
ਝਬਾਲ – ਦਿਹਾਤੀ ਮਜ਼ਦੂਰ ਸਭਾ ਵੱਲੋਂ ਬੀ ਡੀ ਪੀ ਓ ਗੰਡੀਵਿੰਡ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਆਗੂਆਂ ਨੇ ਸਰਕਾਰ ਕੋਲੋਂ ਦੇਸ਼ ਵਿੱਚ ਜਾਤ-ਪਾਤ ਦੇ ਅੱਤਿਆਚਾਰਾਂ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਤਰਾਂ ਕਰਨ ਵਾਲਿਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਨਵੇਂ ਸਿਰਿਓਂ ਜ਼ਿੰਦਗੀ ਜਿਉਣ ਲਈ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਦਲਿਤਾਂ ਤੇ ਬੇਜ਼ਮੀਨਿਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਤਿੱਖੇ ਜ਼ਮੀਨੀ ਸੁਧਾਰ ਕਰਦੇ ਹੋਏ ਜ਼ਮੀਨ ਦੀ ਬਰਾਬਰ ਵੰਡ ਕੀਤੀ ਜਾਵੇ ਤੇ ਬੇਜ਼ਮੀਨੇ ਤੇ ਬੇਘਰਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ। ਉਸਾਰੀ ਕਰਨ ਲਈ ਤਿੰਨ ਤਿੰਨ ਲੱਖ ਰੁਪਏ ਦੀ ਪ੍ਰਤੀ ਪਰਵਾਰ ਗਰਾਂਟ ਦਿੱਤੀ ਜਾਵੇ। ਪਲਾਟ ਦੇਣ ਲਈ ਪੰਚਾਇਤਾਂ ਤੋਂ ਮਤੇ ਪੁਵਾਉਣ ਅਤੇ ਕਬਜ਼ੇ ਦੇਣ ਦੀ ਜ਼ਿੰਮੇਵਾਰੀ ਸਰਕਾਰ ਆਪ ਲਵੇ। ਪਿਛਲੇ ਸਮੇਂ ਵਿੱਚ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਦਿਵਾਉਣ ਲਈ ਸਰਕਾਰੀ ਦਖਲਅੰਦਾਜ਼ੀ ਨਾਲ ਦਿਵਾਏ ਜਾਣ। ਬੇਜ਼ਮੀਨੇ ਤੇ ਸਧਾਰਨ ਪਰਵਾਰਾਂ ਨੂੰ ਮੁਕੰਮਲ ਸਥਾਈ ਰੁਜ਼ਗਾਰ ਮਿਲਣਾ ਯਕੀਨੀ ਬਣਾਇਆ ਜਾਵੇ, ਮਜ਼ਦੂਰਾਂ ਦੀ ਦਿਹਾੜੀ ਘੱਟ ਤੋਂ ਘੱਟ 500 ਰੁਪਏ ਕੀਤੀ ਜਾਵੇ ਅਤੇ ਮਹਿੰਗਾਈ ਦੇ ਹਿਸਾਬ ਨਾਲ ਇਸ ਵਿੱਚ ਵਾਧਾ ਕੀਤਾ ਜਾਵੇ। ਮਨਰੇਗਾ ਕਾਨੂੰਨ ਦੇ ਤਹਿਤ ਲੋੜਵੰਦਾਂ ਨੂੰ ਪੂਰਾ ਸਾਲ ਕੰਮ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਬੀ ਡੀ ਪੀ ਓ ਗੰਡੀਵਿੰਡ ਨੇ ਮੰਗ ਪੱਤਰ ਪ੍ਰਾਪਤ ਕੀਤਾ ਤੇ ਸਰਕਾਰ ਨੂੰ ਜਲਦੀ ਭੇਜਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ, ਸਰਬਜੀਤ ਸਿੰਘ, ਗੁਰਲਾਲ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਤਾਰਾ ਸਿੰਘ, ਗੁਰਦੀਪ ਕੌਰ, ਵੀਨਾ ਕੌਰ, ਨਰਿੰਦਰ ਕੌਰ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਸ਼ੀਲਾ ਕੌਰ, ਬੀਰ ਕੌਰ ਆਦਿ ਹਾਜ਼ਰ ਸਨ।