Now Reading
ਸੰਪਾਦਕੀ : ਵਿਤੀ ਪੂੰਜੀ ‘ਤੇ ਫਿਰਕੂ-ਫਾਸ਼ੀਵਾਦੀ ਨੂੰ ਭਾਂਜ ਦੇਣ ਲਈ ਜੂਝਣ ਦੇ ਪ੍ਰਣ ਨਾਲ-ਨਵੇਂ ਵਰ੍ਹੇ ਦਾ ਸਵਾਗਤ ਕਰੋ

ਸੰਪਾਦਕੀ : ਵਿਤੀ ਪੂੰਜੀ ‘ਤੇ ਫਿਰਕੂ-ਫਾਸ਼ੀਵਾਦੀ ਨੂੰ ਭਾਂਜ ਦੇਣ ਲਈ ਜੂਝਣ ਦੇ ਪ੍ਰਣ ਨਾਲ-ਨਵੇਂ ਵਰ੍ਹੇ ਦਾ ਸਵਾਗਤ ਕਰੋ


ਸਮਿਆਂ ਦਾ ਕੁਝ ਕਰਜ਼ਾ ਲਾਹ ਕੇ ਤੇ ਜ਼ਿੰਮੇਵਾਰੀਆਂ ਦਾ ਭਾਰ ਹੌਲਾ ਕਰਕੇ 21ਵੀਂ ਸਦੀ ਦੇ ਤੀਜੇ ਦਹਾਕੇ ਦੇ ਪਹਿਲੇ ਸਾਲ ‘ਚ ਦਾਖਲ ਹੋ ਰਹੇ ਹਾਂ, ਨਵੇਂ ਸਾਲ ਨੂੰ ਜੀ ਆਇਆਂ ਆਖਣ, ਸੰਸਾਰ ਭਰ ਦੇ ਜੂਝਦੇ ਲੋਕਾਂ ਨੂੰ ਮੁਬਾਰਕਾਂ ਦੇਣ ਤੇ ਨਵੇਂ ਸਫਰ ਦੀਆਂ ਤਿਆਰੀਆਂ ‘ਚ ਰੁੱਝ ਜਾਣ ਦੇ ਵਾਅਦਿਆਂ ਨਾਲ। ਨਵੇਂ ਜੋਸ਼, ਨਵੇਕਲੀ ਹੋਸ਼ ਤੇ ਮੁਕਾਮ ਤੇ ਪੁੱਜਣ ਲਈ ਕੁਰਬਾਨ ਹੋ ਜਾਣ ਦੀ ਕੋਈ ਵੀ ਇਬਾਰਤ ਲਿਖਣ ਦੇ ਅਟੱਲ ਇਰਾਦਿਆਂ ਨਾਲ। ਹਰ ਨਵੇਂ ਸਾਲ ‘ਚ ਦਾਖਲ ਹੋਣ ਸਮੇਂ ਕੁਝ ਰਵਾਇਤੀ ਜਿਹਾ ਜ਼ਰੂਰ ਕਿਹਾ ਜਾਂਦਾ ਹੈ, ”ਹੈਪੀ ਨਿਊ ਈਅਰ”, ਪਰ ਇਸ ਵਾਰ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਬੁੱਧੀਜੀਵੀਆਂ, ਕਲਾਕਾਰਾਂ, ਵਿਦਿਆਰਥੀਆਂ, ਵਿਉਪਾਰੀਆਂ ਕੋਲ ਸੱਚਮੁੱਚ ਬਹੁਤ ਕੁਝ ਨਵਾਂ ਕਹਿਣ ਲਈ ਹੈ ਨਵੇਂ ਸਾਲ ਨੂੰ! ਬੀਤੇ ਵਰ੍ਹੇ ਅੰਦਰ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਕਾਨੂੰਨ 2020 ਵਿਰੁੱਧ ਪੰਜਾਬ ਦੀ ਧਰਤੀ ਤੋਂ ਉਠੀ ਕਿਸਾਨ ਲਹਿਰ, ਜਿਸ ਨੇ ਸਮੁੱਚੇ ਦੇਸ਼ ਤੇ ਕੁਲ ਲੋਕਾਈ ਨੂੰ ਆਪਣੇ ਕਲਾਵੇ ‘ਚ ਲੈ ਲਿਆ ਹੈ, ਇਸ ਸ਼ਾਨਾਮੱਤੀ ਲਹਿਰ ਦਾ ਰੰਗ ਹਰ ਪਲ-ਹਰ ਦਿਨ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ। ਲਾਲ, ਕੇਸਰੀ, ਹਰਾ, ਨੀਲਾ ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੀ ਭਾ ਮਾਰਦਾ। ਇਸ ਤਰ੍ਹਾਂ ਜਿਵੇਂ ਅਸਮਾਨ ਉਤੇ ਸਤਰੰਗੀ ਪੀਂਘ ਉਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਫੈਲ ਗਈ ਹੋਵੇ, ਤੇ ਹਰ ਰੰਗ; ਨਵੀਂ ਖੁਸ਼ਬੂ, ਨਵਾਂ ਸੁਨੇਹਾ ਤੇ ਨਵੀਂ ਉਮੰਗ ਦੀ ਤਰਜ਼ਮਾਨੀ ਕਰ ਰਿਹਾ ਹੋਵੇ! ਹਾਕਮਾਂ ਨੇ ਇਸ ਰੰਗ-ਬਰੰਗੀ ਪੀਂਘ ਨੂੰ ਬਿਖੇਰਨ ਦਾ ਬਹੁਤ ਯਤਨ ਕੀਤਾ। ਹਰ ਕੋਝਾ ਕਾਰਾ ਆਜ਼ਮਾਇਆ। ਸਭ ਕੁਫ਼ਰ ਤੋਲਿਆ। ਕਦੀ ਲਾਲ ਰੰਗ ਨੂੰ ਮਾਓਵਾਦੀਆਂ ਤੇ ਨਕਸਲਬਾੜੀ ਦਾ ਪ੍ਰਤੀਕ ਕਹਿ ਕੇ ਡਰਾਇਆ ਗਿਆ, ਕਦੀ ਕੇਸਰੀ ਰੰਗ ਨੂੰ ਖਾਲਿਸਤਾਨੀ ਦੱਸ ਕੇ ਭਰਾਵਾਂ-ਭਰਾਵਾਂ ‘ਚ ਫਿਰਕੂ ਅਧਾਰ ‘ਤੇ ਤ੍ਰੇੜਾਂ ਪਾਉਣ ਦੀ ਘ੍ਰਿਣਾਯੋਗ ਹਰਕਤ ਕੀਤੀ। ਹਰੇ ਰੰਗ ਨੂੰ ‘ਟੁਕੜੇ-ਟੁਕੜੇ’ ਗੈਂਗ ਪ੍ਰਚਾਰ ਕੇ ਅਸ਼ਫ਼ਾਕਉੱਲਾ ਦੀ ਸ਼ਾਨਾਮੱਤੀ ਵਿਰਾਸਤ ਉਪਰ ਉਂਗਲੀ ਉਠਾਉਣ ਦੀ ਹਮਾਕਤ ਵੀ ਕੀਤੀ ਗਈ। ਨੀਲੇ ਰੰਗ ਦਾ, ਭਾਜਪਾ ਸਾਂਸਦ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਇਸ਼ਾਰਿਆਂ ਰਾਹੀਂ ਇਹ ਕਹਿ ਕੇ ਨਿਰਾਦਰ ਕਰਨ ਦਾ ਹੀਆਂ ਕੀਤਾ ਕਿ ”ਸ਼ੂਦਰ ਕਹਿਣ ‘ਤੇ ਸ਼ੂਦਰ ਕਿਉਂ ਭੜਕ ਉਠਦਾ ਹੈ? ਜਦਕਿ ਬਾਕੀ ਵਰਣਾਂ ਦੇ ਲੋਕ ਆਪਣੀ ਜਾਤੀ ‘ਤੇ ਮਾਣ ਕਰਦੇ ਹਨ?”


ਦੇਸ਼ ਦੇ ਆਜ਼ਾਦੀ ਅੰਦੋਲਨ ਨਾਲ ਗੱਦਾਰੀ ਕਰਨ ਵਾਲਾ ਤੇ ਅੰਗਰੇਜੀ ਸਾਮਰਾਜ ਦਾ ਮੱਕਾਰ ਸੇਵਾਦਾਰ, ਸੰਘ ਪਰਿਵਾਰ ਕੀ ਸਮਝੇ ਕਿ ਲਾਲ ਰੰਗ ‘ਚ ਸ਼ਹੀਦ ਸਰਾਭੇ ਤੇ ਭਗਤ ਸਿੰਘ ਦੇ ਵਿਚਾਰਾਂ ਦਾ ਵਾਸਾ ਹੈ! ਕੇਸਰੀ ਰੰਗ ਸਰਹੰਦ ਦੇ ਠੰਡੇ ਬੁਰਜ ‘ਚ ਸਤਿਕਾਰਯੋਗ ਦਾਦੀ ਜੀ ਦੇ ਨੰਨ੍ਹੇ ਦੋ ਪੋਤਰਿਆਂ ਦੇ ਸਿਦਕ ਦੀ ਝਲਕ ਹੈ, ਜਿਸ ਦਾ ਜਲੌਅ ਨੀਹਾਂ ‘ਚ ਚਿਣੇ ਜਾਣ ਸਮੇਂ ਉਨ੍ਹਾਂ ਦੇ ਚਿਹਰਿਆਂ ‘ਤੇ ਦਿਖਾਈ ਦਿੱਤਾ ਸੀ ਤੇ ਜੋ ਅੱਜ ਵੀ ਜਬਰ ਵਿਰੁੱਧ ਜੂਝਣ ਦੀ ਪ੍ਰੇਰਣਾ ਬਖਸ਼ਦਾ ਹੈ। ਹਰਾ ਰੰਗ, ਜਿਸ ਵਿਰੁੱਧ ਸੰਘੀ ਤੱਤਾਂ ਦੇ ਮਨਾਂ ਅੰਦਰ ਡੂੰਘੀ ਨਫਰਤ ਹੈ, ਉਹ ਜਲ੍ਹਿਆਂ ਵਾਲੇ ਬਾਗ ਦੀ ਸਾਂਝ ਅਤੇ ਸਮੂਹਿਕ ਸ਼ਹਾਦਤ ਦਾ ਸੂਚਕ ਹੈ, ਜਿਥੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੇ ਛਾਤੀਆਂ ਤਾਣ ਕੇ ਡਾਇਰ ਦੀਆਂ ਗੋਲੀਆਂ ਦਾ ਮੂੰਹ ਭੰਨਿਆ ਸੀ ਤੇ ਨੀਲਾ ਰੰਗ ਉਸ ਸਮਾਜਿਕ ਇਨਕਲਾਬ ਦਾ ਸੂਚਕ ਹੈ, ਜਿਸਦੀ ਨੀਂਹ ਬਾਬੇ ਨਾਨਕ ਨੇ 550 ਸਾਲ ਪਹਿਲਾਂ ਰੱਖੀ ਤੇ ਬੀਤੀ ਸਦੀ ‘ਚ ਉਸੇ ਨਿਸ਼ਾਨੇ ਦੀ ਪੂਰਤੀ ਲਈ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ।


