Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2020)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜਨਵਰੀ 2020)

ਕਹਾਣੀ
ਅੰਮ੍ਰਿਤਸਰ-ਆਜ਼ਾਦੀ ਤੋਂ ਪਹਿਲਾਂ
– ਕ੍ਰਿਸ਼ਨ ਚੰਦਰ
ਜਲ੍ਹਿਆਂਵਾਲੇ ਬਾਗ ਵਿਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਸ ਇਕੱਠ ਵਿਚ ਹਿੰਦੂ ਸਨ, ਸਿੱਖ ਵੀ ਸਨ ਤੇ ਮੁਸਲਮਾਨ ਵੀ। ਹਿੰਦੂ ਮੁਸਲਮਾਨਾਂ ਤੋਂ ਅਤੇ ਮੁਸਲਮਾਨ ਸਿੱਖਾਂ ਤੋਂ ਵੱਖਰੇ-ਵੱਖਰੇ ਸਾਫ਼ ਪਛਾਣੇ ਜਾਂਦੇ ਸਨ। ਸੂਰਤਾਂ ਅਲੱਗ ਸਨ, ਸੁਭਾਅ ਅਲੱਗ ਸਨ, ਸੱਭਿਅਤਾਵਾਂ ਅਲੱਗ ਸਨ, ਧਰਮ ਅਲੱਗ ਸਨ, ਪਰ ਅੱਜ ਇਹ ਸਾਰੇ ਲੋਕ ਜਲ੍ਹਿਆਂਵਾਲੇ ਬਾਗ਼ ਵਿਚ ਇਕੋ ਹੀ ਦਿਲ ਲੈ ਕੇ ਆਏ ਸਨ। ਇਸ ਦਿਲ ਵਿਚ ਇਕੋ ਹੀ ਜਜ਼ਬਾ ਸੀ ਅਤੇ ਇਸ ਜਜ਼ਬੇ ਦੇ ਤੇਜ਼ ਤੇ ਤਿੱਖੇ ਨਿੱਘ ਨੇ ਵੱਖ-ਵੱਖ ਸਭਿਅਤਾਵਾਂ ਅਤੇ ਸਮਾਜ ਇਕ ਕਰ ਦਿੱਤੇ ਸਨ। ਦਿਲਾਂ ਵਿਚ ਇਨਕਲਾਬ ਦੀ ਇਕ  ਅਜਿਹੀ ਨਿਰੰਤਰ ਰੂਹ ਸੀ, ਜਿਸ ਨੇ ਆਸ-ਪਾਸ ਦੇ ਵਾਤਾਵਰਣ ਨੂੰ ਵੀ ਰੁਸ਼ਨਾ ਦਿੱਤਾ ਸੀ। ਇੰਜ ਜਾਪਦਾ ਸੀ ਕਿ ਇਸ ਸ਼ਹਿਰ ਦੇ ਬਜ਼ਾਰਾਂ ਦਾ ਹਰ ਇਕ ਪੱਥਰ ਤੇ ਇਸ ਦੇ ਮਕਾਨਾਂ ਦੀ ਹਰ ਇਕ ਇੱਟ, ਇਸ ਖਾਮੋਸ਼ ਜਜ਼ਬੇ ਦੀ ਗੂੰਜ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ ਅਤੇ ਇਸ ਲਰਜ਼ਦੀ ਹੋਈ ਧੜਕਣ ਤੋਂ ਅਜਿਹਾ ਗੀਤ ਉਭਰ ਰਿਹਾ ਹੈ, ਜੋ ਹਰ ਪਲ ਇਹੀ ਕਹਿ ਰਿਹਾ ਹੈ ”ਆਜ਼ਾਦੀ…. ਆਜ਼ਾਦੀ… ਆਜ਼ਾਦੀ!”
ਜਲ੍ਹਿਆਂਵਾਲੇ ਬਾਗ ਵਿਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਅਤੇ ਸਾਰੇ ਨਿਹੱਥੇ ਸਨ ਅਤੇ ਸਾਰੇ ਆਜ਼ਾਦੀ ਦੇ ਪੁਜਾਰੀ ਸਨ। ਹੱਥਾਂ ਵਿਚ ਨਾ ਲਾਠੀਆਂ ਸਨ, ਨਾ ਰਿਵਾਲਵਰ, ਨਾ ਬਰੇਨ ਗੰਨ, ਨਾ ਸਟੇਨ ਗੰਨ, ਨਾ ਹੈਂਡ ਗਰਨੇਡ ਅਤੇ ਨਾ ਹੀ ਦੇਸੀ ਜਾਂ ਵਲਾਇਤੀ ਬਣਾਏ ਹੋਏ ਬੰਬ ਸਨ, ਪਰ ਕੋਲ ਕੁਝ ਨਾ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀਆਂ ਨਜ਼ਰਾਂ ਦੀ ਗਰਮੀ ਕਿਸੇ ਭੂਚਾਲ ਦੀ ਪਰਲੋ ਲਿਆਉਣ ਵਾਲੀ ਹੱਦ ਤੱਕ ਦਾ ਪਤਾ ਦਿੰਦੀ ਸੀ। ਸਾਮਰਾਜੀ ਫੌਜਾਂ ਕੋਲ ਲੋਹੇ ਦੇ ਹਥਿਆਰ ਸਨ, ਪਰ ਇਥੇ ਦਿਲ ਫ਼ੌਲਾਦ ਦੇ ਬਣ ਗਏ ਸਨ ਤੇ ਰੂਹਾਂ ਵਿਚ ਅਜਿਹੀ ਪਵਿੱਤਰਤਾ ਸਮਾ ਗਈ ਸੀ, ਜੋ ਸਿਰਫ ਉਚ ਦਰਜੇ ਦੀ ਕੁਰਬਾਨੀ ਤੋਂ ਹੀ ਹਾਸਿਲ ਹੁੰਦੀ ਹੈ। ਪੰਜਾਬ ਦੇ ਪੰਜਾਂ ਦਰਿਆਵਾਂ ਦਾ ਪਾਣੀ ਅਤੇ ਉਨ੍ਹਾਂ ਦਾ ਰੁਮਾਂਸ ਅਤੇ ਉਨ੍ਹਾਂ ਦਾ ਸੱਚ ਇਸ਼ਕ ਅਤੇ ਉਨ੍ਹਾਂ ਦੀ ਇਤਿਹਾਸਕ ਬਹਾਦਰੀ ਅੱਜ ਹਰ ਆਦਮੀ, ਬੱਚੇ, ਬੁੱਢੇ ਦੇ ਚਿਹਰੇ ਉਤੇ ਡਲ੍ਹਕਾਂ ਮਾਰ ਰਹੀ ਸੀ। ਅਜਿਹਾ ਨੂਰਾਨੀ ਜ਼ਜਬਾ ਉਸ ਵਕਤ ਹਾਸਲ ਹੁੰਦਾ ਹੈ, ਜਦੋਂ ਕੌਮ ਜੁਆਨ ਹੋ ਜਾਂਦੀ ਹੈ ਅਤੇ ਸੁੱਤਾ ਹੋਇਆ ਮੁਲਕ ਜਾਗ ਉਠਦਾ ਹੈ। ਜਿਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਅਜਿਹੇ ਜਜ਼ਬੇ ਦੇਖੇ ਹਨ, ਉਹ ਗੁਰੂਆਂ ਦੇ ਇਸ ਪਵਿੱਤਰ ਸ਼ਹਿਰ ਨੂੰ ਕਦੇ ਨਹੀਂ ਭੁਲਾ ਸਕਦੇ।
ਜਲ੍ਹਿਆਂਵਾਲੇ ਬਾਗ ਵਿਚ ਹਜ਼ਾਰਾਂ ਦਾ ਇਕੱਠ ਸੀ ਅਤੇ ਗੋਲੀ ਵੀ ਹਜ਼ਾਰਾਂ ਉਤੇ ਚੱਲੀ ਸੀ। ਤਿੰਨਾਂ ਪਾਸਿਆਂ ਤੋਂ ਰਸਤਾ ਬੰਦ ਸੀ ਅਤੇ ਚੌਥੇ ਪਾਸੇ ਇਕ ਤੰਗ ਜਿਹਾ ਦਰਵਾਜ਼ਾ ਸੀ। ਇਹ ਦਰਵਾਜ਼ਾ, ਜੋ ਜ਼ਿੰਦਗੀ ਤੋਂ ਮੌਤ ਵੱਲ ਜਾਂਦਾ ਸੀ। ਹਜ਼ਾਰਾਂ ਨੇ ਖੁਸ਼ੀ-ਖੁਸ਼ੀ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਜ਼ਾਦੀ ਦੀ ਖ਼ਾਤਰ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਨੇ ਮਿਲ ਕੇ ਆਪਣੇ ਸੀਨਿਆਂ ਉਤੇ ਗੋਲੀਆਂ ਖਾਧੀਆਂ ਅਤੇ ਪੰਜਾਂ ਦਰਿਆਵਾਂ ਦੀ ਇਸ ਧਰਤੀ ਵਿਚ ਇਕ ਛੇਵਾਂ ਦਰਿਆ ਹੋਰ ਜੋੜ ਦਿੱਤਾ। ਇਹ ਇਨ੍ਹਾਂ ਦੇ ਮਿਲੇਜੁਲੇ ਖੂਨ ਦਾ ਦਰਿਆ ਸੀ। ਇਹ ਉਨ੍ਹਾਂ ਦੇ ਲਹੂ ਦੀ ਤੂਫ਼ਾਨੀ ਨਦੀ ਸੀ ਜੋ ਆਪਣੀਆਂ ਉਮੜਦੀਆਂ ਹੋਈਆਂ ਲਹਿਰਾਂ ਨੂੰ ਲੈ ਕੇ ਉਠੀ ਸੀ ਅਤੇ ਸਾਮਰਾਜੀ ਤਾਕਤਾਂ ਨੂੰ ਕੱਖ-ਕਾਨਿਆਂ ਦੀ ਤਰ੍ਹਾਂ ਰੋੜ੍ਹ ਕੇ ਲੈ ਗਈ ਸੀ। ਪੰਜਾਬ ਨੇ ਸਾਰੇ ਦੇਸ਼ ਲਈ ਆਪਣੇ ਖੂਨ ਦੀ ਕੁਰਬਾਨੀ ਦਿੱਤੀ ਸੀ ਅਤੇ ਇਸ ਖੁੱਲ੍ਹੇ ਆਸਮਾਨ ਥੱਲੇ ਕਿਸੇ ਨੇ ਅੱਜ ਤੱਕ ਵੱਖ-ਵੱਖ ਸੱਭਿਅਤਾਵਾਂ, ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਸੁਭਾਵਾਂ ਨੂੰ ਇਕ ਹੀ ਜ਼ਜ਼ਬੇ ਖਾਤਰ ਇਸ ਤਰ੍ਹਾਂ ਇਕਮਿਕ ਹੁੰਦਿਆਂ ਨਹੀਂ ਵੇਖਿਆ ਸੀ। ਇਹ ਜਜ਼ਬਾ ਸ਼ਹੀਦਾਂ ਦੇ ਖੂਨ ਨਾਲ ਮਜ਼ਬੂਤ ਹੋ ਗਿਆ ਸੀ, ਇਸ ਵਿਚ ਰੰਗ ਆ ਗਿਆ ਸੀ ਅਤੇ ਇਹ ਖੂਬਸੂਰਤੀ, ਬਾਂਕਪਨ ਅਤੇ ਸਿਰਜਣਾ ਦੇ ਤੇਜ ਨਾਲ ਰੌਸ਼ਨ ਹੋ ਗਿਆ… ਆਜ਼ਾਦੀ… ਆਜ਼ਾਦੀ…ਆਜ਼ਾਦੀ…!
