਹ ਸਭ ਕੁੱਝ ਹਿੰਸਾ ਹੈ ਤੇ ਇਸ ਹਿੰਸਾ ਵਿਚ ਅੱਠ ਤਰ੍ਹਾਂ ਦੇ ਲੋਕ ਪਾਪ ਦੇ ਭਾਗੀ ਬਣਦੇ ਹਨ। ਸੰਮਤੀ ਦੇਣ ਵਾਲਾ, ਕੱਟਣ ਵਾਲਾ, ਮਾਰਨ ਵਾਲਾ, ਮੁੱਲ ਲੈਣ ਵਾਲਾ, ਵੇਚਣ ਵਾਲਾ, ਪਕਾਉਣ ਵਾਲਾ, ਲਿਆਉਣ ਵਾਲਾ ਤੇ ਖਾਣ ਵਾਲਾ। (5/51) ਇਸ ਤਰ੍ਹਾਂ ਅੱਜ ਦੇ ਸੰਦਰਭ ਵਿਚ ਕੁੱਝ ਸ਼ਾਕਾਹਾਰੀਆਂ ਨੂੰ ਛੱਡ ਕੇ ਸਾਰੇ ਹੀ ਪਾਪੀਆਂ ਵਿਚ ਸ਼ਾਮਿਲ ਹੋ ਜਾਣਗੇ। ਇਹ ਟੈਬੂ ਅੱਜ ਟੁੱਟ ਚੁੱਕੇ ਹਨ। ਕੁੱਝ ਇਕ ਕੱਟੜ ਲੋਕ ਇਸਦਾ ਅਪਵਾਦ ਹਨ। ਜਿਹੜੇ ਸਿੱਖ ਸ਼ੁੱਧ ਸ਼ਾਕਾਹਾਰ ਲਈ ਕੱਟੜ ਹਨ, ਉਹ ਵੀ ਮਨੂੰ ਸਿਮ੍ਰਤੀ ਦੇ ਪੈਰੋਕਾਰ ਹੀ ਬਣ ਜਾਂਦੇ ਹਨ। ਅਗਾਂਹ ਜਾ ਕੇ ਮਨੂੰ ਸਿਮ੍ਰਤੀ ਕੁੱਝ ਨਰਮ ਦਿਖਾਈ ਦਿੰਦੀ ਹੈ ਪਰ ਤਿਆਗ ਨੂੰ ਵਧੇਰੇ ‘ਫਲਦਾਇਕ’ ਕਹਿ ਕੇ ਵਡਿਆਉਂਦੀ ਵੀ ਹੈ। ‘ਮਾਸ ਖਾਣ ਵਿਚ, ਸ਼ਰਾਬ ਪੀਣ ਵਿਚ ਅਤੇ ਮੈਥੁਨ (ਸੈਕਸ) ਕਰਨ ਵਿਚ ਦੋਸ਼ ਨਹੀਂ ਹੈ ਕਿਉਂਕਿ ਇਹ ਪ੍ਰਾਣੀਆਂ ਦਾ ਸੁਭਾਅ ਹੈ, ਪ੍ਰੰਤੂ ਇਨ੍ਹਾਂ ਦਾ ਤਿਆਗ ਬੜਾ ਫ਼ਲਦਾਇਕ ਹੈ।’ (5/56) ਅਗਾਂਹ ਜਾ ਕੇ ਇਸ ਫ਼ਲਦਾਇਕ ਲਈ ਕੱਟੜਤਾ ਅਪਣਾ ਲਈ ਜਾਂਦੀ ਹੈ। ਮਦਿਰਾ ਵਾਲਾ ਬਰਤਨ ਐਨਾ ਅਪਵਿੱਤਰ ਹੋ ਜਾਂਦਾ ਹੈ ਕਿ ਦੁਬਾਰਾ ਪਕਾਇਆਂ ਵੀ ਸ਼ੁੱਧ ਨਹੀਂ ਹੋ ਸਕਦਾ। (5/123)
ਭਾਰਤੀ ਜਿੱਥੇ ਚਾਰ ਵਰਣ ਮੰਨਦੇ ਹਨ ਓਥੇ ਚਾਰ ਆਸ਼ਰਮ ਵੀ ਮੰਨੇ ਗਏ ਹਨ ਬ੍ਰਹਮਚਰਯ, ਗ੍ਰਹਿਸਥ, ਵਾਣਪ੍ਰਸਥ ਅਤੇ ਸੰਨਿਆਸ। ਸੰਨਿਆਸ 75-100 ਸਾਲ ਤੱਕ ਮੰਨਿਆ ਗਿਆ ਹੈ। ਬ੍ਰਾਹਮਣ (ਦਵਿਜ ਜਾਤੀਆਂ) ਘਰ-ਬਾਰ ਤਿਆਗ ਕੇ ਜੰਗਲਾਂ ਵਿਚ ਝੌਂਪੜੀ ਪਾ ਕੇ ਰਹਿੰਦੀਆਂ, ਜੰਗਲੀ ਉਪਜ ‘ਤੇ ਗੁਜਾਰਾ ਕਰਦੀਆਂ ਅਤੇ ਵਿਅਕਤੀਗਤ ਤੌਰ ‘ਤੇ ਮੁਕਤੀ ਦੀ ਤਲਾਸ਼ ਕਰਦੀਆਂ ਹਨ। ਜਿਵੇਂ ਵਿਦਿਆਰਥੀ (ਸ਼ਿਸ਼) ਮੰਗ ਕੇ ਆਪ ਖਾਂਦਾ ਹੈ ਤੇ ਗੁਰੂ ਨੂੰ ਖਿਲਾਉਂਦਾ ਹੈ, ਉਵੇਂ ਹੀ ਸੰਨਿਆਸੀ ਵੀ ਮੰਗ ਕੇ ਗੁਜ਼ਾਰਾ ਕਰਦਾ ਹੈ। ਪਰ ਮੁਕਤੀ ਸਿਰਫ਼ ਵਿਅਕਤੀਗਤ ਮਾਮਲਾ ਹੈ, ਸਮਾਜ ਦੀ ਮੁਕਤੀ ਨਾਲ ਇਸਦਾ ਕੋਈ ਸਬੰਧ ਨਹੀਂ। ਮਨੂੰ ਸਿਮ੍ਰਤੀ ਇਸ ਬਾਰੇ ਸਾਫ਼ ਸੰਦੇਸ਼ ਦਿੰਦੀ ਹੈ, ”ਸਭ ਦਾ ਸੰਗ ਤਿਆਗਣ ਵਾਲੇ ਇਕ ਦੀ ਹੀ ਮੁਕਤੀ ਹੁੰਦੀ ਹੈ- ਇਹ ਜਾਣ ਕੇ ਜੋ ਬ੍ਰਾਹਮਣ ਕਿਸੇ ਸਹਾਇਕ ਤੋਂ ਬਗੈਰ ਸਿੱਧੀ ਵਾਸਤੇ ਇੱਕਲਾ ਵਿਚਰਦਾ ਹੈ ਤਾਂ ਇਸ ਅਵਸਥਾ ਵਿਚ ਉਹ ਨਾ ਕਿਸੇ ਦਾ ਤਿਆਗ ਕਰਦਾ ਹੈ ਤੇ ਨਾ ਹੀ ਕੋਈ ਉਸਦਾ ਤਿਆਗ ਕਰਦਾ ਹੈ। ਭਾਵ ਉਹ ਸੁੱਖ-ਦੁੱਖ ਵਿਚ ਮਮਤਾ ਦਾ ਤਿਆਗ ਕਰਕੇ ਮੁਕਤੀ ਪਾਉਂਦਾ ਹੈ।” (6/42) ਬਾਅਦ ਵਿਚ ਪੈਦਾ ਹੋਏ ਸਾਰੇ ਧਰਮ ਇਸੇ ਤਰ੍ਹਾਂ ਦੀ ਮੁਕਤੀ ਨੂੰ ਹੀ ਪ੍ਰਵਾਨਗੀ ਦਿੰਦੇ ਹਨ। ਜਿਹੜੇ ਧਰਮ ਗ੍ਰਹਿਸਥ ਨੂੰ ਪਹਿਲ ਦਿੰਦੇ ਹਨ, ਉਹ ਵੀ ਪਰਿਵਾਰਕ ਰਿਸ਼ਤਿਆਂ ਨੂੰ ਝੂਠੇ ਮੰਨ ਕੇ ਮੋਹ-ਮਮਤਾ ਤੋਂ ਉਪਰ ਉੱਠ ਕੇ ਮਨੁੱਖ ਨੂੰ ‘ਰੋਬੋ’ ਬਨਾਉਣ ਤੱਕ ਚਲੇ ਜਾਂਦੇ ਹਨ, ਪਰ ਮਨੁੱਖ ਸਮਾਜਿਕ ਜੀਵ ਹੈ ਉਹ ਕਦੇ ਵੀ ਪੂਰਨ ਰੂਪ ਵਿਚ ਇਨ੍ਹਾਂ ਰਿਸ਼ਤਿਆਂ ਤੋਂ ਮੂੰਹ ਨਹੀਂ ਮੋੜ ਸਕਦਾ। ਜੇ ਕਥਾਵਾਂ ਵਿਚ ਅਜਿਹਾ ਕੁੱਝ ਮਿਲਦਾ ਹੈ ਤਾਂ ਉਹ ਸਿਰਫ ਕਲਪਨਾ ਲੋਕ ਦਾ ਹਿੱਸਾ ਹੈ। ਮਨੂੰ ਸਿਮ੍ਰਤੀ ਜਿਸ ਸੰਨਿਆਸੀ ਦੀ ਕਲਪਨਾ ਕਰਦੀ ਹੈ, ਉਹ ਲੌਕਿਕ ਅਗਨੀ ਰਹਿਤ, ਘਰ ਵਿਹੀਨ, ਬੀਮਾਰੀ ਦੇ ਇਲਾਜ ਤੋਂ ਉਪਰ, ਸਥਿਰ ਬੁੱਧੀ, ਮੌਨੀ ਅਤੇ ਸਦਾ ਬ੍ਰਹਮ ਵਿਚ ਇਕਾਗ੍ਰਚਿਤ ਹੋ ਕੇ ਸਮਾਂ ਬਿਤਾਉਂਦਾ ਹੈ ਅਤੇ ਸਿਰਫ ਭਿਖਿਆ ਲੈਣ ਲਈ ਹੀ ਪਿੰਡ ਵਿਚ ਜਾਂਦਾ ਹੈ।’ (6/43) ਬ੍ਰਹਮਚਾਰੀ ਵੀ ਭਿਖਿਆ ਮੰਗਦਾ ਹੈ ਤੇ ਸੰਨਿਆਸੀ ਵੀ। ਵਿਚਲਾ ਸਮਾਂ ਦਵਿਜਾਂ ਨੂੰ ਪੜ੍ਹਾ ਕੇ ਉਨ੍ਹਾਂ ਦੀ ਭਿਖਿਆ ਤੇ ਜਾਂ ਰਾਜੇ ਵੱਲੋਂ ਦਿੱਤੇ ਦਾਨ ਉਪਰ ਬ੍ਰਾਹਮਣ ਪਲਦਾ ਹੈ। ਪਰ ਸਮਝਦਾ ਹੈ ਆਪਣੇ ਆਪ ਨੂੰ ਬ੍ਰਹਮਾ ਦੇ ਬਰਾਬਰ! ਇਹੋ ਜਿਹੇ ‘ਵਿਦਵਾਨਾਂ’ ਨੇ ਸਮਾਜ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੀ ਰੱਖਿਆ ਹੈ ਤੇ ਆਪ ਵਿਦੇਸ਼ੀ ਸਾਸ਼ਕਾਂ ਦੇ ਗ਼ੁਲਾਮ ਰਹੇ ਜਾਂ ਵਿਦੇਸ਼ੀਆਂ ਦੇ ਦਰਬਾਰਾਂ ਦਾ ਸ਼ਿੰਗਾਰ ਬਣੇ। ਜਿੱਥੇ ਅਤਿ ਸ਼ੂਦਰ ਨੂੰ ਸਿਵਿਆਂ ਵਿਚ ਰਹਿ ਕੇ ਟੁੱਟੇ ਬਰਤਨਾਂ ਵਿਚ ਖਾਣ-ਪੀਣ ਤੇ ਲੀਰਾਂ ਪਾ ਕੇ ਪਿੰਡਾਂ ਤੋਂ ਬਾਹਰ ਰਹਿਣ ਦਾ ਆਦੇਸ਼ ਹੈ, ਓਥੇ ਸੰਨਿਆਸੀ ਲਈ ਆਦੇਸ਼ ਹੈ ਕਿ ‘ਸੰਨਿਆਸੀ ਦਾ ਭਿਖਿਆ ਮੰਗਣ ਵਾਲਾ ਬਰਤਨ ਧਾਤ ਦਾ ਨਾ ਹੋਵੇ ਤੇ ਉਸ ਵਿਚ ਕੋਈ ਛੇਕ ਵੀ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਯੱਗ ਵਿਚ ਵਰਤੀਂਦਾ ਚਮਸ (ਕੜਛੀ) ਸ਼ੁੱਧ ਹੁੰਦਾ ਹੈ, ਉਵੇਂ ਹੀ ਸੰਨਿਆਸੀ ਦੇ ਤੂੰਬਾ, ਲੱਕੜ, ਮਿੱਟੀ ਜਾਂ ਬਾਂਸ ਦੇ ਬਰਤਨ ਪਾਣੀ ਨਾਲ ਸ਼ੁੱਧ ਹੁੰਦੇ ਹਨ।’ (6/53-54)
ਮਨੂੰ ਸਿਮ੍ਰਤੀ ਆਵਾਗਵਨ ਅਤੇ ਕਰੋੜਾਂ ਜੂਨੀਆਂ ਦੀ ਕਲਪਨਾ ਕਰਕੇ ਇਹ ਮੰਨਦੀ ਹੈ ਕਿ ਆਦਮੀ ਇਨ੍ਹਾਂ ਜੂਨੀਆਂ ਵਿਚ ਕਰਮ-ਦੋਸ਼ ਕਰਕੇ ਭਉਂਦਾ ਰਹਿੰਦਾ ਹੈ। ‘ਇਸ ਦੇਹ ਤੋਂ ਜੀਵਾਤਮਾ ਦਾ ਨਿਕਲਣਾ ਅਤੇ ਫਿਰ ਜੰਮਣਾ ਤੇ ਕਰੋੜਾਂ ਹਜ਼ਾਰਾਂ ਜੂਨਾਂ ਵਿਚ ਆਵਾਗਵਨ- ਇਹ ਸਭ ਆਪਣੇ ਹੀ ਕਰਮ ਦੋਸ਼ ਦਾ ਫ਼ਲ ਹੈ।’ (6/63) ਜੇ ਇਸ ਦਰਸ਼ਨ ਨੂੰ ਸਮਝੀਏ ਤਾਂ ਭਾਰਤੀ ਲੋਕਾਂ ਦੇ ਕੋਹਲੂ ਦਾ ਬਲਦ ਬਣਨ ਦੀ ਵਿਥਿਆ ਸਮਝ ਆ ਜਾਂਦੀ ਹੈ। ਇਸ ਜੂਨ ਵਿਚ ਬ੍ਰਾਹਮਣਾਂ ਵੱਲੋਂ ਦੱਸੇ ਧਰਮ-ਕਰਮ ਕਰਕੇ ਅਗਲੀ ਜੂਨ ਤੋਂ ਮੁਕਤੀ ਮਿਲ ਸਕਦੀ ਹੈ। ਪਿਛਲੀ ਜੂਨ ਦੀਆਂ ਚੰਗਿਆਈਆਂ-ਬੁਰਾਈਆਂ ਦਾ ਫਲ ਇਸ ਜੂਨ ਵਿਚ ਮਿਲਦਾ ਹੈ ਤੇ ਇਹ ਗਧੀਗੇੜ ਸਦਾ ਲਈ ਚੱਲਦਾ ਰਹਿਣਾ ਹੈ। ਆਉਣ ਵਾਲੇ ਸਾਰੇ ਧਰਮ ਰੱਬ ਨੂੰ ਮੰਨਣ ਜਾਂ ਨਾ ਮੰਨਣ ਪਰ ਆਤਮਾ ਦੇ ਆਵਾਗਵਨ ਨੂੰ ਮੰਨਦੇ ਹਨ। ਇਸੇ ਲਈ ਉਹ ਬ੍ਰਾਹਮਣੀ ਧਰਮ ਤੋਂ ਬਹੁਤਾ ਦੂਰ ਨਹੀਂ ਜਾਂਦੇ। ਸਿੱਖ ਧਰਮ ਵੀ ਇਸਦਾ ਅਪਵਾਦ ਨਹੀਂ ਹੈ ਤੇ ਨਾ ਹੀ ਦੂਸਰੇ ਸੈਕਟ (ਰਾਧਾ ਸੁਆਮੀ, ਨਿਰੰਕਾਰੀ, ਨਾਮਧਾਰੀ ਆਦਿ)। ਪੱਛਮੀ ਧਰਮ ਇਸ ਸਿਧਾਂਤ ਨੂੰ ਨਹੀਂ ਮੰਨਦੇ, ਇਸ ਲਈ ਉਹ ‘ਇਹ-ਲੋਕਵਾਦੀ’ ਵਧੇਰੇ ਹਨ। ਉਹ ਧਾਰਮਿਕ ਹੋ ਕੇ ਵੀ ਇਸ ਜੀਵਨ ਨੂੰ ਸਮਾਜ ਦੇ ਲੇਖੇ ਲਾਉਂਦੇ ਹਨ। ਸਿੱਖ ਧਰਮ ਨੇ ਉਨ੍ਹਾਂ ਸਮਾਜਿਕ ਗੁਣਾਂ ਨੂੰ ਸਾਂਭਿਆ ਹੈ। ਪੰਜਾਬੀਆਂ ਵਿਚ ਕਬੀਲਾਈ ਭਾਈਚਾਰੇ ਦੇ ਗੁਣ ਬਚੇ ਹੋਏ ਹਨ ਅਤੇ ਹਮਲਾਵਰਾਂ ਦੇ ਹਮੇਸ਼ਾਂ ਨਿਸ਼ਾਨੇ ‘ਤੇ ਰਹਿਣ ਕਰਕੇ ਇਨ੍ਹਾਂ ਨੂੰ ਇਸ ਜੀਵਨ ਲਈ ਲਗਾਤਾਰ ਸੰਘਰਸ਼ ਕਰਨਾ ਪਿਆ ਹੈ ਤੇ ਹੁਣ ਵੀ ਜੂਝ ਰਹੇ ਹਨ। ਇਹ ਜੂਝਣ ਦਾ ਕਾਰਜ ਸਮੂਹਿਕ ਹੈ ਇਸ ਲਈ ਇਨ੍ਹਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਕਾਰਜਾਂ ਉਪਰ ਜ਼ੋਰ ਹੈ।
