Now Reading
ਕਮਿਊਨਿਸਟਾਂ ਵੱਲੋਂ ਨਸ਼ਿਆਂ ਖਿਲਾਫ਼ ਪ੍ਰਦਰਸ਼ਨ

ਕਮਿਊਨਿਸਟਾਂ ਵੱਲੋਂ ਨਸ਼ਿਆਂ ਖਿਲਾਫ਼ ਪ੍ਰਦਰਸ਼ਨ

ਗੁਰਦਾਸਪੁਰ : ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਮੰਗ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸੀਪੀਆਈ (ਐੱਮ,ਐੱਲ) ਲਿਬਰੇਸ਼ਨ ਵੱਲੋਂ ਆਗੂ ਜਸਵੰਤ ਸਿੰਘ ਬੁੱਟਰ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਦੀ ਸਾਂਝੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਨਸ਼ਿਆਂ ਦਾ ਕਾਰੋਬਾਰ ਵੱਡੇ ਪੱਧਰ ਉੱਤੇ ਚੱਲਦਾ ਰਿਹਾ ਹੈ। ਇਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਉੱਤੇ ਨਸ਼ਾ ਵਿਕ ਰਿਹਾ ਹੈ। ਇਸ ਕਾਰਨ ਪੰਜਾਬ ਅੰਦਰ ਰੋਜ਼ਾਨਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਆਰਐੱਮਪੀਆਈ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ, ਨਿਰਮਲ ਸਿੰਘ ਬੋਪਾਰਾਏ, ਸੀਪੀਆਈ ਦੇ ਗੁਲਜ਼ਾਰ ਸਿੰਘ ਭੁੰਬਲੀ ਅਤੇ ਬਲਬੀਰ ਸਿੰਘ ਰੰਧਾਵਾ ਨੇ ਨਸ਼ਾ ਤਸਕਰਾਂ ਅਤੇ ਪੁਸ਼ਤਪਨਾਹੀ ਕਰਨ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਵਿਰੁੱਧ ਹਾਈ ਕੋਰਟ ਦੀ ਅਗਵਾਈ ਹੇਠ ਸੀਬੀਆਈ ਪੜਤਾਲ ਕਰਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੱਟੋਪਾਧਿਆ ਅਤੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਇਮ ਹੋਏ ਵਿਸ਼ੇਸ਼ ਕਾਰਵਾਈ ਦਲ (ਐੱਸਟੀਐੱਫ) ਦੀਆਂ ਰਿਪੋਰਟਾਂ ਜਨਤਕ ਕਰਨ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਸਬੰਧਤ ਥਾਣੇ ਦੇ ਐੱਸਐੱਚਓ ਦੀ ਜ਼ਿਮੇਵਾਰੀ ਫਿਕਸ ਕਰਦਿਆਂ ਉਸ ਨੂੰ ਦੋਸ਼ੀ ਮੰਨਿਆ ਜਾਵੇ, ਨਸ਼ੇ ਦੇ ਇਲਾਜ ਲਈ ਸਬ-ਡਿਵੀਜ਼ਨ ਪੱਧਰ ਉੱਤੇ ਹਰੇਕ ਸਾਧਨ ਮੁਹੱਈਆ ਕਰਾਉਣ, ਨਸ਼ਾ ਸਪਲਾਈ ਨੂੰ ਸਖ਼ਤੀ ਨਾਲ ਰੋਕਣ ਅਤੇ ਨਸ਼ੇ ਦੇ ਆਦੀ ਬਣ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਿੱਖਿਆ ਤੇ ਸਥਾਈ ਰੁਜ਼ਗਾਰ ਦੀ ਵਿਵਸਥਾ ਕੀਤੇ ਜਾਣ ਅਤੇ ਬੇਰੁਜ਼ਗਾਰੀ ਉੱਤੇ ਠੱਲ੍ਹ ਪਾ ਕੇ ਠੋਸ ਹੱਲ ਦੀ ਮੰਗ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ, ਅਸ਼ਵਨੀ ਕੁਮਾਰ, ਦਰਸ਼ਨ ਸਿੰਘ, ਮਨਜੀਤ ਰਾਜ, ਸ਼ਿੰਦਰਪਾਲ, ਬਲਜੀਤ ਸਿੰਘ ਬਾਜਵਾ, ਮੰਗਤ ਚੰਚਲ, ਗੁਰਦੇਵ ਸਿੰਘ ਭੁੱਲਰ, ਅਜੈਬ ਸਿੰਘ ਨੇ ਸੰਬੋਧਨ ਕੀਤਾ।

Scroll To Top