Now Reading
‘ਜਨਤਾ ਦਾ ਸੰਘਰਸ਼ ਹੀ ਕਾਰਗਾਰ ਹਥਿਆਰ ਹੈ’

‘ਜਨਤਾ ਦਾ ਸੰਘਰਸ਼ ਹੀ ਕਾਰਗਾਰ ਹਥਿਆਰ ਹੈ’

ਮੰਗਤ ਰਾਮ ਪਾਸਲਾ

ਕਿਸਾਨੀ ਤੇ ਆਮ ਖਪਤਕਾਰਾਂ ਨਾਲ ਸਬੰਧਤ ‘‘ਤਿੰਨ ਕਾਨੂੰਨਾਂ’’, ਜੋ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੇ ਕਾਲੇ ਬਜ਼ਾਰੀ ਨੂੰ ਕਾਨੂੰਨੀ ਮਾਨਤਾ ਦੇ ਕੇ ਆਮ ਲੋਕਾਂ ਦੇ ਪੇਟ ’ਤੇ ਲੱਤ ਮਾਰਨ ਦੀ ਸ਼ਾਤਰ ਚਾਲ ਸੀ, ਵਿਰੁੱਧ ਸਾਲ 2020 ਦੌਰਾਨ ਵਿਢਿਆ ਗਿਆ ਕਿਸਾਨ ਸੰਘਰਸ਼ , ਆਰਥਿਕ ਮੰਗਾਂ ਤੋਂ ਸ਼ੁਰੂ ਹੋ ਕੇ ਮੋਦੀ ਸਰਕਾਰ ਦੀ ਉਸ ਸਮੁੱਚੀ ਆਰਥਿਕ ਤੇ ਰਾਜਨੀਤਕ ਪਹੁੰਚ ਨੂੰ ਵੰਗਾਰਨ ਤੱਕ ਪੁੱਜ ਗਿਆ ਹੈ, ਜੋ ਸਮੱਚੇ ਦੇਸ਼ ਨੂੰ ਸਾਮਰਾਜੀ ਸ਼ਕਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵੱਲ ਸੇਧਤ ਹੈ। ਪੰਜਾਬ ਦੀ ਧਰਤੀ ਤੋਂ ਆਰੰਭ ਹੋਇਆ ਇਹ ਮਾਣ ਮੱਤਾ ਕਿਸਾਨੀ ਘੋਲ ਗੁਆਂਢੀ ਰਾਜ ਹਰਿਆਣਾ ਨੂੰ ਆਪਣੇ ਕਲਾਵੇ ’ਚ ਲੈਂਦਾ ਹੋਇਆ ਸਮੁੱਚੇ ਦੇਸ਼ ਦੀਆਂ ਸੀਮਾਵਾਂ ਤੱਕ ਫੈਲ ਗਿਆ। ਜਿਹੜੀ ਵਿਧ ਇਸ ਸੰਘਰਸ਼ ਨੂੰ ਸਫਲ ਕਰਨ ਲਈ ਅਪਣਾਈ ਗਈ ਉਹ ਪੂਰੀ ਤਰ੍ਹਾਂ ਵਿਚਾਰਧਾਰਕ ਤੇ ਸਭਿਆਚਾਰਕ ਸੀ। ਵਿਚਾਰਧਾਰਕ ਇਸ ਨਜ਼ਰੀਏ ਨਾਲ ਕਿ ਮੋਦੀ ਸਰਕਾਰ ਤੇ ਸੰਘ ਪਰਿਵਾਰ ਵਲੋਂ ਫਿਰਕਾਪਸ੍ਰਤੀ ਦੀ ਜ਼ਹਿਰ ਦੇ ਮੁਕਾਬਲੇ ਸਾਰੇ ਧਰਮਾਂ, ਜਾਤਾਂ ਤੇ ਵਿਸ਼ਵਾਸ ਵਾਲੇ ਲੋਕਾਂ ਦੇ ਵਿਸ਼ਾਲ ਏਕੇ ਦੀ ਉਸਾਰੀ, ਵੱਖ ਵੱਖ ਪ੍ਰਾਂਤਾਂ ਦੇ ਆਪਸੀ ਵਿਵਾਦਾਂ ਤੇ ਝਗੜਿਆਂ ਦੀ ਥਾਂ ਇਕ ਦੂਸਰੇ ਦਾ ਪਲਕਾਂ ਵਿਛਾ ਕੇ ਕੀਤਾ ਗਿਆ ਸਵਾਗਤ ਤੇ ਦਿੱਤਾ ਗਿਆ ਪਿਆਰ, ਵੰਡ ਪਾਊ ਤੇ ਉਤੇਜਨਾ ਪੈਦਾ ਕਰਨ ਵਾਲੇ ਪਿਛਾਖੜੀ ਨਾਅਰਿਆਂ ਦੇ ਮੁਕਾਬਲੇ ਮਜ਼ਦੂਰ-ਕਿਸਾਨ ਏਕਤਾ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੀਆਂ ਮਿੱਠੀਆਂ ਅਵਾਜ਼ਾਂ ਤੇ ਲੱਖਾਂ ਦੀ ਗਿਣਤੀ ’ਚ ਜੁੜੇ ਮਿਹਨਤਕਸ਼ ਲੋਕਾਂ ਦਾ ਅਨੁਸ਼ਾਸ਼ਤ ਤੇ ਅਹਿੰਸਕ ਪ੍ਰਦਰਸ਼ਨ, ਜੋ ਆਪਣੀ ਮਿਸਾਲ ਆਪ ਹੀ ਹੈ। ਸਭਿਆਚਾਰਕ ਵਿਧ ਇਸ ਪੱਖ ਤੋਂ ਕਿ ਮੁਸ਼ਕਿਲ ਸਮੇਂ ਇਕ ਦੂਸਰੇ ਦੀ ਬੇਗਰਜ਼ ਸਹਾਇਤਾ ਤੇ ਸਹਿਯੋਗ, ਬਿਨਾਂ ਵਿਤਕਰੇ ਦੇ ਸੰਗਤ ’ਚ ਬੈਠ ਕੇ ਲੰਗਰ ਛਕਣ ਦੀ ਪ੍ਰੰਪਰਾ, ਔਰਤਾਂ ਤੇ ਬਜ਼ੁਰਗਾਂ ਪ੍ਰਤੀ ਸਨਮਾਨ, ਹਰ ਕਿਸੇ ਦੇ ਸਮਾਜਿਕ, ਖੁਰਾਕੀ ਤੇ ਰਹਿਣ ਸਹਿਣ ਦੀਆਂ ਨਿਵੇਕਲੀਆਂ ਆਦਤਾਂ ਤੇ ਰੀਤੀ-ਰਿਵਾਜ਼ਾਂ ਦੀ ਕਦਰ, ਤੇ ਇਸ ਤੋਂ ਵੀ ਅੱਗੇ ਨਿਸ਼ਾਨੇ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਦਾ ਜ਼ਜ਼ਬਾ ਤੇ ਲਾਲਚ ਰਹਿਤ ਸਬਰ ਸੰਤੋਖ ਦੀਆਂ ਉਦਾਹਰਣਾਂ ਦਿੱਲੀ ਦੀਆਂ ਸਰਹੱਦਾਂ ਉਪਰ ਉਸਾਰੇ ਗਏ ‘ਕਿਸਾਨ ਪਿੰਡਾਂ’ ਦੇ ਕਣ ਕਣ ’ਚ ਦੇਖੀਆਂ ਜਾ ਸਕਦੀਆਂ ਹਨ। ਜਿਸ ਠਰ੍ਹੰਮੇ, ਸਬਰ, ਆਪਸੀ ਵਿਚਾਰ ਵਟਾਂਦਰੇ, ਮਤਭੇਦਾਂ ਦੇ ਹੁੰਦਿਆਂ ਹੋਇਆਂ ਵੀ ਇਕ ਸਰਵ ਸੰਮਤ ਰਾਇ ਬਣਾਉਣ ਤੇ ਕਿਸੇ ਵਿਅਕਤੀ ਵਿਸ਼ੇਸ਼ ਦੀ ਥਾਂ ਸਮੂਹਿਕ ਲੀਡਰਸ਼ਿਪ ਦਾ ਉੱਸਰਨਾ ਵੀ ਸਾਡੇ ਸਿਹਤਮੰਦ ਸਭਿਆਚਾਰ ਦੀ ਮੁੱਲਵਾਨ ਦੇਣ ਹੈ। ਹਰ ਮੀਟਿੰਗ ’ਚ ਤਰਕ ਸਹਿਤ ਸਰਕਾਰੀ ਦਲੀਲਾਂ ਨੂੰ ਰੱਦ ਕਰਕੇ ਕਿਸਾਨ ਮੰਗਾਂ ਦੀ ਵਾਜ਼ਬੀਅਤ ਨੂੰ ਸਿੱਧ ਕਰਨਾ, ਬਿਨ੍ਹਾਂ ਭੜਕਾਹਟ ਦੇ ਸਰਕਾਰ ਤੇ ਇਸਦੀਆਂ ਏਜੰਸੀਆਂ ਦੁਆਰਾ ਕਿਸਾਨ ਅੰਦੋਲਨ ਬਾਰੇ ਲਾਈਆਂ ਜਾ ਰਹੀਆਂ ਊਜਾਂ ਤੇ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ ਦਾ ਢੁਕਵਾਂ ਜਵਾਬ ਵੀ ਇਸ ਕਿਸਾਨ ਘੋਲ ਦੀ ਖਾਸੀਅਤ ਬਣਕੇ ਉਭਰੀ ਹੈ। ਸਰਕਾਰੀ ਤੇ ਕਿਸਾਨੀ ਅੰਦੋਲਨ ਦੇ ਨੁਮਾਇੰਦਿਆਂ ਵਿਚਕਾਰ ਹੋਏ ਗੱਲਾਂਬਾਤਾਂ ਦੇ ਲੰਬੇ ਦੌਰ ਨੇ ਵੀ ਇਕ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ।ਲੋਕਾਂ ਨੇ ਆਪਣੇ ਤਜ਼ਰਬੇ ਤੇ ਵਿਵੇਕ ਰਾਹੀਂ ਇਹ ਸਿੱਖ ਲਿਆ ਹੈ ਕਿ ਉਨ੍ਹਾਂ ਦੇ ਦੁਸ਼ਮਣ ਅੰਬਾਨੀ ਤੇ ਅਦਾਨੀ ਵਰਗੇ ਕਾਰਪੋਰੇਟ ਘਰਾਣੇ ਹਨ, ਜੋ ਪਹਿਲਾਂ ਦੇਸ਼ ਦੇ ਕੁਦਰਤੀ ਸਾਧਨਾਂ ’ਤੇ ਕਬਜ਼ਾ ਕਰਕੇ ਬੈਠੇ ਹਨ ਤੇ ਹੁਣ ਕਿਸਾਨ ਦੀਆਂ ਜ਼ਮੀਨਾਂ ਹਥਿਆਉਣਾ ਚਾਹੁੰਦੇ ਹਨ ਅਤੇ ਖੇਤੀ ਮੰਡੀ ’ਚ ਦਾਖਲ ਹੋ ਕੇ ਜ਼ਰੂਰੀ ਵਸਤਾਂ ਦੇ ਭੰਡਾਰਨ ਨਾਲ ਕਾਲਾ ਬਜ਼ਾਰੀ ਰਾਹੀਂ ਸਮੁੱਚੇ ਖਪਤਕਾਰਾਂ ਦਾ ਖੂਨ ਚੂਸ ਕੇ ਆਪਣੀ ਪੂੰਜੀ ਇਕੱਤਰ ਕਰਨ ਦੀ ਭੁੱਖ ਮਿਟਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਇਸ ਅੰਦੋਲਨ ਨੇ ਹਰ ਬੰਦੇ ਦੀ ਜ਼ੁਬਾਨ ਤੇ ਜ਼ਿਹਨ ’ਚ ਇਹ ਗੱਲ ਉਤਾਰ ਦਿੱਤੀ ਹੈ ਕਿ ਮੋਦੀ ਸਰਕਾਰ, ਦਾਅਵੇ ਭਾਵੇਂ ਕੁਝ ਕਰੇ, ਪ੍ਰੰਤੂ ਅਸਲ ’ਚ ਉਹ ਆਮ ਲੋਕਾਂ ਦੇ ਹਿਤਾਂ ਦੀ ਰਾਖੀ ਨਹੀਂ, ਬਲਕਿ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਮਨਾਫ਼ਿਆਂ ’ਚ ਵਾਧਾ ਕਰਨ ਲਈ ਕਾਰਜਸ਼ੀਲ ਹੈ ਅਤੇ ਆਪਣੇ ਇਸ ਕੋਝੇ ਉਦੇਸ਼ ਦੀ ਪ੍ਰਾਪਤੀ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਅੰਬਾਨੀਆਂ-ਅਡਾਨੀਆਂ ਵਿਰੁੱਧ ਪ੍ਰਗਟਾਇਆ ਜਾ ਰਿਹਾ ਲੋਕਾਂ ਦਾ ਗੁੱਸਾ ਅਸਲ ’ਚ ਦੇਸ਼ ਦੇ ਸਮੁੱਚੇ ਇਜਾਰੇਦਾਰਾਂ ਤੇ ਮੁਨਾਫ਼ਾਖ਼ੋਰਾਂ ਦੀ ਲੁੱਟ-ਖਸੁੱਟ ਦੇ ਖ਼ਿਲਾਫ਼ ਹੈ। ਪਿਛਲੇ 6 ਸਾਲਾਂ ਤੋਂ ਮੋਦੀ ਸਰਕਾਰ ਵਲੋਂ ਪਰੋਸੇ ਜਾ ਰਹੇ ‘‘ਫਿਰਕੂ ਏਜੰਡੇ’’ ਪ੍ਰਤੀ ਲੋਕ ਮਨਾਂ ’ਚ ਪਨਪ ਰਹੇ ਗੁੱਸੇ ਦਾ ਢੁਕਵੇਂ ਸਮੇਂ ’ਤੇ ਇਕ ਲਾਵੇ ਦੀ ਤਰ੍ਹਾਂ ਫੁਟਣਾ ਵੀ ਇਸ ਕਿਸਾਨ ਅੰਦੋਲਨ ਦੀ ਵਿਆਪਕਤਾ ਤੇ ਮਕਬੂਲੀਅਤ ਦਾ ਸਬੱਬ ਹੈ। ਜਿੰਨੀ ਸਪੱਸ਼ਟ ਜਮਾਤੀ ਵੰਡ ਇਸ ਕਿਸਾਨ ਅੰਦੋਲਨ ਨੇ ਲੋਕ ਕਚਿਹਰੀ ’ਚ ਪੇਸ਼ ਕਰਕੇ ਦੁਸ਼ਮਣ ਤੇ ਮਿੱਤਰ ਧਿਰਾਂ ਦੀ ਨਿਸ਼ਾਨਦੇਹੀ ਕਰ ਦਿੱਤੀ ਹੈ, ਉਹ ਵੀ ਦਰਸਾਉਂਦਾ ਹੈ ਕਿ ਆਰਥਿਕ ਮੰਗਾਂ ਤੇ ਸਭਿਆਚਾਰਕ ਪੈਡਿਆਂ ਦਾ ਸਫ਼ਰ ਤੈਅ ਕਰਦਾ ਹੋਇਆ ਕੋਈ ਵਿਆਪਕ ਜਨ ਆਧਾਰ ਵਾਲਾ ਅੰਦੋਲਨ ਸਾਲਾਂ ਦਾ ਸਫ਼ਰ ਮਹੀਨਿਆਂ ਤੇ ਮਹੀਨਿਆਂ ਦਾ ਦਿਨਾਂ ’ਚ ਤੈਅ ਕਰ ਸਕਦਾ ਹੈ। ਅੱਗੋਂ ਇਸ ਵਰਗਾਂ ਦੇ ਘੋਲ ਨੂੰ ਕਿਸ ਸ਼ਕਲ ’ਚ ਜਾਰੀ ਰੱਖਦਿਆਂ ਹੋਇਆਂ ਇਸ ’ਚ ਜਨ ਸਮੂਹਾਂ ਦੀ ਭਾਗੀਦਾਰੀ ਯਕੀਨੀ ਬਣਾਉਣੀ ਹੈ, ਉਹ ਕੰਮ ਸਿਰੇ ਚਾੜ੍ਹਨਾ ਦੇਸ਼ ਦੀਆਂ ਸਾਰੀਆਂ ਹੀ ਧਰਮ ਨਿਰਪੱਖ, ਲੋਕ ਰਾਜੀ, ਖੱਬੇ ਪੱਖੀ ਤੇ ਮਾਨਵਤਾਵਾਦੀ ਸ਼ਕਤੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਕਿਸਾਨ ਅੰਦੋਲਨ ਨੇ ਆਵਾਮ ਨੂੰ ਭਾਰਤੀ ਰਾਜਨੀਤੀ ਦੇ ਕੇਂਦਰ ‘ਚ ਲਿਆ ਕੇ ਹਾਕਮ ਰਵਾਇਤੀ ਪਾਰਟੀਆਂ ਤੇ ਇਸਦੇ ਆਗੂਆਂ ਨੂੰ ਪਰਾਂਹ ਕਰਕੇ ਖੜ੍ਹਾ ਕਰ ਦਿੱਤਾ ਹੈ, ਜੋ ਆਜ਼ਾਦੀ ਤੋਂ ਬਾਅਦ ਲਗਾਤਾਰ 70 ਸਾਲ ਲੋਕਾਂ ਨੂੰ ਭੰਬਲਭੂਸੇ ’ਚ ਪਾ ਕੇ ਧੋਖਾ ਦਿੰਦੀਆਂ ਰਹੀਆਂ ਹਨ। ਉਨ੍ਹਾਂ ਦੀ ਸਮੁੱਚੀਆਂ ਨੀਤੀਆਂ ਹੀ ਦੇਸ਼ ਦੇ ਕਿਰਤੀ ਲੋਕਾਂ ਦੀ ਅਜੋਕੀ ਦੁਰਦਸ਼ਾ ਲਈ ਜ਼ਿੰਮੇਵਾਰ ਹੈ। ਜਿਥੇ ਇਸ ਅੰਦੋਲਨ ’ਚ ਸਾਂਝੀਵਾਲਤਾ ਦੇ ਮੋਢੀ ਤੇ ਲੁੱਟ ਖਸੁੱਟ ਰਹਿਤ ਬਰਾਬਰੀ ਵਾਲੇ ਸਮਾਜ ਦੀ ਤਸਵੀਰ ਪੇਸ਼ ਕਰਨ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨਜ਼ਰ ਆਉਂਦੀ ਹੈ, ਉਥੇ ਨਾਲ ਹੀ ਇਸ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ’ਚ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦੀ ਮਿਕਨਾਤੀਸੀ ਸੂਝ ਵੀ ਝਲਕਾਂ ਮਾਰਦੀ ਹੈ। ਜਿਸ ਢੰਗ ਨਾਲ ਮੋਦੀ ਸਰਕਾਰ ਨੇ ਭਾਰਤੀ ਸੰਵਿਧਾਨ ਦੀਆਂ ਧਰਮ ਨਿਰਲੇਪਤਾ, ਸੰਘਾਤਮਕ ਬਣਤਰ ਤੇ ਲੋਕ ਰਾਜੀ ਕਦਰਾਂ ਕੀਮਤਾਂ ਦੀ ਖਿੱਲੀ ਉਡਾਈ ਹੈ, ਉਸ ਨੇ ਡਾ. ਬੀ.ਆਰ.ਅੰਬੇਡਕਰ ਦੀ ਅਗਵਾਈ ’ਚ ਬਣੇ ਸੰਵਿਧਾਨ ਦੀ ਪ੍ਰਸੰਗਕਤਾ ਨੂੰ ਸਮਝਣ ਵਾਲੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਭਾਵੇਂ ਇਸ ਦਿਸ਼ਾ ’ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਪ੍ਰੰਤੂ ਕਿਸਾਨ ਅੰਦੋਲਨ ’ਚ ਪੇਂਡੂ ਦਿਹਾਤੀ ਮਜ਼ਦੂਰਾਂ ਤੇ ਦਲਿਤਾਂ ਦੀ ਸਿੱਧੀ ਭਾਗੀਦਾਰੀ ਤੇ ਮਨਾਂ ਦੀ ਸਹਿਮਤੀ, ਭਵਿੱਖ ’ਚ ਭਗਤ ਸਿੰਘ ਤੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਅਨੁਆਈਆਂ ਨੂੰ, ਜੋ ਅਨੇਕਾਂ ਕਾਰਨਾਂ ਕਰਕੇ ਇਕ ਦੂਸਰੇ ਤੋਂ ਵੱਖ ਸੋਚਦੇ ਸਨ, ਹੁਣ ਇਕ ਜੁੱਟ ਹੋ ਕੇ ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵਾਲੇ ਸਮਾਜ ਦੀ ਸਥਾਪਨਾ ਦਾ ਧਰਵਾਸ ਜ਼ਰੂਰ ਦਿਵਾਉਂਦੀ ਹੈ। ਇਸ ਮਹਾਨ ਕਿਸਾਨ ਅੰਦੋਲਨ ਨੇ ਭਾਰਤ ਦੀ ਰਾਜਨੀਤੀ ’ਚ ਕਈ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਭਵਿੱਖ ’ਚ ਆਰਥਕ, ਰਾਜਨੀਤਕ, ਸਭਿਆਚਾਰਕ ਤੇ ਵਿਚਾਰਧਾਰਕ ਖੇਤਰਾਂ ’ਚ ਬਹੁਤ ਕੁਝ ਵਾਪਰਨ ਵਾਲਾ ਹੈ। ਸਿਰਫ ਜਨਤਕ ਘੋਲ ਹੀ ਕਾਰਗਰ ਹਥਿਆਰ ਹੈ, ਜਿਸ ਰਾਹੀਂ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਲਈ ਉਸਾਰੇ ਜਾ ਰਹੇ ਵਿਕਾਸ ਮਾਡਲ ਨੂੰ ਅਸਫਲ ਬਣਾਇਆ ਜਾ ਸਕਦਾ ਹੈ। ਦੇਖਣਾ ਇਹ ਹੋਵੇਗਾ ਕਿ ਇਸ ਅੰਦੋਲਨ ਤੋਂ ਹਾਸਲ ਹੋਈ ਆਰਥਿਕ ਲੁੱਟ ਖਸੁੱਟ ਦੇ ਸਰੋਤਾਂ ਦੀ ਜਾਣਕਾਰੀ ਤੇ ਇਸ ਵਿਰੁੱਧ ਵਿਸ਼ਾਲ ਜਨ ਅੰਦੋਲਨ ਖੜ੍ਹਾ ਕਰਨ ਲਈ ਭਾਰਤੀ, ਖਾਸਕਰ ਪੰਜਾਬ ਦੇ ਖਿੱਤੇ ਦੀਆਂ ਸਭਿਆਚਾਰਕ ਰਵਾਇਤਾਂ ਦੀ ਹੋਰ ਡੂੰਘਾਈ ਤੇ ਸੁਘੜਤਾ ਨਾਲ ਵਰਤੋਂ ਅਤੇ ਰਾਜਸੱਤਾ ’ਤੇ ਕਾਬਜ਼ ਧਿਰ ਦੀ ਵਿਦਾਇਗੀ ਰਾਹੀਂ ਕਿਰਤੀਆਂ ਦੀ ਤਾਜਪੋਸ਼ੀ ਕਰਨ ਲਈ ਅਸੀਂ ਸਭ ਮਿਲ ਜੁਲ ਕੇ ਕਿੰਨੀ ਜਲਦੀ ਹੰਭਲਾ ਮਾਰਦੇ ਹਾਂ?

Thanks to Jag Bani

Scroll To Top