ਸ਼ਹਿਣਾ : ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਵੱਲੋਂ ਦਲਿਤ ਜਬਰ ਵਿਰੋਧੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਸ਼ਹਿਣਾ ਅੱਗੇ ਵਿਸ਼ਾਲ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ’ਚ ਵੀਹ ਤੋਂ ਵੱਧ ਪਿੰਡਾਂ ਦੇ ਨਰੇਗਾ ਮਜ਼ਦੂਰ ਸ਼ਾਮਲ ਸਨ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਏਟਕ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਖੁਸ਼ੀਆਂ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਮੰਗ ਕੀਤਾ ਕਿ ਨਰੇਗਾ ਤਹਿਤ ਕੀਤੇ ਕੰਮਾਂ ਦੀ ਅਦਾਇਗੀ ਕੀਤੀ ਜਾਵੇ, ਨਰੇਗਾ ਤਹਿਤ ਰੁਜ਼ਗਾਰ ਦਿੱਤਾ ਜਾਵੇ, ਦਿਹਾੜੀ 600 ਰੁਪਏ ਪ੍ਰਤੀ ਦਿਨ ਕੀਤੀ ਜਾਵੇ ਅਤੇ ਨਰੇਗਾ ਕਾਨੂੰਨ ਤਹਿਤ ਪਿੰਡਾਂ ਦੇ ਰਸਤਿਆਂ, ਪਹੀਆਂ, ਸਰਕਾਰੀ ਅਤੇ ਸਾਂਝੀਆਂ ਸੰਸਥਾਵਾਂ, ਪੇਂਡੂ ਲਿੰਕ ਸੜਕਾਂ ਦੀਆਂ ਸਾਈਡਾਂ ਦਾ ਕੰਮ ਪਿੰਡਾਂ ਦੇ ਮਜ਼ਦੂਰਾਂ ਨੂੰ ਦਿੱਤਾ ਜਾਵੇ।
ਨਰੇਗਾ ਆਗੂ ਜੁਗਰਾਜ ਸਿੰਘ ਰਾਮਾ ਅਤੇ ਭਾਨ ਸਿੰਘ ਸੰਘੇੜਾ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਨੂੰ ਹਫਤੇ ’ਚ ਕੰਮ ਨਾ ਦਿੱਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ’ਤੇ ਨਰੇਗਾ ਮਜ਼ਦੂਰ ਆਗੂ ਦਰਸ਼ਨ ਸਿੰਘ, ਭੋਲੀ ਕੌਰ, ਸੁਖਵਿੰਦਰ ਕੌਰ ਸ਼ਹਿਣਾ, ਪਾਲ ਸਿੰਘ ਪੱਖੋਕੇ, ਗੁਰਮੇਲ ਸਿੰਘ ਪੱਖੋਕੇ, ਮਨਜੀਤ ਕੌਰ ਮੌੜ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਗੋਰਾ ਸਿੰਘ ਹਾਜ਼ਰ ਸਨ। ਇਸ ਮੌਕੇ ਮੰਗ ਕੀਤੀ ਗਈ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ।