ਫਿਲੌਰ : ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਝੋਨੇ ਦੀ ਪਰਾਲੀ ਦੇ ਹੱਲ ਲਈ ਤਹਿਸੀਲ ਫਿਲੌਰ ਦੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਕੀਤੀਆ ਗਈਆਂ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਸਾਥੀ ਸੰਤੋਖ ਬਿਲਗਾ, ਜਸਵਿੰਦਰ ਢੇਸੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਰਮਜੀਤ ਰੰਧਾਵਾ ਨੇ ਕਿਹਾ ਕਿ ਤਹਿਸੀਲ ਭਰ ਦੇ ਪਿੰਡ ਮਾਓ ਸਾਹਿਬ, ਰੁੜਕਾ ਕਲਾਂ, ਢੇਸੀਆ ਕਾਹਨਾਂ, ਧਨੀ ਪਿੰਡ, ਬੁੰਡਾਲਾ, ਨੱਥੇਵਾਲ, ਘੁੜਕਾ, ਰੰਧਾਵਾ, ਸੂਰਜਾ, ਸੰਗ ਢੇਸੀਆ, ਢੰਡਾ, ਬੋਪਾਰਾਏ, ਚੱਕ ਧੋਧੜਾਂ, ਮਹਿਸਮਪੁਰ ਆਦਿ ਡੇਢ ਦਰਜਨ ਦੇ ਕਰੀਬ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਸਰਬਸੰਮਤੀ ਨਾਲ ਸਰਕਾਰ ਵਲੋਂ ਪਰਾਲੀ ਦਾ ਠੋਸ ਹੱਲ ਨਾ ਕਰਨ ਕਾਰਨ ਅੱਗ ਲਗਾਉਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਪ੍ਰਾਂਤ ਦੇਸ਼ ਦੇ ਅੰਨ-ਭੰਡਾਰ ‘ਚ ਸਭ ਤੋ ਵੱਧ ਯੋਗਦਾਨ ਪਾਉਣ ਵਾਲਾ ਸੂਬਾ ਹੈ ਪਰ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਉਦਾਰੀਕਰਨ, ਸੰਸਾਰੀਕਰਨ ਅਤੇ ਨਿਜੀਕਰਨ ਦੀਆ ਨੀਤੀਆਂ ਤਹਿਤ ਖੇਤੀਬਾੜੀ ਦੇ ਧੰਦੇ ਨੂੰ ਖਤਮ ਕਰਕੇ ਦੇਸ਼ ਦੀ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹੱਥੀ ਵੇਚਣ ਦੀ ਸੋਚੀ ਸਮਝੀ ਸਾਜਸ਼ ਰਚ ਰਹੀਆ ਹਨ। ਜਿਸ ਕਾਰਨ ਸਰਕਾਰ ਖੇਤੀਬਾੜੀ ਦੇ ਧੰਦੇ ਨੂੰ ਫੇਲ ਕਰਨ ਵਾਸਤੇ ਦੇਸ਼ ਦੇ ਗਰੀਬ ਕਿਸਾਨ ਨੂੰ ਮਿਲਣ ਵਾਲੀ ਸਬਸਿਡੀ ਨੂੰ ਬੰਦ ਕਰਕੇ ਦੇਸ਼ ਦੇ ਕਿਸਾਨ ‘ਤੇ ਬੋਝ ਪਾ ਰਹੀ ਹੈ, ਇਸ ਦੇ ਸਿੱਟੇ ਵਜੋਂ ਨਿਰਾਸ਼ ਕਿਸਾਨੀ ਖੁਦਕੁਸ਼ੀਆ ਦੇ ਰਾਹ ਪੈ ਰਹੀ ਹੈ। ਇਸ ਮੌਕੇ ਕਿਸਾਨ ਅਮਰੀਕ ਸਿੰਘ, ਸਰਬਜੀਤ ਸੰਗੋਵਾਲ, ਜਸਵੀਰ ਸਿੰਘ, ਸੰਦੀਪ ਸਿੰਘ, ਬਲਵੀਰ ਧਨੀ ਪਿੰਡ, ਅਮਰਜੀਤ ਸਰਹਾਲੀ, ਕੁਲਵੰਤ ਨੱਥੇਵਾਲ, ਲਖਵਿੰਦਰ ਬੁੰਡਾਲਾ, ਚਰਨਜੀਤ ਕੁਲਾਰ ਬੁੰਡਾਲਾ, ਬਲਿਹਾਰ ਬੁੰਡਾਲਾ, ਦੇਵ ਮਹਿਸਮਪੁਰ, ਜੱਸਾ ਰੁੜਕਾ, ਪਰਮਜੀਤ ਬੋਪਾਰਾਏ, ਸੁਖਵਿੰਦਰ ਰਾਜ ਗੋਮਾਲ ਆਦਿ ਨੇ ਮੀਟਿੰਗਾਂ ਲਈ ਵਿਸ਼ੇਸ਼ ਤੌਰ ‘ਤੇ ਯੋਗਦਾਨ ਪਾਇਆ।