ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵੱਲੋਂ ‘ਲੋਕ ਜਗਾਓ, ਲੁਟੇਰੇ ਭਜਾਓ’ ਦੇ ਨਾਅਰੇ ਤਹਿਤ ਜਲ੍ਹਿਆਂਵਾਲੇ ਬਾਗ਼ ਤੋਂ ਚਲਿਆ ਜਥਾ ਮਾਰਚ ਢੋਟਾ, ਨਾਗੋਕੇ ਮੋੜ ਤੋਂ ਖਡੂਰ ਸਾਹਿਬ ਪਹੁੰਚਿਆ, ਜਿਥੇ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਦਾਰਾ ਸਿੰਘ ਮੁੰਡਾ, ਮਨਜੀਤ ਸਿੰਘ ਬੱਗੂ ਤੇ ਬਲਦੇਵ ਸਿੰਘ ਭੈਲ ਨੇ ਕੀਤੀ।
ਕਾਨਫਰੰਸ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਉਦ, ਕੁਲਵੰਤ ਸਿੰਘ ਸੰਧੂ, ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਹਨ। ਇਨ੍ਹਾਂ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ ਵਧ ਰਹੀ ਹੈ। ਕਿਸਾਨ, ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ।
ਆਗੂਆਂ ਨੇ ਦੱਸਿਆ ਕਿ 15 ਨੁਕਾਤੀ ਪ੍ਰੋਗਰਾਮ ਦੀ ਅਪੀਲ ਲੱਖਾਂ ਲੋਕਾਂ ਤੱਕ ਪੁੱਜਦੀ ਕੀਤੀ ਜਾਵੇਗੀ। ਪੰਜਾਬ ਅੰਦਰ ਕਿਰਤੀ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਲਾਮਬੰਦ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ 10 ਦਸੰਬਰ ਦੀ ਮਹਾਂਰੈਲੀ ਲਈ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮੁਖਤਾਰ ਸਿੰਘ, ਜਸਪਾਲ ਸਿੰਘ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ, ਚਮਨ ਲਾਲ, ਸਰਬਜੀਤ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।