ਜਲੰਧਰ : ”ਦਿਹਾਤੀ ਮਜ਼ਦੂਰ ਸਭਾ ਨੂੰ ਹੋਰ ਮਜ਼ਬੂਤ ਕਰਕੇ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ਅਤੇ 4-5-6 ਮਾਰਚ ਨੂੰ ਪੰਜਾਬ ਭਰ ਦੇ ਐਸ.ਡੀ.ਐਮ. ਦਫਤਰਾਂ ਅੱਗੇ ਤਿੰਨ ਰੋਜ਼ਾ ਮੁਜ਼ਾਹਰੇ ਤੇ ਧਰਨੇ ਮਾਰੇ ਜਾਣਗੇ।” ਇਹ ਸ਼ਬਦ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਦੋ ਦਿਨਾਂ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ, ਦੀ ਸਮਾਪਤੀ ਸਮੇਂ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਹੇ।
ਧਰਨਿਆਂ ਵਿਚ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਵਿਚ ਮੰਗ ਕੀਤੀ ਜਾਵੇਗੀ ਕਿ ਸਾਰੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ, ਰੂੜੀਆਂ ਸੁੱਟਣ ਲਈ ਟੋਏ ਅਤੇ ਮਕਾਨ ਬਣਾਉਣ ਲਈ ਘੱਟੋ ਘੱਟ 3 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ। ਮਨਰੇਗਾ ਯੋਜਨਾ ਅਧੀਨ ਲੋੜਵੰਦਾਂ ਨੂੰ ਸਾਰਾ ਸਾਲ ਸਾਰੇ ਪਰਿਵਾਰ ਨੂੰ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ 600 ਰੁਪਏ ਦਿੱਤੀ ਜਾਵੇ। ਜਨਤਕ ਵੰਡ ਪ੍ਰਣਾਲੀ ਰਾਹੀਂ ਨਿੱਤ ਵਰਤੋਂ ਦੀਆਂ ਸਾਰੀਆਂ ਵਸਤਾਂ ਅੱਧੀ ਕੀਮਤ ‘ਤੇ ਦਿੱਤੀਆਂ ਜਾਣ ਨਵੇਂ ਰਾਸ਼ਨ ਕਾਰਡ ਬਣਾਏ ਜਾਣ, ਬਿਜਲੀ ਦੇ ਘਰੇਲੂ ਬਿੱਲ ਸਾਰੇ ਬੇ ਜ਼ਮੀਨੇ ਲੋੜਵੰਦਾਂ ਦੇ ਬਿਨਾਂ ਕਿਸੇ ਸ਼ਰਤ ਤੋਂ ਮੁਆਫ ਕਰਕੇ ਕੱਟੇ ਹੋਏ ਕੁਨੈਕਸ਼ਨ ਤੁਰੰਤ ਜੋੜੇ ਜਾਣ, ਬੁਢਾਪਾ, ਵਿਧਵਾ ਤੇ ਅੰਗਹੀਣ, ਆਸ਼ਰਿਤ ਪੈਨਸ਼ਨ ਘੱਟੋ ਘੱਟ 3000 ਰੁਪਏ ਮਹੀਨਾ ਕਰਕੇ ਇਸਦੀ ਲਗਾਤਾਰਤਾ ਯਕੀਨੀ ਬਣਾਈ ਜਾਵੇ ਅਤੇ ਜਾਤ ਆਧਾਰਤ ਹੁੰਦਾ ਸਮਾਜਿਕ ਜਬਰ ਸਖਤੀ ਨਾਲ ਰੋਕਿਆ ਜਾਵੇ।
ਸਾਥੀ ਦਾਊਦ ਨੇ ਅੱਗੇ ਕਿਹਾ ਕਿ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਦੀ ਮੈਂਬਰਸ਼ਿਪ ਸਾਲ 2019 ਵਿਚ ਘੱਟੋ ਘੱਟ ਡਿਊਢੀ ਕਰਨ ਲਈ ਪੂਰੀ ਮਿਹਨਤ ਕੀਤੀ ਜਾਵੇਗੀ। ਅਤੇ ਏਰੀਆ ਕਮੇਟੀਆਂ, ਤਹਿਸੀਲ ਕਮੇਟੀਆਂ ਦੇ ਜਥੇਬੰਦ ਅਜਲਾਸ ਕਰਕੇ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਜ਼ਿਲ੍ਹਿਆਂ ਵਿਚ ਮੀਟਿੰਗਾਂ ਤਹਿ ਕੀਤੀਆਂ ਗਈਆਂ।
ਮੀਟਿੰਗ ਦੇ ਅੰਤ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦਾਊਦ ਵਿਚ ਪੰਚਾਇਤ ਚੋਣਾਂ ਦੌਰਾਨ ਗੈਗਸਟਰਾਂ ਵਲੋਂ ਕਿਰਨਜੀਤ ਸਿੰਘ, ਸੁਖਜੀਤ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰਨ ਦੀ ਸਖਤ ਨਿੰਦਾ ਕੀਤਾ ਗਈ ਤੇ ਅਜੇ ਤੱਕ ਲੋਕਲ ਐਮ.ਐਲ.ਏ., ਸਰਕਾਰ ਤੇ ਦੋਸ਼ੀਆਂ ਦੀ ਮਿਲੀਭੁਗਤ ਕਰਕੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਨਾ ਕਰਨ ਵਿਰੁੱਧ 29-30-31 ਜਨਵਰੀ ਤੇ 1 ਫਰਵਰੀ ਤੱਕ 4 ਦਿਨ ਸਰਕਾਰ ਤੇ ਪ੍ਰਸ਼ਾਸਨ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ।
ਇਸ ਦੋ ਰੋਜ਼ਾ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਦਾਊਦ, ਲਾਲ ਚੰਦ ਕਟਾਰੂਚੱਕ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਭੈਲ, ਭੋਲਾ ਸਿੰਘ ਕਲਾਲਮਾਜਰਾ, ਨਿਰਮਲ ਸਿੰਘ ਛੱਜਲਵੱਡੀ ਤੇ ਨਰਿੰਦਰ ਸਿੰਘ ਵਡਾਲਾ ਆਦਿ ਆਗੂ ਹਾਜ਼ਰ ਸਨ।