2
ਸਦੀਕ ਕਟੜਾ ਫ਼ਤਿਹ ਖਾਨ ਵਿਚ ਰਹਿੰਦਾ ਸੀ। ਕਟੜਾ ਫ਼ਤਿਹ ਖ਼ਾਨ ਵਿਚ ਓਮ ਪ੍ਰਕਾਸ਼ ਵੀ ਰਹਿੰਦਾ ਸੀ, ਜੋ ਅੰਮ੍ਰਿਤਸਰ ਦੇ ਇਕ ਮਸ਼ਹੂਰ ਵਪਾਰੀ ਦਾ ਪੁੱਤਰ ਸੀ। ਸਦੀਕ ਉਸ ਨੂੰ ਅਤੇ ਓਮ ਪ੍ਰਕਾਸ਼ ਸਦੀਕ ਨੂੰ ਬਚਪਨ ਤੋਂ ਹੀ ਜਾਣਦਾ ਸੀ। ਉਹ ਦੋਹੇ ਦੋਸਤ ਨਹੀਂ ਸਨ, ਕਿਉਂਕਿ ਸਦੀਕ ਦਾ ਪਿਓ ਕੱਚਾ ਚਮੜਾ ਵੇਚਦਾ ਸੀ ਤੇ ਗਰੀਬ ਸੀ। ਓਮ ਪ੍ਰਕਾਸ਼ ਦਾ ਪਿਓ ਬੈਂਕਰ ਸੀ ਤੇ ਅਮੀਰ ਸੀ ਪਰ ਦੋਹੇਂ ਇਕ ਦੂਜੇ ਨੂੰ ਜਾਣਦੇ ਸਨ। ਦੋਨੋਂ ਗੁਆਂਢੀ ਸਨ ਅਤੇ ਅੱਜ ਜਲ੍ਹਿਆਂਵਾਲਾ ਬਾਗ ਵਿਚ ਦੋਨੋਂ ਇਕੱਠੇ ਹੋ ਕੇ ਇਕੋ ਹੀ ਥਾਂ ਉਤੇ ਆਪਣੇ ਆਗੂਆਂ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਅਨੁਭਵਾਂ ਨੂੰ ਆਪਣੇ ਦਿਲ ਵਿਚ ਵਸਾ ਰਹੇ ਸਨ। ਕਦੇ-ਕਦੇ ਉਹ ਉਂਜ ਹੀ ਇਕ ਦੂਜੇ ਵੱਲ ਵੇਖ ਲੈਂਦੇ ਅਤੇ ਹੱਸ ਪੈਂਦੇ, ਜਿਵੇਂ ਉਹ ਸਦਾ ਤੋਂ ਬਚਪਨ ਦੇ ਸਾਥੀ ਹਨ ਅਤੇ ਇਕ ਦੂਜੇ ਦਾ ਭੇਦ ਜਾਣਦੇ ਹਨ। ਦਿਲ ਦੀ ਗੱਲ ਅੱਖਾਂ ਵਿਚ ਹੀ ਨਿੱਤਰ ਆਈ ਸੀ… ਆਜ਼ਾਦੀ…. ਆਜ਼ਾਦੀ…. ਆਜ਼ਾਦੀ….!
ਅਤੇ ਜਦੋਂ ਗੋਲੀ ਚੱਲੀ ਤਾਂ ਪਹਿਲਾਂ ਓਮ ਪ੍ਰਕਾਸ਼ ਨੂੰ ਮੋਢੇ ਉਤੇ ਲੱਗੀ ਅਤੇ ਉਹ ਜ਼ਮੀਨ ਉਤੇ ਡਿੱਗ ਪਿਆ। ਸਦੀਕ ਉਸ ਨੂੰ ਦੇਖਣ ਲਈ ਝੁਕਿਆ ਤਾਂ ਇਕ ਗੋਲੀ ਉਸ ਦੀ ਲੱਤ ਨੂੰ ਚੀਰਦੀ ਹੋਈ ਪਾਰ ਹੋ ਗਈ। ਫਿਰ ਦੂਜੀ ਗੋਲੀ ਆਈ ਫਿਰ ਤੀਜੀ ਅਤੇ ਫਿਰ ਜ਼ਿਵੇਂ ਗੋਲੀਆਂ ਵਰਸਣ ਲੱਗੀਆਂ ਤੇ ਖੂਨ ਵਹਿਣ ਲੱਗਾ। ਸਿੱਖਾਂ ਦਾ ਖ਼ੂਨ ਮੁਸਲਮਾਨਾਂ ਵਿਚ ਤੇ ਮੁਸਲਮਾਨਾਂ ਦਾ ਖੂਨ ਹਿੰਦੂਆਂ ਵਿਚ ਰਚ ਗਿਆ। ਇਕ ਹੀ ਗੋਲੀ ਸੀ, ਇਕ ਹੀ ਸ਼ਕਤੀ ਸੀ, ਇਕ ਹੀ ਨਜ਼ਰ ਸੀ, ਜੋ ਸਭ ਦਿਲਾਂ ਨੂੰ ਚੀਰਦੀ ਜਾ ਰਹੀ ਸੀ। ਸਦੀਕ ਓਮ ਪ੍ਰਕਾਸ਼ ਉਤੇ ਹੋਰ ਵੀ ਝੁਕ ਗਿਆ। ਉਸ ਨੇ ਆਪਣੇ ਜਿਸਮ ਨੂੰ ਓਮ ਪ੍ਰਕਾਸ਼ ਲਈ ਢਾਲ ਬਣਾ ਲਿਆ ਅਤੇ ਫਿਰ ਉਹ ਤੇ ਓਮ ਪ੍ਰਕਾਸ਼ ਦੋਹੋਂ ਗੋਲੀਆਂ ਦੀ ਬੌਛਾੜ ਵਿਚ ਗੋਡਿਆਂ ਪਰਨੇ ਖਿਸਕਦੇ ਖਿਸਕਦੇ ਉਸ ਕੰਧ ਕੋਲ ਪਹੁੰਚ ਗਏ, ਜੋ ਏਨੀ ਉਚੀ ਨਹੀਂ ਸੀ ਕਿ ਉਸ ਉਤੇ ਕੋਈ ਛਲਾਂਗ ਨਾ ਲਗਾ ਸਕਦਾ, ਪਰ ਏਨੀ ਉਚੀ ਜ਼ਰੂਰ ਸੀ ਕਿ ਉਸ ਉਤੇ ਛਲਾਂਗ ਲਗਾਂਦੇ ਹੋਏ ਕਿਸੇ ਸਿਪਾਹੀ ਦੀ ਗੋਲੀ ਦਾ ਖਤਰਨਾਕ ਨਿਸ਼ਾਨਾ ਬਣਨਾ ਜ਼ਿਆਦਾ ਮੁਸ਼ਕਿਲ ਨਹੀਂ ਸੀ।
ਸਦੀਕ ਨੇ ਆਪਣੇ ਆਪ ਨੂੰ ਕੰਧ ਨਾਲ ਲਗਾ ਲਿਆ ਅਤੇ ਜਾਨਵਰ ਦੀ ਤਰ੍ਹਾਂ ਆਪਣੇ ਚਾਰੇ ਪੰਜੇ ਜ਼ਮੀਨ ਉਤੇ ਟਿਕਾ ਕੇ ਕਿਹਾ ”ਲਓ ਓਮ ਪ੍ਰਕਾਸ਼ ਜੀ, ਖ਼ੁਦਾ ਦਾ ਨਾਂਅ ਲੈ ਕੇ ਕੰਧ ਟੱਪ ਜਾਓ।”
ਗੋਲ਼ੀਆਂ ਚੱਲ ਰਹੀਆਂ ਸਨ। ਓਮ ਪ੍ਰਕਾਸ਼ ਨੇ ਬੜੀ ਮੁਸ਼ਕਿਲ ਨਾਲ ਸਦੀਕ ਦੀ ਪਿੱਠ ਦਾ ਸਹਾਰਾ ਲਿਆ ਅਤੇ ਫਿਰ ਉਚਾ ਹੋ ਕੇ ਉਸ ਨੇ ਕੰਧ ਟੱਪਣ ਦੀ ਕੋਸ਼ਿਸ ਕੀਤੀ। ਸ਼ੂਕਦੀ ਹੋਈ ਗੋਲੀ ਆਈ। ”ਜਲਦੀ ਕਰ!” – ਸਦੀਕ ਨੇ ਹੇਠੋਂ ਕਿਹਾ, ਪਰ ਉਸ ਤੋਂ ਪਹਿਲਾਂ ਹੀ ਓਮ ਪ੍ਰਕਾਸ਼ ਹੇਠਾਂ ਜਾ ਚੁੱਕਾ ਸੀ। ਸਦੀਕ ਨੇ ਉਸੇ ਤਰ੍ਹਾਂ ਅਕੜੂ ਬਣਿਆਂ ਹੋਇਆਂ ਇੱਧਰ-ਉਧਰ ਦੇਖਿਆ ਤੇ ਫਿਰ ਇਕਦਮ ਸਿੱਧੇ ਹੋ ਕੇ ਜ਼ੋਰ ਨਾਲ ਦੂਜੇ ਪਾਸੇ ਵੱਲ ਹੰਭਲਾ ਮਾਰਿਆ, ਪਰ ਦੂਜੇ ਪਾਸੇ ਜਾਂਦੇ-ਜਾਂਦੇ ਸ਼ੂਕਦੀ ਹੋਈ ਇਕ ਗੋਲੀ ਉਸ ਦੀ ਦੂਜੀ ਲੱਤ ਵਿਚੋਂ ਪਾਰ ਹੋ ਗਈ। ਸਦੀਕ ਓਮ ਪ੍ਰਕਾਸ਼ ਦੇ ਉਪਰ ਜਾ ਡਿੱਗਿਆ ਤੇ ਫਿਰ ਛੇਤੀ ਹੀ ਪਰੇ ਹੋ ਕੇ ਉਠਣ ਲੱਗਾ ਤੇ ਉਸ ਨੇ ਪੁੱਛਿਆ-”ਤੁਹਾਨੂੰ ਜ਼ਿਆਦਾ ਚੋਟ ਤਾਂ ਨਹੀਂ ਆਈ ਓਮ ਪ੍ਰਕਾਸ਼…” ਪਰ ਓਮ ਪ੍ਰਕਾਸ਼ ਤਾਂ ਮਰਿਆ ਪਿਆ ਸੀ। ਉਸ ਦੇ ਹੱਥ ਵਿਚ ਹੀਰੇ ਦੀ ਇਕ ਅੰਗੂਠੀ ਜਿਊਂਦੀ ਸੀ। ਉਸ ਦੀ ਜੇਬ ਵਿਚ ਦੋ ਹਜ਼ਾਰ ਦੇ ਨੋਟ ਵੀ ਖੜਕ ਰਹੇ ਸਨ। ਉਸ ਦਾ ਗਰਮ ਲਹੂ ਅਜੇ ਤੱਕ ਜ਼ਮੀਨ  ਨੂੰ ਤਰ ਕਰੀ ਜਾ ਰਿਹਾ ਸੀ। ਹਰਕਤ ਸੀ, ਜ਼ਿੰਦਗੀ ਸੀ, ਦੁੱਖ ਸੀ, ਪਰ ਉਹ ਖੁਦ ਮਰ ਚੁੱਕਿਆ ਸੀ। ਸਦੀਕ ਨੇ ਉਸ ਨੂੰ ਉਠਾਇਆ ਅਤੇ ਉਸ ਨੂੰ ਘਰ ਲੈ ਚੱਲਿਆ। ਉਸ ਦੀਆਂ ਦੋਹਾਂ ਲੱਤਾਂ ਵਿਚ ਸਖਤ ਦਰਦ ਹੋ ਰਿਹਾ ਸੀ, ਲਹੂ ਵਹਿ ਰਿਹਾ ਸੀ। ਹੀਰੇ ਦੀ ਅੰਗੂਠੀ ਨੇ ਬਹੁਤ ਕੁੱਝ ਕਿਹਾ-ਸੁਣਿਆ। ਲੋਕਾਂ ਨੇ ਬਹੁਤ ਕੁਝ ਸਮਝਾਇਆ-ਉਹ ਸੱਭਿਅਤਾ ਜੋ ਵੱਖ ਸੀ, ਉਹ ਮਜ਼ਹਬ ਜੋ ਅਲੱਗ ਸੀ, ਉਹ ਸੋਚ ਜੋ ਬੇਗਾਨੀ ਸੀ, ਲੋਕਾਂ ਨੇ ਵਿਅੰਗ ਅਤੇ ਉਪਮਾ ਤੋਂ ਵੀ ਕੰਮ ਲਿਆ, ਪਰ ਸਦੀਕ ਨੇ ਕਿਸੇ ਦੀ ਨਾ ਸੁਣੀ ਅਤੇ ਆਪਣੇ ਵਗਦੇ ਹੋਏ ਲਹੂ ਅਤੇ ਆਪਣੀ ਨਿਕਲਦੀ ਹੋਈ ਜ਼ਿੰਦਗੀ ਦੀ ਫਰਿਆਦ ਵੀ ਨਾ ਸੁਣੀ ਅਤੇ ਆਪਣੇ ਰਸਤੇ ਉਤੇ ਚੱਲਦਾ ਰਿਹਾ। ਇਹ ਰਸਤਾ ਬਿਲਕੁਲ ਨਵਾਂ ਸੀ, ਭਾਵੇਂ ਕਟੜਾ ਫ਼ਤਿਹ ਖਾਨ ਵੱਲ ਹੀ ਜਾਂਦਾ ਸੀ। ਅੱਜ ਫ਼ਰਿਸ਼ਤੇ ਉਸ ਦੇ ਸੰਗੀ ਸਨ, ਭਾਵੇਂ ਉਸ ਨੇ ਇਕ ਕਾਫ਼ਿਰ ਨੂੰ ਆਪਣੇ ਮੋਢਿਆਂ ਉਤੇ ਚੁੱਕਿਆ ਸੀ। ਅੱਜ ਉਸ ਦੀ ਰੂਹ ਏਨੀ ਅਮੀਰ ਸੀ ਕਿ ਕੱਟੜਾ ਫਤਿਹ ਖਾਨ ਪਹੁੰਚ ਕੇ ਉਸ ਨੇ ਸਾਰਿਆਂ ਨੂੰ ਕਿਹਾ ”ਇਹ ਲਓ ਹੀਰੇ ਦੀ ਅੰਗੂਠੀ ਅਤੇ ਇਹ ਲਓ ਦੋ ਹਜ਼ਾਰ ਦੇ ਨੋਟ ਅਤੇ ਇਹ ਹੈ ਸ਼ਹੀਦ ਦੀ ਲਾਸ਼…” ਏਨਾ ਕਹਿ ਕੇ ਸਦੀਕ ਵੀ ਉਥੇ ਡਿੱਗ ਪਿਆ ਅਤੇ ਸ਼ਹਿਰ ਵਾਲਿਆਂ ਨੇ ਦੋਹਾਂ ਦਾ ਜਨਾਜ਼ਾ ਅਜਿਹੀ ਧੂਮਧਾਮ ਨਾਲ ਉਠਾਇਆ, ਜਿਵੇਂ ਉਹ ਦੋਹੋਂ ਸਕੇ ਭਰਾ ਹੋਣ।
3
ਅਜੇ ਕਰਫਿਊ ਨਹੀਂ ਲੱਗਿਆ ਸੀ। ਰਾਮ ਦਾਸ ਗਲੀ ਦੀਆਂ ਦੋ ਮੁਸਲਮਾਨ ਔਰਤਾਂ, ਇਕ ਸਿੱਖ ਔਰਤ ਤੇ ਇਕ ਹਿੰਦੂ ਔਰਤ ਸਬਜੀ ਖਰੀਦਣ ਆਈਆਂ। ਉਹ ਪਵਿੱਤਰ ਦਰਬਾਰ ਸਾਹਿਬ ਦੇ ਸਾਹਮਣਿਓਂ ਲੰਘੀਆਂ। ਹਰ ਇਕ ਨੇ ਬੜੇ ਅਦਬ ਨਾਲ ਸਿਰ ਝੁਕਾਇਆ ਅਤੇ ਫਿਰ ਸਬਜ਼ੀ ਖਰੀਦਣ ਵਿਚ ਰੁੱਝ ਗਈਆਂ। ਉਨ੍ਹਾਂ ਬੜੀ ਛੇਤੀ ਵਾਪਸ ਜਾਣਾ ਸੀ, ਕਿਉਂਕਿ ਕਰਫਿਊ ਲੱਗਣ ਵਾਲਾ ਸੀ ਅਤੇ ਵਾਤਾਵਰਣ ਵਿਚ ਸ਼ਹੀਦਾਂ ਦੇ ਖੂਨ ਦੀ ਗੂੰਜ ਵੀ ਸੀ। ਫਿਰ ਵੀ ਗੱਲਾਂ ਕਰਦਿਆਂ ਤੇ ਸੌਦਾ ਖਰੀਦਦਿਆਂ ਉਨ੍ਹਾਂ ਨੂੰ ਦੇਰ ਹੋ ਗਈ ਅਤੇ ਜਦੋਂ ਉਹ ਵਾਪਸ ਚੱਲਣ ਲੱਗੀਆਂ ਤਾਂ ਕਰਫਿਊ ਲੱਗਣ ਵਿਚ ਕੁਝ ਹੀ ਮਿੰਟ ਬਾਕੀ ਸਨ।
ਬੇਗਮ ਨੇ ਕਿਹਾ ”ਆਓ, ਇਸ ਗਲੀ ਵਿਚੋਂ ਨਿਕਲ ਚੱਲੀਏ, ਵੇਲੇ ਸਿਰ ਪਹੁੰਚ ਜਾਵਾਂਗੇ।” ਪਾਰੋ ਨੇ ਕਿਹਾ ”ਪਰ ਉਥੇ ਤਾਂ ਗੋਰਿਆਂ ਦਾ ਪਹਿਰਾ ਹੈ…”
ਸ਼ਾਮ ਕੌਰ ਬੋਲੀ-”ਅਤੇ ਗੋਰਿਆਂ ਦਾ ਕੋਈ ਭਰੋਸਾ ਵੀ ਨਹੀਂ।”
ਜ਼ੈਨਬ ਨੇ ਕਿਹਾ ”ਉਹ ਔਰਤਾਂ ਨੂੰ ਕੁਝ ਨਹੀਂ ਕਹਿਣਗੇ। ਅਸੀਂ ਘੁੰਡ ਕੱਢ ਕੇ ਨਿਕਲ ਜਾਵਾਂਗੀਆਂ, ਜਲਦੀ ਚੱਲੋ।”
ਉਹ ਚਾਰੋਂ ਦੂਜੀ ਗਲੀ ਵੱਲ ਹੋ ਗਈਆਂ। ਫੌਜੀਆਂ ਨੇ ਕਿਹਾ ”ਇਸ ਝੰਡੇ ਨੂੰ ਸਲਾਮ ਕਰੋ, ਇਹ ਯੂਨੀਅਨ ਜੈਕ ਹੈ।”
ਔਰਤਾਂ ਨੇ ਘਬਰਾ ਕੇ ਅਤੇ ਬੌਖ਼ਲਾ ਕੇ ਸਲਾਮ ਕੀਤੀ।
”ਹੁਣ ਇਥੋਂ ਉਥੇ ਤੱਕ…” ਫੌਜੀ ਨੇ ਗਲੀ ਦੀ ਲੰਬਾਈ ਦੱਸਦੇ ਹੋਏ ਕਿਹਾ ”ਗੋਡਿਆਂ ਪਰਨੇ ਚੱਲਦੇ ਹੋਏ ਇਥੋਂ ਨਿਕਲ ਜਾਓ।”
”ਗੋਡਿਆਂ ਪਰਨੇ? ਇਹ ਤਾਂ ਸਾਥੋਂ ਨਹੀਂ ਹੋਣਾ।’ ਜ਼ੈਨਬ ਨੇ ਖਿੱਝ ਕੇ ਕਿਹਾ।
”ਓ, ਝੁਕ ਕੇ ਚੱਲੋ… ਸਰਕਾਰ ਦਾ ਹੁਕਮ ਹੈ। ਗੋਡਿਆਂ ਪਰਨੇ ਘਿਸੜ ਕੇ ਚੱਲੋ।”
”ਅਸੀਂ ਤਾਂ ਇਸ ਤਰ੍ਹਾਂ ਹੀ ਜਾਵਾਂਗੀਆਂ।” ਸ਼ਾਮ ਕੌਰ ਨੇ ਤਣ ਕੇ ਕਿਹਾ  ”ਦੇਖੀਏ ਕਿ ਕੌਣ ਰੋਕਦਾ ਹੈ ਸਾਨੂੰ!” ਅਤੇ ਇਹ ਕਹਿ ਕੇ ਉਹ ਚੱਲ ਪਈ।
”ਠਹਿਰੋ ਠਹਿਰੋ!” ਪਾਰੋ ਨੇ ਡਰ ਕੇ ਕਿਹਾ।
”ਠਹਿਰੋ ਠਹਿਰੋ!” ਗੋਰੇ ਨੇ ਕਿਹਾ ”ਹਮ ਗੋਲੀ ਮਾਰੇਗਾ।”
ਸ਼ਾਮ ਕੌਰ ਸਿੱਧੀ ਜਾ ਰਹੀ ਸੀ।
‘ਠਾਹ’ ਕਰਦੀ ਗੋਲੀ ਆਈ ਤੇ ਸ਼ਾਮ ਕੌਰ ਡਿੱਗ ਪਈ।
ਜ਼ੈਨਬ ਅਤੇ ਬੇਗਮ ਨੇ ਇਕ-ਦੂਜੀ ਵੱਲ ਵੇਖਿਆ ਅਤੇ ਫਿਰ ਉਹ ਦੋਹੋਂ ਗੋਡਿਆਂ ਪਰਨੇ ਡਿੱਗ ਪਈਆਂ। ਗੋਰਾ ਖੁਸ਼ ਹੋ ਗਿਆ। ਉਸ ਨੇ ਸਮਝਿਆ ਕਿ ਇਨ੍ਹਾਂ ਨੇ ਸਰਕਾਰ ਦਾ ਹੁਕਮ ਮੰਨ ਲਿਆ ਹੈ।
ਜ਼ੈਨਬ ਅਤੇ ਬੇਗਮ ਨੇ ਗੋਡਿਆਂ ਪਰਨੇ ਡਿੱਗਦੇ ਹੋਏ ਆਪਣੇ ਦੋਹੋਂ ਹੱਥ ਉਪਰ ਚੁੱਕੇ ਅਤੇ ਕੁਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਦੋਹੋਂ ਸਿੱਧੀਆਂ ਖੜ੍ਹੀਆਂ ਹੋ ਗਈਆਂ ਤੇ ਗਲੀ ਪਾਰ ਕਰਨ ਲੱਗੀਆਂ। ਗੋਰਾ ਹੱਕਾ-ਬੱਕਾ ਰਹਿ ਗਿਆ ਅਤੇ ਫਿਰ ਗੁੱਸੇ ਨਾਲ ਉਸ ਦੀਆਂ ਗੱਲ੍ਹਾਂ ਭਖ ਉਠੀਆਂ ਅਤੇ ਉਸ ਨੇ ਆਪਣੀ ਰਾਈਫਲ ਸਿੱਧੀ ਕਰ ਕੇ ‘ਠਾਹ-ਠਾਹ’ ਕਰ ਕੇ ਗੋਲੀਆਂ ਚਲਾ ਦਿੱਤੀਆਂ।
ਪਾਰੋ ਰੋਣ ਲੱਗ ਪਈ। ਹੁਣ ਮੈਨੂੰ ਵੀ ਮਰਨਾ ਹੋਵੇਗਾ, ਇਹ ਕੀ ਮੁਸੀਬਤ ਹੈ। ਮੇਰੇ ਪਤੀ ਦੇਵ, ਮੇਰੇ ਬੱਚੇ, ਮੇਰੇ ਮਾਂ ਜੀ, ਮੇਰੇ ਪਿਤਾ ਜੀ, ਮੇਰੇ ਵੀਰ! ਮੈਨੂੰ ਮੁਆਫ਼ ਕਰਨਾ, ਅੱਜ ਮੈਨੂੰ ਵੀ ਮਰਨਾ ਹੋਵੇਗਾ। ਮੈਂ ਮਰਨਾ ਨਹੀਂ ਚਾਹੁੰਦੀ, ਫਿਰ ਵੀ ਮੈਨੂੰ ਮਰਨਾ ਹੋਵੇਗਾ। ਮੈਂ ਆਪਣੀਆਂ ਭੈਣਾਂ ਦਾ ਸਾਥ ਨਹੀਂ ਛੱਡਾਂਗੀ।
ਪਾਰੋ ਰੋਂਦੀ ਰੋਂਦੀ ਅੱਗੇ ਵਧੀ
ਗੋਰੇ ਨੇ ਉਸ ਨੂੰ ਨਰਮੀ ਨਾਲ ਸਮਝਾਇਆ।
”ਰੋਣ ਦੀ ਲੋੜ ਨਹੀਂ ਹੈ, ਸਰਕਾਰ ਦਾ ਹੁਕਮ ਮੰਨ ਅਤੇ ਇਸ ਗਲੀ ਵਿਚ ਇਸੇ ਤਰ੍ਹਾਂ ਗੋਡਿਆਂ ਪਰਨੇ ਘਿਸੜ ਕੇ ਚੱਲਦੀ ਜਾ। ਫਿਰ ਤੈਨੂੰ ਕੋਈ ਕੁਝ ਨਹੀਂ ਕਹੇਗਾ।” ਗੋਰੇ ਨੇ ਖੁਦ ਗੋਡਿਆਂ ਪਰਨੇ ਡਿੱਗ ਕੇ ਉਸ ਨੂੰ ਚੱਲਣ ਦਾ ਤਰੀਕਾ ਸਮਝਾਇਆ। ਪਾਰੋ ਰੋਂਦੀ ਰੋਂਦੀ ਗੋਰੇ ਦੇ ਨੇੜੇ ਆਈ। ਗੋਰਾ ਹੁਣ ਸਿੱਧਾ ਤਣ ਕੇ ਖੜ੍ਹਾ ਸੀ। ਪਾਰੋ ਨੇ ਜ਼ੋਰ ਨਾਲ ਉਸ ਦੇ ਮੂਹ ਉਥੇ ਥੁੱਕ ਦਿੱਤਾ ਅਤੇ ਫਿਰ ਮੁੜ ਕੇ ਗਲੀ ਪਾਰ ਕਰਨ ਲੱਗੀ। ਉਹ ਗਲੀ ਦੇ ਵਿਚੋਂ ਸਿੱਧਾ ਤਣ ਕੇ ਚੱਲੀ ਜਾ ਰਹੀ ਸੀ ਅਤੇ ਗੋਰਾ ਉਸ ਨੂੰ ਹੈਰਾਨੀ ਨਾਲ ਵੇਖੀ ਜਾ ਰਿਹਾ ਸੀ। ਕੁਝ ਪਲਾਂ ਬਾਅਦ ਉਸ ਨੇ ਆਪਣੀ ਬੰਦੂਕ ਸਿੱਧੀ ਕੀਤੀ ਅਤੇ ਪਾਰੋ, ਜੋ ਆਪਣੀ ਸਹੇਲੀਆਂ ਵਿਚੋਂ ਸਭ ਤੋਂ ਜ਼ਿਆਦਾ ਕਮਜ਼ੋਰ ਤੇ ਡਰਪੋਕ ਸੀ, ਸਭ ਤੋਂ ਅੱਗੇ ਜਾ ਕੇ ਮਰ ਗਈ।
ਪਾਰੋ, ਜ਼ੈਨਬ, ਬੇਗਮ, ਸ਼ਾਮ ਕੌਰ।
