ਫਿਲੌਰ : ਕੇਰਲਾ ਦੇ ਹੜ੍ਹ ਪੀੜਤਾਂ ਲਈ ਅੱਜ ਜੰਡਿਆਲਾ ਮੰਜਕੀ ਦੇ ਬਜ਼ਾਰਾਂ ’ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਅਗਵਾਈ ’ਚ ਫ਼ੰਡ ਇਕੱਠਾ ਕੀਤਾ ਗਿਆ। ਇਸ ਮੌਕੇ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਵੱਡੀ ਤਰਾਸਦੀ ਲਈ ਕੇਂਦਰ ਵੱਲੋਂ ਵੱਡੇ ਪੱਧਰ ’ਤੇ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਪੀੜਤ ਲੋਕਾਂ ਨੂੰ ਸਹਾਰਾ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਲ੍ਹਦਿਲੀ ਨਾਲ ਸਹਾਇਤਾ ਕਰਨ। ਫ਼ੰਡ ਇਕੱਠਾ ਕਰਨ ਵੇਲੇ ਦੁਕਾਨਦਾਰਾਂ ਵੱਲੋਂ ਦਿੱਤੇ ਹੁੰਗਾਰੇ ਕਾਰਨ 25610 ਰੁਪਏ ਇਕੱਠੇ ਕੀਤੇ ਗਏ। ਇਸ ਮੌਕੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਮੱਖਣ ਪੱਲਣ, ਸੁਖਦੇਵ ਦੱਤ ਬਾਂਕਾ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਰਣਧੀਰ ਸਿੰਘ ਆਦਿ ਫ਼ੰਡ ਇਕੱਠਾ ਕਰਨ ਵਾਲੀ ਟੀਮ ਦਾ ਹਿੱਸਾ ਬਣੇ।