ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਅਰਸਾਲ ਸਿੰਘ ਸੰਧੂ, ਜਮੂਹਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ਮੱਲ੍ਹਾ, ਚਰਨਜੀਤ ਸਿੰਘ ਬਾਠ, ਮਨਜੀਤ ਸਿੰਘ ਬੱਗੂ ਕੋਟ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚਮਨ ਲਾਲ ਦਰਾਜਕੇ, ਜਸਪਾਲ ਸਿੰਘ ਢਿੱਲੋਂ ਆਦਿ ਆਗੂਆਂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਮੰਗ ਕੀਤੀ ਕਿ ਭਾਰੀ ਬਾਰਿਸ਼ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ।।ਫਸਲਾਂ ਦੇ ਵਿੱਚ ਬਰਸਾਤ ਦਾ ਪਾਣੀ ਅਤੇ ਸੂਏ ਟੁੱਟੇ ਹੋਣ ਕਾਰਨ ਸੂਇਆਂ ਦਾ ਪਾਣੀ ਆਉਣ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਮਜ਼ਦੂਰਾਂ ਦੇ ਘਰਾਂ ਦੇ ਘਰ ਵੀ ਢਹਿ ਗਏ ਹਨ ਅਤੇ ਉਨ੍ਹਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਪੈਸ਼ਲ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਮਜ਼ਦੂਰਾਂ ਦੇ ਭਾਰੀ ਬਰਸਾਤ ਹੋਣ ਕਾਰਨ ਕੋਠੇ ਕੰਧਾਂ ਢਹਿ ਗਏ ਹਨ, ਦਾ ਸਪੈਸ਼ਲ ਸਰਵੇ ਕਰਾ ਕੇ ਯੋਗ ਗ੍ਰਾਂਟਾਂ ਦਿੱਤੀਆਂ ਜਾਣ। ਇਨ੍ਹਾਂ ਆਗੂਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਸੂਇਆ ਦੇ ਕੰਢੇ ਟੁਟਣ ਅਤੇ ਬਾਰਸ਼ ਨਾਲ ਹੋਰ ਫਸਲਾਂ ਦੀ ਤਬਾਹੀ ਦੇ ਯੋਗ ਮੁਆਵਜ਼ੇ ਲਈ ਸਪੈਸ਼ਲ ਗਿਰਦਾਵਰੀਆਂ ਕਰਕੇ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਕੇ ਤੁਰੰਤ ਭੇਜਿਆ ਜਾਵੇ। ਇਸ ਮੌਕੇ ਨਿਰਪਾਲ ਸਿੰਘ ਜਾਓਣੇਕੇ, ਅਜੀਤ ਸਿੰਘ ਢੋਟਾ, ਦਾਰਾ ਸਿੰਘ ਮੁੰਡਾ ਪਿੰਡ ਆਦਿ ਵੀ ਹਾਜ਼ਰ ਸਨ।