ਘਰੇਲੂ ਔਰਤਾਂ, ਪਰਦੇ ਵਿਚ ਰਹਿਣ ਵਾਲੀਆਂ ਔਰਤਾਂ, ਇੰਜ਼ਤਦਾਰ ਬੀਬੀਆਂ ਆਪਣੇ ਸੀਨਿਆਂ ਵਿਚ ਆਪਣੇ ਪਤੀਆਂ ਦਾ ਪਿਆਰ ਅਤੇ ਆਪਣੇ ਬੱਚਿਆਂ ਦੀ ਮਮਤਾ ਦਾ ਦੁੱਧ ਲੈ ਕੇ ਜ਼ੁਲਮ ਦੀ ਹਨ੍ਹੇਰੀ ਗਲੀ ਵਿਚੋਂ ਲੰਘ ਗਈਆਂ। ਉਨ੍ਹਾਂ ਦੇ ਜਿਸਮ ਗੋਲੀਆਂ ਨਾਲ ਛੱਲਣੀ ਹੋ ਗਏ, ਪਰ ਉਨ੍ਹਾਂ ਦੇ ਕਦਮ ਨਹੀਂ ਉਖੜੇ। ਉਸ ਵੇਲੇ ਕਿਸੇ ਦੇ ਪਿਆਰ ਨੇ ਸੱਦਿਆ ਹੋਵੇਗਾ, ਕਿਸੇ ਦੇ ਨੰਨ੍ਹੇ ਹੱਥਾਂ ਦਾ ਬੁਲਾਵਾ ਆਇਆ ਹੋਵੇਗਾ, ਕਿਸੇ ਦੀ ਸੂਝਵਾਨ ਮੁਸਕੁਰਾਹਟ ਦਿਖਾਈ ਦਿੱਤੀ ਹੋਵੇਗੀ, ਪਰ ਉਨ੍ਹਾਂ ਦੀਆਂ ਰੂਹਾਂ ਨੇ ਕਿਹਾ-ਨਹੀਂ, ਅੱਜ ਤੁਸੀਂ ਝੁਕਣਾ ਨਹੀਂ ਹੈ। ਅੱਜ ਸਦੀਆਂ ਬਾਅਦ ਉਹ ਪਲ ਆਇਆ ਹੈ, ਜਦੋਂ ਮੇਰਾ ਹਿੰਦੁਸਤਾਨ ਜਾਗ ਉਠਿਆ ਹੈ ਅਤੇ ਸਿੱਧਾ ਤਣ ਕੇ ਇਸ ਗਲੀ ਵਿਚੋਂ ਗੁਜ਼ਰ ਰਿਹਾ ਹੈ। ਸਿਰ ਚੁੱਕ ਕੇ ਅੱਗੇ ਵੱਧ ਰਿਹਾ ਹੈ, ਸਿਰ ਚੁੱਕ ਕੇ ਅੱਗੇ ਵੱਧ ਰਿਹਾ ਹੈ-ਜ਼ੈਨਬ… ਬੇਗਮ….ਪਾਰੋ….ਸ਼ਾਮ ਕੌਰ। ਕਿਸ ਨੇ ਕਿਹਾ ਕਿ ਇਸ ਮੁਲਕ ਦੀ ਸੀਤਾ ਮਰ ਗਈ ਹੈ? ਕਿਸ ਨੇ ਕਿਹਾ ਕਿ ਇਸ ਦੇਸ਼ ਵਿਚ ਸਤੀ-ਸਵਿੱਤਰੀ ਪੈਦਾ ਨਹੀਂ ਹੁੰਦੀ? ਅੱਜ ਇਸ ਗਲੀ ਦਾ ਹਰ ਕਿਣਕਾ ਕਿਸੇ ਦੇ ਪਵਿੱਤਰ ਲਹੂ ਨਾਲ ਰੌਸ਼ਨ ਹੋ ਉਠਿਆ ਹੈ। ਸ਼ਾਮ ਕੌਰ, ਜੈਨਬ, ਪਾਰੋ, ਬੇਗਮ… ਅੱਜ ਤੁਸੀਂ ਖ਼ੁਦ ਇਸ ਗਲੀ ਵਿਚੋਂ ਸਿਰ ਉਚਾ ਕਰ ਕੇ ਨਹੀਂ ਲੰਘੀਆਂ ਹੋ, ਸਗੋਂ ਅੱਜ ਤੁਹਾਡਾ ਦੇਸ ਬੜੇ ਮਾਣ ਨਾਲ ਸਿਰ ਉਚਾ ਕਰ ਕੇ ਇਸ ਗਲੀ ਵਿਚੋਂ ਗੁਜ਼ਰਿਆ ਹੈ। ਅੱਜ ਆਜ਼ਾਦੀ ਦਾ ਉਚਾ ਝੰਡਾ ਇਸ ਗਲੀ ਵਿਚੋਂ ਗੁਜ਼ਰਿਆ ਹੈ। ਅੱਜ ਤੁਹਾਡੇ ਦੇਸ਼, ਤੁਹਾਡੀ ਸੱਭਿਅਤਾ-ਤੁਹਾਡੇ ਮਜ਼ਹਬ ਦੀਆਂ ਸਤਿਕਾਰਯੋਗ ਰਿਵਾਇਤਾਂ ਜਿਊਂਦੀਆਂ ਹੋ ਗਈਆਂ ਹਨ। ਅੱਜ ਇਨਸਾਨੀਅਤ ਦਾ ਸਿਰ ਫ਼ਖ਼ਰ ਨਾਲ ਉਚਾ ਹੈ। ਤੁਹਾਡੀਆਂ ਰੂਹਾਂ ਨੂੰ ਹਜ਼ਾਰਾਂ-ਲੱਖਾਂ ਸਲਾਮ…!

Scroll To Top