Now Reading
ਸੀ.ਏ.ਏ. ਤੇ ਐਨ.ਆਰ.ਸੀ. ਵਿਰੁੱਧ ਸ਼ਾਨਦਾਰ ਸੰਘਰਸ਼

ਸੀ.ਏ.ਏ. ਤੇ ਐਨ.ਆਰ.ਸੀ. ਵਿਰੁੱਧ ਸ਼ਾਨਦਾਰ ਸੰਘਰਸ਼

ਮਹੀਪਾਲ

ਇਹ ਤੱਥ ਹੁਣ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਸਾਡੇ ਪੁਰਾਤਨ ਦੇਸ਼ ਭਾਰਤ ਨੂੰ ਇਸ ਦੇ ਮੌਜੂਦਾ ਉਦਾਰ ਰੂਪ ਵਿੱਚ ਇੱਕ ਪਲ ਲਈ ਵੀ ਬਰਦਾਸ਼ਤ ਕਰਨ ਨੂੰ  ਤਿਆਰ ਨਹੀਂ । ਭਾਰਤ ਦਾ ਜਮਹੂਰੀ, ਧਰਮਨਿਰਪੱਖ ਅਤੇ ਸੰਘਵਾਦੀ  (ਫੈਡਰਲ) ਢਾਂਚਾ ਸੰਘੀਆਂ ਦੀਆਂ ਅੱਖਾਂ ਵਿੱਚ ਕੱਚ ਦੀਆਂ ਕਿਰਚਾਂ ਵਾਂਗ ਚੁੱਭਦਾ ਹੈ। ਵੱਖੋ-ਵੱਖਰੇ ਧਰਮਾਂ ਨੂੰ ਮੰਨਣ ਵਾਲੇ, ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਅਤੇ ਬਹੁਭਾਂਤੇ ਸਭਿਆਚਾਰਾਂ ’ਚ ਪੁਸ਼ਤ-ਦਰ-ਪੁਸ਼ਤ ਪਲ ਕੇ ਪਰਵਾਨ ਚੜ੍ਹੇ, ਭੂਗੋਲਿਕ ਵਖਰੇਵੇਂ ਵਾਲੇ, ਕਰੋੜਾਂ ਲੋਕਾਂ ਦਾ ਮਿਲ-ਜੁਲ ਕੇ ਰਹਿਣਾ, ਫਿਰਕੂ ਜ਼ਿਹਨੀਅਤ ਨਾਲ ਸੋਚਣ-ਸਮਝਣ ਦੀ ਸਮਰੱਥਾ ਗੁਆ ਚੁੱਕੇ ਇਨ੍ਹਾਂ ਹਨੇਰਬਿਰਤੀਵਾਦੀ ਸੰਘੀਆਂ ਨੂੰ ਭੋਰਾ ਭਰ ਵੀ ਚੰਗਾ ਨਹੀਂ ਲੱਗਦਾ।     
ਬਸਤੀਵਾਦੀ ਅੰਗਰੇਜ਼ ਹਾਕਮਾਂ ਦੀਆਂ  ਗੁੱਝੀਆਂ (ਹੁਣ ਜੱਗ ਜ਼ਾਹਿਰ) ਹਿਦਾਇਤਾਂ ਅਧੀਨ, ਸੁਤੰਤਰਤਾ ਸੰਗਰਾਮ ਨੂੰ ਸਾਬੋਤਾਜ ਕਰਨ ਅਤੇ ਭਾਰਤ ਦੀ ਫਿਰਕੂ ਵੰਡ ਦੀ ਮਾਨਵਤਾ ਵਿਰੋਧੀ ਵਿਉਂਤ ਸਿਰੇ ਚੜ੍ਹਾਉਣ ਦੀ ਸਾਜਿਸ਼ ਵਜੋਂ, 1925 ‘ਚ ਹੋਂਦ ਵਿੱਚ ਆਇਆ (ਲਿਆਂਦਾ ਗਿਆ) ਇਹ ਨਾਮ ਨਿਹਾਦ ‘ਰਾਸ਼ਟਰਵਾਦੀ’ ਸੰਗਠਨ ਮੁੱਢ ਤੋਂ ਹੀ ਭਾਰਤ ਨੂੰ ਇੱਕ ਕੱਟੜਤਾ ਆਧਾਰਿਤ, ਪਿਛਾਂਹਖਿੱਚੂ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਤਰਲੋਮੱਛੀ ਹੁੰਦਾ ਆ ਰਿਹਾ ਹੈ। ਆਪਣੇ ਉਕਤ ਕੋਝੇ ਮਨਸੂਬੇ ਨੂੰ  ਸਿਰੇ ਚੜ੍ਹਾਉਣ ਲਈ ਇਸ ਲਾਹਨਤੀ ਸੰਗਠਨ ਨੇ, ਫਿਰਕੂ ਕਤਾਰਬੰਦੀ ’ਤੇ ਆਧਾਰਤ ਫਿਰਕੂ ਦੰਗੇ ਕਰਵਾਉਣ ਨੂੰ ਆਪਣਾ ਤਰਜੀਹੀ ਹਥਿਆਰ ਬਣਾਇਆ ਅਤੇ ਅਣਗਿਣਤ ਵਾਰੀ ਇਸ ਅਮਾਨਵੀ ਹਥਿਆਰ ਦੀ ਵਰਤੋਂ ਕਰਦੇ ਹੋਏ ਬੇਗੁਨਾਹਾਂ ਦੇ ਲਹੂ ਨਾਲ ਹੋਲੀ ਖੇਡੀ ।
ਭਾਂਤ-ਸੁਭਾਂਤੇ ਨਾਵਾਂ ਵਾਲੇ, ਚਰਿੱਤਰ ਨਿਰਮਾਣ ਅਤੇ ਲੋਕ ਸੇਵਾ ਦੇ ਦੰਭੀ ਮਕਸਦ ਅਧੀਨ ਕਾਇਮ ਕੀਤੇ ਅਣਗਿਣਤ ਸੰਗਠਨਾਂ ਦੇ ਸੰਘਣੇ ਅਤੇ ਸਰਗਰਮ ਤਾਣੇ-ਬਾਣੇ (ਸੰਘ ਪਰਿਵਾਰ) ਦੀ ਵਰਤੋਂ ਕਰਦਿਆਂ ਆਰ.ਐਸ.ਐਸ. ਨੇ ਸਾਲਾਂ ਬੱਧੀ ਹਿੰਦੂ ਜਨ ਸਾਧਾਰਨ ਦੇ ਮਨਾਂ ਵਿੱਚ ਮੁਸਲਮਾਨਾਂ, ਦਲਿਤਾਂ ਅਤੇ ਹੋਰ ਲੁੱਟੇ-ਲਿਤਾੜੇ ਲੋਕਾਂ ਖਿਲਾਫ਼ ਧਰਮਾਂ-ਜਾਤਾਂ ਆਦਿ ਦੇ ਵਖਰੇਵਿਆਂ ਨੂੰ ਆਧਾਰ ਬਣਾ ਕੇ ਘਿਰਣਾ ਦੇ ਜ਼ਹਿਰੀਲੇ ਬੀਜ ਬੀਜੇ । ਸੰਘੀਆਂ ਨੇ ਤਰੱਕੀ ਪਸੰਦ ਅੰਦੋਲਨ ਅਤੇ ਸੁਤੰਤਰਤਾ ਸੰਗਰਾਮ ਨਾਲ ਜੁੜੇ ਅਨੇਕਾਂ ਹਾਂ ਪੱਖੀ ਪਹਿਲੂਆਂ ਨੂੰ ਵੀ ਬੱਦੂ ਕਰਨ ਲਈ ਪੂਰਾ ਟਿੱਲ ਲਾਇਆ।
