Now Reading
ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਸਮਰਪਿਤ ਸੈਮੀਨਾਰ ਕਰਵਾਇਆ

ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਸਮਰਪਿਤ ਸੈਮੀਨਾਰ ਕਰਵਾਇਆ

ਬਠਿੰਡਾ : ਪੂੰਜੀਵਾਦ ਸੰਸਾਰ ਭਰ ਵਿਚ ਇਕ ਗੰਭੀਰ ਸੰਕਟ ‘ਚੋਂ ਗੁਜ਼ਰ ਰਿਹਾ ਹੈ ਤੇ ਇਸ ਸੰਕਟ ਨੇ ਮਾਰਕਸਵਾਦ ਦੀ ਪ੍ਰਸੰਗਿਕਤਾ ਇਕ ਵਾਰ ਫਿਰ ਜਾਹਰ ਕਰ ਦਿੱਤੀ ਹੈ। ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਕਿਰਤੀ ਲੋਕਾਂ ਦੇ ਮਸੀਹਾ ਮਹਾਨ ਚਿੰਤਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਅਤੇ ਉਨ੍ਹਾ ਦੀ ਮਹਾਨ ਕਿਰਤ ‘ਸਰਮਾਇਆ’ ਦੀ ਪ੍ਰਕਾਸ਼ਨਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਸੈਮੀਨਾਰ ‘ਚ ਆਪਣਾ ਕੂੰਜੀਵਤ ਭਾਸ਼ਨ ਦਿੰਦਿਆਂ ਕਹੀ। ਮਾਰਕਸਵਾਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਆਪਣਾ ਸਮੁੱਚਾ ਜੀਵਨ ਹਰ ਕਿਸਮ ਦੀ ਨਾਬਰਾਬਰੀ ਤੇ ਬੇਇਨਸਾਫੀ ਦਾ ਖ਼ਾਤਮਾ ਕਰਨ ਵੱਲ ਸੇਧਤ  ਲਹਿਰ ਦੇ ਲੇਖੇ ਲਾਉਣ ਵਾਲੇ ਸਾਥੀਆਂ ਦੀ ਯਾਦ ‘ਚ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਸਰਵਸਾਥੀ ਮਿੱਠੂ ਸਿੰਘ ਘੁੱਦਾ, ਛੱਜੂ ਰਾਮ ਰਿਸ਼ੀ, ਸੰਪੂਰਨ ਸਿੰਘ, ਪ੍ਰਕਾਸ਼ ਸਿੰਘ ਪਾਸ਼ਾ ‘ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਆਪਣੇ ਭਾਸ਼ਨ ਵਿਚ ਕਾਮਰੇਡ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਾਰਲ ਮਾਰਕਸ ਦਾ ਸਿਧਾਂਤ ਕੇਵਲ ਯੂਰਪ ਤੱਕ ਹੀ ਸੀਮਤ ਨਹੀਂ, ਇਹ ਸਾਰੀ ਦੁਨੀਆਂ ਵਿਚ ਲਾਗੂ ਹੁੰਦਾ ਹੈ। ਮਾਰਕਸ ਹੀ ਅਜਿਹਾ ਇਕੋ ਇਕ ਫਿਲਾਸਫਰ ਹੋਇਆ ਹੈ ਜਿਸ ਨੇ ਦੁਨੀਆਂ ਨੂੰ ਬਦਲਣ ਵਾਲਾ ਸਿਧਾਂਤ ਦਿੱਤਾ। ਉਨ੍ਹਾ ਕਿਹਾ ਕਿ ਮਾਰਕਸ ਨੇ ਇਹ ਕਿਹਾ ਸੀ ਕਿ ਪੂੰਜੀਵਾਦ ਆਪਣੇ ਜਨਮ ਵੇਲੇ ਤੋਂ ਹੀ ਸੰਕਟ ਆਪਣੇ ਨਾਲ ਲੈ ਕੇ ਜੰਮਦਾ ਹੈ, ਉਨ੍ਹਾ ਦੀ ਇਹ ਗੱਲ ਵਾਰ ਵਾਰ ਸਹੀ ਸਾਬਤ ਹੋ ਰਹੀ ਹੈ। ਇਹੀ ਕਾਰਨ ਹੈ ਕਿ ਭਾਰਤ ਦਾ ਪੂੰਜੀਵਾਦੀ ਪ੍ਰਬੰਧ ਵੀ ਇਸ ਸਮੇਂ ਬਾਕੀ ਦੁਨੀਆਂ ਵਾਂਗ ਸੰਕਟ ‘ਚੋਂ ਲੰਘ ਰਿਹਾ ਹੈ।