2021 ਦਾ ਨਵਾਂ ਸਾਲ ਆਪਣੀ ਝੋਲੀ ‘ਚ ਬੀਤੇ ਸਾਲ ਦੇ ਕਿਸਾਨ ਸੰਘਰਸ਼ ਦਾ ਖ਼ਜ਼ਾਨਾ ਲੈ ਕੇ ਆਇਆ ਹੈ, ਜੋ ਪੰਜਾਬ ਦੇ ਖੇਤਾਂ, ਸੜਕਾਂ, ਰੇਲਵੇ ਲਾਈਨਾਂ ਉਪਰ ਨੰਗੇ ਪੈਰੀਂ ਚਲਦਾ ਹੋਇਆ ਦਿੱਲੀ ਤਖਤ ਵੱਲ ਨੂੰ ਆਪਣਾ ਦਰਦ ਦੱਸਣ ਵਾਸਤੇ ਵਹੀਰਾਂ ਘੱਤ ਕੇ ਚਲ ਨਿਕਲਿਆ। ਉਨ੍ਹਾਂ ਦੇ ਸੰਗ ਹਰਿਆਣੇ, ਪੱਛਮੀ ਯੂ.ਪੀ., ਉਤਰਾਖੰਡ, ਰਾਜਸਥਾਨ ਤੇ ਸਾਰੇ ਦੇਸ਼ ਦੇ ਹਮਜੋਲੀ ਮਿਲਦੇ ਗਏ। ਮਜ਼ਦੂਰ, ਨੌਜਵਾਨ, ਔਰਤਾਂ, ਦੁਕਾਨਦਾਰ, ਪਾੜ੍ਹੇ, ਵਿਉਪਾਰੀ, ਬੁਧੀਜੀਵੀ ਸੱਭੇ ਦਿੱਲੀ ਵੱਲ ਨੂੰ ਹੋ ਨਿਕਲੇ ਆਪਣੇ ਹਮਸਾਇਆਂ ਸੰਗ। ਪਤਾ ਹੀ ਨਹੀਂ ਸੀ, ”ਜੈ ਜਵਾਨ ਜੈ ਕਿਸਾਨ” ਦੇ ਫ਼ਰੇਬੀ ਨਾਅਰੇ ਲਾਉਣ ਵਾਲੀ ”ਦਿੱਲੀ ਦੇ ਤਖ਼ਤ” ‘ਤੇ ਕਾਬਜ਼ ਮੋਦੀ ਸਰਕਾਰ ਦੇ ਦਿਲ ਅੰਦਰ ਇਨ੍ਹਾਂ ਧਰਤੀ ਦੇ ਪੁੱਤਰਾਂ ਪ੍ਰਤੀ ਕਿੰਨੀ ਕੁ ਨਫਰਤ ਭਰੀ ਹੋਈ ਹੈ, ਜਿਸ ਨੇ ਲੰਬਾ ਪੈਂਡਾ ਕਰਕੇ ਆਏ ਆਪਣੇ ਹੀ ਹਮਵਤਨੀਆਂ ਨੂੰ ਰੋਕਣ ਵਾਸਤੇ ਦਿੱਲੀ ਨੂੰ ਜਾਂਦੀਆਂ ਸੜਕਾਂ ‘ਤੇ ਡੂੰਘੇ ਟੋਏ ਪੁੱਟ ਦਿੱਤੇ, ਪੱਥਰਾਂ ਦੇ ਢੇਰ ਲਾ ਦਿੱਤੇ ਤੇ ਕਰੇਨਾਂ ਦੀਆਂ ਕਤਾਰਾਂ ਵਿਛਾ ਦਿੱਤੀਆਂ! ਉਨ੍ਹਾਂ ਦੇ ਨਾਲ ਹੀ; ਹੱਥਾਂ ‘ਚ ਰਾਈਫਲਾਂ, ਏ.ਕੇ. ਸੰਤਾਲੀਆਂ, ਟੀਅਰ ਗੈਸ ਦੇ ਗੋਲੇ ਆਦਿ ਫੜਾ ਕੇ ਕਿਸਾਨਾਂ ਦੇ ਪੁੱਤਰਾਂ ਨੂੰ, ਜੋ ਰੋਟੀ-ਰੋਜ਼ੀ ਲਈ ਪੁਲਸ ਤੇ ਦੂਸਰੇ ਅਰਧ ਸੈਨਿਕ ਦਲਾਂ ‘ਚ ਭਰਤੀ ਹੋਏ ਹਨ, ਤੈਨਾਤ ਕਰ ਦਿੱਤਾ, ਡਰ ਤੇ ਭੈਅ ਦਾ ਮਾਹੌਲ ਸਿਰਜਣ ਵਾਸਤੇ। ਤਾਕਤ ਦੇ ਨਸ਼ੇ ‘ਚ ਅੰਨ੍ਹੀ ਹੋਈ ਮੋਦੀ ਸਰਕਾਰ ਤੇ ਇਸਦੀ ਪ੍ਰਸ਼ਾਸਨਿਕ ਮਸ਼ੀਨਰੀ ਕੀ ਜਾਣੇ ‘ਗੁਰੂ ਕੇ ਬਾਗ’ ਦੇ ਮੋਰਚੇ ‘ਚ ਸ਼ਹੀਦ ਹੋਣ ਵਾਲੇ ਬਜ਼ੁਰਗਾਂ ਦੀ ਸੰਤਾਨ ਬਾਰੇ, ਕਾਲੇ ਪਾਣੀ ਦੀਆਂ ਜੇਲ੍ਹਾਂ ਦੀਆਂ ਸਖ਼ਤੀਆਂ ਨੂੰ ਝੱਲਣ ਵਾਲੇ ਗਦਰੀ ਬਾਬਿਆਂ ਦੇ ਪੰਜਾਬੀ ਪੁੱਤਰਾਂ ਬਾਰੇ ਤੇ ਲੋਕ ਪੀੜਾਂ ਨੂੰ ਹਰਨ ਲਈ ਹਰ ਸਮੇਂ ਸੰਘਰਸ਼ਾਂ ਦੇ ਪਿੜ ਮੱਲੀ ਬੈਠੇ ਪੰਜਾਬ ਦੇ ਕਿਸਾਨ ਸੰਗਠਨਾਂ ਬਾਰੇ, ਜੋ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਤੇ ਹੁਕਮਰਾਨਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ! ਦਿੱਲੀ ਵੱਲ ਨੂੰ ਜਾਂਦੀਆਂ ਹਰਿਆਣੇ ਦੀਆਂ ਸੜਕਾਂ ‘ਤੇ ਲਾਈਆਂ ਸਾਰੀਆਂ ਰੋਕਾਂ ਨੂੰ ਪੰਜਾਬੀ ਨੌਜਵਾਨਾਂ ਨੇ ਇੰਝ ਉਛਾਲ ਕੇ ਪਰਾਂਹ ਵਗਾਹ ਮਾਰਿਆ, ਜਿਵੇਂ ਕੋਈ ਕ੍ਰਿਕਟ ਦਾ ਖਿਡਾਰੀ ਬਾਲ ਸੁੱਟਦਾ ਹੈ। ਲੱਖਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਦੇ ਚਾਰ ਬਾਰਡਰਾਂ ਤੇ ਇੰਝ ਬੈਠ ਗਏ, ਜਿਵੇਂ ਕਿਸੇ ਵਿਦਵਾਨ ਦੇ ਵਿਚਾਰ ਸੁਣਨ ਵਾਲੇ ਸੁਘੜ ਲੋਕ, ਸ਼ਾਂਤ ਚਿੱਤ ਹੋ ਕੇ ਬੈਠ ਜਾਂਦੇ ਹਨ। ਫਿਰ ਕੀ ਸੀ! ਪੰਜਾਬ, ਦੂਸਰੇ ਪ੍ਰਾਤਾਂ ਤੇ ਵਿਦੇਸ਼ਾਂ ਤੋਂ ਆਪਣੀ ਧਰਤੀ ਨੂੰ ਮੋਹ ਕਰਨ ਵਾਲੇ ਲੋਕਾਂ ਨੇ ਦਿੱਲੀ ਘੇਰੀ ਬੈਠੀ ਲੋਕਾਈ ਲਈ ਇੰਨਾ ਜ਼ਿਆਦਾ ਰਾਸ਼ਨ, ਕੱਪੜੇ, ਅਨਾਜ, ਬਿਸਤਰੇ, ਪੈਸੇ ਤੇ ਹੋਰ ਹਰ ਤਰ੍ਹਾਂ ਦਾ ਲੋੜੀਂਦਾ ਸਮਾਨ ਭੇਜਣਾ ਸ਼ੁਰੂ ਕਰ ਦਿੱਤਾ ਕਿ ਪ੍ਰਬੰਧਕਾਂ ਨੂੰ ਕੁਝ ਚਿਰ ਲਈ ਇਹ ਰਸਦ ਦੀ ਸਪਲਾਈ ਰੋਕ ਦੇਣ ਦੀ ਬੇਨਤੀ ਕਰਨੀ ਪਈ। ਧਰਨੇ ‘ਚ ਬੈਠਾ ਕੋਈ ਇਨਸਾਨ ਵਾਧੂ ਚੀਜ਼ ਸਵੀਕਾਰ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਵਾਧੂ ਖਾਣ ਦਾ ਲਾਲਚ ਕਰ ਰਿਹਾ ਹੈ। ਸਾਰੇ ਸੰਘਰਸ਼ੀ ਲੋਕ ਇਕ ਦੂਸਰੇ ਲਈ ਇੰਝ ਸੇਵਾ ‘ਚ ਜੁੱਟ ਗਏ ਜਿਵੇਂ ਇਕੋ ਮਾਂ ਦੇ ਜਾਏ ਹੋਣ। ਕੋਈ ਅਰਾਜਕਤਾ ਨਹੀਂ, ਕੋਈ ਗਾਲੀ ਗਲੋਚ ਜਾਂ ਗੈਰ ਜ਼ਿੰਮੇਵਾਰੀ ਵਾਲੀ ਸ਼ਬਦਾਵਲੀ ਦੀ ਵਰਤੋਂ ਨਹੀਂ। ਲੜਕੀਆਂ ਸਾਰੀ ਰਾਤ ਕਿਸਾਨੀ ਘੋਲ ਦੀਆਂ ਬਾਤਾਂ ਪਾਉਂਦੀਆਂ, ਨਵੀਆਂ ਸੰਘਰਸ਼ੀ ਬੋਲੀਆਂ ਨਾਲ ਸ਼ਿੰਗਾਰੇ ਗਿੱਧੇ ਰਾਹੀਂ ਹਾਕਮਾਂ ਨੂੰ ਵੰਗਾਰਦੀਆਂ, ਇੰਝ ਵਿਚਰਦੀਆਂ ਹਨ ਜਿਵੇਂ ਅੰਮਿੜੀ ਦੇ ਵਿਹੜੇ ਘੁੰਮ ਰਹੀਆਂ ਹੋਣ। ਕੋਈ ਨਫਰਤ ਭਰਿਆ, ਫਿਰਕਾਪ੍ਰਸਤੀ ਦੀ ਬਦਬੋ ਖਿਲਾਰਨ ਵਾਲਾ ਨਾਅਰਾ, ਨਾ ਇਸ਼ਤਿਹਾਰ, ਨਾ ਕੋਈ ਹੋਰ ਸਮੱਗਰੀ। ਕਿਸਾਨ ਮਜ਼ਦੂਰ ਏਕਤਾ-ਜ਼ਿੰਦਾਬਾਦ, ਕਾਲੇ ਕਾਨੂੰਨ ਵਾਪਸ ਲਓ, ਮੋਦੀ ਸਰਕਾਰ ਮੁਰਦਾਬਾਦ, ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਤੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਿੰਧੂ ਤੇ ਟਿਕਰੀ ਬਾਰਡਰ ਗੂੰਜ ਉਠੇ ਹਨ। ਇਸ ਉਸਰੇ ‘ਕਿਸਾਨ ਨਗਰ’ ਵਿਚਲੀਆਂ ਸਾਰੀਆਂ ਹਰਕਤਾਂ,ਵਾਰਤਾਵਾਂ ਤੇ ਅਮਲਾਂ ਤੋਂ ਇੰਝ ਜਾਪਦਾ ਹੈ ਕਿ ”ਸਭ ਕੁਝ ਚੰਗਾ ਤੇ ਮਾਣਯੋਗ ਏਥੇ ਹੀ ਹੈ” ਤੇ ਸਾਰੀ ਨਫਰਤ, ਫਿਰਕੂ ਗੰਦਗੀ ਤੇ ਬੋਲ-ਕਬੋਲ ਦੀ ‘ਕੀਮਤੀ ਜਾਇਦਾਦ’ ਸਮੇਤ ਮੋਦੀ ਸਰਕਾਰ ਤੇ ਸੰਘ ਪਰਿਵਾਰ ਲੋਕਾਂ ਨੇ ਮਨੋਂ ਵਿਸਾਰ ਦਿੱਤੇ ਹਨ।


