Now Reading
ਮਜ਼ਦੂਰਾਂ ਦੇ ਹੱਕਾਂ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ

ਮਜ਼ਦੂਰਾਂ ਦੇ ਹੱਕਾਂ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ

ਜਲੰਧਰ : ਰਾਸ਼ਟਰੀ ਟਰੇਡ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਕਿਰਤ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੀ ਘੱਟੋ ਘੱਟ ਤਨਖਾਹ 18,000 ਰੁਪਏ ਕੀਤੀ ਜਾਵੇ ਅਤੇ ਅਰਧ ਹੁਨਰਮੰਦਾਂ ਦੀ ਘੱਟੋ ਘੱਟ ਤਨਖਾਹ 25,000 ਅਤੇ ਹੁਨਰਮੰਦ ਮਜ਼ਦੂਰਾਂ ਦੀ ਤਨਖਾਹ 30,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਸੀਟੀਯੂ ਜਲੰਧਰ ਦੇ ਸਕੱਤਰ ਕਾਮਰੇਡ ਹਰੀਮੁਨੀ ਸਿੰਘ, ਸੀਟੂ ਦੇ ਪ੍ਰਧਾਨ ਕਾਮਰੇਡ ਰਾਮ ਕਿਸ਼ਨ, ਸਕੱਤਰ ਏਟਕ ਕਾਮਰੇਡ ਰਾਜੇਸ਼ ਥਾਪਾ, ਘਰੇਲੂ ਮਜ਼ਦੂਰ ਯੂਨੀਅਨ ਦੀ ਜਨਰਲ ਸਕੱਤਰ ਕਾਮਰੇਡ ਕੰਚਨ ਦੇਵੀ, ਇੰਟਕ ਜਲੰਧਰ ਦੇ ਪ੍ਰਧਾਨ ਰਵੀ ਵਧਾਵਨ, ਲਾਲ ਝੰਡਾ ਰਬੜ ਯੂਨੀਅਨ ਦੇ ਪ੍ਰਧਾਨ ਕਾਮਰੇਡ ਜਵਾਹਰ ਲਾਲ, ਗੱਤਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਰਾਮ ਕਰਨ ਤੇ ਸਕੱਤਰ ਕਾਮਰੇਡ ਬੁਜਾਰਤ ਸ਼ੁਕਲਾ, ਹਿੰਦ ਮਜ਼ਦੂਰ ਕਿਸਾਨ ਪੰਚਾਇਤ ਦੇ ਪ੍ਰਧਾਨ ਕਾਮਰੇਡ ਹਵਾਲਦਾਰ ਯਾਦਵ, ਹਿੰਦ ਮਜ਼ਦੂਰ ਸਭਾ ਦੇ ਪ੍ਰਧਾਨ ਕਾਮਰੇਡ ਨਿਜਾਮੂਦੀਨ ਨੇ ਇਕਸੁਰ ਹੁੰਦਿਆਂ ਕਿਹਾ ਕਿ ਮਜ਼ਦੂਰਾਂ ਦੇ ਨੀਲੇ ਕਾਰਡ ਬਣਾਉਣ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਦੂਰ ਕਰਨ ਲਈ ਕਾਰਵਾਈ ਕਰੇ, ਨੀਲੇ ਕਾਰਡ ਬਣਾਉਣ ਲਈ ਸਪੈਸ਼ਲ ਕੈਂਪ ਲਾਏ ਜਾਣ, ਲੇਬਰ ਕੋਰਟ ਦੇ ਹੁਕਮਾਂ ਅਤੇ ਐਵਾਰਡ ਤੁਰੰਤ ਲਾਗੂ ਕੀਤੇ ਜਾਣ, ਪੁਲੀਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਬੰਦ ਕੀਤੀ ਜਾਵੇ, ਮਜ਼ਦੂਰਾਂ ਵਿਰੁੱਧ ਦਰਜ ਕੇਸ ਵਾਪਸ ਲਏ ਜਾਣ, ਫੈਕਟਰੀਆਂ ਅੰਦਰ ਮਜ਼ਦੂਰਾਂ ਦੀ ਹਾਜ਼ਰੀ ਦਾ ਰਿਕਾਰਡ ਯਕੀਨੀ ਬਣਾਇਆ ਜਾਵੇ, ਕਿਰਤੀਆਂ ਦੇ ਫੈਸਲੇ ਕਰਨ ਸਮੇਂ ਫੈਕਟਰੀ ਮਾਲਕਾਂ ਨੂੰ ਵੀ ਦਫਤਰਾਂ ’ਚ ਸੱਦਿਆ ਜਾਵੇ ਤੇ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੇ ਗਏ ਇਸ ਇਕੱਠ ਮਗਰੋਂ ਮਜ਼ਦੂਰਾਂ ਨੇ ਡੀਸੀ ਦਫ਼ਤਰ ਵੱਲ ਰੋਸ ਮਾਰਚ ਕਰਦਿਆਂ ਕਿਰਤ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਵੱਲੋਂ ਮੁੱਖ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਅਤੇ ਕਿਰਤੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜ਼ੋਰਦਾਰ ਮੁਜ਼ਾਹਰੇ ਕੀਤੇ ਜਾਣਗੇ।

Scroll To Top