ਬਰਨਾਲਾ : ਨਿਰਮਾਣ ਮਜ਼ਦੂਰ ਯੂਨੀਅਨ ਬਰਨਾਲਾ ਵੱਲੋਂ ਉਸਾਰੀ ਮਜ਼ਦੂਰਾਂ ਅਤੇ ਮਿਸਤਰੀਆਂ ਦੇ ਲਗਾਤਾਰ ਘੱਟ ਰਹੇ ਰੁਜ਼ਗਾਰ ਤੋਂ ਨਿਰਾਸ਼ ਹੋ ਕੇ ਸਥਾਨਕ ਬਾਲਮੀਕ ਚੌਕ ਵਿਖੇ ਰੋਸ ਰੈਲੀ ਕੀਤੀ ਗਈ। ਨਿਰਮਾਣ ਮਜ਼ਦੂਰਾਂ ਤੇ ਮਿਸਤਰੀਆਂ ਦੀ ਇੱਥੇ ਲੇਬਰ ਸ਼ੈੱਡ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਗੁਰਮੇਲ ਸਿੰਘ ਤੇ ਜਨਰਲ ਸਕੱਤਰ ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਗਲਤ ਸਰਕਾਰੀ ਨੀਤੀਆਂ, ਰੇਤੇ ਤੇ ਬਜ਼ਰੀ ਦੇ ਭਾਅ ਵਧਣ ਅਤੇ ਤੇਲ ਕੀਮਤਾਂ ਦੇ ਸਮਾਨੀਂ ਚੜ੍ਹੇ ਰੇਟਾਂ ਸਦਕਾ ਮਹਿੰਗਾਈ ਦੀ ਮਾਰ ਹੇਠ ਦੱਬੇ ਆਮ ਲੋਕਾਂ ਵੱਲੋਂ ਉਸਾਰੀ ਦੇ ਕੰਮ ਲਗਭਗ ਬੰਦ ਕਰ ਦਿੱਤੇ ਗਏ ਹਨ। ਇਸ ਦੀ ਮਾਰ ਉਸਾਰੀ ਦੇ ਕੰਮ ਵਿੱਚ ਲੱਗੇ ਕਾਮਿਆਂ ’ਤੇ ਪੈ ਰਹੀ ਹੈ ਕਿਉਂਕਿ ਆਸ ਪਾਸ ਦੇ 15-20 ਕਿਲੋਮੀਟਰ ਤੋਂ ਰੋਜ਼ਾਨਾ ਘਰੋਂ ਦਿਹਾੜੀ ਦੀ ਆਸ ਨਾਲ ਮਜ਼ਦੂਰਾਂ ਤੇ ਮਿਸਤਰੀਆਂ ਨੂੰ ਕੰਮ ਨਹੀਂ ਮਿਲ ਰਿਹਾ ਹੈ। ਸਿੱਟੇ ਵਜੋਂ ਬਹੁਤੀ ਵਾਰ ਖਾਲੀ ਹੱਥ ਘਰਾਂ ਨੂੰ ਵਾਪਸ ਜਾਣਾ ਪੈਂਦਾ ਹੈ। ਪਰਿਵਾਰਾਂ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਚੁੱਕਾ ਹੈ। ਉਪਰੋਂ ਕਿਰਤੀਆਂ ਨੂੰ ਸਹੂਲਤਾਂ ਦੇ ਨਾਮ ’ਤੇ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ। ਉਸਾਰੀ ਬੋਰਡ ਵੱਲੋਂ ਵਿਦਿਆਰਥੀਆਂ ਦੇ ਵਜੀਫ਼ੇ, ਵਿਆਹ ਤੇ ਸਗ਼ਨ ਦੀ ਸਹਾਇਤਾ, ਸਕੂਲੀ ਵਿੱਦਿਆ ਤੇ ਸਿਹਤ ਸਹੂਲਤਾਂ ਮੁਫ਼ਤ ਆਦਿ ਦੇਣ ਦਾ ਪ੍ਰਚਾਰ ਭਾਵੇਂ ਢੋਲ ਢਮੱਕੇ ਨਾਲ ਕੀਤਾ ਜਾ ਰਿਹਾ ਹੈ ਪ੍ਰੰਤੂ ਜ਼ਮੀਨੀ ਪੱਧਰ ’ਤੇ ਲੋੜਵੰਦਾਂ ਦੇ ਹੱਥ ਤੇ ਪੀਪੇ ਖਾਲੀ ਹਨ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜੇਪੀਐਮਓ ਦੇ ਕਨਵੀਨਰ ਬ੍ਰਿਜ ਭੂਸ਼ਨ, ਦਾਰਾ ਸਿੰਘ, ਰਾਜ ਕੁਮਾਰ ਰਾਜੂ, ਸੁਖਵਿੰਦਰ ਬੈਰਾਗ, ਕ੍ਰਿਸ਼ਨ ਸਿੰਘ, ਚਮਕੌਰ ਸਿੰਘ, ਗੁਰਜੰਟ ਸਿੰਘ, ਭਗਵੰਤ ਸਿੰਘ, ਗੁਰਮੇਲ ਬਾਲੀਆਂ, ਹਰਮੇਲ ਸਿੰਘ, ਜ਼ੋਰਾ ਸਿੰਘ, ਮੇਜਰ ਸਿੰਘ ਤੇ ਗੁਰਜੰਟ ਸਿੰਘ ਬਾਜਵਾ ਆਦਿ ਸ਼ਾਮਲ ਸਨ।