ਜਦੋਂ ਦੀ ਮੋਦੀ ਸਰਕਾਰ ਸੱਤਾ ‘ਚ ਆਈ ਹੈ, ਉਸ ਸਮੇਂ ਤੋਂ ਕਦੀ ਪ੍ਰਧਾਨ ਮੰਤਰੀ ਨੇ ਲੋਕਾਂ ਦੇ ‘ਮਨ ਦੀ ਬਾਤ’ ਸੁਣਨ ਦਾ ਹੀਆਂ ਨਹੀਂ ਕੀਤਾ। ਸਿਰਫ ਧਨ ਤੇ ਸੱਤਾ ਦੇ ਸਹਾਰੇ ਆਪਣੀਆਂ ਬੇਥਵੀਆਂ ਨੂੰ ਮੱਲੋ-ਮੱਲੀ ਲੋਕਾਂ ਦੇ ਕੰਨਾਂ ‘ਚ ਪਾਉਣ ਦਾ ਯਤਨ ਕੀਤਾ ਹੈ। ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਅੰਦਰ ਧਾਰਾ 370 ਦੇ ਤਹਿਤ ਖਾਸ ਰਾਜ ਦਾ ਜੋ ਦਰਜਾ ਪ੍ਰਾਪਤ ਸੀ, ਤੇ ਜੋ ਭਾਰਤ ਦੇ ਹਾਕਮਾਂ ਤੇ ਕਸ਼ਮੀਰੀ ਲੋਕਾਂ ਦੇ ਨੁੰਮਾਇੰਦਿਆਂ ਵਿਚਕਾਰ ਹੋਏ ਲਿਖਤੀ ਇਕਰਾਰਨਾਮੇ ਦੀ ਦੇਣ ਸੀ, ਨੂੰ ਕਿਸੇ ਵਿਰੋਧੀ ਰਾਜਸੀ ਧਿਰ ਜਾਂ ਜੰਮੂ ਕਸ਼ਮੀਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਬਿਨਾਂ ਗੱਲਬਾਤ ਤੇ ਸਲਾਹ ਦੇ ਪੂਰੀ ਤਰ੍ਹਾਂ ਗੁਪਤ ਤੇ ਧੋਖੇ ਭਰੇ ਢੰਗ ਨਾਲ ਖਤਮ ਕਰ ਦਿੱਤਾ ਗਿਆ। ਨਾਗਰਿਕਤਾ ਸੋਧ ਕਾਨੂੰਨ (311), ਕੌਮੀ ਜਨ ਸੰਖਿਆ ਸੂਚੀ (©PR) ਤੇ ਕੌਮੀ ਨਾਗਰਿਕਤਾ ਰਜਿਸਟਰ (©.R.3.) ਵਰਗਾ ਕੋਈ ਕਾਨੂੰਨ ਪਾਰਲੀਮੈਂਟ ‘ਚ ਨਾ ਪਾਸ ਕਰਨ ਦੇ ਵਾਅਦੇ ਦੁਹਰਾਉਣ ਦੇ ਬਾਵਜੂਦ, ਇਨ੍ਹਾਂ ਨੂੰ ਗੈਰ ਵਿਧਾਨਕ ਢੰਗ ਨਾਲ ਸੰਵਿਧਾਨ ਦਾ ਹਿੱਸਾ ਬਣਾ ਦਿੱਤਾ ਗਿਆ। ਇੰਤਹਾ ਤਾਂ ਉਸ ਸਮੇਂ ਹੋ ਗਈ, ਜਦੋਂ ਇਨ੍ਹਾਂ ਬਿਲਾਂ ਦਾ ਵਿਰੋਧ ਕਰ ਰਹੇ ਜਮਹੂਰੀ ਲੋਕਾਂ, ਸਮਾਜਕ ਕਾਰਕੁੰਨਾਂ ਤੇ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਮਰਦਾਂ ਤੇ ਔਰਤਾਂ ਨੂੰ ‘ਸ਼ਹੀਨ ਬਾਗ’ ਦੇ ਪੁਰਅਮਨ ਮੋਰਚੇ ‘ਚੋਂ ਦੇਸ਼ ਧ੍ਰੋਹੀ ਕਹਿ ਕੇ ਚੁੱਕ ਲਿਆ ਗਿਆ ਤੇ ਫਿਰਕੂ ਦੰਗਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ। ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਦੰਗਿਆਂ ‘ਚ ਖਰੂਦੀਆਂ ਹੱਥੋਂ ਮਾਰੇ ਗਏ ਜਾਂ ਜਿੰਨ੍ਹਾਂ ਦੇ ਘਰ-ਬਾਰ ਤੇ ਕਾਰੋਬਾਰ ਤਬਾਹ ਹੋ ਗਏ, ਮੋਦੀ ਦੀ ਪੁਲਸ ਨੇ ਉਨ੍ਹਾਂ ਨੂੰ ਹੀ ਦੇਸ਼ ਧ੍ਰੋਹ ਤੇ ਕਤਲਾਂ ਦੇ ਝੂਠੇ ਕੇਸਾਂ ਅਧੀਨ ਜੇਲ੍ਹਾਂ ਅੰਦਰ ਡੱਕ ਦਿੱਤਾ। ਮੋਦੀ ਸਰਕਾਰ ਨੇ ਇਹ ਕਾਰਾ ਪੂਰੀ ਤਰ੍ਹਾਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਕੀਤਾ, ਜੋ ਪੁਰਅਮਨ ਰਹਿ ਕੇ ਹਰ ਨਾਗਰਿਕ ਨੂੰ ਸਰਕਾਰ ਦੀ ਕਿਸੇ ਵੀ ਨੀਤੀ ਦਾ ਵਿਰੋਧ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਬਿਨ੍ਹਾਂ ਦੇਸ਼ ਵਿਆਪੀ ਮਜ਼ਦੂਰ ਅੰਦੋਲਨਾਂ, ਵਿਦਿਆਰਥੀ ਘੋਲਾਂ ਤੇ ਮੁਲਾਜ਼ਮਾਂ ਦੇ ਕਿਸੇ ਵੀ ਹੱਕੀ ਘੋਲ ਦੇ ਨਿਪਟਾਰੇ ਲਈ ਮੋਦੀ ਸਰਕਾਰ ਨੇ ਕਦੀ ਗੱਲਬਾਤ ਦਾ ਰਾਹ ਨਹੀਂ ਚੁਣਿਆ। ਸਿਰਫ ਸੱਤਾ ਦੇ ਜ਼ੋਰ ਨਾਲ ਹਰ ਹੱਕੀ ਸੰਘਰਸ਼ ਨੂੰ ਨੁਕਰੇ ਲਾਉਣ ਦਾ ਯਤਨ ਕੀਤਾ ਹੈ। ਪ੍ਰੰਤੂ ਪੰਜਾਬ ਦੇ ‘ਕਿਸਾਨੀ ਘੋਲ’ ਦੀ ਇਹ ਸਭ ਤੋਂ ਵੱਡੀ ਇਤਿਹਾਸਕ ਜਿੱਤ ਤੇ ਮੋਦੀ ਸਰਕਾਰ ਦੀ ਇਖ਼ਲਾਕੀ ਹਾਰ ਸਮਝੀ ਜਾਣੀ ਚਾਹੀਦੀ ਹੈ ਕਿ ਕਿਸਾਨ ਘੋਲ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਕੇਂਦਰੀ ਸਰਕਾਰ ਦੇ ਨੁੰਮਾਇੰਦੇ ਗੱਲਬਾਤ ਕਰਨ ਲਈ ਮਜ਼ਬੂਰ ਹੀ ਨਹੀਂ ਹੋਏ ਬਲਕਿ ਸਮੇਂ ਤੇ ਜਗ੍ਹਾ ਦੀ ਚੋਣ ਵੀ ਕਿਸਾਨ ਆਗੂਆਂ ਦੀ ਸਲਾਹ ਨਾਲ ਹੀ ਕਰਦੇ ਹਨ। ਇਹ ਮਸਲਾ ਕਿਸਾਨ ਆਗੂਆਂ ਦੀ ਜ਼ਿੱਦ ਜਾਂ ਹੰਕਾਰ ਦਾ ਨਹੀਂ, ਬਲਕਿ ਵਿਸ਼ਾਲ ਜਨਤਕ ਘੋਲ ਦੇ ਬਲਬੂਤੇ ‘ਫਿਰਕੂ ਫਾਸ਼ੀਵਾਦੀ’ ਮਾਨਸਿਕਤਾ ਦਾ ਸ਼ਿਕਾਰ ਮੋਦੀ ਸਰਕਾਰ ਨੂੰ ਹੱਕ-ਸੱਚ ਦੀ ਅਵਾਜ਼ ਸੁਣਨ ਲਈ ਮਜ਼ਬੂਰ ਕਰਨ ਦਾ ਹੈ। ਅਸਲ ‘ਚ ਇਹੀ ‘ਲੋਕ ਸ਼ਕਤੀ’ ਹੈ, ਜੋ ਸਮਾਜਕ ਬਦਲਾਅ ਤੇ ਇਤਿਹਾਸ ਦੇ ਪਹੀਏ ਨੂੰ ਅਗਾਂਹ ਤੋਰਨ ਦਾ ਸਭ ਤੋਂ ਅਹਿਮ ਤੇ ਕਾਰਗਾਰ ਹਥਿਆਰ ਹੈ। ਤੇ ਜਿਸਨੇ ਮੋਦੀ ਸਰਕਾਰ ਨੂੰ, ਤਿੰਨ ਖੇਤੀਬਾੜੀ ਕਾਨੂੰਨਾਂ ਦੇ 14 ਨੁਕਤਿਆਂ ‘ਚੋਂ 12 ਨੂੰ ‘ਸੋਧਣ’ ਦਾ ਭਰੋਸਾ ਦੇਣ ਲਈ ਵੀ ਮਜ਼ਬੂਰ ਕਰ ਦਿੱਤਾ ਹੈ। ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨਾਂ ਵਿਚਲੀਆਂ ਉਕਾਈਆਂ ਤੇ ਕਿਸਾਨ ਵਿਰੋਧੀ ਧਾਰਾਵਾਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸਰਕਾਰ ਖ਼ੁਦ 14 ‘ਚੋਂ 12 ਮੱਦਾਂ ਸੋਧਣ ਲਈ ਤਿਆਰ ਹੈ। ਪ੍ਰੰਤੂ ਮੋਦੀ ਸਰਕਾਰ ਦੀ ਸੰਘੀ ਮਾਨਸਿਕਤਾ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਹੱਕੀ ਮੰਗ ਤੋਂ ਇਨਕਾਰੀ ਹੋ ਕੇ ਆਪਣੇ ਫਾਸ਼ੀ ਸੁਭਾਅ ਨੂੰ ਹੀ ਪੱਠੇ ਪਾਉਣ ਲਈ ਕਿਉਂ ਬਜ਼ਿੱਦ ਹੈ, ਇਸ ਨੁਕਤੇ ਨੂੰ ਸਮਝਣ ਦੀ ਜ਼ਰੂਰਤ ਹੈ। ਕਾਰਪੋਰੇਟ ਘਰਾਣਿਆਂ ਵਲੋਂ ਮੋਦੀ ਸਰਕਾਰ ਨੂੰ ਸੱਤਾ ‘ਤੇ ਬਿਠਾਉਣ ਲਈ ਕੀਤੀ ‘ਸਹਾਇਤਾ’ ਦਾ ਮੁੱਲ ਤਾਰਨਾ ਸਭ ਤੋਂ ਮਹੱਤਵਪੂਰਨ ਮਸਲਾ ਹੈ ਪ੍ਰਧਾਨ ਮੰਤਰੀ ਸਾਹਮਣੇ ਤੇ ਦੂਸਰਾ, ਉਹ ਧਰਮ ਅਧਾਰਤ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਦੇ ਸੰਕਲਪ ਨੂੰ ਢਾਅ ਨਹੀਂ ਲਾਉਣਾ ਚਾਹੁੰਦੀ, ਜਿਸ ਵਿਚ ਲੋਕ ਰਾਜ, ਧਰਮ ਨਿਰਪੱਖਤਾ, ਸੰਘਵਾਦ ਤੇ ਬੋਲਣ ਤੇ ਲਿਖਣ ਵਰਗੇ ਮੌਲਿਕ ਅਧਿਕਾਰਾਂ ਦੀ ਕੋਈ ਥਾਂ ਹੋਣੀ ਹੀ ਨਹੀਂ।


ਸਾਲ 2020, ਇਸ ਕਿਸਾਨ ਅੰਦੋਲਨ ਸਦਕਾ ਇਕ ‘ਇਤਿਹਾਸਕ ਯਾਦ’ ਬਣ ਗਿਆ ਹੈ। ਸਰਕਾਰ ਕਿਸ ਹੱਦ ਤੱਕ ਜਾਂਦੀ ਹੈ ਇਸ ਹੱਕ ਸੱਚ ਦੀ ਅਵਾਜ ਨੂੰ ਦਬਾਉਣ ਲਈ, ਇਹ ਦੇਖਣਾ ਅਜੇ ਬਾਕੀ ਹੈ! ਉਂਝ ਅਰਬਾਂ-ਰੁਪਏ ਖਰਚ ਕਰਕੇ ਖੇਤੀਬਾੜੀ ਬਾਰੇ ਤਿੰਨ ਕਾਨੂੰਨਾਂ ਦੇ ‘ਲਾਭਾਂ’ ਬਾਰੇ ਧੂਆਂਧਾਰ ਲਿਖਤੀ ਪ੍ਰਚਾਰ ਵਿੱਢ ਦਿੱਤਾ ਗਿਆ ਹੈ। ‘ਗੋਦੀ ਮੀਡੀਆ’ ਪਹਿਲਾਂ ਹੀ ਮੋਦੀ ਸਰਕਾਰ ਸਾਹਮਣੇ ਵਿਛ ਚੁੱਕਾ ਹੈ। ਨਕਲੀ ਕਿਸਾਨ ਸੰਗਠਨਾਂ ਰਾਹੀਂ ਸਰਕਾਰ ਪੱਖੀ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਪ੍ਰੰਤੂ ਕਿਸਾਨ ਅੰਦੋਲਨ ਦੀ ਵਿਆਪਕਤਾ ਨੇ ਅਜੇ ਤੱਕ ਮੋਦੀ ਸਰਕਾਰ ਦੇ ਸਾਰੇ ਹਥਿਆਰ ਬੇਅਸਰ ਕਰ ਦਿੱਤੇ ਹਨ ਤੇ ਹਰ ਨਿਤ ਨਵੇਂ ਦਿਨ ਲੋਕ ਇਸ ਅੰਦੋਲਨ ਸੰਗ ਜੁੜ ਰਹੇ ਹਨ। ਲੋਕਾਂ ਦੀ ਆਵਾਜ਼ ਹੈ; ਕਿਸਾਨੀ ਏਕਤਾ ਮਜ਼ਬੂਤ ਕਰੋ, ਕਿਸਾਨ ਜਥੇਬੰਦੀਆਂ ਇਕ-ਮਿਕ ਹੋ ਕੇ ਅੰਦੋਲਨ ਦੀ ਅਗਵਾਈ ਕਰਦੀਆਂ ਰਹਿਣ ਤੇ ਪੁਰਅਮਨ ਤੇ ਅਨੁਸ਼ਾਸ਼ਤ ਕਿਸਾਨ ਅੰਦੋਲਨ ‘ਚ ਕਿਸੇ ਕਿਸਮ ਦੇ ਸ਼ਰਾਰਤੀ ਅਨਸਰ ਜਾਂ ਸਰਕਾਰੀ ਘੁਸਪੈਠੀਆਂ ਨੂੰ ਵੜਣ ਤੇ ਕੋਈ ਭੜਕਾਊ ਕਾਰਵਾਈ ਕਰਨ ਦੀ ਇਜ਼ਾਜ਼ਤ ਨਾ ਦਿੰਦਿਆਂ ਹਰ ਪੱਖੋਂ ਸੁਚੇਤ ਰਹਿਣ।


