ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਪੱਕਾ ਮੋਰਚਾ 26ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਲੋਕ ਲਗਾਤਾਰ ਇਸ ਸੰਘਰਸ਼ ਵਿੱਚ ਸ਼ਾਮਿਲ ਹੋ ਕੇ ਆਪਣੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਗ਼ਰੀਬਾਂ ਦੀ ਯਾਦ ਵੋਟਾਂ ਵੇਲੇ ਹੀ ਆਉਂਦੀ ਹੈ। ਇਸੇ ਕਾਰਨ ਹੁਣ ਵੋਟਾਂ ਵੇਲੇ ਕੀਤੇ ਵਾਅਦੇ ਨਿਭਾਉਣ ਕੋਈ ਨਹੀਂ ਆ ਰਿਹਾ। ਉਨ੍ਹਾਂ ਹਲਕਾ ਵਿਧਾਇਕ ਕੋਲੋਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਗ਼ਰੀਬਾਂ ਦੀ ਸਾਰ ਲਵੇ।
ਇਸ ਮੌਕੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਨੇ ਦੱਸਿਆ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਅਨੁਸਾਰ 5-5 ਮਰਲੇ ਦੇ ਪਲਾਟ ਅਲਾਟ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਖੋਖਲਾ ਸਾਬਤ ਹੋਇਆ। ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ 22 ਸਤੰਬਰ ਨੂੰ ਕਾਮਰੇਡ ਮੰਗਤ ਰਾਮ ਪਾਸਲਾ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਰੱਖੀ ਰੈਲੀ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਤਹਿਸੀਲ ਪੱਟੀ ਨੂੰ ਵੱਖ ਵੱਖ ਜ਼ੋਨਾਂ ਵਿੱਚ ਵੰਡ ਕੇ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਵੱਡੀ ਗਿਣਤੀ ਖੇਤ ਮਜ਼ਦੂਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪਲਾਟਾਂ ਦੀ ਅਲਾਟਮੈਂਟ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪਹੁਵਿੰਡ, ਗੱਜਣ ਸਿੰਘ ਨਾਰਲਾ,ਸੰਤੋਖ ਸਿੰਘ ਮੱਖੀ ਕਲਾਂ, ਲਖਵਿੰਦਰ ਸਿੰਘ ਲੱਖਾਂ, ਬਗੀਚਾ ਸਿੰਘ, ਚੰਨਬੀਰ ਸਿੰਘ ਕਲਾਂ, ਕੁਲਦੀਪ ਸਿੰਘ ਨੀਲਾ, ਬਗੀਚਾ ਹਲਵਾਈ, ਗੁਰਮੀਤ ਕੌਰ ਤੇ ਸਰਬਜੀਤ ਕੌਰ ਆਦਿ ਆਗੂ ਹਾਜ਼ਰ ਸਨ।