ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਕੇਰਲ ‘ਚ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਭਿਆਨਕ ਕੁਦਰਤੀ ਆਫ਼ਤ ਕਰਾਰ ਦਿੰਦਿਆਂ ਲੋਕਾਂ ਨੂੰ ਇਸ ਤ੍ਰਾਸਦੀ ਮੌਕੇ ਪੀੜਤ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ”ਕੇਰਲ ਰਾਹਤ ਫੰਡ” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਸਮੁੱਚੇ ਕੇਰਲ ਵਿਚ ਭਿਆਨਕ ਤਬਾਹੀ ਮਚਾਈ ਹੈ। ਸੈਂਕੜੇ ਲੋਕ ਮਾਰੇ ਗਏ ਹਨ ਤੇ ਲੱਖਾਂ ਬੇਘਰ ਹੋ ਗਏ ਹਨ। ਉਨ੍ਹਾਂ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਕੇਂਦਰ ਦੀ ਮੋਦੀ ਸਰਕਾਰ ਇੰਨੀ ਭਿਅੰਕਰ ਤਬਾਹੀ ਮੌਕੇ ਇਸ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦੇ ਮੁਕਾਬਲੇ ਬਹੁਤ ਨਗੂਣੀ ਜਿਹੀ ਸਹਾਇਤਾ ਹੀ ਦੇ ਰਹੀ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਹ ਨਾਅ-ਮਾਤਰ ਸਹਾਇਤਾ ਦੇ ਕੇ ਮੋਦੀ ਸਰਕਾਰ ਜਿੱਥੇ ਕੇਰਲ ਦੇ ਜਖ਼ਮਾਂ ‘ਤੇ ਨਮਕ ਛਿੜਕ ਰਹੀ ਹੈ, ਉਥੇ ਆਪਣੀ ਗੈਰ ਸੰਵੇਦਨਸ਼ੀਲਤਾ ਦਾ ਵੀ ਪ੍ਰਗਟਾਵਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਰਲ ‘ਚ ਵਾਪਰੇ ਦੁਖਾਂਤ ਨੂੰ ‘ਕੌਮੀ ਆਫ਼ਤ’ ਐਲਾਨਿਆ ਜਾਵੇ ਅਤੇ ਸੂਬੇ ਦੇ ਲੋਕਾਂ ਦੀਆਂ ਫੌਰੀ ਤੇ ਭਵਿੱਖੀ ਲੋੜਾਂ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਮੱਦੇਨਜ਼ਰ ਖੁੱਲ੍ਹੇ ਦਿਲ ਨਾਲ ਕੇਰਲ ਦੀ ਮਦਦ ਕੀਤੀ ਜਾਵੇ। ਇਸ ਦੁੱਖ ਦੀ ਘੜੀ ਕੇਰਲ ਦੇ ਲੋਕਾਂ ਦੀ ਬਾਂਹ ਫੜਨਾ ਸਮੇਂ ਦੀ ਮੰਗ ਹੈ। ਦੋਹਾਂ ਆਗੂਆਂ ਨੇ ਇਸ ਮੌਕੇ ਪਾਰਟੀ ਦੀ ਤਰਫ਼ੋਂ ”ਕੇਰਲ ਰਾਹਤ ਫੰਡ” ਸ਼ੁਰੂ ਕਰਨ ਦਾ ਐਲਾਨ ਕਰਦਿਆਂ ਪਾਰਟੀ ਸਫ਼ਾਂ, ਅਵਾਮੀ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਨਾਲ ਜਨ ਸਧਾਰਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਫੰਡ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ। ਸਾਥੀ ਪਾਸਲਾ ਤੇ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਕੇਰਲ ਰਾਹਤ ਫੰਡ ਲਈ ਪੈਸੇ, ਪੰਜਾਬ ਨੈਸ਼ਨਲ ਬੈਂਕ, ਸ਼ਾਖਾ ਐਸ.ਜੀ.ਐਲ. ਚੈਰੀਟੇਬਲ ਹਸਪਤਾਲ, ਗੜ੍ਹਾ ਰੋਡ, ਜਲੰਧਰ-144020 ਦੇ ਖਾਤਾ ਨੰਬਰ 4705000100037391, ਜਿਸ ਦਾ ਆਈ.ਐਫ.ਸੀ. ਕੋਡ PUNB470500 ਹੈ, ਵਿਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਯਕੀਨ ਦੁਆਇਆ ਕਿ ਕੇਰਲ ਰਾਹਤ ਫੰਡ ਦਾ ਇਕ-ਇਕ ਪੈਸਾ ਪਾਰਟੀ ਵਲੋਂ ਰਾਹਤ ਕੈਂਪਾਂ ਅੰਦਰ ਪੀੜਤਾਂ ਨੂੰ ਸਿੱਧੇ ਤੌਰ ‘ਤੇ ਦਿੱਤਾ ਜਾਵੇਗਾ।