ਇਸ ਤੋਂ ਛੁੱਟ ਸੰਘੀ ਟੋਲੇ ਨੇ ਲੋਕਾਂ ਨੂੰ ਟੁੰਬਣ ਵਾਲੇ ਹਰ ਕੰਮ ਨੂੰ ਹੱਥ ਪਾਉਂਦਿਆਂ ਆਪਣੇ ਸਮਰਥਨ ਵਿੱਚ ਵਾਧਾ ਕੀਤਾ । ਸਮਾਜ ਵਿੱਚ ਹਜਾਰਾਂ ਸਾਲਾਂ ਤੋਂ ਪ੍ਰਚਲਿਤ ਪਿਛਾਖੜੀ ਧਾਰਨਾਵਾਂ ਦੀ ਵਰਤੋਂ ਨੇ ਵੀ ਸੰਘੀਆਂ ਲਈ ਵਰਦਾਨ ਦਾ ਕੰਮ ਕੀਤਾ ।                                                    
ਨਤੀਜੇ ਵਜੋਂ, ਲੰਮਾ ਸਮਾਂ ਲੋਕਾਈ ਦੇ ਤਰਿਸਕਾਰ ਅਤੇ ਉਪਹਾਸ ਦਾ ਪਾਤਰ ਰਿਹਾ ਸੰਘ ਲੋਕਾਂ ‘ਚ ਵੱਡੀ ਹੱਦ ਤੱਕ ਆਪਣੀ ਪੈਂਠ ਬਨਾਉਣ ਵਿੱਚ ਕਾਮਯਾਬ ਹੋ ਗਿਆ । ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੰਘ ਦੀ ਕਾਮਯਾਬੀ ਪਿੱਛੇ ਬਦਲੇ ਕੌਮਾਂਤਰੀ ਹਾਲਾਤਾਂ ਅਤੇ ਦੇਸ਼ ਦੇ  ਪ੍ਰਗਤੀਵਾਦੀ ਅੰਦੋਲਨ ਦੀਆਂ ਅਨੇਕਾਂ ਪੱਖਾਂ ਤੋਂ ਹੋਈਆਂ ਬੱਜਰ ਉਕਾਈਆਂ ਵੀ ਜਿੰਮੇਵਾਰ ਹਨ ।                                                    
ਅੱਜ ਸਥਿਤੀ ਇਹ ਹੈ ਕਿ  ਸੰਘ ਦੀ ਸ਼ਕਤੀ ਅਤੇ ਹਰ ਖੇਤਰ ਵਿੱਚ ਇਸ ਦੀ ਮੁਦਾਖਲਤ  ਵਿੱਚ ਅਸੀਮ ਵਾਧਾ ਹੋਇਆ ਹੈ। ਦੇਸ਼ ਦੇ ਚੱਪੇ-ਚੱਪੇ ਵਿੱਚ ਵੰਨ-ਸੁਵੰਨੇ ਸੰਘੀ ਕਾਰਕੁੰਨ ਚੰਮ ਦੀਆਂ ਚਲਾ ਰਹੇ ਹਨ । ਸੰਘ ਦਾ ਸਿਆਸੀ ਬਗਲਬੱਚਾ, ਭਾਜਪਾ, ਭਾਰਤੀ ਹਾਕਮ ਜਮਾਤਾਂ ਦਾ ਸਭ ਤੋਂ ਵੱਡਾ ਅਤੇ ਚਹੇਤਾ ਦਲ ਬਣ ਗਿਆ ਹੈ। ਭਾਜਪਾ, ਬਾਹਰੀ ਦਿੱਖ ਵਜੋਂ ਖੁਦਮੁਖਤਿਆਰ ਖਾਸੇ ਵਾਲੀ ਇੱਕ ਆਮ ਜਿਹੀ ਹਾਕਮ ਜਮਾਤੀ ਸਿਆਸੀ ਪਾਰਟੀ ਨਹੀਂ ਹੈ । ਇਹ ਆਰ.ਐਸ.ਐਸ. ਦੇ ਅਣਗਿਣਤ ਛਿਪੇ-ਅਣਛਿਪੇ ਵਿੰਗਾਂ ਵਰਗਾ ਹੀ ਇੱਕ ਵਿੰਗ ਹੈ ਅਤੇ ਬਿਨਾਂ ਸ਼ੱਕ ਇਹ ਭਾਰਤ ਦੇ ਸੰਵਿਧਾਨ-ਕਾਨੂੰਨ ਤੇ ਸਥਾਪਤ ਲੋਕ ਰਾਜੀ ਮਾਪਦੰਡਾਂ ਦੀ ਬਜਾਇ ਆਰ.ਐਸ.ਐਸ. ਦੀਆਂ ਹਿਦਾਇਤਾਂ (ਸੰਘੀ ਭਾਸ਼ਾ ਅਨੁਸਾਰ ਸੁਯੋਗ ਮਾਰਗ ਦਰਸ਼ਨ)  ਅਨੁਸਾਰ ਰਾਜ- ਭਾਗ ਚਲਾਉਂਦੀ ਹੈ । ਸੰਘ ਪ੍ਰਮੁੱਖ ਅਤੇ ਸੰਘ ਦੇ ਨਾਗਪੁਰ ਸਥਿਤ ਹੈੱਡ ਕੁਆਰਟਰ ਦਾ ‘ਸਰਵ ਉੱਚ’ ਰੁਤਬਾ ਸਥਾਪਿਤ ਕਰਨ ਦੇ ਉਚੇਚੇ ਸਰਕਾਰੀ ਯਤਨ ਇਸ ਦਲੀਲ ਦੀ ਪੁਸ਼ਟੀ ਕਰਦੇ ਹਨ । ਦੇਸ਼ ਦੀ ਹੋਣੀ ਨਾਲ ਜੁੜੇ ਕੌਮੀ ਮਹੱਤਵ ਦੇ ਸਰਕਾਰੀ, ਇਥੋਂ ਤੱਕ ਕਿ ਗੁਪਤ ਰੱਖੇ ਜਾਣ ਵਾਲੇ ਫੈਸਲਿਆਂ ਦੀ ਸੰਘ ਪ੍ਰਮੁੱਖ ਨੂੰ ਜਾਣਕਾਰੀ ਦੇਣੀ ਜਾਂ ਉਸ ਤੋਂ ਪ੍ਰਵਾਨਗੀ ਲੈਣੀ ਕੁੱਝ ਵੀ ਢਕਿਆ-ਧਰਿਆ ਨਹੀਂ ਰਹਿਣ ਦਿੰਦੀ।