ਇਸ ਕਿਸਾਨ ਅੰਦੋਲਨ ਨੇ ਨਵੇਂ ਸਾਲ ਅੰਦਰ ‘ਫਿਰਕੂ ਫਾਸ਼ੀਵਾਦੀ’ ਸੱਤਾ ਨੂੰ ਪੂਰੀ ਤਰ੍ਹਾਂ ਹਾਰ ਦੇਣ ਲਈ ਰਾਜਨੀਤਕ ਮਹੌਲ ਤਿਆਰ ਕਰਨ ‘ਚ ਵੱਡਾ ਯੋਗਦਾਨ ਪਾਉਣਾ ਹੈ। ਕਿਉਂਕਿ ਮੋਦੀ ਸਰਕਾਰ ਸੱਤਾ ਦੀ ਕੁਵਰਤੋਂ ਕਰਕੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਰਾਹੀਂ ਕਾਰਪੋਰੇਟ ਘਰਾਣਿਆਂ ਦੀਆਂ ਝੋਲੀਆਂ ਭਰ ਰਹੀ ਹੈ ਤੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤੀ ਵਸੋਂ ਨੂੰ ਕੰਗਾਲ ਕਰ ਰਹੀ ਹੈ। ਬੇਕਾਰੀ, ਸਿਹਤ ਤੇ ਵਿਦਿਅਕ ਸਹੂਲਤਾਂ ਦੀ ਅਣਹੋਂਦ, ਨਾ ਰਹਿਣ ਯੋਗ ਜੀਵਨ ਹਾਲਤਾਂ, ਕਰਜ਼ਿਆਂ ਦਾ ਭਾਰ ਤੇ ਹੁਣ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਕੇ ਭਿਖਾਰੀ ਬਣਾਉਣ ਦੀਆਂ ਸਕੀਮਾਂ, ਸਭ ਕੁਝ ਮੋਦੀ ਦੇ ਹੱਥ ਤੇ ਅੱਗੋਂ ਮੋਦੀ ਰਾਹੀਂ ਆਰ.ਐਸ.ਐਸ. ਦੇ ਹੱਥ ‘ਚ ਸੱਤਾ ਹੋਣ ਦੀ ਵਜਾਹ ਕਰਕੇ ਹੈ। ਖੇਤ ਮਜ਼ਦੂਰਾਂ ਤੇ ਮਿਲਾਂ ਦੇ ਕਾਮਿਆਂ ਨੂੰ ਪਹਲਿਾਂ ਹੀ ਗੁਲਾਮੀ ਦੇ ਸੰਗਲਾਂ ‘ਚ ਜਕੜਨ ਵਾਲੇ ਕਾਨੂੰਨ ਪਾਸ ਕੀਤੇ ਜਾ ਚੁੱਕੇ ਹਨ। ਤੇਜੀ ਨਾਲ ਸਰਕਾਰੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਠੇਕੇਦਾਰੀ ਪ੍ਰਥਾ ਸ਼ੁਰੂ ਹੋਣ ਨਾਲ ਪੱਕੀ ਨੌਕਰੀ ਤੇ ਸੰਬੰਧਤ ਭੱਤਿਆਂ ਦੀ ਪ੍ਰਾਪਤੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ‘ਗੁਜ਼ਾਰੇ ਯੋਗ ਤਨਖਾਹ’ ਦੇਣ ਦੀ ਥਾਂ ‘ਭੁਖਾ ਮਾਰਨ ਵਾਲੀ’ ਤਨਖਾਹ ਦੇ ਪੱਧਰ ‘ਤੇ ਕਿਰਤੀ ਲੋਕਾਂ ਨੂੰ ਪਹੁੰਚਾਉਣਾ ਨਵ ਉਦਾਰਵਾਦੀ ਨੀਤੀਆਂ ਦਾ ਮੂਲ ਤੱਤ ਹੈ।


ਇਸ ਲਈ ਨਵਾਂ ਸਾਲ ਇਕ ਪਾਸੇ ਦੇਸ਼ ਦੇ ਲੋਕ ਰਾਜੀ, ਧਰਮ ਨਿਰਪੱਖ ਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ‘ਫਿਰਕੂ ਫਸ਼ੀਵਾਦੀ’ ਸ਼ਕਤੀਆਂ ਵਿਰੁੱਧ ਬੱਝਵੀਂ ਤੇ ਬੇਝਿਜਕ ਲੜਾਈ ਤੇ ਦੂਜੇ ਬੰਨ੍ਹੇ ਮਿਹਨਤਕਸ਼ ਲੋਕਾਂ ਦੀ ਅੰਨ੍ਹੀ ਲੁੱਟ-ਖਸੁੱਟ ਰਾਹੀਂ ਤੇ ਸਰਕਾਰੀ ਖਜ਼ਾਨਿਆਂ ਨੂੰ ਮੁਠੀ ਭਰ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਕੇ ਉਨ੍ਹਾਂ ਦੀ ਪੂੰਜੀ ‘ਚ ਅਥਾਹ ਵਾਧਾ ਕਰਨ ਵਾਲੀਆਂ ਆਰਥਿਕ ਨੀਤੀਆਂ ਖਿਲਾਫ਼ ਜਨਤਕ ਘੋਲ ਤੇਜ਼ ਕਰਨ ਦਾ ਸੁਨੇਹਾ ਲੈ ਕੇ ਆਇਆ ਹੈ।
ਆਓ, ਇਕ-ਦੂਸਰੇ ਨੂੰ ਵਿਤੀ ਪੂੰਜੀ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਨੂੰ ਹਾਰ ਦੇਣ ਵਾਲੀਆਂ ਇਨਕਲਾਬੀ ਵਧਾਈਆਂ ਦੇ ਕੇ ਨਵੇਂ ਸਾਲ ਨੂੰ ਜੀ ਆਇਆਂ ਆਖੀਏ!

  • ਮੰਗਤ ਰਾਮ ਪਾਸਲਾ
Scroll To Top