ਪ੍ਰੋ. ਜੈਪਾਲ ਸਿੰਘ
ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਝੋਨੇ ਦੀ ਰਹਿੰਦ-ਖੂੰਹਦ ਸਾੜਣ ਸਬੰਧੀ ਜਾਰੀ ਹਿਟਲਰੀ ਆਰਡੀਨੈਂਸ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਨੇ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ ‘ਤੇ ਪੱਕਾ ਮੋਰਚਾ ਲਾਇਆ ਹੋਇਆ ਹੈ। ਮੋਦੀ ਸਰਕਾਰ ਨੇ ਬਹੁਮਤ ਦੀ ਦੁਰਵਰਤੋਂ ਕਰਦਿਆਂ ਸੰਵਿਧਾਨਕ ਮਰਿਆਦਾਵਾਂ ਨੂੰ ਅਣਡਿੱਠ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਟਿੱਚ ਜਾਣਦਿਆਂ ਉਕਤ ਕਾਨੂੰਨ ਪਾਸ ਕੀਤੇ ਹਨ। ਰਾਜ ਸਭਾ ਵਿੱਚ ਤਾਂ ਮੋਦੀ ਸਰਕਾਰ ਨੇ ਉਕਤ ਕਾਨੂੰਨ ਪਾਸ ਕਰਨ ਲਈ ਨਿਯਮਾਂ ਦੀਆਂ ਹੀ ਧੱਜੀਆਂ ਉਡਾ ਦਿੱਤੀਆਂ। ਇਹ ਕਾਨੂੰਨ ਨਾ ਕੇਵਲ ਕਿਸਾਨ-ਖੇਤ ਮਜ਼ਦੂਰ ਵਿਰੋਧੀ ਹਨ ਬਲਕਿ ਦੇਸ਼ ਦੇ ਕਰੋੜਾਂ ਖਪਤਕਾਰਾਂ ਦੀ ਵੀ ਸੰਘੀ ਘੁੱਟਣ ਵਾਲੇ ਹਨ। ਛੋਟੇ ਕਾਰੋਬਾਰਾਂ ਦੀ ਤਬਾਹੀ ਨਾਲ ਉਕਤ ਕਾਨੂੰਨ ਮਜਦੂਰਾਂ, ਆੜ੍ਹਤੀਆਂ, ਪ੍ਰਚੂਨ ਵਿਉਪਾਰੀਆਂ ਦੇ ਕੰਮਾਂ/ਕਾਰੋਬਾਰਾਂ ਦੇ ਖਾਤਮੇ ਦਾ ਸੰਦ ਬਨਣਗੇ। ਇਨ੍ਹਾਂ ਕਾਨੂੰਨਾਂ ਦਾ ਲਾਭ ਅਡਾਨੀ-ਅੰਬਾਨੀ ਜਿਹੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਵਿਦੇਸ਼ੀ ਭਾਈਵਾਲਾਂ ਨੂੰ ਹੋਣਾ ਹੈ। ਉਕਤ ਸਾਰੇ ਕਾਸੇ ਦੀ ਸਮਝ ਪੈਣ ਕਰਕੇ ਬਾਕੀ ਸਭ ਮਿਹਨਤਕਸ਼ ਤਬਕੇ ਤੇ ਛੋਟੇ ਤੇ ਦਰਮਿਆਨੇ ਉਦਯੋਗਪਤੀ, ਕਾਰੋਬਾਰੀ ਅਤੇ ਪ੍ਰਚੂਨ ਵਿਉਪਾਰੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਪਿੱਠ ਤੇ ਆ ਖੜ੍ਹੇ। ਲੋਕਾਈ ਦੇ ਸਰਗਰਮ ਸਹਿਯੋਗ ਸਦਕਾ ਇਹ ਸੰਘਰਸ਼ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਅਤੇ ਹੁਣ ਸੰਸਾਰ ਭਰ ਦੇ ਕਿਰਤੀ-ਕਿਸਾਨ ਤੇ ਇਨਸਾਫ ਪਸੰਦ ਲੋਕ ਵੀ ਇਸ ਸੰਘਰਸ਼ ਦੇ ਹੱਕ ਵਿੱਚ ਨਿੱਤਰ ਆਏ ਹਨ। ਮੋਦੀ ਸਰਕਾਰ ਕੋਲ ਆਪਣੇ ਕਾਨੂੰਨਾਂ ਦੀ ਵਾਜਬੀਅਤ ਸਿੱਧ ਕਰਨ ਲਈ ਕੋਈ ਦਲੀਲ ਨਹੀਂ। ਇਸ ਲਈ ਮੋਦੀ ਸਰਕਾਰ ਨੇ ਇਸ ਸੰਘਰਸ਼ ਨੂੰ ਬੱਦੂ ਕਰਨ ਤੇ ਫੁੱਟ ਪਾ ਕੇ ਕਮਜੋਰ ਕਰਨ ਲਈ ਕੂੜ ਪ੍ਰਚਾਰ ਦਾ ਆਸਰਾ ਲਿਆ। ਇਸ ਕੂੜ ਪ੍ਰਚਾਰ ਦੀ ਵਿਉਂਤਬੰਦੀ ਦੇ ਮੁੱਖ ਕੇਂਦਰ ਦਿੱਲੀ ਵਿਚਲੇ ਸੱਤਾ ਦੇ ਗਲਿਆਰੇ ਅਤੇ ਨਾਗਪੁਰ ਸਥਿਤ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਹੈੱਡ ਕੁਆਰਟਰ ਹਨ। ਉਂਜ ਸੂਝਵਾਨ ਲੋਕ ਇਸ ਤੱਥ ਤੋਂ ਭਲੀਭਾਂਤ ਜਾਣੂੰ ਹਨ ਕਿ ਆਰ ਐਸ ਐਸ- ਭਾਜਪਾ ਦਾ ਸਾਰਾ ਦਾਰੋਮਦਾਰ ਝੂਠ ਅਤੇ ਅਫਵਾਹਾਂ ਫੈਲਾਉਣ ਦੇ ਸਿਰ ‘ਤੇ ਹੀ ਕਾਇਮ ਹੈ। ਬਾਕੀ ਦਾ ਕੰਮ ਇਹ ਆਪਣੇ ਅਰਾਜਕਤਾਵਾਦੀ ਸੰਗਠਨਾਂ (ਸੰਘ ਪਰਿਵਾਰ) ਦੇ ਖਰੂਦੀ ਕਾਰਕੁੰਨਾਂ ਦੀ ਸਰਗਰਮੀ ਰਾਹੀਂ ਸਿਰੇ ਚਾੜੵ ਲੈਂਦੇ ਹਨ। ਉਕਤ ਸਾਰੀ ਸੰਗਠਨ ਸ਼ਕਤੀ ਦੇ ਨਾਲ ਗੋਇਬਲੀ ਝੂਠ ਫੈਕਟਰੀ, ਭਾਜਪਾ ਆਈ ਟੀ ਸੈਲ ਵੀ ਜੁੜ ਗਿਆ। ਬਾਕੀ ਦੀ ਕਸਰ ‘ਗੋਦੀ ਮੀਡੀਅ” ਨੇ ਪੂਰੀ ਕਰ ਦਿੱਤੀ। ਕੇਂਦਰੀ ਸੱਤਾ ਦੇ ਸਾਰੇ ਅੰਗਾਂ ਦੀ ਦੁਰਵਰਤੋਂ ਬਾਰੇ ਤਾਂ ਲੋਕਾਂ ਨੂੰ ਸਭ ਪਤਾ ਹੀ ਹੈ। ਵੈਸੇ ਤਾਂ ਜੂਨ 2020 ਤੋਂ, ਜਦੋਂ ਤੋਂ ਮੋਦੀ ਸਰਕਾਰ ਨੇ ਉਕਤ ਕਾਨੂੰਨ, ਆਰਡੀਨੈਂਸਾਂ ਦੇ ਰੂਪ ਵਿੱਚ ਜਾਰੀ ਕੀਤੇ ਸਨ, ਵਿਰੁੱਧ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਏ ਉਕਤ ਸ਼ਾਨਾਂਮੱਤੇ ਸੰਗਰਾਮ ਨੂੰ ਬਦਨਾਮ ਕਰਨ ਵਿੱਚ ਉਪਰੋਕਤ ਸ਼ਰਾਰਤੀ ਤੇ ਵਿਕਾਊ ਤੱਤ ਲੱਗੇ ਹੋਏ ਹਨ। ਪਰ ਹੁਣ ਤਾਂ ਮੋਦੀ ਐਂਡ ਕੰਪਨੀ ਨੇ ਬੇਹਯਾਈ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਦੇਸ਼ ਭਗਤਕ ਸੰਗਰਾਮ ਲੜ ਰਹੇ ਕਿਸਾਨਾਂ ਨੂੰ ਰਾਸ਼ਟਰ ਧਰੋਹੀ, ਖਾਲਿਸਤਾਨੀ , ਪਾਕਿਸਤਾਨ ਤੇ ਚੀਨ ਦੇ ਏਜੰਟ, ਖੱਬੇ ਪੱਖੀ ਅਰਾਜਕਤਾਵਾਦੀਆਂ ਦੇ ਹੱਥਾਂ ਦੇ ਖਿਡੌਣੇ ਅਤੇ ਵਿਰੋਧੀ ਰਾਜਸੀ ਪਾਰਟੀਆਂ ਦੇ ਵਰਗਲਾਏ ਹੋਏ ਕਹਿ ਕੇ ਆਮ ਲੋਕਾਈ ਚੋਂ ਨਿਖੇੜਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਪਰ ਸੰਘਰਸ਼ ਵਿੱਚ ਸ਼ਾਮਲ ਹਰ ਧਰਮ ਨੂੰ ਮੰਨਣ ਵਾਲੇ, ਹਰ ਜਾਤੀ ਨਾਲ ਸਬੰਧਤ, ਅਨੇਕਾਂ ਭਾਸ਼ਾਵਾਂ ਬੋਲਣ ਵਾਲੇ, ਵੱਖੋ-ਵੱਖ ਸੂਬਿਆਂ ਦੇ ਵਸਨੀਕ ਕਿਸਾਨ, ਮਜਦੂਰ ਤੇ ਹੋਰ ਮਿਹਨਤੀ ਤਬਕਿਆਂ ਦੇ ਬਾਦਲੀਲ ਜਵਾਬਾਂ ਨੇ ਸੰਘੀ ਝੂਠ ਫੈਕਟਰੀ ਦੇ ਰੋਬੋਟਾਂ ਦੀ ਬੋਲਤੀ ਬੰਦ ਕਰ ਦਿੱਤੀ। ਸੰਘੀ ਸਾਜਿਸ਼ ਘਾੜਿਆਂ ਨੇ, ਕੇਂਦਰੀ ਅਤੇ ਪ੍ਰਾਂਤਕ ਸਰਕਾਰਾਂ ਦੀ ਬਦਨੀਅਤ ਦੇ ਸਿੱਟੇ ਵਜੋਂ ਹਰਿਆਣਾ-ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਪਾਣੀਆਂ ਸਬੰਧੀ ਅਤੇ ਹੋਰ ਝਗੜਿਆਂ ਵਾਲੇ ਮੁੱਦਿਆਂ ਨੂੰ ਵਰਤ ਕੇ ਵੀ ਕਿਸਾਨ ਸੰਘਰਸ਼ ਨੂੰ ਲੀਰੋ ਲੀਰ ਕਰਨ ਦੀ ਅਸਫਲ ਕਰਤੂਤ ਕੀਤੀ। ਸੰਘਰਸ਼ੀ ਕਰਿੰਘੜੀਆਂ ਕਰਕੇ ਇਹ ਸਾਜਿਸ਼ ਵੀ ਧੂੜ ‘ਚ ਮਿਲ ਗਈ। ਪਰ ਇਹ ਨਾ ਭੁੱਲਣ ਯੋਗ ਹੈ ਕਿ ਸੰਘ-ਭਾਜਪਾ ਅਤੇ ਇਨ੍ਹਾਂ ਦੀ ਗੰਦੀ ਖੇਡ ਦਾ ਸੰਦ ਬਣਿਆ ਹੋਇਆ ਜਮੀਰ ਫਰੋਸ਼ ਮੀਡੀਆ ਆਪਣੀਆਂ ਵੰਡਵਾਦੀ ਘੁਣਤਰਾਂ ਤੋਂ ਬਾਜ ਨਹੀਂ ਆਉਣਗੇ। ਦੇਸ਼ – ਵਿਦੇਸ਼ ਦੇ ਕਾਰਪੋਰੇਟ ਲੋਟੂ ਵੀ ਇਨ੍ਹਾਂ ਦੀ ਸਰਪ੍ਰਸਤੀ ਕਰ ਰਹੇ ਹਨ। ਇਸ ਲਈ ਆਰ ਐੱਸ ਐੱਸ ਦੇ ਅਸਲ ਮਨਸੂਬਿਆਂ ਵਿਰੁੱਧ ਲੋਕਾਂ ਨੂੰ ਚੌਕਸ ਕਰਨਾ ਅਤੇ ਵਿਚਾਰਧਾਰਕ ਤੇ ਅਮਲੀ ਸੰਗਰਾਮੀ ਸਰਗਰਮੀ ‘ਚ ਸ਼ਾਮਲ ਕਰਨਾ ਹੁਣ ਹੋਰ ਵੀ ਵਧੇਰੇ ਜਰੂਰੀ ਬਣ ਗਿਆ ਹੈ। ਇਸ ਨਜਰੀਏ ਤੋਂ, ਆਰ ਐਸ ਐਸ ਦੀ ਹੋਂਦ ਦਾ ਆਧਾਰ, ਉਸ ਦੇ ਗੱਪ ਭੰਡਾਰ ਤੇ ਨਜਰ ਮਾਰਨੀ ਲਾਹੇਵੰਦੀ ਰਹੇਗੀ।
