ਜਲੰਧਰ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ 9 ਅਗਸਤ ਨੂੰ ਲੁਧਿਆਣਾ ਵਿਖੇ ਮੋਦੀ ਦੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਪੋਲ ਖੋਲ੍ਹ ਕਿਸਾਨ ਕਨਵੈਨਸ਼ਨ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਭਰਵੀਂ ਸਮੂਲੀਅਤ ਕੀਤੀ ਜਾਵੇਗੀ | ਇਹ ਫ਼ੈਸਲਾ ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਗਿਆ | ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦੇ ਖਰੀਦ ਮੁੱਲ ਸਬੰਧੀ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ | ਖੇਤੀ ਵਸਤਾਂ ‘ਤੇ ਲਾਏ ਜੀ.ਐਸ.ਟੀ, ਡੀਜ਼ਲ, ਕੀਟ ਅਤੇ ਨਦੀਨ ਨਾਸ਼ਕ ਦਵਾਈਆਂ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਖੇਤੀ ਲਾਗਤਾਂ ਦੇ ਵਾਧੇ ਮੁਤਾਬਿਕ ਡਾ: ਸਵਾਮੀਨਾਥਨ ਕਮਿਸ਼ਨ ਅਨੁਸਾਰ ਭਾਅ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਦੇ ਗੰਨੇ ਦੇ ਬਕਾਏ ਅਤੇ ਗੰਨੇ ਦੇ ਵਾਜਬ ਮੁੱਲ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਵਲੋਂ ਚਲਾਈ ਜਾ ਰਹੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਨੂੰ ਪਿੰਡ ਪੱਧਰ ‘ਤੇ ਲੈ ਕੇ ਜਾਣ ਅਤੇ ਮੈਂਬਰਸ਼ਿਪ ਅਧਾਰਿਤ ਇਕਾਈਆਂ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ | ਮੀਟਿੰਗ ਨੂੰ ਮਾ. ਰਘਬੀਰ ਸਿੰਘ ਪਕੀਵਾਂ, ਭੀਮ ਸਿੰਘ ਆਲਮਪੁਰ, ਪਰਗਟ ਸਿੰਘ ਜਾਮਾਰਾਏ, ਮੋਹਣ ਸਿੰਘ ਧਮਾਣਾ, ਮਨੋਹਰ ਸਿੰਘ ਗਿੱਲ ਤੇ ਅਰਸਾਲ ਸਿੰਘ ਸੰਧੂ ਆਦਿ ਆਗੂਆਂ ਨੇ ਸੰਬੋਧਨ ਕੀਤਾ |