ਤਪਾ ਮੰਡੀ : ਥਾਣਾ ਤਪਾ ਵਿੱਚ ਪਿੰਡ ਮਹਿਤਾ ਦੇ ਲੋਕਾਂ ਵੱਲੋਂ ਨਰੇਗਾ ਮਜ਼ਦੂਰਾਂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ। ਕਾਮਰੇਡ ਖੁਸ਼ੀਆ ਸਿੰਘ ਬੱਗੜ ਨੇ ਦੱਸਿਆ ਕਿ ਬੀਤੇ ਐਤਵਾਰ ਪਿੰਡ ਮਹਿਤਾ ਵਿੱਚ ਕੁਝ ਵਿਅਕਤੀਆਂ ਨੇ ਬਾਹਰੋਂ ਗੁੰਡਾ ਅਨਸਰ ਸੱਦ ਕੇ ਦੋ ਨੌਜਵਾਨਾਂ ਦੀ ਕੁੱਟਮਾਰ ਕੀਤੀ ਸੀ, ਪਰ ਪੁਲੀਸ ਨੇ ਉਨ੍ਹਾਂ ਗੁੰਡਾ ਅਨਸਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਜ਼ਖ਼ਮੀ ਲੜਕਾ ਇੰਦਰਜੀਤ ਸਿੰਘ ਸਰਕਾਰੀ ਹਸਪਤਾਲ ਤਪਾ ਵਿੱਚ ਦਾਖ਼ਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਘਟਨਾ ਦਾ ਸ਼ਿਕਾਰ ਹੋਏ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਇੰਦਰਜੀਤ ਸਿੰਘ ਚੰਡੀਗੜ੍ਹ ਚੁਗਾਠਾਂ ਬਣਾਉਣ ਦੀ ਦੁਕਾਨ ’ਤੇ ਕੰਮ ਕਰਦੇ ਸਨ ਤੇ ਤਨਖ਼ਾਹ ਨਾ ਮਿਲਣ ਕਾਰਨ ਕੰਮ ਤੋਂ ਹਟ ਕੇ ਆਪਣੇ ਪਿੰਡ ਮਹਿਤਾ ਵਾਪਸ ਆ ਗਏ ਸਨ। ਉਨ੍ਹਾਂ ਦੱਸਿਆ ਕਿ ਚੁਗਾਠਾਂ ਦੀ ਦੁਕਾਨ ਦੇ ਮਾਲਕ ਵੀ ਪਿੰਡ ਮਹਿਤਾ ਦੇ ਹੀ ਵਸਨੀਕ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਐਤਵਾਰ ਉਹ ਦੋਵੇਂ ਜਦੋਂ ਪਿੰਡ ਵਿੱਚੋਂ ਜਾ ਰਹੇ ਸਨ ਤਾਂ ਉਕਤ ਧਿਰ ਨੇ ਗੁੰਡਾ ਅਨਸਰਾਂ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਥਾਣੇ ਵਿੱਚ ਧਰਨਾ ਦੇਣਾ ਪਿਆ। ਇਸ ਮੌਕੇ ਭੋਲਾ ਸਿੰਘ ਕਲਾਲਮਾਜਰਾ, ਭਾਨ ਸਿੰਘ ਸੰਘੇੜਾ, ਗੁਰਸੇਵਕ ਸਿੰਘ ਧੂਰਕੋਟ, ਜਥੇਦਾਰ ਲਾਲ ਸਿੰਘ, ਸਰਬਜੀਤ ਰੂੜੇਕੇ ਅਤੇ ਜੀਤ ਸਿੰਘ ਪੱਖੋ ਹਾਜ਼ਰ ਸਨ। ਕੇਸ ਦਰਜ ਕਰਨ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਐੱਸਐੱਚਓ ਤਪਾ ਸੁਰਿੰਦਰ ਸਿੰਘ ਨੇ ਕਿਹਾ ਕਿ ਧਰਨਾ ਲਗਾਉਣ ਵਾਲੀ ਧਿਰ ਇਰਾਦਾ ਕਤਲ ਦਾ ਕੇਸ ਦਰਜ ਕਰਵਾਉਣਾ ਚਾਹੁੰਦੀ ਹੈ ਜਦਕਿ ਹਸਪਤਾਲ ਵਿੱਚ ਦਾਖ਼ਲ ਨੌਜਵਾਨ ਦੇ ਡਾਕਟਰੀ ਮੁਆਇਨੇ ਦੇ ਆਧਾਰ ਉੱਤੇ ਮਾਮਲੇ ਦੀ ਜਾਂਚ ਉਪਰੰਤ ਬਲਬੀਰ ਸਿੰਘ, ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਸਣੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 452, 506, 448 ਅਤੇ 449 ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।