Now Reading
ਜੇਪੀਐਮਓ ਵਲੋਂ ਰੇਲਵੇ ਅਤੇ ਕੌਮੀ ਮਹੱਤਵ ਦੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਣ ਖਿਲਾਫ਼ ਸੰਘਰਸ਼ ਦਾ ਐਲਾਨ

ਜੇਪੀਐਮਓ ਵਲੋਂ ਰੇਲਵੇ ਅਤੇ ਕੌਮੀ ਮਹੱਤਵ ਦੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਣ ਖਿਲਾਫ਼ ਸੰਘਰਸ਼ ਦਾ ਐਲਾਨ

26 ਅਗਸਤ ਨੂੰ ਪਠਾਨਕੋਟ ਅਤੇ 28 ਅਗਸਤ ਨੂੰ ਲੁਧਿਆਣਾ ਵਿਖੇ ‘ਨਿੱਜੀਕਰਨ ਵਿਰੋਧੀ ਕਨਵੈਨਸ਼ਨਾਂ’ ਕਰਨ ਦਾ ਫੈਸਲਾ

ਜਲੰਧਰ : ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਦੀ ਸੂਬਾਈ ਕਮੇਟੀ ਦੀ ਮੀਟਿੰਗ ਜਲੰਧਰ ਵਿਖੇ ਸਾਥੀ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਲੋਂ, ਦਿੱਲੀ ਦੀ ਰਾਜਗੱਦੀ ਉੱਤੇ ਦੋਬਾਰਾ ਕਾਬਜ਼ ਹੋਈ ਮੋਦੀ ਸਰਕਾਰ ਵਲੋਂ ਚੁੱਕੇ ਗਏ ਰਾਸ਼ਟਰ ਵਿਰੋਧੀ ਕਦਮਾਂ ਅਤੇ ਨੀਤੀਆਂ ਦਾ ਸਖਤ ਨੋਟਿਸ ਲੈਂਦਿਆਂ, ਇਸ ਵਿਰੁੱਧ ਹਰ ਪੱਧਰ ‘ਤੇ ਵਿਚਾਰਧਾਰਕ ਅਤੇ ਅਮਲੀ ਸੰਗਰਾਮ ਤੇਜ ਕਰਨ ਦਾ ਫੈਸਲਾ ਲਿਆ ਗਿਆ।  ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਮੰਚ ਦੇ ਸੂਬਾਈ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮੰਚ ਵਲੋਂ ਰੇਵਲੇ ਅਤੇ ਕੌਮੀ ਮਹੱਤਵ ਦੇ ਹੋਰ ਜਨਤਕ ਅਦਾਰਿਆਂ ਦੇ ਨਿੱਜੀਕਰਣ ਖਿਲਾਫ਼ ਪੜਾਅਵਾਰ ਸੰਘਰਸ਼ ਸ਼ੁਰੂ ਕਰਨ ਦਾ ਨਿਰਣਾ ਲਿਆ ਹੈ। ਸੰਘਰਸ਼ ਦੇ ਪਹਿਲੇ ਪੜਾਅ ਵਿੱਚ 26 ਅਗਸਤ ਨੂੰ ਪਠਾਨਕੋਟ ਅਤੇ 28 ਅਗਸਤ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਵਿਸ਼ਾਲ ਨੁਮਾਇੰਦਾ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਇਨ੍ਹਾਂ ਕਨਵੈਨਸ਼ਨਾਂ ਵਿੱਚ ਮੰਚ ਦੀਆਂ ਭਾਈਵਾਲ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਸੰਗਰਾਮੀ ਧਿਰਾਂ ਦੇ ਆਗੂ ਸ਼ਾਮਲ ਹੋਣਗੇ। ਮੀਟਿੰਗ ਵਲੋਂ ਹੜ੍ਹਾਂ ਨਾਲ ਨੁਕਸਾਨੀਆਂ ਗਈਆਂ ਫਸਲਾਂ, ਡਿੱਗੇ ਜਾਂ ਪਾਟੇ ਮਕਾਨਾਂ, ਟੁੱਟੀਆਂ ਦਿਹਾੜੀਆਂ, ਪਾਲਤੂ ਪਸ਼ੂਆਂ ਅਤੇ ਹੋਰ ਹਰ ਕਿਸਮ ਦੇ ਜਾਨੀ ਅਤੇ ਮਾਲੀ ਨੁਕਸਾਨ ਦਾ ਮਜਦੂਰਾਂ, ਕਿਸਾਨਾਂ ਅਤੇ ਹੋਰ ਸਾਰੇ ਪ੍ਰਭਾਵਿਤ ਲੋਕਾਂ ਨੂੰ ਢੁਕਵਾਂ ਮੁਆਵਜਾ ਦੇਣ ਦੀ ਮੰਗ ਵੀ ਕੀਤੀ ਗਈ।
ਮੀਟਿੰਗ ਵਿੱਚ ਪਰਗਟ ਸਿੰਘ ਜਾਮਾਰਾਏ, ਨੱਥਾ ਸਿੰਘ, ਮੰਗਤ ਰਾਮ ਪਾਸਲਾ, ਗੰਗਾ ਪ੍ਰਸਾਦ, ਪਰਮਜੀਤ ਸਿੰਘ, ਸਤੀਸ਼ ਰਾਣਾ, ਸ਼ਿਵ ਕੁਮਾਰ ਤਿਵਾੜੀ, ਤੀਰਥ ਸਿੰਘ ਬਾਸੀ, ਸ਼ਮਸ਼ੇਰ ਸਿੰਘ ਬਟਾਲਾ, ਹਰੀਮੁਨੀ ਸਿੰਘ, ਮਨਜੀਤ ਸਿੰਘ ਸੈਣੀ ਆਦਿ ਆਗੂ ਹਾਜ਼ਰ ਸਨ।

Scroll To Top