ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੱਖੀ ਕਲਾਂ ਵਿੱਚ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ ਲਗਾਤਾਰ 62ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਮੋਰਚੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ, ਸਕੱਤਰ ਕਾਮਰੇਡ ਸੰਤੋਖ ਸਿੰਘ ਮੱਖੀ ਕਲਾਂ ਕਰ ਰਹੇ ਹਨ। ਇਸ ਮੋਰਚੇ ਵਿੱਚ ਮੱਖੀ ਕਲਾਂ ਦੇ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ।
ਅੱਜ ਮੋਰਚੇ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਅਨੁਸਾਰ ਬੇਜ਼ਮੀਨੇ ਅਤੇ ਦਲਿਤ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵਿੱਚੋਂ 5-5 ਮਰਲੇ ਦੇ ਪਲਾਟ ਅਲਾਟ ਕਰ ਕੇ ਦਿੱਤੇ ਜਾਣ ਅਤੇ ਮਤੇ ਪਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ। ਇਸ ਤੋਂ ਇਲਾਵਾ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ।
ਇਸ ਪੱਕੇ ਮੋਰਚੇ ਵਿੱਚ ਪਹੁੰਚ ਕੇ ਅੱਜ ਬੀਡੀਪੀਓ ਭਿੱਖੀਵਿੰਡ ਪਿਆਰ ਸਿੰਘ ਨੇ ਬੇਜ਼ਮੀਨੇ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਅਤੇ ਕੇਂਦਰ ਸਰਕਾਰ ਦੀ ਸਕੀਮ ਤਹਿਤ ਘਰ ਬਣਾਉਣ ਲਈ ਗਰਾਂਟ ਵੀ ਜਾਰੀ ਕਰਵਾਈ ਜਾਵੇਗੀ। ਇਸ ਮੌਕੇ ਨਾਜਰ ਸਿੰਘ ਲਾਖਣਾ ,ਅੰਗਰੇਜ਼ ਸਿੰਘ ਨਵਾਂ ਪਿੰਡ, ਦਰਬਾਰਾ ਸਿੰਘ, ਗੱਜਣ ਸਿੰਘ ਨਾਰਲਾ, ਨਿਸ਼ਾਨ ਸਿੰਘ ਪੰਹੁਵਿੰਡ, ਬਗੀਚਾ ਸਿੰਘ ਮੱਖੀ ਕਲਾਂ, ਸੁਰਜੀਤ ਸਿੰਘ ਭਿੱਖੀਵਿੰਡ ਆਦਿ ਆਗੂ ਵੀ ਹਾਜ਼ਰ ਸਨ।