ਸ੍ਰੀ ਮੁਕਤਸਰ ਸਾਹਿਬ :ਪੰਚਾਇਤੀ ਜ਼ਮੀਨਾਂ ਵਿੱਚੋਂ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਪਲਾਟ ਕੱਟ ਕੇ ਦੇਣ ਦੇ ਸੰਵਿਧਾਨਕ ਹੱਕ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਦਿਹਾਤੀ ਮਜ਼ਦੂਰ ਸਭਾ ਨੇ ਕੁਝ ਪਿੰਡਾਂ ਵਿੱਚ ਕਬਜ਼ੇ ਕਰਨ ਦੇ ਦੋਸ਼ ਹੇਠ ਸੱਤ ਆਗੂਆਂ ‘ਤੇ ਦਰਜ ਕੀਤੇ ਕੇਸਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਸਭਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦੋਦ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਮਦਰਸਾ, ਜਸਵਿੰਦਰ ਸਿੰਘ ਸੰਗੂਧੋਣ, ਕਰਮ ਮਦਰਸਾ, ਲਖਬੀਰ ਸਿੰਘ, ਰਾਣੀ ਕੌਰ ਬਲਮਗੜ੍ਹ ਅਤੇ ਸਪਨਾ ਟੇਲਰ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਵੋਟਾਂ ਵੇਲੇ ਲੋਕਾਂ ਨੂੰ ਵਾਅਦੇ ਕਰ ਕੇ ਭਰਮਾ ਲੈਂਦੀ ਹੈ ਪਰ ਜਦੋਂ ਵਾਅਦੇ ਪੂਰੇ ਕਰਨ ਦਾ ਸਮਾਂ ਆਉਂਦਾ ਹੈ ਤਾਂ ਮੁੱਕਰ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਪਲਾਟ ਦੇਣ ਲਈ ਬਾਕਾਇਦਾ ਨਿਯਮ ਬਣੇ ਹੋਏ ਹਨ ਪਰ ਸਰਕਾਰਾਂ ਇਹ ਨਿਯਮ ਛਿੱਕੇ ਟੰਗ ਕੇ ਡੰਗ ਟਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਦਰਜ ਕੀਤੇ ਕੇਸ ਰੱਦ ਨਹੀਂ ਕਰਦੀ, ਉਦੋਂ ਤੱਕ ਅਰਥੀ ਫੂਕ ਮੁਜ਼ਾਹਰੇ ਹੁੰਦੇ ਰਹਿਣਗੇ। ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ‘ਤੇ ਉਨ੍ਹਾਂ ਮੁਜ਼ਾਹਰਾ ਟਾਲ ਦਿੱਤਾ।
