/* SC_TH_END:4.3.24:fc0ffc30 */ ਜੱਸੇਆਣਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ – Sangrami Lehar
Now Reading
ਜੱਸੇਆਣਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ

ਜੱਸੇਆਣਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ਾ

ਸ੍ਰੀ ਮੁਕਤਸਰ ਸਾਹਿਬ : ਬੇਘਰੇ ਖੇਤ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਵਿੱਚੋਂ ਪਲਾਟ ਕੱਟ ਕੇ ਦੇਣ ਦੀ ਸੰਵਿਧਾਇਕ ਹਦਾਇਤ ਹੋਣ ਦੇ ਬਾਵਜੂਦ ਅਮਲੀ ਰੂਪ ‘ਚ ਲਾਗੂ ਨਾ ਹੋਣ ਕਰਕੇ ਹੁਣ ਖੇਤ ਮਜ਼ਦੂਰਾਂ ਵੱਲੋਂ ਆਪਣੇ-ਆਪ ਪਲਾਟਾਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਨੇ ਪ੍ਰਸ਼ਾਸਨ ਨੂੰ ਡਾਢੀ ਬਿਪਤਾ ਵਿੱਚ ਪਾ ਦਿੱਤਾ ਹੈ। ਇਸੇ ਲੜੀ ਤਹਿਤ ਪਿੰਡ ਜੱਸੇਆਣਾ ਵਿੱਚ ‘ਦਿਹਾਤੀ ਮਜ਼ਦੂਰ ਸਭਾ’ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਨੇ ਪੰਚਾਇਤੀ ਸ਼ਾਮਲਾਟ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਇਸ ਦੀ ਭਿਣਕ ਪੈਂਦਿਆਂ ਹੀ ਤਹਿਸੀਲਦਾਰ ਵਿਪਨ ਕੁਮਾਰ, ਬੀਡੀਪੀਓ ਭਾਗ ਸਿੰਘ ਅਤੇ ਥਾਨਾ ਸਦਰ ਦੇ ਐਸਐਚਓ ਅਸ਼ੋਕ ਕੁਮਾਰ ਪੁਲੀਸ ਪਾਰਟੀ ਨਾਲ ਮੌਕੇ ‘ਤੇ ਪੁੱਜ ਗਏ।
ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨ ਤੋਂ ਉੱਠਣ ਲਈ ਕਿਹਾ ਪਰ ਮਜ਼ਦੂਰ ਇਸ ਗੱਲ ‘ਤੇ ਅੜੇ ਰਹੇ ਕੇ ਜਦ ਤੱਕ ਉਨ੍ਹਾਂ ਨੂੰ ਸਰਵੇ ਕਰਵਾ ਕੇ ਪੰਜ-ਪੰਜ ਮਰਲੇ ਪਲਾਟ ਅਲਾਟ ਨਹੀਂ ਕੀਤੇ ਜਾਂਦੇ ਉਹ ਇੱਥੋਂ ਨਹੀਂ ਉੱਠਣਗੇ। ਇਸ ਦੌਰਾਨ ਸਵੇਰੇ ਤੋਂ ਸ਼ਾਮ ਤੱਕ ਬੈਠੇ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਤੱਕ ਕਬਜ਼ਾ ਜਮਾਈ ਬੈਠੇ ਮਜ਼ਦੂਰਾਂ ਨੂੰ ਪ੍ਰਸ਼ਾਸਨ ਵੱਲੋਂ ਚੋਣਾਂ ਤੋਂ ਬਾਅਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਪੰਜ-ਪੰਜ ਮਰਲੇ ਦੇ ਰਹਾਇਸੀ ਪਲਾਟ ਫੌਰੀ ਅਲਾਟ ਕੀਤੇ ਜਾਣ। ਇਸ ਮੌਕੇ ਮਜ਼ਦੂਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਨੂੰ ਰਿਹਾਇਸੀ ਪਲਾਟ ਅਲਾਟ ਨਾ ਕੀਤੇ ਗਏ ਤਾਂ ਉਹ ਸੰਘਰਸ਼ ਜਾਰੀ ਰੱਖਣਗੇ ਅਤੇ ਪਿੰਡ ਅੰਦੋਲਨ ਛੇੜਿਆ ਜਾਵੇਗਾ।

Scroll To Top