ਖਡੂਰ ਸਾਹਿਬ : ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿਨੋ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਨਾਗੋਕੇ ਮੋੜ ਵਿਖੇ ਪੁਤਲਾ ਫੂਕਿਆ| ਅੱਜ ਦੇ ਇਸ ਪੁਤਲਾ ਫੂਕਣ ਦੀ ਅਗਵਾਈ ਜਸਬੀਰ ਸਿੰਘ ਵੈਰੋਵਾਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਡਾ: ਅਜੈਬ ਸਿੰਘ ਜਹਾਂਗੀਰ ਨੇ ਕੀਤੀ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਦੀਆਂ ਕੀਮਤਾਂ ਕੰਟਰੋਲ ਮੁਕਤ ਕਰਕੇ ਅਤੇ ਹਰ ਰੋਜ਼ ਕੀਮਤਾਂ ਵਧਾ ਕੇ ਇਸ ਮਹਿੰਗਾਈ ਕਾਰਨ ਆਮ ਵਰਗ ਦਾ ਜੀਣਾ ਦੁੱਭਰ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਤੇ ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਤੇਲ ਮਹਿੰਗਾ ਹੋਣ ਕਾਰਨ ਅਸਮਾਨੀ ਚੜ੍ਹੇ ਹੋਏ ਹਨ, ਪਰ ਮੋਦੀ ਸਰਕਾਰ ਨੂੰ ਗ਼ਰੀਬ ਵਰਗ ਦਾ ਕੋਈ ਫ਼ਿਕਰ ਨਹੀਂ ਹੈ | ਗ਼ਰੀਬ ਆਦਮੀ ਦਾ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ ਹੈ, ਪਰ ਇਸ ਸਰਕਾਰ ਤੋਂ ਤੰਗ ਲੋਕ ਪੁੱਛ ਰਹੇ ਹਨ ਕਿ ‘ਅੱਛੇ ਦਿਨ’ ਕਦੋਂ ਆਉਣਗੇ | ਕਿਸਾਨ ਮਹਿੰਗਾ ਡੀਜ਼ਲ ਬਾਲ ਕੇ ਟਰੈਕਟਰ ਅਤੇ ਖ਼ੇਤੀ ਲਈ ਹੋਰ ਸੰਦਾਂ ਦੀ ਵਰਤੋਂ ਕਰ ਰਹੇ ਹਨ, ਪਰ ਕੇਂਦਰ ਸਰਕਾਰ ਨੂੰ ਆਮ ਵਰਗ ਦੇ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ | ਇਹ ਸਰਕਾਰ ਤਾਂ ਪੂੰਜੀਪਤੀਆਂ ਅਤੇ ਬਹੁ-ਕੌਮੀ ਘਰਾਣਿਆਂ ਲਈ ਹੀ ਕੰਮ ਕਰ ਰਹੀ ਹੈ ਅਤੇ ਕਿਸਾਨ ਅਤੇ ਮਜ਼ਦੂਰ ਦਿਨੋ ਦਿਨ ਕਰਜਾਈ ਹੋ ਰਿਹਾ ਹੈ | ਇਸ ਮੌਕੇ ਮਨਜੀਤ ਸਿੰਘ ਸਕਿਆਂਵਾਲੀ, ਅਜੀਤ ਸਿੰਘ ਢੋਟਾ, ਦਲਬੀਰ ਸਿੰਘ ਮੱਲ੍ਹਾ, ਡਾ: ਧਨਵੰਤ ਸਿੰਘ ਵੈਰੋਵਾਲ, ਬਲਵਿੰਦਰ ਸਿੰਘ ਮਿਸਤਰੀ, ਸੁਰਜੀਤ ਸਿੰਘ ਵੈਰੋਵਾਲ, ਜਸਵੰਤ ਸਿੰਘ ਬਾਣੀਆ, ਚੈਂਚਲ ਸਿੰਘ ਜਹਾਂਗੀਰ, ਸਰਬਜੀਤ ਸਿੰਘ, ਪ੍ਰੇਮ ਸਿੰਘ ਸਰਾਂ ਤਲਵੰਡੀ, ਮੁਖਤਾਰ ਸਿੰਘ ਮੱਲ੍ਹਾ, ਅਵਤਾਰ ਸਿੰਘ ਦੇਊ ਬਾਠ, ਕਰਮ ਸਿੰਘ ਫਤਿਆਬਾਦ, ਦਾਰਾ ਸਿੰਘ ਮੁੰਡਾਪਿੰਡ ਆਦਿ ਵਰਕਰ ਆਦਿ ਹਾਜ਼ਰ ਸਨ |