ਭਾਜਪਾ ਦੀ ਪਿਛਲੀ ਅਤੇ ਮੌਜੂਦਾ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਇਸ ਵਲੋਂ ਕੀਤੇ ਜਾ ਰਹੇ ਸਾਰੇ ਫੈਸਲਿਆਂ ਦਾ ਦਰੁਸਤ ਮੁਲਾਂਕਣ ਕਰਨਾ, ਉਕਤ ਗੱਲਾਂ ਨੂੰ ਧਿਆਨ ‘ਚ ਰੱਖੇ ਬਗੈਰ ਨਾ ਮੁਮਕਿਨ ਹੈ ।           
ਮੋਦੀ-ਸ਼ਾਹ ਹੁਕੂਮਤ ਵਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ-2019 (ਸੀ.ਏ.ਏ.) ਵੀ ਸੰਘ ਦੇ ਫਿਰਕੂ ਵੰਡ ਤਿੱਖੀ ਕਰਨ ਦੇ ਮਕਸਦ ਅਧੀਨ ਮੁਸਲਮਾਨ ਭਾਈਚਾਰੇ ਨੂੰ ਅਲੱਗ-ਥਲੱਗ ਕਰਨ ਅਤੇ ਗੈਰ ਭਾਰਤੀ ਕਰਾਰ ਦੇ ਕੇ ਇੱਥੋਂ ਕੱਢ ਦੇਣ ਜਾਂ ਦੋਇਮ ਦਰਜੇ ਦੇ ਸ਼ਹਿਰੀ ਬਣਾ ਕੇ ਰੱਖਣ ਦੀ ਸਾਜ਼ਿਸ਼ ਦੀ ਹੀ ਇੱਕ ਕੜੀ ਹੈ । ਹਰ ਖੇਤਰ ਦੀਆਂ ਸਤਿਕਾਰਤ ਅਤੇ ਮਾਹਿਰ ਹਸਤੀਆਂ ਵਲੋਂ ਇਸ ਕਾਨੂੰਨ ਬਾਰੇ ਅਗਾਊਂ  ਪੇਸ਼ ਕੀਤੇ ਗਏ ਖਦਸ਼ੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਗਏ। ਬਹੁਮਤ ਦੇ ਸਹਾਰੇ ਕਾਨੂੰਨ ਪਾਸ ਹੋ ਜਾਣ ਤੋਂ ਬਾਅਦ  ਸੱਤਾ ਦੇ ਨਸ਼ੇ ਵਿੱਚ ਚੂਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਹਾਂ ਸਦਨਾਂ ਵਿੱਚ ਬੜੇ ਹੰਕਾਰ ਨਾਲ ਐਲਾਨ ਕੀਤਾ ਕਿ ਹੁਣ ਕੌਮੀ ਨਾਗਰਿਕਤਾ ਸੂਚੀ (ਐਨ.ਆਰ.ਸੀ.) ਵੀ ਪੂਰੇ ਦੇਸ਼ ਵਿੱਚ ਲਾਗੂ ਕੀਤੀ ਜਾਵੇਗੀ। ਸ਼ਾਹ ਨੇ ਐਲਾਨ ਕੀਤਾ ਕਿ ਗੁਆਂਢੀ ਦੇਸ਼ਾਂ ‘ਚੋਂ ਰਿਫਿਊਜ਼ੀਆਂ ਦੇ ਤੌਰ ’ਤੇ ਆਉਣ ਵਾਲੇ ਹਿੰਦੂਆਂ, ਸਿੱਖਾਂ, ਇਸਾਈਆਂ, ਬੋਧੀਆਂ, ਪਾਰਸੀਆਂ, ਜੈਨੀਆਂ ਆਦਿ ਨੂੰ ਉੱਕਾ ਹੀ ਘਬਰਾਉਣ ਦੀ ਲੋੜ ਨਹੀਂ, ਪਰ ਮੁਸਲਮਾਨ ਚੁਣ-ਚੁਣ ਕੇ ਬਾਹਰ ਕੱਢੇ ਜਾਣਗੇ। ਸੰਘ-ਭਾਜਪਾ ਨੇ ਸੋਚਿਆ ਸੀ ਕਿ ਜਿਵੇਂ ਜੰਮੂ-ਕਸ਼ਮੀਰ ‘ਚ ਬਲ ਪ੍ਰਯੋਗ ਨਾਲ ਮਨ ਆਈਆਂ ਪੁਗਾ ਲਈਆਂ ਉਵੇਂ ਹੀ ਇਸ ਵਾਰ ਵੀ ਡਾਂਗ ਨਾਲ ਕਾਨੂੰਨ ਲਾਗੂ ਕਰ ਲਵਾਂਗੇ। ਪਰ ਇਸ ਵਾਰ ‘ਸੰਘੀ ਸਰਕਾਰ’ ਦਾ ਦਾਅ ਪੁੱਠਾ ਪੈ ਗਿਆ ਜਾਪਦਾ ਹੈ ।                                               
ਇਸ ਕਾਨੂੰਨ ਵਿਰੁੱਧ ਆਸਾਮ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚ ਤਿੱਖਾ ਪ੍ਰਤੀਕ੍ਰਮ ਹੋਇਆ ਅਤੇ ਨਾਲ ਹੀ ਬਾਕੀ ਦੇਸ਼ ‘ਚੋਂ ਵੀ ਵਿਰੋਧ ਦੀਆਂ ਸੁਰਾਂ ਉੱਭਰੀਆਂ । ਇਹ ਸ਼ੁਰੂ ਤੋਂ ਹੀ ਸਪਸ਼ਟ ਹੋ  ਗਿਆ ਕਿ ਇਸ ਵਾਰ ਦਾ ਵਿਰੋਧ ਕੇਵਲ ਬੌਧਿਕ ਹਲਕਿਆਂ ਤੱਕ ਹੀ ਸੀਮਤ ਨਹੀਂ ਰਹਿਣਾ । ਪਰ ਇਸ ਕਾਨੂੰਨ ਵਿਰੁੱਧ ਸੰਗਰਾਮ ਵਿੱਚ ਬੇਮਿਸਾਲ ਤੇਜੀ ਆਈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਾਲ ਜੁੜੇ ਘਟਣਾਕ੍ਰਮ ਤੋਂ ਬਾਅਦ । ਹੋਇਆ ਇੰਝ ਕਿ ਜਾਮੀਆ ਦੇ ਵਿਦਿਆਰਥੀਆਂ ਵਲੋਂ ਸੀ.ਏ.