Now Reading
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ 5 ਫਰਵਰੀ ਤੋਂ ਲਗਾਤਾਰ ਸੰਕੇਤਕ ਧਰਨਾ ਸ਼ੁਰੂ ਕਰਨ ਦਾ ਐਲਾਨ

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ 5 ਫਰਵਰੀ ਤੋਂ ਲਗਾਤਾਰ ਸੰਕੇਤਕ ਧਰਨਾ ਸ਼ੁਰੂ ਕਰਨ ਦਾ ਐਲਾਨ

ਫਿਲੌਰ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਇਕਾਈ ਵੱਲੋਂ 5 ਫਰਵਰੀ ਤੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਜਲੰਧਰ (ਐ. ਸਿੱ.) ਅੱਗੇ ਲਗਾਤਾਰ ਸੰਕੇਤਕ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੀ ਲਾਪਰਵਾਹੀ ਕਾਰਨ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਰੁਕੀਆਂ ਤਨਖ਼ਾਹਾਂ ਅਤੇ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ ਦਾ ਮਸਲਾ ਹੱਲ ਕਰਾਉਣ ਲਈ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ 22 ਜਨਵਰੀ ਨੂੰ ਸਿੱਖਿਆ ਦਫ਼ਤਰ ਜਲੰਧਰ ਦਾ ਘਿਰਾਓ ਕੀਤਾ ਸੀ, ਜਿਸ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੋ ਹਫ਼ਤੇ ਵਿਚ ਤਨਖ਼ਾਹਾਂ ਦੇਣ ਦਾ ਵਾਅਦਾ ਕੀਤਾ ਸੀ ਅਤੇ 23 ਜਨਵਰੀ ਨੂੰ ਹੈੱਡ ਟੀਚਰਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਕਰਨ ਲਈ ਅਧਿਆਪਕਾਂ ਦੀ ਕਚਹਿਰੀ ਵਿਚ ਮੰਨਿਆ ਸੀ।ਪਰ ਜਥੇਬੰਦੀ ਵੱਲੋਂ ਦੋ ਹਫ਼ਤੇ ਦਾ ਅਲਟੀਮੇਟਮ ਦੇਣ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਨਾ ਤਾਂ ਤਨਖ਼ਾਹਾਂ ਵਾਲਾ ਮਸਲਾ ਹੱਲ ਕੀਤਾ ਅਤੇ ਨਾ ਹੀ ਹੈੱਡ ਟੀਚਰਾਂ ਦੀ ਸੀਨਿਆਰਿਟੀ ਲਿਸਟ ਜਾਰੀ ਕੀਤੀ। ਇਸ ਲਈ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ 5 ਫਰਵਰੀ ਨੂੰ ਲਗਾਤਾਰ ਪੱਕਾ ਸੰਕੇਤਕ ਧਰਨਾ ਲਗਾਇਆ ਜਾਵੇ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਬ੍ਰਿਜ ਕੋਰਸ, ਮਿਡਲ ਸਕੂਲਾਂ ਵਿਚੋਂ ਪੋਸਟਾਂ ਦੀ ਸ਼ਿਫਟਿੰਗ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਮਸਲਾ ਵੀ ਧਰਨੇ ਵਿਚ ਉਭਾਰਿਆ ਜਾਵੇਗਾ।

Scroll To Top