ਸੰਨਿਆਸੀ ਨੂੰ ਆਦੇਸ਼ ਹੈ ਕਿ ਉਹ ਅਜਿਹਾ ਕੰਮ ਨਾ ਕਰੇ ਜਿਸ ਲਈ ਫਿਰ ਸਰੀਰ ਧਾਰਣ ਕਰਨਾ ਪਏ। (6/77) ਅਸਿੱਧੇ ਢੰਗ ਨਾਲ ਕਿਹਾ ਜਾਵੇ ਤਾਂ ਬ੍ਰਾਹਮਣ ਦੇ ਸਾਰੇ ਕਾਰਜ ਮੁਕਤੀ ਦਾਇਕ ਹਨ, ਪਰ ਦੂਸਰੇ ਲੋਕਾਂ ਦੇ ਕਾਰਜ ਦੰਡ ਦੇ ਅਧੀਨ ਹਨ; ਇਸ ਲਈ ਉਨ੍ਹਾਂ ਨੂੰ ‘ਕਰੋੜਾਂ ਹਜ਼ਾਰਾਂ’ ਜੂਨੀਆਂ ਵਿਚ ਜਾਣਾ ਹੀ ਪੈਣਾ ਹੈ। ਬ੍ਰਾਹਮਣ ਵੇਦਾਂ ਨਾਲ ਜੁੜਿਆ ਹੋਇਆ ਹੈ ਇਸ ਲਈ ਉਸਦੀ ਮੁਕਤੀ ਪੱਕੀ ਹੈ। ‘ਜੋ ਵੇਦਾਂ ਦਾ ਅਰਥ ਨਹੀਂ ਜਾਣਦੇ ਉਨ੍ਹਾਂ ਦੀ ਗਤੀ ਵੇਦ ਹਨ, ਜੋ ਅਰਥ ਜਾਣਦੇ ਹਨ, ਉਨ੍ਹਾਂ ਦੀ ਗਤੀ ਵੀ ਵੇਦ ਹੀ ਹਨ। ਇਵੇਂ ਹੀ ਸਵਰਗ ਅਤੇ ਮੁਕਤੀ ਦੀ ਇੱਛਾ ਕਰਨ ਵਾਲਿਆਂ ਦਾ ਇਕੋ-ਇਕ ਸਹਾਰਾ ਵੇਦ ਹੀ ਹਨ।’ (6/84) ਤੇ ਵੇਦ ਸਿਰਫ਼ ਬ੍ਰਾਹਮਣ ਪੜ੍ਹ-ਪੜ੍ਹਾ ਸਕਦਾ ਹੈ ਇਸ ਲਈ ਮੁਕਤੀ ਸਿਰਫ਼ ਉਸੇ ਦੀ ਹੋਵੇਗੀ, ਬਾਕੀਆਂ ਦੀ ਨਹੀਂ। ਦੰਡ ਸੰਹਿਤਾ ਉਪਰ ਵਿਚਾਰ ਕਰਦਿਆਂ ਅਸੀਂ ਦੇਖਿਆ ਸੀ ਕਿ ਦੰਡ ਵਰਣਾਂ ਅਨੁਸਾਰ ਅਤੇ ਅਪਰਾਧ ਅਨੁਸਾਰ ਇਕ ਸਾਰ ਨਹੀਂ ਹੈ। ਦੰਡ ਸੁਣਾਉਣ ਸਮੇਂ ਸਹੁੰ ਖਾਣ ਦੀ ਪ੍ਰਥਾ ਪ੍ਰਚਲਿਤ ਰਹੀ ਹੈ ਜੋ ਅੱਜ ਤੱਕ ਅਦਾਲਤਾਂ ਵਿਚ ਧਰਮ ਗ੍ਰੰਥ ਉਪਰ ਹੱਥ ਰੱਖ ਕੇ ਸਹੁੰ ਚੱਕਣ ਦੀ ਰੀਤ ਦੇ ਰੂਪ ਵਿਚ ਪ੍ਰਚਲਿਤ ਹੈ। ਪੰਡਿਤ ਜਨਾਂ ਨੂੰ ਮੰਨੂੰ ਸਿਮ੍ਰਤੀ ਦਾ ਆਦੇਸ਼ ਹੈ ਕਿ ਛੋਟੇ-ਮੋਟੇ ਵਿਸ਼ਿਆਂ ‘ਤੇ ਵੀ ਸਹੁੰ ਨਾ ਖਾਵੇ ਕਿਉਂਕਿ ਬੇਮਤਲਬ ਸਹੁੰ ਖਾਣ ਵਾਲੇ ਦਾ ਇਸ ਲੋਕ ਵਿਚ ਤੇ ਪਰਲੋਕ ਵਿਚ ਵੀ ਨਾਸ਼ ਹੁੰਦਾ ਹੈ। (8/111) ਪਰ ਇਹ ਵੀ ਕਿਹਾ ਗਿਆ ਹੈ ਕਿ ਕੁੱਝ ਮਾਮਲਿਆਂ ਵਿਚ ਝੂਠੀ ਸਹੁੰ ਖਾਣ ਨਾਲ ਵੀ ਪਾਪ ਨਹੀਂ ਲੱਗਦਾ। ਇਸ ਲਈ ਸਹੁੰ ਖਾਣਾ ਕੋਈ ਕਦਰਾਂ-ਕੀਮਤਾਂ ਵਿਚ ਸ਼ਾਮਲ ਨਹੀਂ ਹੁੰਦਾ। ‘ਇਸਨੂੰ ਭੋਗ, ਵਿਆਹ, ਗਾਈਆਂ ਲਈ ਘਾਹ ਲੈਣ ਲਈ, ਯੱਗ ਦੀ ਲੱਕੜੀ ਲੈਣ ਅਤੇ ਬ੍ਰਾਹਮਣ ਦੀ ਰੱਖਿਆ ਕਰਨ ਲਈ ਝੂਠੀ ਸਹੁੰ ਖਾਣ ਨਾਲ ਵੀ ਪਾਪ ਨਹੀਂ ਲਗਦਾ।’ (8/112) ਸਹੁੰ ਖਾਣ ਵਾਲੇ ਨੂੰ ਪਵਿੱਤਰ ਮਨ ਲਿਆ ਗਿਆ ਹੈ ਜੋ ਅਸੰਭਵ ਪ੍ਰਕਿਰਿਆਵਾਂ ਵਿਚੋਂ ਵੀ ਪਾਰ ਹੋ ਸਕਦਾ ਹੈ, ਜਿਵੇਂ ‘ਜਿਸਨੂੰ ਜਲਦੀ ਅੱਗ ਵੀ ਨਾ ਜਲਾਵੇ, ਜਲ ਨਾ ਡੋਬੇ, ਜੋ ਸਹੁੰ ਖਾਣ ਬਾਅਦ ਇਕ-ਦਮ ਵੱਡਾ ਦੁੱਖ ਨਾ ਪਾਵੇ ਤਾਂ ਸਹੁੰ ਖਾਣ ਵਾਲੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ।’ (8/115)
ਰਾਵਣ ਕੋਲੋਂ ਛੁੱਟ ਕੇ ਆਉਣ ‘ਤੇ ਸੀਤਾ ਦੀ ਅਗਨੀ ਪ੍ਰੀਖਿਆ, ਹੋਲਿਕਾ ਦੀ ਅਗਨੀ ਵਿਚ ਮੌਤ ਆਦਿ ਦੀਆਂ ਕਥਾਵਾਂ ਸਾਡੀ ਮਾਨਸਿਕਤਾ ਦਾ ਅੰਗ ਹਨ। ਪਰ ਇਹ ਅਸੰਭਵ ਹੈ ਕਿ ਅੱਗ ਵਿਚੋਂ ਆਦਮੀ ਬਚ ਜਾਵੇ ਜਾਂ ਪਾਣੀ ਵਿਚ ਡੁੱਬ ਕੇ ਨਾ ਮਰੇ। ਇਸ ਲਈ ਜਲ ਕੇ ਰਾਖ ਹੋਏ ਤੇ ਡੁੱਬ ਕੇ ਮਰੇ ਵਿਅਕਤੀ ਨੂੰ ਝੂਠੀ ਸਹੁੰ ਖਾਣ ਲਈ ਅਰਾਮ ਨਾਲ ਅਪਰਾਧੀ/ਪਾਪੀ ਠਹਿਰਾਇਆ ਜਾ ਸਕਦਾ ਹੈ। ਗਵਾਹੀ ਵਿਚ ਵਰਣਾਂ ਅਨੁਸਾਰ ਦੰਡ ਵੱਖੋ-ਵੱਖਰਾ ਹੈ। ‘ਜੇਕਰ ਕਸ਼ਤਰੀ, ਵੈਸ਼ ਅਤੇ ਸ਼ੂਦਰ ਝੂਠੀ ਗਵਾਹੀ ਦਿੰਦੇ ਹਨ ਤਾਂ ਧਾਰਮਿਕ ਰਾਜਾ ਉਨ੍ਹਾਂ ਨੂੰ ਦੰਡ ਦੇ ਕੇ ਦੇਸ਼-ਨਿਕਾਲਾ ਦੇ ਦੇਵੇ। ਪਰ ਬ੍ਰਾਹਮਣ ਨੂੰ ਬਿਨਾਂ ਦੰਡ ਦਿੱਤਿਆਂ ਹੀ ਦੇਸ਼ ਤੋਂ ਬਾਹਰ ਕਰ ਦੇਵੇ।’ (8/123) ਤਿੰਨਾਂ ਵਰਣਾਂ ਲਈ- ਲਿੰਗ, ਢਿੱਡ, ਜੀਭ, ਹੱਥ, ਪੈਰ, ਅੱਖਾਂ ਤੇ ਨੱਕ, ਦੋਵੇਂ ਕੰਨ, ਧਨ ਤੇ ਸਰੀਰ- ਦਸ ਸਥਾਨ ਦੱਸੇ ਗਏ ਹਨ ਜਿਨ੍ਹਾਂ ‘ਤੇ ਦੰਡ ਸੁਣਾਇਆ ਜਾਣਾ ਚਾਹੀਦਾ ਹੈ, ਪਰ ਬ੍ਰਾਹਮਣ ਦੇ ਕਿਸੇ ਅੰਗ ਨੂੰ ਛੇੜੇ ਬਗ਼ੈਰ ਬਾਹਰ ਭੇਜਿਆ ਜਾ ਸਕਦਾ ਹੈ।’ (8/124-25)
ਮੁਸਲਮਾਨ ਧਰਮ ਵਿਚ ਵਿਆਜ ‘ਤੇ ਪੈਸੇ ਲੈਣ-ਦੇਣ ‘ਤੇ ਰੋਕ ਹੈ, ਪਰ ਮਨੂੰ ਸਿਮ੍ਰਤੀ ਅਜਿਹੀ ਕੋਈ ਰੋਕ ਨਹੀਂ ਲਾਉਂਦੀ ਉਲਟਾ ਸਗੋਂ ਇਸ ਲਈ ਨਿਯਮ ਤੈਅ ਕਰਦੀ ਹੈ। ਆਮ ਹਾਲਤ ਵਿਚ ਵਿਆਜ ਮੂਲਧਨ ਤੋਂ ਦੁੱਗਣਾ ਨਹੀਂ ਹੋਣਾ ਚਾਹੀਦਾ ਪਰ ਖੇਤੀ ਵਸਤਾਂ ਉਪਰ ਇਹ ਪੰਜ ਗੁਣਾ ਹੋ ਸਕਦਾ ਹੈ। ਭਾਵ ਕਿਸਾਨੀ ਉਦੋਂ ਤੋਂ ਹੀ ਵਧੇਰੇ ਵਿਆਜ ਦੀ ਮਾਰ ਹੇਠ ਰਹੀ ਹੈ। ‘ਮੂਲ ਅਤੇ ਵਿਆਜ ਇਕ ਬਾਰ ਹੀ ਲਿਆ ਜਾਵੇ ਤਾਂ ਵਿਆਜ ਮੂਲ ਧਨ ਤੋਂ ਦੁੱਗਣੇ ਤੋਂ ਵੱਧ ਨਹੀਂ ਲੈਣਾ ਚਾਹੀਦਾ। ਧਾਨ, ਦਰੱਖ਼ਤਾਂ ਦੇ ਫ਼ਲ, ਉੱਨ ਆਦਿ ਬਾਲਾਂ ਅਤੇ ਬਲਦ ਇਨ੍ਹਾਂ ਉਪਰ ਮੂਲ ਤੋਂ ਪੰਜ ਗੁਣਾਂ ਵਿਆਜ ਦਿੱਤਾ ਜਾ ਸਕਦਾ ਹੈ।’ (8/151) ਵੈਸੇ ਨਿਸਚਿਤ ਵਿਆਜ ਲੈਣ ਦਾ ਹੀ ਪ੍ਰਾਵਧਾਨ ਹੈ। ‘ਇਕ, ਦੋ ਜਾਂ ਤਿੰਨ ਮਹੀਨੇ ਵਿਚ ਜਾਂ ਇਕ ਸਾਲ ਤੋਂ ਵੱਧ ਭਾਵ ਡੇਢ ਜਾਂ ਦੋ ਸਾਲ ਵਿਚ ਇਕ ਬਾਰ ਵਿਆਜ ਲੈਣ ਦਾ ਨਿਯਮ ਨਾ ਕਰੇ, ਸ਼ਾਸਤਰ ਵਿਰੁੱਧ ਵਿਆਜ ਨਾ ਲਵੇ। ਵਿਆਜ ‘ਤੇ ਵਿਆਜ, ਹਰ ਮਹੀਨੇ ਵਧਾਇਆ ਗਿਆ ਵਿਆਜ, ਸਰੀਰਕ ਸੇਵਾ ਦੇ ਰੂਪ ਵਿਚ ਵਿਆਜ ਅਤੇ ਧਨੀ ਦੇ ਡਰ ਤੋਂ ਜੋ ਵਿਆਜ ਵਧਾਇਆ ਜਾਂਦਾ ਹੈ, ਇਸਨੂੰ ਸਵੀਕਾਰ ਨਾ ਕਰੇ।’ (8/153) ਦਿੱਤਾ ਕਰਜ਼ਾ ਦੇਸ਼ ਜਾਂ ਵਿਦੇਸ਼ ਵਿਚ ਰਹਿ ਰਹੇ ਵਿਅਕਤੀ ਨੂੰ ਦੇਣਾ ਹੀ ਪਵੇਗਾ। ਮਰ ਗਏ ਆਦਮੀ ਦੇ ਪਰਿਵਾਰ ਨੂੰ ਉਸਦਾ ਕਰਜ਼ਾ ਚੁਕਾਉਣਾ ਪਵੇਗਾ। ਅਮੀਰ ਆਦਮੀ ਕਰਜ਼ਾ ਲੈਣ ਲਈ ਰਾਜੇ ਤੱਕ ਪਹੁੰਚ ਕਰ ਸਕਦਾ ਹੈ ਜਿਸਨੂੰ ਰਾਜਾ ਚੌਥਾ ਹਿੱਸਾ ਵੱਧ ਪੈਸਾ ਦੁਆਏਗਾ। ਪੈਸੇ ਦੂਜੇ ਪਾਸ ਰੱਖਣ ਬਾਰੇ ਵੀ ਸਿਮ੍ਰਤੀ ਵਿਚ ਚਰਚਾ ਹੋਈ ਹੈ।
ਮਨੂੰ ਸਿਮ੍ਰਤੀ ਸਮੇਂ ਦਾ ਸਮਾਜ ਪਸ਼ੂ ਪਾਲਕ ਸਮਾਜ ਹੈ। ਇਸ ਲਈ ਪਸ਼ੂ ਪਾਲਕ ਗਵਾਲਾ ਹੈ ਤੇ ਮਾਲਕ ਕੋਈ ਹੋਰ। ਪਸ਼ੂ ਮਾਲਕ ਤੇ ਪਸ਼ੂ ਪਾਲਕ ਦੇ ਸਬੰਧਾਂ ਦਾ ਅਤੇ ਪਸ਼ੂ ਪਾਲਕ ਦੇ ਮਿਹਨਤਾਨੇ ਦਾ ਨਿਯਮ ਵੀ ਬਣਾਇਆ ਗਿਆ ਹੈ। ਪਸ਼ੂ ਪਾਲਕ ਪਸ਼ੂਆਂ ਦੀ ਦੇਖ-ਰੇਖ ਕਰਦਾ ਹੈ। ਪਰ ਜੇ ਪਸ਼ੂ ਮਾਲਕ ਦੇ ਘਰ ਨੁਕਸਾਨ ਕਰੇ ਤਾਂ ਉਸਦੀ ਪੂਰੀ ਜ਼ਿੰਮੇਂਵਾਰੀ ਮਾਲਕ ਦੀ ਹੋਵੇਗੀ। ‘ਜੋ ਗਵਾਲਾ ਵੇਤਨ ਦੇ ਬਦਲੇ ਵਿਚ ਦੁੱਧ ਲਵੇ ਤਾਂ ਉਹ ਸੇਵਕ ਸੁਆਮੀ ਦੀ ਇਜਾਜ਼ਤ ਨਾਲ ਦਸ ਗਾਵਾਂ ਵਿਚੋਂ ਜੋ ਸ੍ਰੇਸ਼ਟ ਹੈ, ਉਸਦਾ ਦੁੱਧ ਲੈ ਸਕਦਾ ਹੈ। ਇਹੀ ਉਸਦਾ ਵੇਤਨ/ਤਨਖ਼ਾਹ ਹੋਵੇਗੀ।’ (8/231) ਪਸ਼ੂਆਂ ਨੂੰ ਸੱਟ-ਫੇਟ ਲੱਗਣ ਤੋਂ ਲੈ ਕੇ ਮਰ ਜਾਣ ਤੱਕ ਦਾ ਦੇਣਦਾਰ ਗਵਾਲਾ ਹੀ ਹੋਵੇਗਾ। ਪਸ਼ੂ ਤੁਰੇ ਜਾਂਦੇ ਖੇਤ ਚਰ ਜਾਣ ਜਾਂ ਉਨ੍ਹਾਂ ਨੂੰ ਭੇੜੀਆ ਖਾ ਜਾਵੇ ਤਾਂ ਨੁਕਸਾਨ ਪਸ਼ੂ ਪਾਲਕ ਨੂੰ ਭਰਨਾ ਪੈਂਦਾ ਹੈ। ‘ਜੇਕਰ ਕਿਸਾਨ ਦੀ ਅਣਗਹਿਲੀ ਕਾਰਣ ਖੇਤ ਨਸ਼ਟ ਹੁੰਦਾ ਹੈ ਤਾਂ ਰਾਜੇ ਨੂੰ ਮਿਲਣ ਵਾਲੇ ਹਿੱਸੇ ਦਾ ਦਸ ਗੁਣਾਂ ਅਤੇ ਜੇ ਕਿਸਾਨ ਦੇ ਅਣਜਾਣ ਹੋਣ ‘ਤੇ ਨੌਕਰਾਂ ਦੀ ਅਸਾਵਧਾਨੀ ਨਾਲ ਖੇਤ ਨਸ਼ਟ ਹੋਇਆ ਤਾਂ ਪੰਜ ਗੁਣਾ ਦੰਡ ਕਿਸਾਨ ਨੂੰ ਦੇਣਾ ਪਵੇਗਾ।’ (8/243) ਮਾਰ ਅਖੀਰ ਤੇ ਗੋਪਾਲਕ ਅਤੇ ਕਿਸਾਨ ਨੂੰ ਪੈਣੀ ਹੈ। ਇਥੇ ਹੀ ਪਿੰਡ ਦੀ ਸੀਮਾ ਨਿਰਧਾਰਨ ਦੇ ਨਿਯਮ ਵੀ ਬਣਾਏ ਗਏ ਹਨ।
ਚੋਰੀ ਲਈ ਸਖ਼ਤ ਸਜ਼ਾ ਨਿਸਚਿਤ ਕੀਤੀ ਗਈ ਹੈ। ਜਿਵੇਂ, ‘ਬਾਹਮਣ ਦੀਆਂ ਗਊਆਂ ਚੁਰਾਉਣ ਵਾਲੇ, ਬਾਂਝ ਗਊ ਨੱਥਣ ਵਾਲੇ ਅਤੇ ਭੇਡ-ਬੱਕਰੀ ਆਦਿ ਡੰਗਰ ਚੁਰਾਉਣ ਵਾਲੇ ਚੋਰ ਦਾ ਤੁਰੰਤ ਅੱਧਾ ਪੈਰ ਕੱਟਵਾ ਦੇਣਾ ਚਾਹੀਦਾ ਹੈ।’ (8/325) ਬਾਕੀ ਦੀਆਂ ਚੀਜ਼ਾਂ ਦੀ ਚੋਰੀ ‘ਤੇ ਵਸਤੂ ਦੀ ਕੀਮਤ ਦਾ ਦੁੱਗਣਾ ਦੰਡ ਲੱਗੇਗਾ, ਇਹ ਚੀਜ਼ਾਂ ਹਨ ਉਨ ਆਦਿ ਦਾ ਧਾਗਾ, ਕਪਾਹ, ਲੂਣ, ਮਿੱਟੀ ਦੇ ਬਰਤਨ, ਮਿੱਟੀ, ਰਾਖ, ਮੱਛੀ, ਪੰਛੀ, ਤੇਲ, ਘਿਉ, ਮਾਸ, ਸ਼ਹਿਦ, ਪਸ਼ੂਆਂ ਦੇ ਚਮੜੇ, ਸਿੰਙ ਆਦਿ ਅਤੇ ਹੋਰ ਘੱਟ ਕੀਮਤ ਦੀਆਂ ਚੀਜ਼ਾਂ, ਅਨੇਕ ਤਰ੍ਹਾਂ ਦੀ ਸ਼ਰਾਬ ਅਤੇ ਭਾਤ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਪਕਵਾਨ ਆਦਿ ਦੀ ਚੋਰੀ ‘ਤੇ ਚੀਜ਼ ਦੀ ਕੀਮਤ ਦਾ ਦੁੱਗਣਾ ਦੰਡ ਲੱਗੇਗਾ।’ (8/326-329) ਨਾਲ ਹੀ ਇਹ ਵੀ ਨਿਯਮ ਹੈ ਕਿ ‘ਚੋਰ ਜਿਸ-ਜਿਸ ਅੰਗ ਨਾਲ ਦੂਸਰੇ ਮਨੁੱਖਾਂ ਦਾ ਧਨ ਚੁਰਾਵੇ, ਰਾਜਾ ਉਸਦਾ ਉਹੀ ਅੰਗ ਕਟਵਾ ਦੇਵੇ ਤਾਂ ਕਿ ਉਹ ਚੋਰੀ ਦੇ ਪਾਪ ਤੋਂ ਬਰੀ ਹੋ ਜਾਵੇ।’ (8/334) ਚੋਰੀ ਦੇ ਗੁਣ ਦੋਸ਼ ਜਾਨਣ ਵਾਲਿਆਂ ਵਿਚੋਂ ਸਭ ਤੋਂ ਸਿਆਣੇ ਬ੍ਰਾਹਮਣ ਨੂੰ ਸਭ ਤੋਂ ਵੱਧ ਦੰਡ ਲਾਇਆ ਗਿਆ ਹੈ। ‘ਚੋਰੀ ਦੇ ਗੁਣ ਦੋਸ਼ਾਂ ਨੂੰ ਜਾਨਣ ਵਾਲੇ ਸ਼ੂਦਰ ਨੂੰ ਚੋਰੀ ਤੋਂ ਅੱਠ ਗੁਣਾ, ਵੈਸ਼ ਨੂੰ ਸੋਲਾਂ ਗੁਣਾ, ਕਸ਼ਤਰੀ ਨੂੰ ਬੱਤੀ ਗੁਣਾ ਅਤੇ ਬ੍ਰਾਹਮਣ ਨੂੰ ਚੌਂਹਠ ਗੁਣਾ ਜਾਂ ਸੌ ਗੁਣਾ ਜਾਂ ਫਿਰ ਇਕ ਸੌ ਅਠਾਈ ਗੁਣਾ ਦੰਡ ਦੇਣਾ ਚਾਹੀਦਾ ਹੈ।’ (8/338) ਕੁੱਝ ਚੀਜਾਂ ਦੀ ਚੋਰੀ ਨੂੰ ਚੋਰੀ ਨਹੀਂ ਮੰਨਿਆ ਗਿਆ। ਇਨ੍ਹਾਂ ਵਿਚ ਨੇ ‘ਵਨਸਪਤੀਆਂ ਦੇ ਫ਼ਲ, ਮੂਲ (ਜੜ੍ਹਾਂ), ਯੱਗ ਦੀ ਅਗਨੀ ਲਈ ਲੱਕੜੀ ਅਤੇ ਗਾਂ ਦੇ ਲਈ ਘਾਹ ਲਿਜਾਣ ਨੂੰ ਮਨੂੰ ਨੇ ਚੋਰੀ ਨਹੀਂ ਮੰਨਿਆ ਹੈ।’ (8/339) ਧੋਬੀ, ਜੁਲਾਹੇ, ਸੁਨਿਆਰੇ, ਮਲਾਹ ਤੇ ਵਪਾਰੀ ਲਈ ਲੈਣ-ਦੇਣ ਦੇ ਕੁਝ ਨਿਯਮ ਬਣਾਏ ਗਏ ਹਨ। ਮੁੱਲ ਰਾਜਾ ਤੈਅ ਕਰਦਾ ਹੈ, ਵਪਾਰੀਆਂ ਸਾਹਮਣੇ ਪੰਜ ਦਿਨ ਜਾਂ ਪੰਦਰਾਂ ਦਿਨਾਂ ਦੇ ਬਾਅਦ।