ਏ. ਖਿਲਾਫ਼ ਕੀਤੇ ਜੁਝਾਰੂ ਵਿਰੋਧ ਪ੍ਰਦਰਸ਼ਨ ਤੋਂ ਬਾਅਦ ‘ਸੰਘੀ ਸਰਕਾਰ’ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਦੀ ਠਾਣ ਲਈ । ਸਰਕਾਰੀ ਫੁਰਮਾਨਾਂ ’ਤੇ ਅਮਲ ਕਰਨ ਅਤੇ ਲੋਕਾਈ ਨੂੰ ਤੁੱਛ ਜਾਨਣ ਦੀ ਆਦੀ ਪੁਲਸ ਨੇ ਵਿਦਿਆਰਥੀ ਛੱਲੀਆਂ ਵਾਂਗ ਕੁੱਟ ਸੁੱਟੇ । ਦਿੱਲੀ ਦੇ ਆਵਾਮ ਨੇ ਪੁਲਸ ਦੀ ਨਿਰਦੈਇਤਾ ਆਪਣੇ ਅੱਖੀਂ ਅਤੇ ਬਾਕੀ ਦੇਸ਼-ਦੁਨੀਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਖੀ । ਵਿਦਿਆਰਥੀ-ਵਿਦਿਆਰਥਣਾਂ ਨੂੰ ਕੰਟੀਨਾਂ, ਹੋਸਟਲਾਂ ਵਿੱਚ ਜਬਰੀ ਦਾਖਲ ਹੋ ਕੇ ਕੁੱਟਿਆ ਹੀ ਨਹੀਂ ਗਿਆ ਬਲਕਿ ਦਹਿਸ਼ਤਗਰਦਾਂ ਵਾਂਗੂੰ ਦੋਹੇਂ ਹੱਥ ਖੜ੍ਹੇ ਕਰਾ ਕੇ ਕਤਾਰਾਂ ਬਣਾ ਕੇ ਯੂਨੀਵਰਸਿਟੀ ’ਚੋਂ ਬਾਹਰ ਕੱਢਿਆ ਗਿਆ। ਅਨੇਕਾਂ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬਾਥਰੂਮਾਂ ਵਿੱਚ ਦਾਖਲ ਹੋ ਕੇ ਉਨ੍ਹਾਂ ਦੀ ਨਿੱਜਤਾ ਭੰਗ ਕੀਤੀ ਗਈ । ਲੋਕਾਂ ਨੇ ਪੁਲਸ, ਕੁੜੀਆਂ ਨਾਲ ਸਿਰੇ ਦੀ ਬਦਤਮੀਜ਼ੀ ਕਰਦੀ ਵੀ ਆਪਣੇ ਅੱਖੀਂ ਦੇਖੀ ਅਤੇ ਕੁੜੀਆਂ ਦਾ ਦਿਲੇਰਾਨਾ ਪ੍ਰਤੀਰੋਧ ਦੇਖ ਕੇ ਅਸ਼-ਅਸ਼ ਵੀ ਕੀਤੀ । ਪੁਲਸ ਦੇ ਨਾਲ ਤਸ਼ੱਦਦ ਕਰਨ ਵਾਲਿਆਂ ਵਿੱਚ ਗੈਰ ਪੁਲਸੀਏ ਵੀ ਸ਼ਾਮਲ ਸਨ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸੰਘੀ ਸੰਗਠਨਾਂ ਦੇ ਅਰਾਜਕਤਾਵਾਦੀ ਕਾਰਕੁੰਨ ਹਨ।   
ਫਿਰਕੂ ਜ਼ਿਹਨੀਅਤ ਨਾਲ ਅੰਨ੍ਹੇ ਹੋਏ ਨਾਗਪੁਰੀ ਹੁਕਮਰਾਨਾਂ ਨੇ ਸੋਚਿਆ ਇਹ ਸੀ ਕਿ ਘੱਟ ਗਿਣਤੀਆਂ ਨਾਲ ਸਬੰਧਤ ਵਿੱਦਿਅਕ ਅਦਾਰੇ ਦੇ ਵਿਦਿਆਰਥੀਆਂ ‘ਤੇ ਤਸ਼ੱਦਦ ਕਰਨ ਨਾਲ ਹਿੰਦੂ ਵਸੋਂ ਵੰਡਵਾਦੀ ਨਾਗਰਿਕਤਾ ਕਾਨੂੰਨ ਦੇ ਹੱਕ ਵਿੱਚ ਡੱਟ ਜਾਵੇਗੀ । ਪਰ ਸੰਘੀਆਂ ਦੀਆਂ ਬਦਗੁਮਾਨੀਆਂ ਧਰੀਆਂ-ਧਰਾਈਆਂ ਰਹਿ ਗਈਆਂ ।                                                                       
ਜਾਮੀਆ ਦੇ ਵਿਦਿਆਰਥੀਆਂ ‘ਤੇ ਹੋਏ ਜ਼ਾਲਿਮਾਨਾ ਤਸ਼ੱਦਦ ਖਿਲਾਫ਼ ਦੇਸ਼ ਦੀਆਂ ਚਹੁੰ ਕੂਟਾਂ ਦੇ ਸੱਠ ਤੋਂ ਵਧੇਰੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਤਿੱਖੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੀ ਬਦਨੀਅਤੀ ਅਤੇ ਜਾਬਰ ਪਹੁੰਚ  ਦਾ ਠੋਕਵਾਂ ਜਵਾਬ ਦਿੱਤਾ । ਇਨ੍ਹਾਂ ਰੋਸ ਐਕਸ਼ਨਾਂ ਨੂੰ ਲੋਕਾਈ ਦਾ ਵੀ ਲਾਮਿਸਾਲ ਸਾਥ ਮਿਲਿਆ ।  ਇੰਨਾ ਹੀ ਨਹੀਂ, ਹਾਰਵਰਡ ਅਤੇ ਕੈਂਬਰਿਜ ਸਮੇਤ ਕੌਮਾਂਤਰੀ ਪ੍ਰਸਿੱਧੀ ਵਾਲੀਆਂ ਸੰਸਾਰ ਦੀਆਂ 19 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਜਾਮੀਆ ਵਿਖੇ ਹੋਏ ਤਸ਼ੱਦਦ ਵਿਰੁੱਧ ਅਤੇ ਲੋਕ ਸੰਗਰਾਮ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ।                                                               
