ਸ਼ਹੀਦ ਊਧਮ ਿਸੰਘ ਦੇ ਸ਼ਹਾਦਤ ਦਿਵਸ ਮੌਕੇ ਸੁਨਾਮ ਵਿਖੇ ਸੈਮੀਨਾਰ
ਸੁਨਾਮ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਵੱਲੋਂ ਜਲ਼ਿਆ ਵਾਲੇ ਬਾਗ ਦੇ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਅਤੇ ਸ਼ਹੀਦ ਊਧਮ ਸਿੰਘ ਦੇ 78ਵੇਂ ਸ਼ਹੀਦੀ ਦਿਨ ਮੌਕੇ ਸੁਨਾਮ ਵਿਖੇ ਸਾਥੀ ਕੁਲਵੰਤ ਮੱਲੂਨੰਗਲ ਅਤੇ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ “ਨਸ਼ਿਆਂ ਨਾਲ ਹੋ ਰਹੇ ਜਵਾਨੀ ਦੇ ਘਾਣ ਦੇ ਕਾਰਨ ਅਤੇ ਇਸ ਦਾ ਹੱਲ”, ਵਾਤਾਵਰਨ ਪ੍ਰਦੂਸ਼ਣ ਦੇ ਭਿਆਨਕ ਸਿੱਟੇ” ਵਿਸ਼ਿਆਂ ਉੱਪਰ ਸੂਬਾ ਪੱਧਰੀ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਸੂਬੇ ਭਰ ਤੋਂ ਸਰਗਰਮ ਸਾਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸੰਬੋਧਨ ਕਰਦੀਆਂ ਪ੍ਰੋ. ਜੈਪਾਲ ਨੇ ਕਿਹਾ ਕਿ ਨਸ਼ਿਆਂ ਨਾਲ ਜਵਾਨੀ ਦਾ ਹੋ ਰਿਹਾ ਘਾਣ ਅਤੇ ਵਾਤਾਵਰਣ ਪ੍ਰਦੂਸ਼ਣ ਪੂਰੇ ਦੇਸ਼ ਲਈ ਗੰਭੀਰ ਅਤੇ ਚਿੰਤਾਜਨਕ ਮੁੱਦੇ ਹਨ। ਨਸ਼ਿਆਂ ਨਾਲ ਦੇਸ਼ ਦੀ ਜਵਾਨੀ ਤਬਾਹ ਹੋ ਰਹੀ ਹੈ ਅਤੇ ਇਸ ਦੀ ਸਭ ਤੋ ਜ਼ਿਆਦਾ ਮਾਰ ਪੰਜਾਬ ਨੂੰ ਪਈ ਹੈ ਤੇ ਹਾਲਾਤ ਅਜਿਹੇ ਹਨ ਕਿ ਸੂਬੇ ਦੇ 89 ਪ੍ਰਤੀਸ਼ਤ ਨੌਜਵਾਨ ਨਸ਼ਿਆ ਦੇ ਆਦੀ ਹਨ ਅਤੇ ਇਨ੍ਹਾ ਵਿਚੋਂ 77 ਪ੍ਰਤੀਸ਼ਤ ਨੌਜਵਾਨ ਗੰਭੀਰ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।ਜਦ ਕਿ ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਹੱਲ ਕਰਨ ਲਈ ਨਾ ਤਾਂ ਕੋਈ ਨੀਤੀ ਬਣਾਈ ਗਈ ਹੈ ਤੇ ਨਾ ਹੀ ਇਸ ਪ੍ਰਤੀ ਸੁਹਿਰਦਤਾ ਦਿਖਾਈ ਜਾ ਰਹੀ ਹੈ, ਬਲਕਿ ਸਿਰਫ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਤੱਕ ਨਸ਼ਿਆਂ ਦੀ ਸਮੱਸਿਆਂ ਦੇ ਅਸਲ ਕਾਰਨ ਬੇਰੁਜ਼ਗਾਰੀ ਦੀ ਸਮੱਸਿਆਂ ਦਾ ਹੱਲ ਨਹੀ ਕੀਤਾ ਜਾਦਾ ਉਨ੍ਹਾਂ ਚਿਰ ਨਿਰਾਸ਼ਾ ਵਿਚ ਡੁੱਬੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਨਹੀ ਬਚਾਇਆਂ ਜਾ ਸਕਦਾ।ਦੇਸ਼ ਦੇ ਹਾਕਮਾਂ ਦੁਆਰਾ ਅਪਣਾਈਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਰੁਜ਼ਗਾਰ ਦੇ ਸੋਮੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਨੇ ਜਨ-ਸਧਾਰਨ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਜਦਕਿ ਪੁਲਿਸ,ਸਿਆਸੀ,ਨਸ਼ਾ-ਸਮੱਗਲਰਾਂ ਦੀ ਤ੍ਰਿਕੜੀ ਜਿਉ ਦੀ ਤਿਉਂ ਨਸ਼ਿਆਂ ਦੀ ਖੇਡ ਨੂੰ ਖੇਡ ਰਹੇ ਹਨ। ਵਾਤਾਵਰਨ ਪ੍ਰਦੂਸ਼ਣ ਦੇ ਭਿਆਨਕ ਸਿੱਟਿਆ ਬਾਰੇ ਬੋਲਦਿਆ ਊਘੇ ਸਿਆਸੀ ਆਗੂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਵਾਤਾਵਰਣ ਦਾ ਪ੍ਰਦੂਸ਼ਤ ਹੋਣਾ ਅੱਜ ਮਨੁੱਖਤਾ ਦੀ ਹੋਂਦ ਲਈ ਖਤਰੇ ਦੀ ਨਿਸ਼ਾਨੀ ਹੈ। ਸਾਮਰਾਜੀ ਦੇਸ਼ਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਦੀ ਮੰਡੀਆਂ ਦੀ ਲੁੱਟ ਕਰਨ ਲਈ ਇਥੋਂ ਦੇ ਕੁਦਰਤੀ ਸਾਧਨਾਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ। ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆ ਦੀ ਮਿਲੀਭੁਗਤ ਨਾਲ ਕਾਰਖਾਨਿਆ/ਫੈਕਟਰੀਆਂ ਦਾ ਗੰਦਾ ਤੇ ਜਹਿਰੀਲਾ ਪਾਣੀ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆ ਨੂੰ ਲਾਭ ਦੇਣ ਲਈ ਰੁੱਖਾਂ ਦੀ ਅੰਨੇਵਾਹ ਕਟਾਈ ਕੀਤੀ ਜਾ ਰਹੀ ਹੈ। ਨਜ਼ਾਇਜ਼ ਮਾਇਨਿੰਗ ਨਾਲ ਧਰਤੀ ਦੇ ਹੇਠੋਂ ਰੇਤਾ-ਮਿੱਟੀ ਕੱਡਿਆ ਜਾ ਰਿਹਾ ਹੈ। ਅਤੇ ਜਮੀਨ ਨੂੰ ਬੰਜਰ ਹੋਣ ਵੱਲ ਧੱਕਿਆ ਜਾ ਰਿਹਾ ਹੈ।ਜਿਸ ਦੇ ਖਿਲਾਫ ਸ਼ੰਘਰਸ਼ ਕਰਨਾ ਬਹੁਤ ਜਰੂਰੀ ਹੈ। ਅਤੇ ਇਹ ਲੜਾਈ ਨੌਜਵਾਨ-ਵਿਦਿਆਰਥੀਆਂ ਨੂੰ ਸਮਾਜ ਦੇ ਬਾਕੀ ਵਰਗਾਂ ਨੂੰ ਨਾਲ ਕੇ ਲੜਨੀ ਹੋਵੇਗੀ। ਇਸ ਮੌਕੇ ਸੰਬੋਧਨ ਕਰਦੀਆਂ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਬਟਾਲਾ ਅਤੇ ਪੀ.ਐਸ.ਐਫ. ਦੇ ਸੂਬਾ ਸਕੱਤਰ ਅਜੇ ਫਿਲੌਰ ਨੇ ਸੰਬੌਧਨ ਕਰਦੀਆਂ ਕਿਹਾ ਕਿ ਊਧਮ ਸਿੰਘ ਦੀ ਸ਼ਹਾਦਤ ਦੇ 78 ਸਾਲ ਬੀਤ ਜਾਣ ਦੇ ਬਾਅਦ ਜਦ ਦੇਸ਼ ਦੀ ਸੱਤਾ ਫਿਰਕੂ ਤਾਕਤਾਂ ਦੇ ਹੱਥਾਂ ਵਿਚ ਹੋਵੇ ਤਾਂ ਉਨ੍ਹਾਂ ਦੀ ਸ਼ਹਾਦਤ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ,ਕਿਉਕਿ ਸ਼ਹੀਦ ਊਧਮ ਸਿੰਘ ਨੇ ਨਾ ਕੇਵਲ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਬਲਕਿ ਫਿਰਕਾਪ੍ਰਸਤੀ ਖਿਲਾਫ ਵੀ ਆਪਣਾ ਨਾਂਮ “ਰਾਮ ਮੁਹੰਮਦ ਸਿੰਘ ਆਜ਼ਾਦ” ਰੱਖਿਆਂ ਸੀ। ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਕਾਰਨ ਵਿੱਦਿਆ ਦਾ ਨਿੱਜੀਕਰਨ ਕਰਕੇ ਗਰੀਬ ਵਰਗ ਦੇ ਬੱਚਿਆ ਕੋਲੋ ਸਿੱਖਿਆ ਪ੍ਰਾਪਤੀ ਦਾ ਹੱਕ ਖੋਹਿਆਂ ਜਾ ਰਿਹਾ ਹੈ। ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ,ਸਿੱਖਿਆ ਦਾ ਫਿਰਕੂਕਰਨ ਕਰਕੇ ਅੰਧ-ਵਿਸ਼ਵਾਸ਼ ਫੈਲਾਏ ਜਾ ਰਹੇ ਹਨ, ਔਰਤਾਂ, ਘੱਟ-ਗਿਣਤੀਆਂ, ਦਲਿਤਾਂ ਉਪਰ ਅੰਨਾਂ ਤਸ਼ੱਦਦ ਲਗਾਤਾਰ ਕੀਤਾ ਜਾ ਰਿਹਾ ਹੈ।ਜਿਸ ਦਾ ਮੁਕਾਬਲਾ ਜਥੇਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਪਠਾਨਕੋਟ, ਕੁਲਵੰਤ ਮੱਲੂਨੰਗਲ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਬੰਸੀ ਸਰਦੂਲਗੜ੍ਹ, ਜਤਿੰਦਰ ਫਰੀਦਕੋਟ, ਸ਼ੁਰੇਸ਼ ਸਮਾਣਾ, ਸਿਮਰਜੀਤ ਬਰਾੜ,ਤਸਵੀਰ ਸਿੰਘ, ਸੁਰਜੀਤ ਦੁਧਰਾਏ,ਸੰਦੀਪ ਮਾਨਸਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।