ਕੌਮੀ ਝੰਡੇ ਬਾਰੇ : ਜੰਮੂ-ਕਸਮੀਰ ਦੇ ਸ਼੍ਰੀਨਗਰ ‘ਚ ਲਾਲ ਚੌਕ ਵਿਖੇ ਕੌਮੀ ਝੰਡਾ ਝੁਲਾਉਣ ਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਸਿੱਧ ਕਰਨ ਦਾ ਯਤਨ ਕਰਨ ਵਾਲੇ ਸੰਘੀਆਂ ਦੀ ਅਸਲੀਅਤ ਕੀ ਹੈ? ਸੰਘ ਦੇ ਦੂਜੇ ਮੁਖੀ ਐਮਐਸ ਗੋਲਵਾਲਕਰ, ਜਿਸ ਨੂੰ ਉਹ ਗੁਰੂ ਜੀ ਕਹਿ ਕੇ ਵਡਿਆਉਂਦੇ ਹਨ, ਨੇ ਕੌਮੀ ਝੰਡੇ ਬਾਰੇ ਜੋ ਫੁਰਮਾਇਆ ਜ਼ਰਾ ਉਸ ‘ਤੇ ਵੀ ਗੌਰ ਕਰ ਲਈਏ। 14 ਜੁਲਾਈ 1946 ਨੂੰ ਗੋਲਵਾਲਕਰ ਨੇ ਪੂਰਨਮਾਸ਼ੀ ਦੇ ਮੌਕੇ ਨਾਗਪੁਰ ‘ਚ ਇਕ ਸਭਾ ‘ਚ ਦਾਅਵਾ ਕੀਤਾ ਸੀ ਕਿ, ”ਸਿਰਫ ਭਗਵਾਂ ਝੰਡਾ ਹੀ ਸੰਪੂਰਨ ਰੂਪ ‘ਚ ਮਹਾਨ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ ਤੇ ਭਗਵਾਂ ਝੰਡਾ ਭਗਵਾਨ ਦਾ ਰੂਪ ਹੈ। ਇਸ ਲਈ ਅਸੀਂ ਇਸ ਪਰਮ ਪੂਜਣ ਯੋਗ ਝੰਡੇ ਨੂੰ ਗੁਰੂ ਸਥਾਨ ‘ਤੇ ਰੱਖਣਾ ਉਚਿਤ ਸਮਝਿਆ ਹੈ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਅਖੀਰ ਵਿਚ ਇਸੇ ਝੰਡੇ ਦੇ ਅੱਗੇ ਹੀ ਸਾਰਾ ਦੇਸ਼ ਝੁਕੇਗਾ।
ਦੇਸ਼ ਦੀ ਆਜ਼ਾਦੀ ਦੀ ਪੂਰਵ ਸੰਧਿਆ ਮੌਕੇ, 14 ਅਗਸਤ 1947 ਨੂੰ ਸੰਘ ਨੇ ਆਪਣੇ ਮੁੱਖ ਪੱਤਰ ‘ਚ ਕੌਮੀ ਝੰਡੇ ਨੂੰ ਜੋ ‘ਸਨਮਾਨ’ ਬਖਸ਼ਿਆ ਉਹ ਇਸ ਤਰ੍ਹਾਂ ਹੈ “ਉਹ ਲੋਕ ਜੋ ਕਿਸਮਤ ਦੇ ਦਾਅ ਨਾਲ ਰਾਜ ਗੱਦੀ ਤੇ ਪਹੁੰਚੇ ਹਨ, ਉਹ ਭਾਵੇਂ ਸਾਡੇ ਹੱਥਾਂ ‘ਚ ਤਿਰੰਗਾ ਝੰਡਾ ਫੜਾ ਦੇਣ, ਪਰ ਹਿੰਦੂਆਂ ਵੱਲੋਂ ਨਾ ਤਾਂ ਇਸ ਨੂੰ ਕਦੇ ਮਾਣ-ਸਨਮਾਨ ਦਿੱਤਾ ਜਾ ਸਕੇਗਾ ਤੇ ਨਾ ਹੀ ਅਪਣਾਇਆ ਜਾ ਸਕੇਗਾ। 3 ਦਾ ਅੰਕੜਾ ਆਪਣੇ ਆਪ ‘ਚ ਹੀ ਮਨਹੂਸ ਹੈ ਤੇ ਇਕ ਅਜਿਹਾ ਝੰਡਾ ਜਿਸ ਦੇ ਤਿੰਨ ਰੰਗ ਹੋਣ ਉਹ ਲੋਕਾਂ ਦੇ ਦਿਲੋ ਦਿਮਾਗ ਤੇ ਮਾੜਾ ਅਸਰ ਪਾਵੇਗਾ ਅਤੇ ਇਹ ਦੇਸ਼ ਲਈ ਨੁਕਸਾਨਦੇਹ ਹੋਵੇਗਾ।” ਇਸ ਸੰਬੰਧੀ ਇਕ ਇਤਿਹਾਸਕ ਸੱਚਾਈ ਇਹ ਵੀ ਹੈ ਕਿ 19 ਸਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਜਦੋਂ ਜੱਜ ਨੇ ਪੁੱਛਿਆ ਕਿ ਤੁਸੀਂ ਅਮਰੀਕਾ ਤੋਂ ਇਨਕਲਾਬ ਕਰਨ ਆਏ ਤੇ ਹਰ ਪਾਰਟੀ ਦਾ ਇੱਕ ਆਪਣਾ ਝੰਡਾ ਵੀ ਹੁੰਦਾ ਹੈ ਤੇ ਤੁਸੀਂ ਇੱਕ ਤਿਰੰਗਾ ਝੰਡਾ ਲੈ ਕੇ ਆਏ, ਉਹ ਕਿਸ ਦਾ ਪ੍ਰਤੀਕ ਹੈ? ਸਰਾਭੇ ਦਾ ਜਵਾਬ ਸੀ ਕਿ ਇਹ ਤਿੰਨ ਇਨਸਾਨੀ ਕਦਰਾਂ, ”ਆਜਾਦੀ, ਬਰਾਬਰੀ ਤੇ ਭਾਈਚਾਰਾ” ਦਾ ਪ੍ਰਤੀਕ ਹੈ। ਇਸ ਦੇ ਉਲਟ ਸਰਾਭੇ ਵਿਰੁੱਧ ਭੁਗਤਾਏ ਸਰਕਾਰੀ ਗਵਾਹ ਤੋਂ ਕਹਾਇਆ ਗਿਆ ਕਿ ਇਹ ਤਿੰਨ ਰੰਗ, ਤਿੰਨ ਧਰਮਾਂ ਹਿੰਦੂ, ਸਿੱਖ ਤੇ ਇਸਲਾਮ ਦੇ ਰੰਗ ਨੇ ਤਾਂ ਕਿ ਝੰਡੇ ਰਾਹੀਂ ਫਿਰਕਾਪ੍ਰਸਤੀ ਫੈਲਾਈ ਜਾ ਸਕੇ। ਹੁਣ ਵੀ ਸਾਰੇ ਸੰਘੀ ਸਾਡੇ ਤਿਰੰਗੇ ਝੰਡੇ ਦੀ ਸਰਾਭੇ ਵਾਲੀ ਤਿੰਨ ਮਨੁੱਖੀ ਕਦਰਾਂ ਦੀ ਵਿਆਖਿਆ ਨੂੰ ਯੂਰੋਪੀ ਖਿਆਲ ਕਹਿ ਕੇ ਭੰਡਦੇ ਹਨ ਤੇ ਆਪਣੇ ਅੰਗਰੇਜ਼ ਸਾਮਰਾਜੀ ਰਹਿਬਰਾਂ ਵਾਲੀ ਦੁਫ਼ੇੜੂ ਵਿਆਖਿਆ ਤੇ ਹੀ ਖੜ੍ਹਦੇ ਹਨ।
ਸੰਘ ਦੀ ਵਫਾਦਾਰੀ ਭਾਰਤੀ ਸੰਵਿਧਾਨ ਨਾਲ ਜਾਂ ਹਿੰਦੂ ਰਾਸਟਰ ਨਾਲ : ਹਰ ਉਹ ਵਿਅਕਤੀ ਜੋ ਸੰਘ ਚ ਸ਼ਾਮਲ ਹੁੰਦਾ ਹੈ ਹੇਠ ਲਿਖੇ ਅਨੁਸਾਰ ਪ੍ਰਤਿੱਗਿਆ ਲੈਂਦਾ ਹੈ “ਸਰਬ ਸ਼ਕਤੀਮਾਨ ਸ੍ਰੀ ਪਰਮੇਸ਼ਵਰ ਅਤੇ ਆਪਣੇ ਪੁਰਖਿਆਂ ਨੂੰ ਧਿਆਉਂਦੇ ਹੋਏ ਮੈਂ ਪ੍ਰਤਿੱਗਿਆ ਕਰਦਾ ਹਾਂ ਕਿ ਆਪਣੇ ਪਵਿੱਤਰ ਹਿੰਦੂ ਧਰਮ, ਹਿੰਦੂ ਸੱਭਿਆਚਾਰ ਅਤੇ ਹਿੰਦੂ ਸਮਾਜ ਦਾ ਰੱਖਿਅਕ ਬਣ ਕੇ, ਹਿੰਦੂ ਰਾਸ਼ਟਰ ਦੀ ਸਰਬ ਪੱਖੀ ਉੱਨਤੀ ਲਈ ਮੈਂ ਆਰਐੱਸਐੱਸ ਦਾ ਹਿੱਸਾ ਬਣਿਆ ਹਾਂ, ਸੰਘ ਦਾ ਕਾਰਜ ਮੈਂ ਪਹਿਲ ਦੇ ਅਧਾਰ ‘ਤੇ ਨਿਰਸਵਾਰਥ ਬੁੱਧੀ ਨਾਲ ਅਤੇ ਤਨ ਮਨ ਧਨ ਨਾਲ ਕਰਾਂਗਾ ਅਤੇ ਇਸ ਪ੍ਰਣ ਦਾ ਸਾਰੀ ਜ਼ਿੰਦਗੀ ਤੱਕ ਪਾਲਣ ਕਰਾਂਗਾ, ਭਾਰਤ ਮਾਤਾ ਦੀ ਜੈ।” ਹੁਣ ਜਾਨਣਾ ਬਣਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਹੋਰ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਜੋ ਸੰਵਿਧਾਨ ਦੀ ਸਹੁੰ ਖਾ ਕੇ ਆਪਣੇ ਅਹੁਦੇ ਲੈਂਦੇ ਹਨ ਤੇ ਜੋ ਆਪਣੇ ਆਪ ਨੂੰ ਬਚਪਨ ਤੋਂ ਹੀ ਸੰਘ ਦੇ ਸਵੈਮ ਸੇਵਕ ਵੀ ਕਹਿੰਦੇ ਹਨ ਕੀ ਉਨ੍ਹਾਂ ਦੀ ਵਫ਼ਾਦਾਰੀ ਇਕ ਲੋਕਤੰਤਰਿਕ, ਧਰਮ ਨਿਰਪੱਖ ਭਾਰਤ ਪ੍ਰਤੀ ਹੈ ਜਾਂ ਫਿਰ ਇਸ ਨੂੰ ਨਸ਼ਟ ਕਰਕੇ ਹਿੰਦੂ ਰਾਸ਼ਟਰ ਨਾਲ! ਸੰਘ ਦੇ ਦੂਜੇ ਪ੍ਰਮੁੱਖ ਗੋਲਵਾਲਕਰ ਨੇ ਤਾਂ ਭਾਰਤੀ ਸੰਵਿਧਾਨ ਨੂੰ ਪੱਛਮੀ ਦੇਸ਼ਾਂ ਦੇ ਵੱਖ-ਵੱਖ ਸੰਵਿਧਾਨਾਂ ‘ਚੋਂ ਲਈਆਂ ਗਈਆਂ ਅਲੱਗ-ਅਲੱਗ ਧਾਰਾਵਾਂ ਦਾ ਇੱਕ ਬੋਝਲ ਤੇ ਬੇਮੇਲ ਅੰਸ਼ਾਂ ਦਾ ਮਿਲਗੋਭਾ ਤੱਕ ਕਿਹਾ ਸੀ।
ਡਾ. ਭੀਮ ਰਾਓ ਅੰਬੇਦਕਰ ਦੀ ਫੋਕੀ ਵਡਿਆਈ ਅਤੇ ਸੰਘ ਦੀ ਅਸਲੀਅਤ : ਸੰਘ ਵੱਲੋਂ ਲਗਪਗ ਇੱਕ ਸਦੀ ਪਹਿਲਾਂ ਜਦੋਂ ਭਾਰਤ ਦੇ ਲੋਕਾਂ ਨੂੰ ਅੰਗਰੇਜ਼ ਸਾਮਰਾਜ ਸਭ ਤੋਂ ਵੱਡਾ ਦੁਸ਼ਮਣ ਨਜਰ ਆਉਂਦਾ ਸੀ, ਪਰ ਸੰਘੀਆਂ ਵੱਲੋਂ ਉਸ ਵੇਲੇ ‘ਪਾੜੋ ਤੇ ਰਾਜ ਕਰੋ’ ਦੇ ਨੀਤੀ ਘਾੜੇ ਸਾਮਰਾਜੀਆਂ ਦੀ ਸੇਵਾ ‘ਚ ਹਾਜਰ ਹੁੰਦਿਆਂ ਮੁਸਲਮਾਨਾਂ, ਇਸਾਈਆਂ ਅਤੇ ਕਮਿਊਨਿਸਟਾਂ ਨੂੰ ਦੇਸ਼ ਦੇ ਪਹਿਲੇ, ਦੂਜੇ ਅਤੇ ਤੀਜੇ ਦੁਸ਼ਮਣ ਗਰਦਾਨਿਆ ਗਿਆ ਹੈ। ਇਸੇ ਲੜੀ ਤਹਿਤ ਮਨੁੱਖਤਾ ਦੀ ਸੇਵਾ ‘ਚ ਲੀਨ ਡਾ. ਗ੍ਰਾਹਮ ਸਟੇਨਜ਼ ਤੇ ਉਸ ਦੇ ਬੱਚਿਆਂ ਨੂੰ ਜਿਊਂਦੇ ਸਾੜਨ, ਗੁਜਰਾਤ ਤੇ ਹੋਰਨਾਂ ਥਾਵਾਂ ਤੇ ਚਰਚਾਂ ਤੇ ਹਮਲੇ ਕਰਨ ਤੇ ਮੁਸਲਮਾਨਾਂ ਦੀ ਸਾਲ 2002 ਵਿਚ ਕੀਤੀ ਨਸਲਕੁਸ਼ੀ ਤੇ ਭੀੜ ਤੰਤਰ ਰਾਹੀਂ ਵਹਿਸ਼ੀ ਕਤਲ ਅਤੇ ਕੇਰਲਾ ਤੇ ਹੋਰ ਥਾਵਾਂ ਤੇ ਕਮਿਊਨਿਸਟਾਂ ਦੇ ਕਤਲ ਬੜੇ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਸੰਘੀ ਲਾਣਾ ਜਿੱਥੇ ਜਾਤ-ਪਾਤ ਦੇ ਕੋਹੜ ਦੀ ਵਿਚਾਰਧਾਰਕ ਮਾਂ ਮਨੂਸਮਰਿਤੀ ‘ਤੇ ਪੂਰੀ ਤਰ੍ਹਾਂ ਨਾਲ ਪਹਿਰਾ ਦੇ ਰਿਹਾ ਹੈ, ਉੱਥੇ ਡਾਕਟਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਅੰਬੇਦਕਰ ਨੂੰ ਮੁਸਲਮਾਨਾਂ ਤੇ ਕਮਿਊਨਿਸਟਾਂ ਦਾ ਵਿਰੋਧੀ ਦਰਸਾ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਵਰਗਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਾਬਾ ਸਾਹਿਬ ਜੀ ਦੀਆਂ ਰਚਨਾਵਾਂ ‘ਜਾਤਪਾਤ ਦਾ ਬੀਜਨਾਸ਼’ ਅਤੇ ‘ਹਿੰਦੂ ਧਰਮ ਦੀਆਂ ਅੜਾਉਣੀਆਂ’ ਬਾਰੇ ਪੂਰਨ ਤੌਰ ‘ਤੇ ਸਾਜ਼ਿਸ਼ੀ ਚੁੱਪ ਵੱਟਦਾ ਹੈ। ਡਾ. ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਭਾਰਤ ਦੀ ਵੰਡ ਬਾਰੇ 1945 ‘ਚ ਲਿਖਿਆ ਸੀ ”ਜੇਕਰ ਹਿੰਦੂ ਰਾਸ਼ਟਰ ਬਦਕਿਸਮਤੀ ਨਾਲ ਸਥਾਪਤ ਹੋ ਜਾਂਦਾ ਹੈ ਤਾਂ ਇਹ ਭਾਰਤ ਲਈ ਸਭ ਤੋਂ ਵੱਡੀ ਆਫ਼ਤ ਹੋਵੇਗੀ ਤੇ ਇਹ ਬਰਾਬਰਤਾ, ਆਜਾਦੀ ਤੇ ਭਾਈਚਾਰੇ ਦੀਆਂ ਮਨੁੱਖੀ ਕਦਰਾਂ-ਕੀਮਤਾਂ ਦਾ ਵੀ ਘਾਣ ਹੋਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਰਾਸਟਰ ਕਿਸੇ ਵੀ ਕੀਮਤ ਤੇ ਬਣਨ ਤੋਂ ਰੋਕਿਆ ਜਾਣਾ ਚਾਹੀਦਾ ਹੈ”।
×ਾਂਧੀ ਜੀ ਅਤੇ ਗੌਡਸੇ ਦੋਵਾਂ ਦੀ ਉਪਾਸਨਾ : ਸੰਘ ਪਰਿਵਾਰ ਲਗਾਤਾਰ ਮਹਾਤਮਾ ਗਾਂਧੀ ਜੀ ਬਾਰੇ ਭੱਦਾ ਪ੍ਰਚਾਰ ਕਰਦਾ ਰਿਹਾ ਹੈ। ਪਰ ਸਰਕਾਰੀ ਅਹੁਦੇ ਤੇ ਹੋਣ ਕਾਰਨ ਤੇ ਗੁਜਰਾਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਨਰਿੰਦਰ ਮੋਦੀ ਗਾਂਧੀ ਜੀ ਦੀ ਉਸਤਤਿ ਕਰਨ ਦਾ ਖੇਖਣ ਕਰਦਾ ਹੈ, ਪਰ ਮੋਦੀ ਸਮੇਤ ਸਮੁੱਚਾ ਸੰਘ ਪਰਿਵਾਰ ਗਾਂਧੀ ਦੇ ਕਾਤਲ ਅਤੇ ਆਜਾਦ ਭਾਰਤ ਦੇ ਸਭ ਤੋਂ ਪਹਿਲੇ ਅਤਿਵਾਦੀ ਨੱਥੂ ਰਾਮ ਗੌਡਸੇ ਦੀ ਉਸਤਤਿ ਗਾਇਨ ਤੋਂ ਵੀ ਕਦੀ ਪਿੱਛੇ ਨਹੀਂ ਹਟਦਾ। ਭੋਪਾਲ ਤੋਂ ਐਮਪੀ ਤੇ ਅਤਿਵਾਦੀ ਗਤੀਵਿਧੀਆਂ ਦੀ ਦੋਸ਼ੀ ਪ੍ਰੱਗਿਆ ਠਾਕੁਰ ਨੇ ਸ਼ਰ੍ਹੇਆਮ ਗੋਡਸੇ ਦੀ ਪ੍ਰਸ਼ੰਸਾ ਕੀਤੀ ਤੇ ਮੋਦੀ ਨੇ ਸਿਰਫ਼ ਨਿਖੇਧੀ ਕਰ ਕੇ ਹੀ ਸਾਰ ਦਿੱਤਾ ਤੇ ਕਿਹਾ ਕਿ ਉਹ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗਾ ਤੇ ਦੋ ਸਾਲ ਬੀਤਣ ਬਾਅਦ ਵੀ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ।
ਸੰਘ ਪਰਿਵਾਰ ਦਾ ਗੈਰ ਰਾਜਨੀਤਕ ਸੱਭਿਆਚਾਰਕ ਸੰਗਠਨ ਹੋਣ ਦਾ ਦਾਅਵਾ : ਇਸਦਾ ਪਰਦਾ ਕਦੋਂ ਦਾ ਫ਼ਾਸ਼ ਹੋ ਚੁੱਕਾ ਹੈ। ਝੂਠ ਦੀ ਪੰਡ ਇਸ ਸੰਗਠਨ ਨੇ ਕਈ ਦਹਾਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਸੰਘ ਦੇ ਸਿਧਾਂਤਕਾਰ ਐਮ ਜੀ ਵੈਦਿਆ ਨੇ 2004 ‘ਚ ਅਖੌਤੀ ਗੁਰੂਜੀ ਗੋਲਵਾਲਕਰ ਦੀ ਉਸਤਤ ਕਰਦਿਆਂ ਉਸ ਨੂੰ ਹਿੰਦੂ ਸਮਾਜ ਲਈ ਸਦੀ ਦਾ ਸਭ ਤੋਂ ਵੱਡਾ ਉਪਹਾਰ ਕਿਹਾ। ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਖੇਤਰ ‘ਚ ਸੰਘ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਜਿਵੇਂ ਧਰਮ ਲਈ ਵਿਸ਼ਵ ਹਿੰਦੂ ਪ੍ਰੀਸ਼ਦ, ਵਿਦਿਆਰਥੀਆਂ ਲਈ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਆਦਿ ਅਤੇ ਰਾਜਨੀਤੀ ਲਈ ਪਹਿਲਾਂ ਜਨਸੰਘ ਤੇ ਬਾਅਦ ‘ਚ ਭਾਰਤੀ ਜਨਤਾ ਪਾਰਟੀ। ਫਿਰ ਵੀ ਸੰਘ ਗੈਰ ਰਾਜਨੀਤਕ ਹੋਣ ਦਾ ਝੂਠਾ ਰਾਗ ਅਲਾਪਦਾ ਰਹਿੰਦਾ ਹੈ ।
ਸੰਘ ਦੇ ਇਕ ਹੋਰ ਅਖੌਤੀ ਸ਼ਹੀਦ ਸ਼ਿਆਮਾ ਪ੍ਰਸਾਦ ਮੁਖਰਜੀ ਨੇ 26 ਜੁਲਾਈ 1942 ਨੂੰ ਭਾਰਤ ਛੱਡੋ ਅੰਦੋਲਨ ਨੂੰ ਕੁਚਲਣ ਲਈ ਬੰਗਾਲ ਦੇ ਗਵਰਨਰ ਨੂੰ ਚਿੱਠੀ ਲਿਖੀ ਸੀ। ਇਨ੍ਹਾਂ ਦਾ ਅਖੌਤੀ ਗੁਰੂਜੀ ਗੋਲਵਾਲਕਰ ਹਿੰਦੂਆਂ ਨੂੰ ਮੱਤ ਦਿੰਦਾ ਹੈ ਕਿ “ਉਹ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਆਪਣੀ ਊਰਜਾ ਅਜਾਈਂ ਨਾ ਗੁਆਉਣ ਬਲਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ‘ਚ ਹੋਣ ਵਾਲੇ ‘ਘੋਲਾਂ’ ਲਈ ਆਪਣੀ ਊਰਜਾ ਬਚਾ ਕੇ ਰੱਖਣ। ਜੋ ਕਿ ਹੁਣ ਉਹ ਘੱਟਗਿਣਤੀਆਂ, ਦਲਿਤਾਂ ਤੇ ਕਮਿਊਨਿਸਟਾਂ ਵਿਰੁੱਧ ਵਰਤ ਕੇ ਵੱਡੇ ਦੇਸ਼ ਭਗਤ ਹੋਣ ਦਾ ਅਡੰਬਰ ਰਚ ਰਹੇ ਹਨ ।
ਸ਼ਹੀਦ ਭਗਤ ਸਿੰਘ ਅਤੇ ਸਾਥੀ ਬਨਾਮ ਆਰਐੱਸਐੱਸ : ਪਿਛਲੇ 25-30 ਸਾਲਾਂ ਤੋਂ ਸੰਘ ਵਾਲੇ ਆਪਣੇ ਅੰਗਰੇਜ ਭਗਤੀ ਦੇ ਸ਼ਰਮਨਾਕ ਇਤਿਹਾਸ ‘ਤੇ ਪਰਦਾ ਪਾਉਣ ਲਈ ਸਾਡੇ ਇਨਕਲਾਬੀ ਸ਼ਹੀਦਾਂ ਨੂੰ ਆਪਣਾ ‘ਭਗਵਾਂ ਅੰਮ੍ਰਿਤ’ ਛਕਾ ਕੇ ਸੰਘੀ ਵਿਚਾਰਧਾਰਾ ਦੇ ਚੌਖਟੇ ‘ਚ ਫਿੱਟ ਕਰਦੇ ਹਨ। ਅਜਿਹਾ ਕੁਝ ਉਹ ਸਿੱਖ ਗੁਰੂਆਂ ਸਮੇਤ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਵੀ ਕਰਦੇ ਹਨ ਅਤੇ ਸਿੱਖ ਗੁਰੂਆਂ ਦੀ ਲੜਾਈ ਨੂੰ ਜ਼ੁਲਮ ਵਿਰੁੱਧ ਲੜਾਈ ਵਜੋਂ ਪੇਸ਼ ਨਾ ਕਰਕੇ ਉਸ ਨੂੰ ਮੁਸਲਮਾਨਾਂ ਵਿਰੁੱਧ ਜੰਗ ਵਜੋਂ ਪੇਸ਼ ਕਰਦੇ ਹਨ ਤਾਂ ਕਿ ਦੋਹਾਂ ਫ਼ਿਰਕਿਆਂ ‘ਚ ਨਫ਼ਰਤ ਵਧਾਈ ਜਾ ਸਕੇ। ਆਓ ਸਾਹਿਬਜ਼ਾਦਿਆਂ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਕੁਰਬਾਨੀਆਂ ਬਾਰੇ ਸੰਘ ਦੇ ਦੂਜੇ ਮੁਖੀ ਗੋਲਵਾਲਕਰ ਦੀ 1997 ‘ਚ ਛਪੀ ਕਿਤਾਬ ‘ਵਿਚਾਰ ਨਵਨੀਤ ਗਿਆਨ ਗੰਗਾ’, ਜੈਪੁਰ ਦੇ ਪੰਨਾ 281 ‘ਤੇ ਅੰਕਿਤ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋਈਏ, ”ਬੇਸ਼ੱਕ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਵਿਅਕਤੀ ਉੱਤਮ ਮਨੁੱਖ ਹੁੰਦੇ ਹਨ ਅਤੇ ਉਨ੍ਹਾਂ ਦਾ ਜੀਵਨ ਦਰਸ਼ਨ ਪ੍ਰਮੁੱਖ ਤੌਰ ‘ਤੇ ਲੋਕਾਂ ਦੇ ਭਲੇ ਵਾਸਤੇ ਹੈ। ਕਿਉਂਕਿ ਅਖੀਰ ਵਿੱਚ ਉਹ ਆਪਣਾ ਉਦੇਸ਼ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਜਿਸ ਦਾ ਅਰਥ ਹੈ ਕਿ ਉਨ੍ਹਾਂ ਵਿੱਚ ਕੋਈ ਗੰਭੀਰ ਖਾਮੀ ਸੀ।” ਇਹੀ ਕਾਰਨ ਹੈ ਕਿ ਆਰਐੱਸਐੱਸ ਦੇ 1947 ਤੱਕ ਦੇ ਕਿਸੇ ਵੀ ਦਸਤਾਵੇਜ਼ ਵਿਚ ਭਗਤ ਸਿੰਘ-ਰਾਜਗੁਰੂ-ਸੁਖਦੇਵ ਨੂੰ ਗੋਰੇ ਹਾਕਮਾਂ ਵੱਲੋਂ ਫਾਂਸੀ ਦਿੱਤੇ ਜਾਣ ਖਿਲਾਫ਼ ਕਿਸੇ ਵੀ ਕਿਸਮ ਦੇ ਵਿਰੋਧ ਦਾ ਕੋਈ ਰਿਕਾਰਡ ਨਹੀਂ । ਅਸੀਂ ਬੇਝਿਜਕ ਕਹਿਣਾ ਚਾਹੁੰਦੇ ਹਾਂ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਸੰਘੀ ਕਦੀ ਵੀ ਸਤਿਕਾਰ ਨਹੀਂ ਕਰ ਸਕਦੇ ਕਿਉਂਕਿ ਉਹ ਮੂਲੋਂ ਸਿੱਖ ਫਲਸਫ਼ੇ ਦੇ ਵਿਰੋਧੀ ਹਨ।
ਸੰਵਿਧਾਨ ਦਾ ਸੰਘੀ ਢਾਂਚਾ ਬਨਾਮ ਆਰਐੱਸਐੱਸ : ਅੱਜ ਦੇ ਕਿਸਾਨ ਅੰਦੋਲਨ ਦਾ ਖੇਤੀ ਕਾਨੂੰਨਾਂ ਵਿਰੁਧ ਹੋਰਾਂ ਤੋਂ ਇਲਾਵਾ ਸਭ ਤੋਂ ਪਹਿਲਾ ਤੇ ਕੇਂਦਰੀ ਨੁਕਤਾ ਇਹ ਹੈ ਕਿ ਕੇਂਦਰ ਸਰਕਾਰ ਨੇ ਸੰਵਿਧਾਨ ਵਿਚ ਸੂਬਿਆਂ ਦੇ ਅਧਿਕਾਰ ਖੇਤਰ ਵਜੋਂ ਦਰਜ ਖੇਤੀ ਬਾਰੇ ਕਾਨੂੰਨ ਪਾਸ ਕੀਤੇ ਹਨ ਅਤੇ ਇਹ ਸੰਵਿਧਾਨ ਦੀ ਸ਼ਰ੍ਹੇਆਮ ਉਲੰਘਣਾ ਹੈ ਤੇ ਸੰਘਵਾਦ ਦੇ ਪੂਰੀ ਤਰ੍ਹਾਂ ਵਿਰੁੱਧ ਹੋ ਕੇ ਏਕਾਤਮਕ ਹਨ । ਸੂਬਿਆਂ ਦੇ ਅਧਿਕਾਰਾਂ ਨੂੰ ਪਿਛਲੀਆਂ ਕਾਂਗਰਸ ਸਰਕਾਰਾਂ ਵੇਲੇ ਤੋਂ ਖੋਰਾ ਲੱਗ ਰਿਹਾ ਹੈ ਪਰ ਜਿਸ ਤਰ੍ਹਾਂ ਮੋਦੀ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਸੂਬਿਆਂ ਨੂੰ ਕਮਜੋਰ ਕਰ ਰਹੀ ਹੈ ਉਸ ਤੋਂ ਸਾਡੇ ਦੇਸ਼ ਦੇ ਸੰਵਿਧਾਨ ਦਾ ਸੰਘੀ ਢਾਂਚਾ ਹੀ ਖੇਰੂੰ-ਖੇਰੂੰ ਹੋ ਰਿਹਾ ਹੈਸ਼। ਆਓ ਗੁਰੂ ਗੋਲਵਾਲਕਰ ਜੀ ਦੇ ਇਸ ਬਾਰੇ ਪਵਿੱਤਰ ਵਿਚਾਰ ਸੁਣੀਏ, ਸਭ ਤੋਂ ਮਹੱਤਵਪੂਰਨ ਅਤੇ ਅਸਰਦਾਇਕ ਕਦਮ ਇਹ ਹੋਵੇਗਾ ਕਿ ਅਸੀਂ ਆਪਣੇ ਵਿਧਾਨ ਚੋਂ ਸੰਘੀ ਢਾਂਚੇ ਦੀ ਸੰਪੂਰਨ ਚਰਚਾ ਨੂੰ ਸਦਾ ਲਈ ਸਮਾਪਤ ਕਰਦੇ ਹੋਏ ਇਕ ਰਾਜ ਅਰਥਾਤ ਭਾਰਤ ਦੇ ਅੰਦਰ ਅਨੇਕਾਂ ਖੁਦਮੁਖਤਿਆਰ ਤੇ ਅਰਧ ਖ਼ੁਦਮੁਖ਼ਤਿਆਰ ਰਾਜਾਂ ਦੀ ਹੋਂਦ ਮਿਟਾ ਦੇਈਏ ਅਤੇ ਇਕ ਦੇਸ਼, ਇਕ ਰਾਜ, ਇਕ ਵਿਧਾਨ ਸਭਾ, ਇਕ ਕਾਰਜਪਾਲਕਾ ਦਾ ਐਲਾਨ ਕਰੀਏ। ਇਸ ਵਿਚ ਖੰਡਾਤਮਕ ਖੇਤਰੀ, ਧਾਰਮਿਕ, ਭਾਸ਼ਾਈ ਅਤੇ ਕਿਸੇ ਹੋਰ ਪ੍ਰਕਾਰ ਦੇ ਗੌਰਵ ਦਾ ਕੋਈ ਵੀ ਨਿਸ਼ਾਨ ਨਹੀਂ ਹੋਣਾ ਚਾਹੀਦਾ ਅਤੇ ਸਾਡੇ ਏਕਤਾ ਦੇ ਵਿਚਾਰ ਦੀ ਅਨੁਕੂਲਤਾ ਨੂੰ ਨਸ਼ਟ ਕਰਨ ਦਾ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ।
ਲੋਕਤੰਤਰ ਨਾਲ ਦੁਸ਼ਮਣੀ : ਆਰਐੱਸਐੱਸ ਦੀ ਮੰਗ ਹੈ ਕਿ ਲੋਕਤੰਤਰ ਦੇ ਸਿਧਾਂਤਾਂ ਦੇ ਉਲਟ ਭਾਰਤ ਵਿੱਚ ਤਾਨਾਸ਼ਾਹੀ ਪ੍ਰਣਾਲੀ ਹੋਵੇ। ਗੋਲਵਾਲਕਰ ਨੇ ਮਦਰਾਸ ਹੁਣ ਚੇਨੱਈ ਵਿੱਚ ਆਰਐੱਸਐੱਸ ਦੇ ਉੱਚ ਪੱਧਰੀ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਸੀ ਇੱਕ ਝੰਡੇ ਹੇਠ ਇਕ ਨੇਤਾ ਦੀ ਅਗਵਾਈ ‘ਚ ਇਕ ਹੀ ਵਿਚਾਰ ਨਾਲ ਲੈਸ ਹੋ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਹਿੰਦੂਤਵ ਦੀ ਪ੍ਰਚੰਡ ਜੋਤੀ ਨੂੰ ਇਸ ਵਿਸ਼ਾਲ ਭੂਮੀ ਦੇ ਕੋਨ-ਕੋਨੇ ‘ਚ ਰੁਸ਼ਨਾ ਰਿਹਾ ਹੈ। ਯਾਦ ਰਹੇ ‘ਇੱਕ ਝੰਡਾ, ਇੱਕ ਨੇਤਾ ਤੇ ਇਕ ਵਿਚਾਰਧਾਰਾ’ ਦਾ ਇਹ ਨਾਅਰਾ ਸਿੱਧਾ ਯੂਰਪ ਦੀਆਂ ਨਾਜ਼ੀ ਤੇ ਫਾਸ਼ੀਵਾਦੀ ਪਾਰਟੀਆਂ, ਜਿਨ੍ਹਾਂ ਦੇ ਨੇਤਾ ਹਿਟਲਰ ਅਤੇ ਮੁਸੋਲਿਨੀ ਜਿਹੇ ਤਾਨਾਸ਼ਾਹ ਸਨ, ਦੇ ਪ੍ਰੋਗਰਾਮਾਂ ਤੋਂ ਲਿਆ ਗਿਆ ਹੈ ।
ਆਰਐੱਸਐੱਸ ਨਿਰੀ ਝੂਠ ਦੀ ਪੰਡ : ਗੋਲਵਾਲਕਰ ਨੇ ਰਾਜਨੀਤੀ ਨੂੰ ਚਲਾਉਣ ਲਈ ਜੋ ਯੋਜਨਾ ਬਣਾਈ ਉਸ ਦੀ ਵਿਆਖਿਆ ਉਨ੍ਹਾਂ ਨੇ ਮਾਰਚ ਨੂੰ ਇੰਦੌਰ ਵਿੱਚ ਇੱਕ ਸਰਬ ਭਾਰਤੀ ਸੰਮੇਲਨ ਵਿੱਚ ਇਉਂ ਦੱਸੀ ਸੀ ਸਾਨੂੰ ਇਹ ਵੀ ਪਤਾ ਹੈ ਕਿ ਸਾਡੇ ਕੁਝ ਸਵੈਮ ਸੇਵਕ ਰਾਜਨੀਤੀ ਵਿਚ ਕੰਮ ਕਰਦੇ ਹਨ ਉੱਥੇ ਉਨ੍ਹਾਂ ਨੂੰ ਉਸ ਕੰਮ ਦੀਆਂ ਜ਼ਰੂਰਤਾਂ ਮੁਤਾਬਕ ਜਲਸੇ-ਜਲੂਸ ਆਦਿ ਕਰਨੇ ਪੈਂਦੇ ਹਨ ਅਤੇ ਨਾਅਰੇ ਲਾਉਣੇ ਪੈਂਦੇ ਹਨ, ਇਨ੍ਹਾਂ ਸਾਰੀਆਂ ਗੱਲਾਂ ਦਾ ਸਾਡੇ ਕੰਮ ਵਿੱਚ ਕੋਈ ਥਾਂ ਨਹੀਂ ਪਰ ਨਾਟਕ ਦੇ ਪਾਤਰਾਂ ਵਾਂਗ ਜਿਹੜੀ ਭੂਮਿਕਾ ਨਿਭਾਉਣ ਲਈ ਦਿੱਤੀ ਗਈ ਹੈ, ਉਸ ਨੂੰ ਯੋਗਤਾ ਅਨੁਸਾਰ ਨਿਭਾਉਣਾ ਹੀ ਚਾਹੀਦਾ ਹੈ। ਪਰ ਮਦਾਰੀ ਦੀ ਇਸ ਭੂਮਿਕਾ ਤੋਂ ਅੱਗੇ ਵਧ ਕੇ ਕੰਮ ਕਰਦੇ ਕਰਦੇ ਕਿਤੇ-ਕਿਤੇ ਇਨ੍ਹਾਂ ਪਾਤਰਾਂ ਦੇ ਮਨ ‘ਚ ਅਜਿਹੀ ਭੂਮਿਕਾ ਰਚ-ਮਿਚ ਜਾਂਦੀ ਹੈ, ਇੱਥੋਂ ਤਕ ਕਿ ਉਹ ਵਾਪਸ ਆਰਐੱਸਐੱਸ ਦੇ ਕੰਮ ਵਿੱਚ ਨਖਿੱਧ ਸਾਬਤ ਹੁੰਦੇ ਹਨ। ਅਜਿਹਾ ਵਰਤਾਰਾ ਠੀਕ ਨਹੀਂ ਸਾਨੂੰ ਆਪਣੇ ਪੂਰੇ ਸੰਜਮ ਨਾਲ ਕੰਮ ਦੀ ਦ੍ਰਿੜ੍ਹਤਾ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਹੋਵੇਗਾ। ਲੋੜ ਪਈ ਤਾਂ ਅਸੀਂ ਅਸਮਾਨ ਤੱਕ ਵੀ ਛੂਹ ਸਕਦੇ ਹਾਂ ਪ੍ਰੰਤੂ ਜੇ ਹੁਕਮ ਮਿਲਿਆ ਤਾਂ ਉੱਥੇ ਹੀ ਖੜ੍ਹੇ ਰਹਿ ਸਕਦੇ ਹਾਂ। ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸੰਗਠਨ ਦੇ ਅੰਗ ਹਾਂ, ਇਸ ਲਈ ਜਿਹੜਾ ਕੰਮ ਸੌਂਪਿਆ ਗਿਆ ਹੈ ਉਸ ਦੀ ਯੋਗਤਾ ਪ੍ਰਾਪਤ ਕਰਨੀ ਅਤੇ ਆਪਣੀ ਬੁੱਧੀ ਵਰਤਣ ਦੀ ਕੋਈ ਲੋੜ ਨਹੀਂ ਹੈ। ਸੋ ਅੱਜ ਮੋਦੀ ਉਸ ਦੇ ਬਾਕੀ ਮੰਤਰੀ ਜਨਤਕ ਰੂਪ ਵਿੱਚ ਕੀ ਗੱਲਾਂ ਕਰਦੇ ਹਨ ਤੇ ਅਸਲ ਦਿਲ ‘ਚ ਕੀ ਕਰਦੇ ਹਨ, ਉਸ ‘ਚ ਸੌ ਕੋਹ ਦਾ ਅੰਤਰ ਹੈ। ਜਿਹੜਾ ਕਿ ਅਸੀਂ ਗਾਹੇ ਬਗਾਹੇ ਸਾਰਿਆਂ ਵਿੱਚ ਹੀ ਬੜੇ ਤਣਾਅ ਦੇ ਰੂਪ ‘ਚ ਬੜੀ ਸ਼ਿੱਦਤ ਨਾਲ ਨੋਟ ਕਰਦੇ ਰਹੇ ਹਾਂ। ਇਸ ਲਈ ਆਰਐੱਸਐੱਸ ਦੀ ਇਸ ਫ਼ਿਰਕੂ ਕੱਟੜ ਫਾਸ਼ੀਵਾਦੀ ਤੇ ਲੋਕਾਂ ਨੂੰ ਲੜਾਉਣ ਵਾਲੀ ਵਿਚਾਰਧਾਰਾ ਵਿਰੁੱਧ ਬੜੀ ਸ਼ਿੱਦਤ ਨਾਲ ਲੜਾਈ ਲੜਨ ਦੀ ਲੋੜ ਹੈ।
ਦੇਸ਼ ਵਾਸੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਰ.ਐਸ.ਐਸ. ਤੇ ਉਸ ਦਾ ਸਿਆਸੀ ਵਿੰਗ ਭਾਜਪਾ ਕੌਮ ਪ੍ਰਸਤ ਨਹੀਂ ਬਲਕਿ ਆਪਣੇ ਜਨਮ ਵੇਲੇ ਤੋਂ ਹੀ ਸਾਮਰਾਜ ਪ੍ਰਸਤ ਹਨ।
ਦੇਸ਼ ਦੇ ਕਰੋੜਾਂ ਗਰੀਬ ਹਿੰਦੂਆਂ ਦੇ ਅਸਲ ਦੁਸ਼ਮਣ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟ ਲੋਟੂਆਂ ਅਤੇ ਵਿਦੇਸ਼ੀ ਧਾੜਵੀ ਹਨ। ਇਨ੍ਹਾਂ ਨੂੰ ਲੋਕਾਂ ਦੇ ਰੋਹ ਦੇ ਸੇਕ ਤਾਂ ਬਚਾ ਕੇ ਰੱਖਣ ਅਤੇ ਇਨ੍ਹਾਂ ਦੀ ਲੁੱਟ ਸਦੀਵੀਂ ਕਾਇਮ ਰੱਖਣ ਲਈ ਹੀ ਵੱਖੋ ਵੱਖ ਫ਼ਿਰਕਿਆਂ ਦੇ ਲੋਕਾਂ ਨੂੰ ਨਿਰਾਧਾਰ ਕਾਲਪਨਿਕ ਦੁਸ਼ਮਣੀਆਂ ਦੇ ਆਧਾਰ ‘ਤੇ ਇਕ ਦੂਜੇ ਦੇ ਦੁਸ਼ਮਣ ਬਨਾਉਂਦੇ ਹਨ। ਹਿੰਦੂਤਵੀ ਸੰਗਠਨਾਂ ਦੀ ਨਫ਼ਰਤੀ ਕੁਠਾਲੀ ‘ਚੋਂ ਨਿੱਕਲ ਕੇ ਆਏ ਕਾਰਕੁੰਨ ਤਾਂ ਇੰਨ੍ਹੇ ਦੁਸ਼ਟ ਹਨ ਕਿ ਕੋਰੋਨਾ ਮਹਾਮਾਰੀ ਨੂੰ ਵੀ ਮੁਸਲਮਾਨਾਂ ਖਿਲਾਫ਼ ਨਫ਼ਰਤ ਫ਼ੈਲਾਉਣ ਲਈ ਵਰਤਦੇ ਰਹੇ। ਮੋਦੀ-ਭਾਜਪਾ ਆਪਣੇ ਆਪ ‘ਚ ਕੁਝ ਨਹੀਂ। ਇਨ੍ਹਾਂ ਦਾ ਅਸਲ ਆਕਾ ਰਾਸ਼ਟਰੀ ਸੋਇਮ ਸੰਘ ਹੈ। ਇਸ ਦੀ ਵਿਚਾਰਧਾਰਕ ਹਾਰ ਤੋਂ ਬਿਨ੍ਹਾਂ ਨਾ ਤਾਂ ਭਾਰਤ ਦਾ ਮੌਜੂਦਾ ਜਮਹੂਰੀ-ਧਰਮ ਨਿਰਪੱਖ ‘ਤੇ ਫੈਡਰਲ ਰੂਪ ਕਾਇਮ ਰਹਿ ਸਕਣਾ ਹੈ ਅਤੇ ਨਾ ਹੀ ਸਮਾਨਤਾ ‘ਤੇ ਅਧਾਰਿਤ ਸਮਾਜ ਦੀ ਸਥਾਪਨਾ ਦੇ ਸਰਵਉਚ, ਪਵਿੱਤਰ ਉਦੇਸ਼ ਦੀ ਪੂਰਤੀ ਹੋ ਸਕਣੀ ਹੈ।
(ਨੋਟ-ਇਸ ਲੇਖ ਦੇ ਜ਼ਿਆਦਾਤਰ ਅੰਸ਼ ਡਾ. ਸ਼ਮਸੁਲ ਇਸਲਾਮ ਦੀ ਕਿਤਾਬ ‘ਆਰਐੱਸਐੱਸ ਦਾ ਮੂਲ ਪਛਾਣੋ’ ਵਿੱਚੋਂ ਲਏ ਗਏ ਹਨ)