Now Reading
ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਨਿਖੇਧੀ

ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਨਿਖੇਧੀ

ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜ਼ਿਲ੍ਹਾ ਕਮੇਟੀ ਜਲੰਧਰ-ਕਪੂਰਥਲਾ ਨੇ ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਜ਼ਿਲ੍ਹਾ ਕਮੇਟੀ ਦੀ ਸੰਤੋਖ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਫੈਸਲੇ ਜਾਰੀ ਕਰਦਿਆ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਲੰਧਰ ਪ੍ਰਸਾਸ਼ਨ ਦੀ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਮੀਟਿੰਗ ‘ਚ ਪਾਸ ਹੋਇਆ ਕਿ ਅਜਿਹਾ ਕਰਕੇ ਸਰਕਾਰ ਲੁੱਟੇ ਪੁੱਟੇ ਲੋਕਾਂ ਦੀ ਅਵਾਜ਼ ਬੰਦ ਨਹੀਂ ਕਰ ਸਕਦੀ। ਵਰਨਣਯੋਗ ਹੈ ਕਿ ਕਈ ਥਾਵਾਂ ‘ਤੇ ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕੀਤੇ ਹਨ, ਜਿਥੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਅਵਾਜ਼ ਵੀ ਕਿਸੇ ਨੂੰ ਸੁਣਾਈ ਨਹੀਂ ਦੇਵੇਗੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਅਜੋਕੀ ਰਾਜਨੀਤਕ ਅਵਸਥਾ ਬਾਰੇ ਦੱਸਦਿਆਂ ਕਿਹਾ ਕਿ ਪੂੰਜੀਵਾਦ ਦਾ ਸੰਕਟ ਦਿਨੋ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਖਾਸ ਕਰ ਦਲਿਤਾਂ ਅਤੇ ਘੱਟ ਗਿਣਤੀਆਂ ‘ਤੇ ਹਮਲੇ ਵੀ ਪਹਿਲਾ ਨਾਲੋਂ ਵੱਧ ਰਹੇ ਹਨ। ਉਨ੍ਹਾਂ ਪਾਰਟੀ ਦੀ ਚੰਡੀਗੜ੍ਹ ਹੋਈ ਪਹਿਲੀ ਕਾਨਫਰੰਸ ਦੀ ਰਿਪੋਰਟ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕਲੂਰ ਸਮਾਜ ਸਿਰਜਣ ਲਈ ਸਿਰਫ ਚੋਣਾਂ ਹੀ ਨਹੀਂ ਸਗੋਂ ਗੈਰ ਪਾਰਲੀਮਾਨੀ ਸੰਘਰਸ਼ ਕਰਨੇ ਪੈਣਗੇ। ਇਸ ਕਾਨਫਰੰਸ ਵਲੋਂ ਪਾਸ ਕੀਤੇ ਵਿਧਾਨ ਮੁਤਾਬਿਕ ਜ਼ਿਲ੍ਹਾ ਕਮੇਟੀ ਨੇ ਸਰਬਸੰਮਤੀ ਨਾਲ ਸਾਥੀ ਦਰਸ਼ਨ ਨਾਹਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸਾਥੀ ਸੰਤੋਖ ਸਿੰਘ ਬਿਲਗਾ ਨੂੰ ਜ਼ਿਲ੍ਹਾ ਵਿੱਤ ਸਕੱਤਰ ਚੁਣਿਆ। ਮੀਟਿੰਗ ਦੌਰਾਨ ਲੋਕ ਪੱਖੀ ਮੁਤਾਬਦਲ ਉਸਾਰਨ ਲਈ ਅਗਲੇ ਦੋ ਮਹੀਨੇ ਲਈ ਸਰਗਰਮੀਆਂ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ।

Scroll To Top