Now Reading
ਫਿਰਕੂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਅਤੇ ਲੋਕਾਂ ਦੇ ਰੋਜ਼ੀ ਰੋਟੀ ਦੇ ਮਸਲਿਆਂ ਲਈ ਕਨਵੈਨਸ਼ਨ 4 ਨੂੰ

ਫਿਰਕੂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਅਤੇ ਲੋਕਾਂ ਦੇ ਰੋਜ਼ੀ ਰੋਟੀ ਦੇ ਮਸਲਿਆਂ ਲਈ ਕਨਵੈਨਸ਼ਨ 4 ਨੂੰ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਦੀ ਦੋ ਰੋਜ਼ਾ ਮੀਟਿੰਗ 11-12 ਜੂਨ ਨੂੰ ਸੂਬਾਈ ਦਫਤਰ, ਸ਼ਹੀਦ ਸਾਥੀ ਸਰਵਣ ਸਿੰਘ ਚੀਮਾਂ ਭਵਨ ਜਲੰਧਰ ਵਿਖੇ,  ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਸ਼ਾਮਲ ਹੋਏ। ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਰਾਜ ਕਮੇਟੀ ਵਲੋਂ ਆਉਂਦੀ 2, 3, 4 ਜੁਲਾਈ ਨੂੰ ਜਲੰਧਰ ਵਿਖੇ ਹੋ ਰਹੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਦੇ ਅੰਤਲੇ ਦਿਨ 4 ਜੁਲਾਈ ਨੂੰ ”ਫਿਰਕੂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਅਤੇ ਲੋਕਾਂ ਦੇ ਰੋਜ਼ੀ ਰੋਟੀ ਦੇ ਮਸਲਿਆਂ ਲਈ ਲੋਕ ਸੰਗਰਾਮ ਤੇਜ਼ ਕਰੋ” ਦਾ ਸੱਦਾ ਦੇਣ ਹਿੱਤ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਮੀਟਿੰਗ ਵੱਲੋਂ, ਮੋਦੀ ਸਰਕਾਰ ਦੇ ਕੇਂਦਰੀ ਰਾਜ ਭਾਗ ‘ਤੇ ਦੋਬਾਰਾ ਕਾਬਜ਼ ਹੋਣ ਦੇ ਸਿੱਟੇ ਵਜੋਂ ਦੇਸ਼ ਵਿੱਚ ਜਮਹੂਰੀ ਕਦਰਾਂ ਅਤੇ ਸੰਸਥਾਵਾਂ ਨੂੰ ਘੱਟੇ ਰੋਲਣ ਅਤੇ ਦੇਸ਼ ਦੇ ਧਰਮਨਿਰਪੱਖ ਤਾਣੇ ਬਾਣੇ ਨੂੰ ਤਾਰ ਤਾਰ ਕਰਨ ਦੇ ਖਤਰਿਆਂ ‘ਚ ਖਤਰਨਾਕ ਹੱਦ ਤੱਕ ਵਾਧਾ ਹੋਣ ਦੇ ਸੰਕੇਤਾਂ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਵਲੋਂ ‘ਸਭ ਕਾ ਸਾਥ-ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ’ ਆਦਿ ਦੀਆਂ ਕੀਤੀਆਂ ਜਾ ਰਹੀਆਂ ਮੋਮੋਠਗਣੀਆਂ ਬਾਤਾਂ ਦੇ ਉਲਟ ਸਰਕਾਰ ਦੇ ਗਠਨ ਤੋਂ ਤੁਰੰਤ ਪਿੱਛੋਂ ਦੇਸ਼ ਅੰਦਰ ਘੱਟ ਗਿਣਤੀਆਂ, ਔਰਤਾਂ, ਦਲਿਤਾਂ ਅਤੇ ਸਰਕਾਰਾਂ ਪ੍ਰਤੀ ਆਲੋਚਨਾਤਮਿਕ ਪਹੁੰਚ ਰੱਖਦੇ ਬੁਧੀਜੀਵੀਆਂ, ਪੱਤਰਕਾਰਾਂ ‘ਤੇ ਰਾਕੇਟ ਦੀ ਤੇਜ਼ੀ ਨਾਲ ਵਧੇ ਹਮਲੇ, ਉਪਰੋਕਤ ਚਿੰਤਾਵਾਂ ਦੀ ਪੁਸ਼ਟੀ ਕਰਦੇ ਹਨ। ਮੀਟਿੰਗ ਵਲੋਂ ਇਹ ਤੱਥ ਬੜੀ ਚਿੰਤਾ ਨਾਲ ਨੋਟ ਕੀਤਾ ਗਿਆ ਕਿ ਦੁਬਾਰਾ ਗੱਦੀ ‘ਤੇ ਕਾਬਜ਼ ਹੋਈ ਮੋਦੀ ਸਰਕਾਰ ਦੀ ਫਿਰਕੂ, ਇਕਪਾਸੜ ਅਤੇ ਤਾਨਾਸ਼ਾਹੀ ਪਹੁੰਚ ਨਾਲ ਜੰਮੂ-ਕਸ਼ਮੀਰ ਦੀ ਪਹਿਲਾਂ ਹੀ ਗੰਭੀਰ ਚਲੀ ਆ ਰਹੀ ਸਥਿਤੀ ਵਿਚ ਹੋਰ ਵਿਗਾੜ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਮੀਟਿੰਗ ਵਲੋਂ ਕਿਹਾ ਗਿਆ ਕਿ ਅਮਰੀਕਾ ਨਾਲ ਬਰਾਬਰਤਾ ਆਧਾਰਤ ਦੋਸਤੀ ਦਾ ਭਰਮ ਪਾਲੀ ਬੈਠੇ ਲੋਕਾਂ ਦੀਆਂ ਅੱਖਾਂ ਖੁੱਲ ਜਾਣੀਆਂ ਚਾਹੀਦੀਆਂ ਹਨ ਅਤੇ ਹਰ ਪੱਧਰ ‘ਤੇ ਸਾਮਰਾਜੀ ਧੌਂਸ ਅਤੇ ਲੁੱਟ ਖਿਲਾਫ਼ ਆਵਾਮੀ ਸੰਘਰਸ਼ ਤੇਜ਼ ਕਰਨ ਦੇ ਬੱਝਵੇਂ/ਬਹੁਮੰਤਵੀ ਯਤਨ ਤੇਜ਼ ਕੀਤੇ ਜਾਣੇ ਚਾਹੀਦੇ ਹਨ।
ਸਰਕਾਰ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਕਾਸ ਦੇ ਕੀਤੇ ਗਏ ਵੱਡੇ ਵੱਡੇ ਦਾਅਵਿਆਂ, ਤੱਥਾਂ/ ਅੰਕੜਿਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਜਾਂ ਅਰਥਚਾਰੇ ਦੇ ਨਿਘਾਰ ਬਾਬਤ, ਜਮੀਨੀ ਹਕੀਕਤਾਂ ਤੋਂ ਰੂਬਰੂ ਕਰਾਉਂਦੇ ਅੰਕੜਿਆਂ ਦੀ ਪਰਦਾਪੋਸ਼ੀ ਦੇ ਪਾਜ ਚੋਣ ਨਤੀਜੇ ਆਉਣ ਤੋਂ ਬਾਅਦ ਉੱਘੜਣ ਲੱਗ ਪਏ ਹਨ।
ਸਰਕਾਰੀ ਦਾਅਵਿਆਂ ਦੇ ਉਲਟ ਜੀ ਡੀ ਪੀ ਵਿਕਾਸ ਦਰ ਥੱਲੇ ਨੂੰ ਜਾ ਰਹੀ ਹੈ, ਭਾਰੀ ਵਸੋਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਛੋਟੇ / ਦਰਮਿਆਨੇ ਉਦਯੋਗ ਅਤੇ ਕਾਰੋਬਾਰ ਤੇ ਖੇਤੀ ਧੰਦਾ ਬੁਰੀ ਤਰ੍ਹਾਂ ਘਾਟੇ ‘ਚ ਜਾ ਰਹੇ ਹਨ। । ਇਸ ਸਭ ਕਾਸੇ ਦੇ ਨਤੀਜੇ ਬੇਕਾਰੀ, ਮਹਿੰਗਾਈ, ਕੁਪੋਸ਼ਣ, ਮਜਦੂਰ ਕਿਸਾਨਾਂ ਤੇ ਹੋਰਨਾਂ ਤਬਕਿਆਂ ਦੇ ਲੋਕਾਂ ਦੀਆਂ ਖੁਦਕੁਸ਼ੀਆਂ,  ਅਪਰਾਧ , ਨਸ਼ਾ ਕਾਰੋਬਾਰ ਤੇ ਹੋਰ ਸਮਾਜਿਕ ਕੁਰੀਤੀਆਂ ਅਥਾਹ ਤੇਜ਼ੀ ਨਾਲ ਵਧ ਰਹੀਆਂ ਹਨ। ਉਨਾਂ ਜ਼ੋਰ ਦੇ ਕੇ ਕਿਹਾ ਕਿ ਉਕਤ ਸਾਰੇ ਨਾਂਹ ਪੱਖੀ ਵਰਤਾਰਿਅ ਦਾ ਟਾਕਰਾ ਲੋਕਾਂ ਦੇ ਫੈਸਲਾਕੁੰਨ ਤੇ ਖਾੜਕੂ ਸੰਗਰਾਮਾਂ ਰਾਹੀਂ ਹੀ ਕੀਤਾ ਜਾ ਸਕਦਾ ਹੈ। ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਉਕਤ ਘੋਲਾਂ ਦੀ ਉਸਾਰੀ ਅਤੇ ਕਾਮਯਾਬੀ ਹਿੱਤ ਆਰ.ਐਮ.ਪੀ.ਆਈ. ਦੇਸ਼ ਭਰ ਵਿਚ ਖੱਬੀਆਂ ਧਿਰਾਂ ਅਤੇ ਪੰਜਾਬ ਵਿਚ ਪੀ.ਡੀ.ਏ. ਨਾਲ ਸਾਂਝੀ ਸੰਗਰਾਮੀ ਸਰਗਰਮੀ ਹਿੱਤ ਹਰ ਸੰਭਵ ਉਪਰਾਲਾ ਕਰੇਗੀ।
ਮੀਟਿੰਗ ਵਲੋਂ ਦੇਸ਼ ਭਰ ਵਿਚ ਮਾਸੂਮ ਬੱਚੀਆਂ ਨਾਲ ਹੋ ਰਹੇ ਘਿਨਾਉਣੇ ਜਿਨਸੀ ਅਪਰਾਧਾਂ ਪ੍ਰਤੀ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਲੋਂ ਇਹ ਪ੍ਰਪੱਕ ਰਾਇ ਪ੍ਰਗਟ ਕੀਤੀ ਗਈ ਕਿ ਉਕਤ ਘ੍ਰਿਣਾਯੋਗ ਵਾਰਦਾਤਾਂ ਪਿੱਛੇ ਲੱਚਰ ਪੂੰਜੀਵਾਦੀ ਸੱਭਿਆਚਾਰ ਅਤੇ ਘੋਰ ਔਰਤ ਵਿਰੋਧੀ ਮੰਨੂੰਵਾਦੀ/ਪਿੱਤਰਸਤਾ ‘ਚੋਂ ਉਪਜੀ ਮਾਨਸਿਕਤਾ ਜ਼ਿੰਮੇਵਾਰ ਹੈ। ਮੀਟਿੰਗ ਵਲੋਂ ਉਕਤ ਮਾਨਵਤਾ ਵਿਰੋਧੀ ਸੋਚ ਖਿਲਾਫ਼ ਹਰ ਪੱਧਰ ‘ਤੇ ਵਿਸ਼ਾਲ ਬਹੁਪਰਤੀ ਲਾਮਬੰਦੀ ਕਰਨ ਦਾ ਨਿਰਣਾ ਲਿਆ ਗਿਆ। ਕਠੂਆ ਬਾਲੜੀ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਜ਼ਿੰਮੇਵਾਰ ਫਿਰਕੂ ਜ਼ਹਣੀਅਤ ਨਾਲ ਡੰਗੇ ਅਪਰਾਧੀਆਂ ਨੂੰ ਸਜਾਵਾਂ ਸੁਣਾਏ ਜਾਣ ਦੇ ਅਦਾਲਤੀ ਫੈਸਲੇ ਦਾ ਸੁਆਗਤ ਕਰਦਿਆਂ ਮੀਟਿੰਗ਼ ਵਲੋਂ ਮੰਗ ਕੀਤੀ ਗਈ ਕਿ ਬਰੀ ਕੀਤੇ ਗਏ ਸੱਤਵੇਂ ਮੁਜਰਿਮ ਨੂੰ ਵੀ ਸਜ਼ਾ ਦਾ ਭਾਗੀਦਾਰ ਬਣਾਏ ਜਾਣ ਦੇ ਹਰ ਸੰਭਵ ਕਦਮ ਚੁੱਕੇ ਜਾਣ। ਮੀਟਿੰਗ ਵਲੋਂ ਬਲਾਤਕਾਰ ਵਰਗੇ ਘਿਨਾਉਣੇ ਅਪਰਾਧਾਂ ਦੀ ਫਿਰਕੂ ਧਰੁਵੀਕਰਨ ਦੇ ਕੋਝੇ ਮਕਸਦ ਲਈ ਕੀਤੀ ਜਾ ਰਹੀ ਦੁਰਵਰਤੋਂ ਦੀ ਸਖਤ ਨਿੰਦਾ ਕਰਦਿਆਂ ਲੋਕਾਂ ਨੂੰ ਫਿਰਕੂ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।
ਲੋਕਾਂ ਦੇ ਰੁਜ਼ਗਾਰ, ਸਿਹਤ ਸੇਵਾਵਾਂ ਦੀਆਂ ਅਣਹੋਂਦ, ਮਹਿੰਗਾਈ, ਨਿੱਤ ਵੱਧਦੇ ਦਿਲ ਕੰਬਾਊ ਅਪਰਾਧਾਂ, ਜਾਨਲੇਵਾ ਨਸ਼ਾ ਕਾਰੋਬਾਰ, ਮਾਫੀਆ ਗਰੋਹਾਂ ਦੀਆਂ ਮਨਮਾਨੀਆਂ ਵੱਲ ਬਣਦਾ ਧਿਆਨ ਦੇਣ ਦੀ ਬਣਾਈ ਆਪਸੀ ਹਉਮੇਂ ਯੁੱਧ ਵਿਚ ਗਲਤਾਣ ਪੰਜਾਬ ਸਰਕਾਰ ਦੀ ਵੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਵਿਰੁੱਧ ਲੋਕ ਲਾਮਬੰਦੀ ਅਤੇ ਘੋਲ ਹੋਰ ਤੇਜ਼ ਕਰਨ ਹਿੱਤ ਠੋਸ ਫੈਸਲੇ ਲਏ ਗਏ।
ਮੀਟਿੰਗ ਦੇ ਸ਼ੁਰੂ ਵਿਚ ਮਿਸਾਲੀ ਕਮਿਊਨਿਸਟ ਆਗੂ ਸਾਥੀ ਭੀਮ ਸਿੰਘ ਦਿੜ੍ਹਬਾ ਅਤੇ ਲੋਕ ਹਿਤਾਂ ਨੂੰ ਪ੍ਰਣਾਏ ਬਹੁਪੱਖੀ ਬੁੱਧੀਜੀਵੀ ਸਾਥੀ ਗਿਰੀਸ਼ ਕਰਨਾਡ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਵਲੋਂ ਸੰਗਰੂਰ ਜ਼ਿਲ੍ਹੇ ਵਿਚ ਬੋਰਵੈਲ ਵਿਚ ਡਿੱਗਣ ਕਾਰਨ ਮਾਰੇ ਗਏ ਮਾਸੂਮ ਬੱਚੇ ਅਤੇ ਉਸਦੇ ਪਰਿਵਾਰ ਪ੍ਰਤੀ ਸੰਵੇਦਨਾਵਾਂ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਹ ਘਟਨਾ ਇਕ ਵਾਰ ਫੇਰ ਇਹ ਸਿੱਧ ਕਰਦੀ ਹੈ ਕਿ ਸਾਡਾ ਸਿਸਟਮ ਕਿਸ ਹੱਦ ਤੱਕ ਨਾਕਾਮ ਹੋ ਚੁੱਕਿਆ ਹੈ ਅਤੇ ਸਰਕਾਰਾਂ ਸਿਰੇ ਦੀਆਂ ਅਸੰਵੇਦਨਸ਼ੀਲ ਹਨ।

Scroll To Top