ਮਨੂੰ ਸਿਮ੍ਰਤੀ ਦੇ ਨੌਵੇਂ ਅਧਿਆਇ ਵਿਚ ਜਾਇਦਾਦ ਦੀ ਵੰਡ ਬਾਰੇ ਲੰਬੀ-ਚੌੜੀ ਚਰਚਾ ਹੋਈ ਹੈ। ਇਥੇ ਇਹ ਦੱਸਣਾ ਹੀ ਕਾਫ਼ੀ ਹੈ ਕਿ ਇਥੇ ਇਕੋ ਵੇਲੇ ਸਾਂਝੇ ਪਰਿਵਾਰ ਦੀ ਪੈਰਵੀ ਵੀ ਕੀਤੀ ਗਈ ਹੈ ਤੇ ਭਰਾਵਾਂ ਦੇ ਵੱਖ ਰਹਿਣ ਨੂੰ ‘ਧਰਮ ਦੀ ਅਭਿਲਾਸ਼ਾ’ ਵੀ ਮੰਨਿਆ ਗਿਆ ਹੈ। ਸਮਾਜ ਪਿਤਰ ਪ੍ਰਧਾਨ ਹੈ ਇਸ ਲਈ ਅਸੀਂ ਦੇਖਿਆ ਹੈ ਕਿ ਪਹਿਲੀ ਔਲਾਦ ਭਾਵੇਂ ਕੁੜੀ ਹੋਵੇ ਪਰ ਉਸਨੂੰ ਜੇਠੀ ਨਹੀਂ ਮੰਨਿਆ ਜਾਂਦਾ, ਪੁੱਤਰ ਛੋਟਾ ਵੀ ਹੋਵੇ ਤਾਂ ਉਹੀ ਜੇਠਾ ਮੰਨਿਆ ਜਾਵੇਗਾ। ਇਸੇ ਨਿਯਮ ਅਨੁਸਾਰ ਜਾਇਦਾਦ ਦੀ ਵੰਡ ਵੀ ਕੀਤੀ ਗਈ ਹੈ। ‘ਜੇਠਾ ਭਰਾ ਹੀ ਪਿਓ ਦਾ ਸਾਰਾ ਧੰਨ ਗ੍ਰਹਿਣ ਕਰੇ ਤੇ ਦੂਜੇ ਭਰਾ ਵੱਡੇ ਭਰਾ ਅਧੀਨ ਉਸੇ ਤਰ੍ਹਾਂ ਰਹਿਣ ਜਿਵੇਂ ਪਿਤਾ ਦੇ ਅਧੀਨ ਰਹਿੰਦੇ ਸਨ।’ (9/105)
‘ਸਾਰੇ ਭਰਾ ਇਸ ਤਰ੍ਹਾਂ ਮਿਲ ਕੇ ਰਹਿਣ ਅਤੇ ਧਰਮ ਅਨੁਸਾਰ ਵੱਖ-ਵੱਖ ਰਹਿਣ। ਵੱਖ ਰਹਿਣ ਨਾਲ ਧਰਮ ਵਿਚ ਵਾਧਾ ਹੁੰਦਾ ਹੈ, ਇਸ ਲਈ ਵੱਖ ਰਹਿਣਾ ਧਰਮ ਅਨੁਸਾਰ ਹੈ।’ (9/111) ਬ੍ਰਹਿਸਪਤੀ ਦਾ ਕਥਨ ਹੈ, ‘ਸਾਰੀ ਜਾਇਦਾਦ ਦਾ ਵੀਹਵਾਂ ਹਿੱਸਾ ਅਤੇ ਸਭ ਤੋਂ ਸ੍ਰੇਸ਼ਟ ਚੀਜ਼ ਜੇਠੇ ਪੁੱਤਰ ਨੂੰ ਮਿਲੇ, ਵਿਚਕਾਰਲੇ ਨੂੰ ਚਾਲੀਵਾਂ ਅਤੇ ਛੋਟੇ ਨੂੰ ਅੱਸੀਵਾਂ ਹਿੱਸਾ ਮਿਲੇਗਾ। ਬਾਕੀਆਂ ਵਿਚ ਬਚਦਾ ਹਿੱਸਾ ਬਰਾਬਰ-ਬਰਾਬਰ ਵੰਡਿਆ ਜਾਣਾ ਚਾਹੀਦਾ ਹੈ।’ (9/112) ਗ਼ੈਰ-ਬਰਾਬਰੀ ਦੀ ਇਹੀ ਉਦਾਹਰਣ ਕਾਫ਼ੀ ਹੈ, ਬਾਕੀ ਮਨੂੰ ਸਿਮ੍ਰਤੀ ਦਾ ਨੌਵਾਂ ਅਧਿਅਇ ਪੜ੍ਹ ਲੈਣਾ ਚਾਹੀਦਾ ਹੈ।
ਮਨੂੰ ਸਿਮ੍ਰਤੀ ਵਿਚ ਜੂਆ ਖੇਡਣਾ ਵਰਜਿਤ ਹੈ। ‘ਜੋ ਆਦਮੀ ਛੁਪ ਕੇ ਜਾਂ ਸਾਹਮਣੇ ਜੂਆ ਖੇਡੇ, ਉਸਦਾ ਦੰਡ ਰਾਜੇ ਦੀ ਇੱਛਾ ਅਨੁਸਾਰ ਹੁੰਦਾ ਹੈ।’ (9/228) ‘ਕਸ਼ਤਰੀ, ਵੈਸ਼ ਅਤੇ ਸ਼ੂਦਰ ਜੇਕਰ ਦੰਡ ਭਰਨ ਵਿਚ ਅਸਮਰੱਥ ਹੋਣ ਤਾਂ ਰਾਜਾ ਉਨ੍ਹਾਂ ਤੋਂ ਯੋਗ ਕੰਮ ਕਰਾ ਕੇ ਦੰਡ ਭੁਗਤਾ ਲਵੇ। ਪਰ ਬ੍ਰਾਹਮਣ ਤੋਂ ਥੋੜ੍ਹਾ-ਥੋੜ੍ਹਾ ਦੰਡ ਦਾ ਧੰਨ ਵਸੂਲ ਕਰੇ।’ (9/229) ਇਕ ਥਾਂ ਜੁਆਰੀ ਨੂੰ ਦੇਸ਼ ਨਿਕਾਲੇ ਦਾ ਆਦੇਸ਼ ਵੀ ਹੈ। (9/225) ਜੂਏਬਾਜਾਂ ਦੇ ਨਾਲ-ਨਾਲ ਹੱਥ ਦੀਆਂ ਰੇਖਾਵਾਂ ਦੇਖਣ ਵਾਲਿਆਂ, ਅਸਿਖਿਅਤ ਵੈਦਾਂ ਤੇ ਚੰਗੇ ਕਪੜੇ ਪਾਉਣ ਵਾਲੇ ਪਰ ਗੁਪਤ ਵਿਚਰਨ ਵਾਲੇ ਸ਼ੂਦਰ ਨੂੰ ਮਨੂੰ ਸਿਮ੍ਰਤੀ ਲੋਕ ਵਿਰੋਧੀ-ਲੋਕ ਕੰਟਕ ਮੰਨਦੀ ਹੈ। ‘ਰਿਸ਼ਵਤ ਲੈਣ ਵਾਲੇ, ਡਰ ਦਿਖਾ ਕੇ ਧੰਨ ਲੁੱਟਣ ਵਾਲੇ, ਵਧੀਆ ਪਹਿਰਾਵੇ ਹੇਠ ਪਾਪ ਛੁਪਾ ਕੇ ਧਨ ਲੈਣ ਵਾਲੇ, ਹੱਥ ਦੀਆਂ ਰੇਖਾਵਾਂ ਦੇਖ ਕੇ ਸ਼ੁੱਭ-ਅਸ਼ੁੱਭ ਫਲ ਦੱਸਣ ਵਾਲੇ, ਅਸਿਖਿਅਤ ਮਹਾਵਤ (ਹਾਥੀ ਸਾਧਣ ਵਾਲੇ), ਅਸਿਖਿਅਤ ਵੈਦ, ਸ਼ਿਲਪ ਤੋਂ ਜੀਵਕਾ ਕਮਾਉਣ ਵਾਲੇ, ਧੰਨ ਉਡਾਉਣ ਵਾਲੀ ਵੇਸਵਾ, ਚੰਗੇ ਕਪੜਿਆਂ ਵਿਚ ਲੁਕ ਕੇ ਵਿਚਰਦੇ ਸ਼ੂਦਰਾਂ ਨੂੰ ਲੋਕ ਵਿਰੋਧੀ (ਲੋਕ-ਕੰਟਕ) ਮੰਨਿਆ ਜਾਣਾ ਚਾਹੀਦਾ ਹੈ। (9/258-260)