ਯੂਨੀਵਰਸਿਟੀ ਦੀ ਵਾਈਸ ਚਾਂਸਲਰ ਮੋਹਤਰਮਾ ਡਾਕਟਰ ਨਜ਼ਮਾਂ ਅਖ਼ਤਰ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਪੁਲਸ, ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਇਜਾਜ਼ਤ ਤੋਂ ਬਗੈਰ ਦਾਖਲ ਹੋਈ ਅਤੇ ਪੁਲਸੀਆਂ ਨੇ  ਸਾਰੀਆਂ ਹੱਦਾਂ ਉਲੰਘ ਕੇ ਤਸ਼ੱਦਦ ਕੀਤਾ । ਉਨ੍ਹਾਂ ਐਲਾਨ ਕੀਤਾ ਕਿ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਡਟ ਕੇ ਖਲੋਵਾਂਗੀ । ਦੇਸ਼ ਭਰ ਦੇ ਉੱਚ ਨਾਮਣੇ ਵਾਲੇ ਹਰ ਫੀਲਡ ਦੇ ਬੁੱਧੀਜੀਵੀਆਂ ਨੇ ਵਿਦਿਆਰਥੀਆਂ ਅਤੇ ਸੰਘਰਸ਼ੀ ਲੋਕਾਂ ਦੇ ਹੱਕ ਵਿੱਚ ਬਾਦਲੀਲ ਆਵਾਜ਼ ਬੁਲੰਦ ਕੀਤੀ। ਸੰਘਰਸ਼ ਦਰਮਿਆਨ ਬੜੀਆਂ ਹੌਸਲਾ ਵਧਾਊ ਘਟਨਾਵਾਂ ਦੇਖਣ ‘ਚ ਆਈਆਂ ।                              
ਮਸਜਿਦ ’ਚੋਂ ਅਜ਼ਾਨ ਦੀ ਆਵਾਜ਼ ਆਈ ਤਾਂ ਚਲਦੇ ਸੰਘਰਸ਼ ਦੌਰਾਨ ਮੁਸਲਮ ਭਰਾ ਨਮਾਜ਼ ਅਦਾ ਕਰਨ ਲੱਗ ਪਏ ਅਤੇ ਬਾਕੀ ਦੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੁਆਲੇ ਸੁਰੱਖਿਆ ਘੇਰਾ ਬਣਾ ਲਿਆ। ਐਸੀ ਸ਼ਾਨਦਾਰ ਯਕਯਹਿਤੀ ਜਮਹੂਰੀ ਸੰਗਰਾਮਾਂ ’ਚ ਹੀ ਪ੍ਰਵਾਨ ਚੜ੍ਹਦੀ ਹੈ। ਇੱਕ ਪ੍ਰਦਰਸ਼ਨਕਾਰੀ ਦੇ ਹੱਥ ‘ਚ ਫੜੀ ਤਖਤੀ ‘ਤੇ ਲਿਖਿਆ ਹੋਇਆ ਸੀ, ‘‘ਯਹਾਂ ਜਨਮ ਲਿਆ ਹੈ, ਯਹੀਂ ਪੇ ਦਫ਼ਨ ਹੋਂਗੇ- ਜੀਤ ਗਏ ਤੋ ਵਤਨ ਮੁਬਾਰਕ, ਹਾਰ ਗਏ ਤੋ ਕਫ਼ਨ ਮੁਬਾਰਕ।’’ ਇੱਕ ਹੋਰ ਤਖਤੀ ਦੀ ਇਬਾਰਤ ਕਹਿ ਰਹੀ ਸੀ, ‘‘ਜਬ ਹਿੰਦੂ-ਮੁਸਲਮਾਂ ਰਾਜੀ ਤੋ ਕਿਆ ਕਰੇਂਗੇ ਨਾਜ਼ੀ!’’ ਇਸੇ ਤਰ੍ਹਾਂ ਦੀਆਂ ਹਿੰਦੂ- ਮੁਸਲਮਾਨ ਦੇ ਨਾਂਅ ’ਤੇ ਫੁੱਟ ਪਾਉਣ ਦੀਆਂ ਫਿਰਕੂ ਕੁਚਾਲਾਂ ਨੂੰ ਵੰਗਾਰਦੀਆਂ ਅਨੇਕਾਂ ਨਵੀਨ ਇਬਾਰਤਾਂ ਵਾਲੀਆਂ ਤਖਤੀਆਂ ਲੋਕਾਂ ਦੇ ਹੱਥਾਂ ਵਿੱਚ ਸਨ। ਇਸ ਸੰਘਰਸ਼ ਦੇ ਸਮਰਥਨ ਵਿੱਚ ਆਏ ਹਿੰਦੋਸਤਾਨ ਦੀ ਮਿਲੀ-ਜੁਲੀ ਤਹਿਜ਼ੀਬ ਦੀ ਜਾਮਨੀ ਭਰਦੇ ਕੁੱਝ ਕੁ ਬਿਆਨ ਵੀ ਧਿਆਨ ਗੋਚਰੇ ਹਨ। ਅਭਿਨੇਤਰੀ ਦੀਆ ਮਿਰਜ਼ਾ ਨੇ ਕਿਹਾ,‘‘ਮੇਰੀ ਮਾਂ ਹਿੰਦੂ ਹੈ, ਮੇਰਾ ਬਾਇਲੋਜੀਕਲ (ਖੂਨ ਦੇ ਰਿਸ਼ਤੇ ਪੱਖੋਂ) ਬਾਪ ਮੁਸਲਮਾਨ ਸੀ, ਮੇਰੀ ਪਰਵਰਿਸ਼ ਕਰਨ ਵਾਲਾ ਪਿਤਾ ਈਸਾਈ ਸੀ ਅਤੇ ਮੇਰਾ ਧਰਮ ਨਾਲ ਸਬੰਧਤ ਖਾਨਾ ਬਲੈਂਕ (ਖਾਲੀ) ਹੈ । ਦੱਸੋ ਮੈਂ ਖੁਦ ਦੇ ਭਾਰਤੀ ਹੋਣ ਦਾ ਹੋਰ ਕੀ ਸਬੂਤ ਦੇਵਾਂ!’’ ਨਾਮ ਨਿਹਾਦ ਪੰਜਾਬੀ ਸ਼ੇਰ ਧਰਮਿੰਦਰ ਦਾ ਕੋੜਮਾ ਤਾਂ ਭਾਜਪਾ ਦੀ ਕੁੱਛੜ ਚੜ੍ਹ ਗਿਆ ਹੈ ਪਰ ਉਸ ਦੇ ਭਤੀਜੇ ਅਭੈ ਸਿੰਘ ਦਿਉਲ ਨੇ ਪੁੱਛਿਆ, ‘‘ਸੰਵਿਧਾਨ ਦੀ ਧਾਰਾ 14 ਭਾਰਤ ਦੇ ਕਿਸੇ ਵੀ ਨਾਗਰਿਕ ਨਾਲ ਧਰਮ ਦੇ ਆਧਾਰ ’ਤੇ ਕਿਸੇ ਵੀ ਕਿਸਮ ਦੇ ਵਿਤਕਰੇ ਦੀ ਮਨਾਹੀ ਕਰਦੀ ਹੈ । ਸੀ.ਸੀ.ਏ. 2019 ਬਨਣ ਪਿਛੋਂ ਉਸ ਮਹੱਤਵਪੂਰਨ ਧਾਰਾ ਦੀ ਕੀ ਵੁਕੱਤ ਰਹੀ ਗਈ?’’ ਅਭੈ ਨੇ ਇੱਥੋਂ ਤੱਕ ਕਿਹਾ ਕਿ ਨਵੇਂ ਕਾਨੂੰਨ ਦੇ ਹੋਂਦ ਵਿੱਚ ਆਉਣ ਨਾਲ ਸੰਵਿਧਾਨ ਦਾ ਮੂਲ ਸਰੂਪ ਹੀ ਨੁਕਸਾਨਿਆ ਗਿਆ ਹੈ। ਹਰਿਆਣਾ ਸਰਕਾਰ ਨੇ ਆਪਣੀ ਕਮਦਿਲੀ ਦਾ ਮੁਜ਼ਾਹਰਾ ਕਰਦੇ ਹੋਏ ਅਭਿਨੇਤਰੀ ਪਰਣੀਤੀ ਚੋਪੜਾ ਨੂੰ ਸੂਬੇ ਦੇ ‘ ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਦੇ ਮੁੱਖ ਪ੍ਰਚਾਰਕ (ਬ੍ਰਾਂਡ ਅੰਬੈਸਡਰ)  ਦੇ ਪਦ (ਪੋਸਟ) ਤੋਂ ਫਾਰਗ ਕਰ ਦਿੱਤਾ ਹੈ। ਇਹੋ ਕੁੱਝ ਅਭਿਨੇਤਾ ਸੁਸ਼ਾਂਤ ਸਿੰਘ ਨਾਲ ਵੀ ਕੀਤਾ ਗਿਆ। ਪਰ ਇਹ ਸੈਲੀਬਰਿਟੀਜ਼ ਸਰਕਾਰੀ ਫੈਸਲੇ ਵਿਰੁੱਧ ਡਟੇ ਹੋਏ ਹਨ।                                                                          
ਨਾਮਵਰ ਇਤਿਹਾਸਕਾਰ ਰਾਮ ਚੰਦਰ ਗੁਹਾ ਨੇ ਬੈਂਗਲੁਰੂ ਵਿਖੇ ਸਰਕਾਰੀ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਗਿ੍ਰਫਤਾਰੀ ਦਿੱਤੀ । ਉਨ੍ਹਾਂ ਨੂੰ ਵਾਜਬ ਰੋਸ ਪ੍ਰਦਰਸ਼ਨ ਤੋਂ ਰੋਕਣ ਦੇ ਹੁਕਮਾਂ ਅਤੇ ਬਲ ਪ੍ਰਯੋਗ ਨੂੰ ਚੁਣੌਤੀ ਦਿੰਦੀ ਅਰਜ਼ੀ ਦੀ ਸੁਣਵਾਈ ਕਰਦਿਆਂ ਸੂਬੇ ਦੀ ਉੱਚ ਅਦਾਲਤ ਦੇ ਜੱਜਾਂ ਨੇ ਬੜੀਆਂ ਅਰਥ ਭਰਪੂਰ ਟਿੱਪਣੀਆਂ ਕੀਤੀਆਂ ।
ਇਹ ਵੀ ਇਸ ਸੰਘਰਸ਼ ਦਾ ਹੀ ਹਾਸਿਲ ਹੈ ਕਿ ਦੇਸ਼ ਵਿੱਚ ਪਹਿਲੀ ਵਾਰੀ ਇੰਨੇ ਵੱਡੇ ਪੈਮਾਨੇ ’ਤੇ ਅੰਗਰੇਜਾਂ ਵਲੋਂ ਬਣਾਈ ’ਤੇ ਭਾਰਤੀ ਹਾਕਮਾਂ ਵਲੋਂ ਵਰਤੀ ਜਾਂਦੀ ਧਾਰਾ 144 ਦੀ ਹੋਂਦ ਨੂੰ ਚੁਣੌਤੀ ਦਿੱਤੀ ਗਈ ਹੈ ।  
ਕੁੱਝ ਕੁ ਥਾਵਾਂ ਤੋਂ ਪੁਲਿਸ ਕਰਮਚਾਰੀਆਂ ਵਲੋਂ  ਸੰਘਰਸ਼ ਕਰ ਰਹੇ ਲੋਕਾਂ ‘ਤੇ ਜੁਲਮ ਕਰਨ ਦੇ ਨਾਦਰਸ਼ਾਹੀ ਹੁਕਮਾਂ ‘ਤੇ ਅਮਲ ਕਰਨ ਤੋਂ ਇਨਕਾਰ ਕਰਨ ਦੀਆਂ ਸੁਲੱਖਣੀਆਂ ਖਬਰਾਂ ਵੀ ਆਈਆਂ ਹਨ । ਕੁੱਝ ਥਾਵਾਂ ’ਤੇ ਮੁਸਲਮਾਨਾਂ ਨੂੰ ਬੱਦੂ ਕਰਨ ਲਈ ਉਨ੍ਹਾਂ ਵਰਗੇ ਪੋਸ਼ਾਕ ਪਾ ਕੇ ਜ਼ਾਇਦਾਦ ਨੂੰ ਨੁਕਸਾਨ ਪਹੁੰਚਾ ਰਹੇ ਸੰਘੀ ਕਾਰਕੁੰਨਾਂ ਦੀ ਲੋਕਾਂ ਨੇ ਗਿੱਦੜ-ਕੁੱਟ ਵੀ ਕੀਤੀ।
