ਫਿਲੌਰ : ਜਮਹੂਰੀ ਕਿਸਾਨ ਸਭਾ ਵੱਲੋਂ ਅੱਜ ਇੱਥੋਂ ਦੇ ਪਾਵਰਕੌਮ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਨੂੰ ਆਗੂਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਦੀਆਂ ਢਿੱਲੀਆਂ ਅਤੇ ਪੁਰਾਣੀਆਂ ਤਾਰਾਂ ਕਾਰਨ ਅੱਗ ਲੱਗਣ ਨਾਲ ਨੁਕਸਾਨ ਹੋਇਆ ਹੈ, ਇਨ੍ਹਾਂ ਤਾਰਾਂ ਨੂੰ ਤੁਰੰਤ ਬਦਲਿਆਂ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਕਿਹਾ ਕਿ ਮੰਡ ਦੇ ਖੇਤਰ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਠੀਕ ਢੰਗ ਨਾਲ ਨਹੀਂ ਮਿਲ ਰਹੀ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਸੜੇ ਹੋਏ ਟਰਾਂਸਫ਼ਾਰਮਰ 24 ਘੰਟੇ ਦੇ ਅੰਦਰ ਨਹੀਂ ਬਦਲੇ ਜਾਂਦੇ ਰਹੇ, ਜਿਸ ਕਾਰਨ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਡੀਜ਼ਲ ਦੇ ਭਾਅ ‘ਚ ਕੀਤੇ ਜਾ ਰਹੇ ਲਗਾਤਾਰ ਵਾਧੇ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕਿਸਾਨੀ ਲਈ ਸਸਤੇ ਭਾਅ ‘ਤੇ ਤੇਲ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਸਰਬਜੀਤ ਢੰਡਾ, ਗੁਰਮੀਤ ਸਿੰਘ, ਬਲਕਾਰ ਸਿੰਘ, ਜਸਬੀਰ ਸਿੰਘ, ਕੁਲਜੀਤ ਸਿੰਘ, ਨੰਬਰਦਾਰ ਜਗੀਰ ਸਿੰਘ, ਬਲਬੀਰ ਬੀਰੀ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮਗਰੋਂ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਬਿਜਲੀ ਨਾਲ ਸਬੰਧਿਤ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।