ਨੌਵੇਂ ਅਧਿਆਇ ਦੇ ਆਖਿਰ ਵਿਚ ਅਨੇਕਾਂ ਅਪਰਾਧਾਂ ਲਈ ਵੱਖ-ਵੱਖ ਅੰਗ ਕਟਵਾਉਣ ਤੇ ਮੌਤ ਤਕ ਦਾ ਦੰਡ ਹੈ। ਇਥੇ ਹੀ ਜੱਲਾਦ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ ਦਾ ਵਚਿੱਤਰ ਨਿਰਦੇਸ਼ ਵੀ ਹੈ। ‘ਜੋ ਲੋਕ ਰਾਤ ਨੂੰ ਡਾਕਾ ਮਾਰਦੇ ਹਨ, ਰਾਜਾ ਉਨ੍ਹਾਂ ਦੇ ਦੋਵੇਂ ਹੱਥ ਕਟਵਾ ਕੇ ਪੈਨੀ ਸੂਲੀ ‘ਤੇ ਚੜ੍ਹਾ ਦੇਵੇ।’ (9/276) ‘ਜੋ ਲੋਕ ਗੱਠ ਕੱਟਕੇ ਚੋਰੀ ਕਰਦੇ ਹਨ, ਉਨ੍ਹਾਂ ਦਾ ਪਹਿਲੀ ਵਾਰ ਅੰਗੂਠਾ ਅਤੇ ਚੀਚੀ ਕਟਵਾ ਦੇਵੇ, ਦੂਸਰੀ ਵਾਰ ਪੈਰ ਕਟਵਾ ਦੇਵੇ ਅਤੇ ਤੀਸਰੀ ਵਾਰ ਉਸਨੂੰ ਮੌਤ ਦਾ ਦੰਡ ਮਿਲੇ।’ (9/277) ਹੋਰ ਵਿਸਤਾਰ ਲਈ ਮੰਨੂੰ ਸਿਮ੍ਰਤੀ ਪੜ੍ਹੀ ਜਾ ਸਕਦੀ ਹੈ।
ਜੱਲਾਦ ਬਾਰੇ ਮਨੂੰ ਸਿਮ੍ਰਤੀ ਲਿਖਦੀ ਹੈ। ‘ਰਾਜੇ ਦੀ ਆਗਿਆ ਨਾਲ ਜੱਲਾਦ, ਰਾਜ ਚਿੰਨ ਧਾਰਣ ਕਰਕੇ, ਕੰਮ ਕਰਨ ਲਈ ਦਿਨੇਂ ਏਧਰ-ਓਧਰ ਚੱਕਰ ਲਾਉਂਦੇ ਰਹਿਣ। ਲਾਵਾਰਸ ਲਾਸ਼ਾਂ ਨੂੰ ਸ਼ਮਸ਼ਾਨ ਪਹੁੰਚਾਉਣਾ ਉਨ੍ਹਾਂ ਲਈ ਸ਼ਾਸਤਰ ਦੀ ਮਰਿਆਦਾ ਹੈ।’ (10/55) ਸ਼ਾਸਤਰ ਅਨੁਸਾਰ ਰਾਜਾ ਦੀ ਆਗਿਆ ਨਾਲ ਮੌਤ ਦੀ ਸਜ਼ਾ ਵਾਲਿਆਂ ਨੂੰ ਸੂਲੀ ‘ਤੇ ਚੜ੍ਹਾਉਣ, ਮਰੇ ਅਪਰਾਧੀਆਂ ਦੇ ਕੱਪੜੇ ਵਿਛਾਉਣੇ ਅਤੇ ਗਹਿਣੇ ਆਦਿ ਜੱਲਾਦ ਆਪ ਰੱਖ ਲੈਣ।’ (10/56) ਸਜ਼ਾਵਾਂ ਦੇਣ ਦੇ ਮਾਮਲੇ ਵਿਚ ਮੰਨੂੰ ਸਿਮ੍ਰਤੀ ਬਰਬਰ ਸਮਾਜ ਦੀ ਪ੍ਰਤੀਨਿਧਤਾ ਕਰਦੀ ਹੈ।
ਆਰੀਆ ਕਿਉਂਕਿ ਪਸ਼ੂ ਪਾਲਕ ਸਨ ਇਸ ਲਈ ਉਨ੍ਹਾਂ ਲਈ ਪਸ਼ੂ ਧਨ ਹੀ ਸਭ ਕੁੱਝ ਸੀ। ਇਨ੍ਹਾਂ ਬਾਰੇ ਪਹਿਲਾਂ ਅਸੀਂ ਜਾਣ ਚੁੱਕੇ ਹਾਂ। ਪਰ ਖੇਤੀ ਬਾਰੇ ਮਨੂੰ ਸਿਮ੍ਰਤੀ ਦੇ ਵਿਚਾਰ ਬੜੇ ਦਕਿਆਨੂਸੀ ਹਨ। ਖੇਤੀਬਾੜੀ ਨੂੰ ‘ਸੱਜਣਾਂ ਨੇ ਨਿੰਦਿਤ ਕਿਹਾ ਹੈ’ ਇਹ ਸੱਜਣ ਆਰੀਆ ਬ੍ਰਾਹਮਣ ਹੀ ਹਨ ਜਿਨ੍ਹਾਂ ਦੇ ਆਉਣ ਤੋਂ ਪਹਿਲਾਂ ਖੇਤੀ ਆਮ ਕੀਤੀ ਜਾਂਦੀ ਸੀ। ‘ਕੋਈ ਖੇਤੀ ਦੀ ਪ੍ਰਸ਼ੰਸਾ ਕਰਦੇ ਹਨ, ਫਿਰ ਵੀ ਸੱਜਣਾਂ ਨੇ ਇਸਨੂੰ ਨਿੰਦਿਤ ਕਿਹਾ ਹੈ, ਕਿਉਂਕਿ ਲੋਹ-ਮੂੰਹਾਂ ਹਲ ਧਰਤੀ ਤੇ ਧਰਤੀ ਵਿਚ ਸੌਣ ਵਾਲੇ ਜੀਵਾਂ ਨੂੰ ਨਸ਼ਟ ਕਰ ਦਿੰਦਾ ਹੈ।’ (10/84) ਬ੍ਰਾਹਮਣ, ਕਸ਼ਤਰੀ ਜਦੋਂ ਆਪਣੀ ਕਮਾਈ (ਪੜ੍ਹਨ-ਪੜ੍ਹਾਉਣ ਤੇ ਯੁੱਧ ਲੜਨ ਆਦਿ) ਤੋਂ ਭ੍ਰਿਸ਼ਟ ਹੋ ਜਾਣ ਤਾਂ ਆਪਣੀ ਧਰਮ ਨਿਸ਼ਠਾ ਨੂੰ ਛੱਡ ਕੇ ‘ਨਿਖਿੱਧ ਚੀਜ਼ਾਂ’ ਨੂੰ ਛੱਡ ਕੇ ਵੈਸ਼ ਦੇ ਵੇਚਣ ਦੇ ਯੋਗ ਧੰਨ ਵਧਾਉਣ ਵਾਲੀਆਂ ਵਸਤਾਂ ਨੂੰ ਵੇਚ ਕੇ ਆਪਣੀ ਗੁਜ਼ਰ-ਬਸਰ ਕਰਨ।’ (10/85) ਨਖਿੱਧ ਉਪਜਾਂ ਦੀ ਸੂਚੀ ਬੜੀ ‘ਮਨੋਰੰਜਕ’ ਹੈ। ਇਹ ਹਨ ‘ਸਬਰਸ ਤਿਲ, ਪਕਵਾਨ, ਲੂਣ ਅਤੇ ਮਨੁੱਖਾਂ ਲਈ ਉਪਕਾਰੀ ਪਸ਼ੂਆਂ ਦਾ ਤਿਆਗ ਕਰੇ।’ (10/86) ‘ਸਭ ਤਰ੍ਹਾਂ ਦੇ ਰੰਗੇ ਹੋਏ ਕਪੜੇ, ਸਣ, ਰੇਸ਼ਮ, ਉੱਨ ਦੇ, ਰੰਗੇ ਜਾਂ ਬਿਨਾਂ ਰੰਗੇ ਕੱਪੜੇ ਅਤੇ ਫ਼ਲ, ਮੂਲ ਅਤੇ ਦਵਾਈਆਂ ਦਾ ਵੇਚਣਾ ਵੀ ਤਿਆਗ ਦੇਵੇ।’ (10/87) ‘ਪਾਣੀ, ਸ਼ਸਤਰ, ਜ਼ਹਿਰ, ਮਾਸ, ਸੋਮ ਰਸ, ਹਰ ਤਰ੍ਹਾਂ ਦੀਆਂ ਸੁਗੰਧਿਤ ਵਸਤੂਆਂ, ਦੁੱਧ, ਮੋਮ, ਘਿਉ, ਤੇਲ, ਸ਼ਹਿਦ, ਗੁੜ ਅਤੇ ਘਾਹ (ਕੁਸ਼) ਇਨ੍ਹਾਂ ਸਭ ਦਾ ਵੇਚਣਾ ਤਿਆਗ ਦੇਵੇ।’ (10/88) ‘ਸਭ ਤਰ੍ਹਾਂ ਦੇ ਜੰਗਲੀ ਪਸ਼ੂ, ਦਾੜ੍ਹ ਵਾਲੇ ਜਾਨਵਰ, ਪੰਛੀ, ਨੀਲ, ਨਸ਼ੇ ਵਾਲੀਆਂ ਚੀਜ਼ਾਂ, ਲਾਖ ਅਤੇ ਖੁਰ ਵਾਲੇ ਪਸ਼ੂ ਇਨ੍ਹਾਂ ਦਾ ਵੇਚਣਾ ਵੀ ਛੱਡ ਦੇਵੇ।’ (10/89) ‘ਕਿਸਾਨ ਆਪਣੀ ਖੇਤੀ ਵਿਚ ਦੂਸਰੇ ਅੰਨ ਨਾਲ ਤਿਲ ਪੈਦਾ ਕਰਕੇ ਯੱਗ ਲਈ ਵੱਢਦੇ ਸਾਰ ਵੇਚ ਦੇਵੇ। ਬ੍ਰਾਹਮਣ, ਕਸ਼ਤਰੀ ਵੀ ਖੇਤੀ ਕਰਨ ਲੱਗੇ ਹੋਣ ਤਾਂ ਉਨ੍ਹਾਂ ਨੂੰ ਵੀ ਧਰਮ ਲਈ (ਯੱਗ ਲਈ) ਤਿਲ ਵੇਚਣਾ ਭੈੜਾ ਨਹੀਂ ਹੈ।’ (10/90) ‘ਤਿਲਾਂ ਦੀ ਵਰਤੋਂ ਖਾਣ, ਵੱਟਣਾ ਲਾਉਣ ਅਤੇ ਦਾਨ ਲਈ ਹੀ ਹੋਣੀ ਚਾਹੀਦੀ ਹੈ। ਜੋ ਇਸਤੋਂ ਹੱਟ ਕੇ ਹੋਰ ਤਰ੍ਹਾਂ ਵਰਤੋਂ ਕਰਦਾ ਹੈ ਤਾਂ ਉਹ ਕੀੜਾ ਬਣ ਕੇ ਆਪਣੇ ਪਿਤਰਾਂ ਸਹਿਤ ਕੁੱਤਿਆਂ ਦੇ ਗੰਦ ਵਿਚ ਡੁੱਬਦਾ ਹੈ।’ (10/91) ਦੁੱਧ, ਘਿਓ ਵੇਚਣ ‘ਤੇ ਪਾਬੰਦੀ ਜਾਂ ਟੈਬੂ ਵੀਹਵੀਂ ਸਦੀ ਤੱਕ ਰਿਹਾ ਹੈ। ਹੋਰਨਾਂ ਵਸਤਾਂ ‘ਤੇ ਪਾਬੰਦੀ ਦਾ ਕੋਈ ਤਰਕ ਨਹੀਂ ਸਿਵਾਇ ਤਿਲਾਂ ਦੇ ਕਿਉਂਕਿ ਇਹ ਯੱਗ ਲਈ ਰਾਖਵੇਂ ਕਰ ਦਿੱਤੇ ਗਏ ਸਨ। ਹਮਲਾਵਰਾਂ ਦੇ ਆਉਣ ਨਾਲ ਇਹ ਪਾਬੰਦੀਆਂ ਸਮਾਪਤ ਹੋ ਜਾਂਦੀਆਂ ਹਨ। ਖਾਸ ਤੌਰ ‘ਤੇ ਬਾਜ਼ਾਰ/ਮੰਡੀ ਆਉਣ ਨਾਲ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਰਹੀ। ਹਰ ਵਸਤੂ ਵਿਕਣਯੋਗ ਬਣ ਗਈ ਹੈ।
ਮਨੂੰ ਸਿਮ੍ਰਤੀ ਦੇ ਬਾਰਾਂ ਅਧਿਆਵਾਂ ਦੇ ਅਧਾਰ ‘ਤੇ ਅਸੀਂ ਗ਼ੈਰ-ਬਰਾਬਰੀ ਦੇ ਮੁੱਦਿਆਂ ਦੀ ਬੜੀ ਡੂੰਘਾਈ ਵਿਚ ਜਾ ਕੇ ਤੇ ਬਰੀਕੀ ਵਿਚ ਪੁਣਛਾਣ ਕੀਤੀ ਹੈ। ਘੱਟੋ-ਘੱਟ ਪੰਜਾਬੀ ਵਿਚ ਤਾਂ ਐਨੀ ਬਾਰੀਕੀ ਨਾਲ ਮਨੂੰ ਸਿਮ੍ਰਤੀ ਨੂੰ ਪੜ੍ਹਿਆ, ਪੜ੍ਹਾਇਆ ਨਹੀਂ ਗਿਆ ਹੈ। ਖੱਬੇ ਪੱਖੀ ਵਿਚਾਰਧਾਰਾ ਵਿਚ ਵੀ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਦੂਰ ਤੱਕ ਨਹੀਂ ਛੋਹਿਆ ਗਿਆ। ਮੈਂ ਧੰਨਵਾਦੀ ਹਾਂ ‘ਸੰਗਰਾਮੀ ਲਹਿਰ’ ਦੇ ਸੰਪਾਦਕੀ ਮੰਡਲ ਦਾ ਜਿਸਨੇ ਮੇਰੇ ਲਿਖੇ ਹਰੇਕ ਲੇਖ ਨੂੰ ਮੈਗਜ਼ੀਨ ਵਿਚ ਥਾਂ ਦਿੱਤੀ। ਇਸੇ ਕਾਰਣ ਹੀ ਮੈਂ ਇਸ ਖੋਜ ਕਾਰਜ ਨੂੰ ਅੰਜਾਮ ਤੱਕ ਪਹੁੰਚਾ ਸਕਿਆ ਹਾਂ। ਸ਼ੂਦਰ, ਔਰਤ, ਨਾਸਤਕ, ਸ਼ਿਸ਼ ਅਤੇ ਬ੍ਰਾਹਮਣ ਦੀ ਸਰਵ ਉੱਚਤਾ ਅਤੇ ਕਸ਼ਤਰੀ ਦੀ ਤਾਜਪੋਸ਼ੀ ਦਾ ਮੈਂ ਸਮਾਜ ਸ਼ਾਸਤਰੀ ਦ੍ਰਿਸ਼ਟੀ ਅਤੇ ਮਾਰਕਸਵਾਦੀ/ਵਿਰੋਧ ਵਿਕਾਸੀ ਸਿਧਾਂਤ ਦੇ ਅਧਾਰ ‘ਤੇ ਵਿਸ਼ਲੇਸ਼ਣ ਕੀਤਾ ਹੈ। ਪਰ ਕਿਉਂਕਿ ਇਸ ਦ੍ਰਿਸ਼ਟੀ ਤੋਂ ਵੀ ਬਹੁਤ ਕੁੱਝ ਸਾਹਮਣੇ ਨਹੀਂ ਆਇਆ ਇਸ ਲਈ ਖਾਲੀ ਥਾਵਾਂ ਮੈਂ ਆਪ ਭਰਨ ਦਾ ਯਤਨ ਕੀਤਾ ਹੈ। ਮੈਂ ਆਪਣੇ ਯਤਨ ਵਿਚ ਕਿੰਨਾ ਕੁ ਕਾਮਯਾਬ ਹੋਇਆ ਹਾਂ ਇਸਦਾ ਨਿਰਣਾ ਉਹੀ ਵਿਦਵਾਨ ਪਾਠਕ ਕਰਨਗੇ, ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਮੈਂ ਇਸ ਕੰਮ ਨੂੰ ਸਿਰੇ ਚੜ੍ਹਾਇਆ ਹੈ।
ਇਨ੍ਹਾਂ ਉਪਰੋਕਤ ਵਿਸ਼ਲੇਸ਼ਿਤ ਕੀਤੇ ਵਿਸ਼ਿਆਂ ਤੋਂ ਇਲਾਵਾ ਮੰਨੂੰ ਸਿਮ੍ਰਤੀ ਵਿਚ ਅਨੇਕ ਹੋਰ ਵਿਸ਼ੇ ਹਨ, ਜਿਨ੍ਹਾਂ ਦਾ ਕੇਵਲ ਇਤਿਹਾਸਕ ਮੁੱਲ ਹੈ ਜਾਂ ਫਿਰ ਅਕਾਦਮਿਕ। ਜਿਵੇਂ ਰਿਸ਼ਤੇ-ਨਾਤਿਆਂ ਦਾ ਨਿਭਾਅ, ਧਰਮ ਦੇ ਦਸ ਲੱਛਣ, ਦਸ ਦੋਸ਼, ਸਤਿਕਾਰ, ਰੱਖਿਆ, ਵਿਕਾਰ, ਨਾਪਤੋਲ, ਸੀਮਾ ਨਿਰਧਾਰਣ ਦੇ ਨਿਯਮ, ਧਰਮ ਅਨੁਕੂਲ ਸੱਤ ਧੰਨ, ਪ੍ਰਾਸ਼ਚਿਤ ਲਈ ਵਰਤ ਆਦਿ ਵਿਸ਼ਿਆਂ ‘ਤੇ ਵੱਖਰੀ ਵਿਚਾਰ ਕੀਤੀ ਜਾ ਸਕਦੀ ਹੈ।