ਦਿੱਲੀ ਅਤੇ ਹੋਰਨਾਂ ਥਾਵਾਂ ‘ਤੇ ਸੰਘਰਸ਼ ਤੋਂ ਲੋਕਾਂ ਨੂੰ ਰੋਕਣ ਆਏ ਪੁਲਸ ਅਧਿਕਾਰੀਆਂ ਨੂੰ ਸੰਵਿਧਾਨ ਪੜ੍ਹ ਕੇ ਸੁਣਾਇਆ ਗਿਆ । ਇੱਕ ਵੱਡੇ ਨਾਮ-ਨਿਗਾਰ ਦੀ ਟਿੱਪਣੀ ‘ਤੇ ਗੌਰ ਫਰਮਾਓ,  ‘‘ਪਿਛਲੇ 72 ਸਾਲਾਂ ‘ਚ ਸੰਵਿਧਾਨ ਇੰਨੀ ਵਾਰੀ ਨਹੀਂ ਪੜ੍ਹਿਆ ਗਿਆ ਜਿੰਨੀ ਵਾਰੀ ਮੌਜੂਦਾ ਸੰਘਰਸ਼ ਦੌਰਾਨ ਪੜ੍ਹਿਆ ਗਿਆ ਹੈ ।’’ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਸੰਵਿਧਾਨ ਦੀ ਰਾਖੀ ਦਾ ਸੱਦਾ ਦਿੰਦੇ ਬੈਨਰ ਅਤੇ ਡਾਕਟਰ ਬੀ ਆਰ ਅੰਬੇਡਕਰ ਦੀਆਂ ਤਸਵੀਰਾਂ ਵੀ ਸਨ ।  ਇੰਟਰਨੈੱਟ ਅਤੇ ਸੰਚਾਰ ਪਾਬੰਦੀ ਨੂੰ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪਹਿਲੀ ਵਾਰੀ ਇੰਨੀ ਵੱਡੀ ਚੁਣੌਤੀ ਪੇਸ਼ ਕੀਤੀ ਗਈ ।                                                                        
ਸਰਕਾਰ ਨੇ ਇਸ ਸੰਘਰਸ਼ ਪ੍ਰਤੀ ਤਸ਼ੱਦਦ ਅਤੇ ਕੂੜ ਪ੍ਰਚਾਰ ਦਾ ਮੰਨਿਆ ਪ੍ਰਮੰਨਿਆ ਸਰਕਾਰੀ ਪੈਂਤੜਾ ਲਿਆ ਹੈ । ਯੂ.ਪੀ. ਅਤੇ ਮੰਗਲੌਰ ਆਦਿ ਵਿਖੇ ਅੱਠ ਸਾਲਾਂ ਦੇ ਇੱਕ ਬਾਲ ਸਮੇਤ ਦਰਜਨਾਂ ਲੋਕੀਂ ਪੁਲਸ ਗੋਲੀਬਾਰੀ ਵਿੱਚ ਮਾਰੇ ਜਾ ਚੁੱਕੇ ਹਨ । ਉੱਚ ਅਧਿਕਾਰੀ ਗੋਲੀਬਾਰੀ ਤੋਂ ਮੁੱਕਰ ਰਹੇ ਹਨ ਅਤੇ ਲੋਕਾਂ ਨੇ ਪੁਲਸੀਆਂ ਦੀਆਂ ਫਾਇਰ ਕਰਦਿਆਂ ਦੀਆਂ ਵੀਡੀਓਜ਼ ਜਾਰੀ ਕਰ ਦਿੱਤੀਆਂ ਹਨ। ਕਈ ਵੀਡੀਓਜ਼ ਰਾਹੀਂ ਇਹ ਵੀ ਦਿਖਾਇਆ ਗਿਆ ਹੈ ਕਿ ਸੁੰਨੀ ਸੜਕ ‘ਤੇ ਪੁਲਸ ਵਾਲੇ ਲੰਮੀਆਂ ਡਾਂਗਾਂ ਨਾਲ ਲੋਕਾਂ ਦੇ ਘਰਾਂ ਦੇ ਅੰਦਰ ਖੜ੍ਹੀਆਂ ਕਾਰਾਂ ਭੰਨ ਰਹੇ ਹਨ । ਲੋਕਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ ਅਤੇ ਥੋਕ ਦੇ ਭਾਅ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ । ਪੁਲਸੀਆ ਕਹਿਰ ਦਾ ਮੁੱਖ ਨਿਸ਼ਾਨਾ ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਹੈ ।                                                        
ਰਾਮ ਲੀਲਾ ਮੈਦਾਨ ਵਿੱਚ ਇੱਕ ਚੋਣ ਰੈਲੀ ਵਿੱਚ ਬੋਲਦਿਆਂ ਆਦਤਨ  ਝੂਠੇ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕਿਧਰੇ ਕੋਈ ਡਿਟੈਂਸ਼ਨ ਕੈਂਪ ਨਹੀਂ ਹੈ । ਜਦਕਿ ਸੱਚਾਈ ਇਹ ਹੈ ਕਿ ਅਜਿਹੇ ਕੈਂਪ ਮੌਜੂਦ ਹਨ ਅਤੇ ਇਨ੍ਹਾਂ ਵਿੱਚ ਬੰਦ 28 ਲੋਕ ਹੁਣ ਤੱਕ ਮੌਤ ਦੇ ਮੂੰਹ ਜਾ ਪਏ ਹਨ । ਮੋਦੀ ਦੇ ਝੂਠ ਦਾ ਪਰਦਾ ਚਾਕ ਕਰਦਿਆਂ ਲੋਕਾਂ ਨੇ ਇਨ੍ਹਾਂ ਕੈਂਪਾਂ ਦੀਆਂ ਤਸਵੀਰਾਂ ਅਤੇ ਵੇਰਵੇ ਇੱਥੋਂ ਤੱਕ ਕਿ ਰਕਬੇ ਦੀ ਮਿਣਤੀ ਵੀ ਛਾਇਆ ਕਰ ਦਿੱਤੀ ਹੈ । ਉਸ ਵਲੋਂ ਦੂਜਾ ਝੂਠ ਇਹ ਬੋਲਿਆ ਗਿਆ ਕਿ ਸਰਕਾਰ ਨੇ ਐਨ ਆਰ ਸੀ ਦੇਸ਼ ਭਰ ‘ਚ ਲਾਗੂ ਕਰਨ ਦੀ ਗੱਲ ਕਦੀ ਕਹੀ ਹੀ ਨਹੀਂ। ਮੋਦੀ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਬਾਰੇ ਅਮਿਤ ਸ਼ਾਹ ਦੇ ਹੈਂਕੜ ਪੂਰਨ  ਬਿਆਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵਿੱਚ ਰੀਕਾਰਡ ਹੋ ਚੁੱਕੇ ਹਨ । ਮੋਦੀ ਐਂਡ ਕੰਪਨੀ ਸੰਘਰਸ਼ੀ ਲੋਕਾਂ ਵਿੱਚ ਫਿਰਕੇਦਾਰਾਨਾ ਫੁੱਟ ਪਾਉਣ ਲਈ ਵੀ ਪੂਰਾ ਟਿੱਲ ਅਵੱਸ਼ ਲਾਉਣਗੇ । ਪਰ ਲੋਕਾਈ ਹਾਲੇ ਤੱਕ ਡੱਟੀ ਹੋਈ ਹੈ ਅਤੇ ਫੈਸਲਾਕੁੰਨ ਸੰਘਰਸ਼ ਦੇ ਮੂਡ ਵਿੱਚ ਹੈ । ਇੱਥੇ ਇਹ ਵੀ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਲੋਕੀਂ ਇਸ ਸੰਘਰਸ਼ ਰਾਹੀਂ ਆਪਣੀ ਚੌਤਰਫ਼ਾ ਦੁਰਦਸ਼ਾ ਵਿਰੁੱਧ ਰੋਸ ਪ੍ਰਗਟਾਅ ਰਹੇ ਹਨ।
ਇਸ ਸੰਘਰਸ਼ ਦੇ ਸਮਰਥਨ ਵਿੱਚ ਦੇਸ਼ ਦਾ ਖੱਬਾ ਪੱਖਾ ਪੂਰੀ ਸਪੱਸ਼ਟਤਾ ਨਾਲ ਨਿੱਤਰਿਆ ਹੈ । ਖੱਬੀਆਂ ਧਿਰਾਂ ਵਲੋਂ 19 ਦਸੰਬਰ ਨੂੰ ਕੀਤੇ ਗਏ ਦੇਸ਼ ਵਿਆਪੀ ਪ੍ਰਤੀਰੋਧ ਐਕਸ਼ਨਾਂ ਦੀ ਚੰਗੀ ਸ਼ਲਾਘਾ ਹੋਈ ਹੈ । ਖੱਬੀਆਂ ਧਿਰਾਂ ਇਸ ਗੱਲ ਦਾ ਵੀ ਵਾਜਬ ਮਾਣ ਕਰ ਸਕਦੀਆਂ ਹਨ ਕਿ ਉਨ੍ਹਾਂ ਵਲੋਂ ਦਹਾਕਿਆਂ ਤੋਂ ਪ੍ਰਚਾਰੇ ਜਾ ਰਹੇ ਪ੍ਰਗਤੀਵਾਦੀ ਵਿਚਾਰ/ਸਰੋਕਾਰ ਆਖਿਰਕਾਰ ਲੋਕ ਚੇਤਨਾ ਵਿੱਚ ਢੁਕਵਾਂ ਸਥਾਨ ਮੱਲ ਰਹੇ ਹਨ । ਪਰ ਸਮੁੱਚੀ ਖੱਬੀ ਧਿਰ ਦੀ ਇੱਕਜੁਟ ਦਖਲਅੰਦਾਜ਼ੀ ਦੀ ਅਣਹੋਂਦ ਦਾ ਦਰਦ ਅਜੇ ਵੀ ਬਰਕਰਾਰ ਹੈ ।
 ਅਨੇਕਾਂ ਹਾਂ-ਪੱਖੀ ਗੱਲਾਂ ਦਾ ਹੋਰ ਜਿਕਰ ਕੀਤਾ ਜਾ ਸਕਦਾ ਹੈ । ਪਰ ਸਾਡੀ ਜਾਚੇ ਇਸ ਸੰਘਰਸ਼ ਦੇ ਦੋ ਪ੍ਰਮੁੱਖ ਸਬਕ ਅਤੇ ਪ੍ਰਾਪਤੀਆਂ ਹਨ । ਇਸ ਸੰਘਰਸ਼ ਨੇ ਲੋਕਾਂ ਦੇ ਇੱਕਜੁਟ ਪ੍ਰਤੀਰੋਧ ਦੀ, ਸਮਾਜਿਕ ਤਬਦੀਲੀ ਲਈ ਲੋੜੀਂਦੀ ਲਾਜ਼ਮੀ ਪਿਰਤ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਕੀਤਾ ਹੈ । ਇਸ ਕਰਕੇ ਫਿਰਕੂ ਸ਼ਕਤੀਆਂ ਅਤੇ ਉਨ੍ਹਾਂ ਦੀ ਹੱਥਠੋਕਾ ਮੋਦੀ-ਸ਼ਾਹ ਸਰਕਾਰ, ਇੱਕ ਹੱਦ ਤੱਕ ਹੀ ਸਹੀ ਪਰ ਚਿੰਤਾਤੁਰ ਜਰੂਰ ਹਨ ।  ਦੂਜੀ ਪ੍ਰਾਪਤੀ ਇਸ ਸੰਘਰਸ਼ ਦੀ ਇਹ ਹੈ ਕਿ ਇਸ ਨੇ ਪ੍ਰਗਤੀਸ਼ੀਲ ਅਤੇ ਵਿਗਿਆਨਕ/ਤਰਕ ਆਧਾਰਿਤ  ਵਿਚਾਰਾਂ (ਪ੍ਰੋਗਰੈਸਿਵ ਥੌਟ) ਨੂੰ ਅੰਤਾਂ ਦਾ ਬਲ ਬਖਸ਼ਿਆ ਹੈ । ਸਾਨੂੰ ਪਿਛਲੀਆਂ ਗਲਤੀਆਂ ਤੋਂ ਦਰੁਸਤ ਸਬਕ ਲੈਂਦਿਆਂ ਇੱਥੋਂ ਹੀ ਭਵਿੱਖ ਦਾ ਸੂਤਰ ਫੜ੍ਹਨਾ ਚਾਹੀਦਾ ਹੈ। ਜੱਕੋ-ਤੱਕੀ ਵਾਲੀਆਂ ਧਿਰਾਂ ਵੀ ਸਾਡੀ ਪਹਿਲਕਦਮੀ ਦੇ ਆਧਾਰ ’ਤੇ ਹੀ ਦਰੁਸਤ ਨਿਰਣਾ ਲੈਣਗੀਆਂ।

View Comments (0)

Leave a Reply

Your email address will not be published.

Scroll To Top