ਸਾਥੀ ਪਾਸਲਾ ਨੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਵਾਈ ਕਿ ਬਹੁਤ ਹੀ ਦੁਖਦਾਈ ਪਹਿਲੂ ਇਹ ਹੈ ਕਿ ਪੂੰਜੀਵਾਦ ਨੇ ਆਪਣਾ ਅਗਾਂਹਵਧੂ ਰੋਲ ਤਿਆਗ ਕੇ ਪਿਛਾਂਹ ਖਿੱਚੂ ਰੋਲ ਅਪਣਾ ਲਿਆ ਹੈ। ਜਿੱਥੇ ਇਕ ਪਾਸੇ ਪੂੰਜੀਵਾਦੀ ਵਿਕਾਸ ‘ਚ ਤੇਜ਼ੀ ਆਈ ਹੈ, ਜਿਸਦੀ ਮਿਸਾਲ ਸੂਚਨਾ ਤਕਨਾਲੋਜੀ ਹੈ, ਉਥੇ ਦੂਸਰੇ ਪਾਸੇ ਪੂੰਜੀਵਾਦ ਨੇ ਸੱਤਾ ‘ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਫਿਰਕੂ-ਫਾਸ਼ੀਵਾਦ ਦਾ ਰਾਹ ਚੁਣ ਲਿਆ ਹੈ ਜਿਸਦਾ ਪ੍ਰਗਟਾਵਾ ਪਿਛਲੇ ਦਿਨੀਂ 5 ਖੱਬੇਪੱਖੀ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਤੋਂ ਹਾਲ ਹੀ ਵਿਚ ਹੋਇਆ ਹੈ ਤੇ ਇਹ ਹਮਲਾ ਆਉਣ ਵਾਲੇ ਦਿਨਾਂ ਦੀ ਇਕ ਝਲਕ ਮਾਤਰ ਹੈ। ਇਹ ਪੂੰਜੀਵਾਦ ਦਾ ਪਿਛਾਖੜੀ ਚਿਹਰਾ ਹੀ ਹੈ ਕਿ ਭਾਰਤ ਵਿਚ ਮੋਦੀ ਦਾ ਚਿਹਰਾ ਲਾ ਕੇ ਸੱਤਾ ਵਿਚ ਆਈ ਆਰ.ਐਸ.ਐਸ. ਦੇ ਰਾਜ ਵਿਚ ਵਿਸ਼ਾਲ ਕਿਰਤੀ ਵਰਗ ‘ਤੇ ਹਮਲਿਆਂ ਦੇ ਨਾਲ ਨਾਲ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਹਮਲੇ ਦਿਨੋ ਦਿਨ ਵੱਧ ਰਹੇ ਹਨ। ਜਮਹੂਰੀ ਹੱਕਾਂ ਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਕੁਚਲਿਆ ਜਾ ਰਿਹਾ ਹੈ। ਜੇ ਇਹਨਾਂ ਹਮਲਿਆਂ ਦਾ ਟਾਕਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਬਹੁਤ ਹੀ ਭਿਆਨਕ ਹੋਣਗੇ। ਇਸ ਫਿਰਕੂ-ਫਾਸ਼ੀਵਾਦੀ ਹਮਲੇ ਦਾ ਟਾਕਰਾ ਕਰਨ ਲਈ ਖੱਬੀ ਤੇ ਜਮਹੂਰੀ ਲਹਿਰ ਸਿਰ ਅਹਿਮ ਜ਼ੁੰਮੇਵਾਰੀ ਹੈ ਤੇ ਇਸ ਜੁੰਮੇਵਾਰੀ ਨੂੰ ਸਾਰੀਆਂ ਖੱਬੀਆਂ ਧਿਰਾਂ ਨੂੰ ਆਪੋ-ਆਪਣੇ ਵਿਚਾਰਧਾਰਕ ਮਤਭੇਦਾਂ ਦੇ ਹੁੰਦਿਆਂ ਹੋਇਆਂ ਵੀ ਘੱਟੋ ਘੱਟ ਸਾਂਝੇ ਪ੍ਰੋਗਰਾਮ ‘ਤੇ ਅਧਾਰਤ ਇਕ ਸਾਂਝੇ ਮੰਚ ‘ਤੇ ਆਉਣਾ ਹੋਵੇਗਾ।
ਸੈਮੀਨਾਰ ਦੇ ਆਰੰਭ ਵਿਚ ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਨੇ ਵਿਛੜੇ ਆਗੂਆਂ ਦੇ ਕਮਿਊਨਿਸਟ ਲਹਿਰ ਲੇਖੇ ਲਾਏ ਸ਼ਾਨਾਮੱਤੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਮੰਚ ਸੰਚਾਲਨ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਵਲੋਂ ਨਿਭਾਈ ਗਈ। ਇਸ ਸੈਮੀਨਾਰ ‘ਚ ਸਮਾਜ ਦੇ ਸਾਰੇ ਵਰਗਾਂ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

Scroll To Top