30 ਜਨਵਰੀ ਤੋਂ 6 ਫਰਵਰੀ ਤੱਕ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਕਰਨ ਦਾ ਐਲਾਨ
ਜਲੰਧਰ, 10 ਦਸੰਬਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਕੇਂਦਰੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਦੇ ਸਮਾਪਨ ‘ਤੇ ਅੱਜ ਇੱਥੇ ਹੋਈ ਵਿਸ਼ਾਲ ‘ਅਧਿਕਾਰ ਰੈਲੀ’ ਵਿਚ ਜੁੜੇ ਪੰਜਾਹ ਹਜ਼ਾਰ ਲੋਕਾਂ ਨੇ ਫਿਰਕੂ-ਫਾਸ਼ੀਵਾਦੀ ਭਗਵੇਂ ਹਮਲੇ ਅਤੇ ਨਵ-ਉਦਾਰਵਾਦੀ ਨੀਤੀਆਂ ਦੇ ਦਮਨਕਾਰੀ ਚੱਕਰ ਨੂੰ ਠੱਲ੍ਹ ਪਾਉਣ ਦਾ ਅਹਿਦ ਕੀਤਾ ਹੈ। ਸਥਾਨਕ ਬਰਲਟਨ ਪਾਰਕ ਵਿਚ ਪ੍ਰਾਂਤ ਦੇ ਵੱਖ ਵੱਖ ਕੋਨਿਆਂ ਤੋਂ ਕਾਫ਼ਲਿਆਂ ਦੇ ਰੂਪ ਵਿਚ ਆਏ ਲੋਕਾਂ ਦੇ ਜੁੜੇ ਇਸ ਲਾਮਿਸਾਲ ਇਕੱਠ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਤੇ ਉਹ ਹੁਣ ਤਿੱਖੀ ਲੋਕ ਪੱਖੀ ਤਬਦੀਲੀ ਚਾਹੁੰਦੇ ਹਨ। ਸਰਬਸਾਥੀ ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ, ਨੀਲਮ ਘੁਮਾਣ, ਦਰਸ਼ਨ ਨਾਹਰ ਅਤੇ ਨੱਥਾ ਸਿੰਘ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਹੋਈ ਇਸ ਵਿਸ਼ਾਲ ‘ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਨੂੰ ਅੱਗੇ ਲਾ ਕੇ ਸੱਤਾ ‘ਤੇ ਕਾਬਜ਼ ਹੋਏ ਆਰ.ਐਸ.ਐਸ. ਨੇ ਦੇਸ਼ ਦੇ ਪੂਰੇ ਢਾਂਚੇ ਨੂੰ ਆਪਣੀ ਪਕੜ ‘ਚ ਲੈ ਲਿਆ ਹੈ। ਨਿਆਂਪਾਲਿਕਾ, ਕਾਰਜਪਾਲਿਕਾ, ਰਿਜ਼ਰਵ ਬੈਂਕ ਤੇ ਚੋਣ ਕਮਿਸ਼ਨ ਵਰਗੇ ਅਹਿਮ ਅਦਾਰੇ ਵੀ ਉਸ ਦੀ ਪਕੜ ਹੇਠ ਹਨ। ਕੋਈ ਵੀ ਅਜਿਹੀ ਸੰਵਿਧਾਨਕ ਸੰਸਥਾ ਨਹੀਂ ਬਚੀ, ਜਿਸ ਦਾ ਘਾਣ ਮੋਦੀ ਸਰਕਾਰ ਨੇ ਨਾ ਕੀਤਾ ਹੋਵੇ। ਉਨ੍ਹਾ ਕਿਹਾ ਕਿ ਬਰਤਾਨਵੀ ਸਾਮਰਾਜ ਖਿਲਾਫ ਆਜ਼ਾਦੀ ਦੀ ਲੜਾਈ ਲੜਦਿਆਂ ਆਜ਼ਾਦੀ ਸੰਗਰਾਮੀਆਂ ਨੇ ਧਰਮ ਨਿਰਪੱਖਤਾ ਤੇ ਬਰਾਬਰੀ ‘ਤੇ ਅਧਾਰਤ ਇੱਕ ਸਿਹਤਮੰਦ ਲੋਕ ਰਾਜ ਦੇ ਸੁਪਨੇ ਦੇਖੇ ਸਨ ਪਰ ਅੱਜ ਮੋਦੀ ਸਰਕਾਰ ਸਾਮਰਾਜੀ ਦੇਸ਼ਾਂ ਨਾਲ ਯੁੱਧਨੀਤਕ ਸਾਂਝਾਂ ਪਾ ਕੇ ਦੇਸ਼ ਦੇ ਪੂਰੇ ਅਰਥਚਾਰੇ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਹਵਾਲੇ ਕਰ ਰਹੀ ਹੈ। ਉਨ੍ਹਾ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸੰਘੀ ਲਾਣਾ ਆਪਣਾ ਫਿਰਕੂ-ਫਾਸ਼ੀਵਾਦੀ ਏਜੰਡਾ ਨੰਗੇ ਚਿੱਟੇ ਢੰਗ ਨਾਲ ਲਾਗੂ ਕਰ ਰਿਹਾ ਹੈ। ਉਹ ਲੋਕ ਰਾਜ ਤੇ ਧਰਮ ਨਿਰਪੱਖਤਾ ਦਾ ਗਲਾ ਘੁੱਟ ਕੇ ਇਕ ਧਰਮ ਅਧਾਰਤ ਰਾਜ ਕਾਇਮ ਕਰਨ ਵੱਲ ਅੱਗੇ ਵਧ ਰਹੇ ਹਨ। ਬੁਨਿਆਦੀ ਤੇ ਜਮਹੂਰੀ ਅਧਿਕਾਰਾਂ ਦੀ ਗੱਲ ਕਰਨਾ ਹੁਣ ਗੁਨਾਹ ਹੋ ਗਿਆ ਹੈ। ਅਜਿਹੀ ਗੱਲ ਕਰਨ ਵਾਲੇ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਕਈ ਅਜਿਹੇ ਲੋਕਪੱਖੀ ਬੁੱਧੀਜੀਵੀ ਤੇ ਜਮਹੂਰੀ ਕਾਰਕੁੰਨ ਝੂਠੇ ਕੇਸ ਪਾ ਕੇ ਜੇਲ੍ਹਾਂ ‘ਚ ਡੱਕ ਦਿੱਤੇ ਗਏ ਹਨ। ਇਸ ਵਿਸ਼ਾਲ ਰੈਲੀ ਨੂੰ ਪਾਰਟੀ ਦੇ ਚੇਅਰਮੈਨ ਸਾਥੀ ਕੇ.ਗੰਗਾਧਰਨ (ਤਾਮਿਲਨਾਡੂ), ਵਿੱਤ ਸਕੱਤਰ ਰਾਜਿੰਦਰ ਪਰਾਂਜਪੇ (ਮਹਾਰਾਸ਼ਟਰ), ਕੇਂਦਰੀ ਕਮੇਟੀ ਮੈਂਬਰਜ਼ ਸਰਵਸਾਥੀ ਟੀ. ਕੁਮਾਰਨਕੁੱਟੀ (ਕੇਰਲਾ), ਕੁਲਵੰਤ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਦਾਊਦ ਨੇ ਵੀ ਸੰਬੋਧਨ ਕੀਤਾ। ਤੇਲੰਗਾਨਾ ਤੋਂ ਆਏ ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਕਾਮਰੇਡ ਮੁਹੰਮਦ ਗੌਂਸ ਵਲੋਂ ਰੈਲੀ ਨੂੰ ਭਰਾਤਰੀ ਸੰਦੇਸ਼ ਦਿੱਤਾ ਗਿਆ। ਕਮਿਊਨਿਸਟ ਆਗੂਆਂ ਨੇ ਮੋਦੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਕਾਰਨ ਨਿਰੰਤਰ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਕਾਰਨ ਸਿਹਤ ਤੇ ਸਿੱਖਿਆ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਗਰੀਬ ਲੋਕ ਕੁਪੋਸ਼ਣ ਤੇ ਭੁੱਖਮਰੀ ਨਾਲ ਮਰ ਰਹੇ ਹਨ। ਇਨ੍ਹਾਂ ਅਸਲ ਮੁੱਦਿਆਂ ਨੂੰ ਘੱਟੇ ਮਿੱਟੀ ਰੋਲਣ ਲਈ ਲੋਕਾਂ ਨੂੰ ਰਾਮ ਮੰਦਰ ਤੇ ਗਊ ਹੱਤਿਆ ਵਰਗੇ ਮੁੱਦਿਆਂ ‘ਚ ਉਲਝਾਇਆ ਜਾ ਰਿਹਾ ਹੈ ਤਾਂ ਕਿ ਭਾਜਪਾ ਤੇ ਭ੍ਰਿਸ਼ਟ ਸਹਿਯੋਗੀਆਂ ਵਲੋਂ ਸੱਤਾ ਮੁੜ ਤੋਂ ਹਾਸਲ ਕੀਤੀ ਜਾ ਸਕੇ। ਬੁਲਾਰਿਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਦੇਸ਼ ਦੀ ਏਕਤਾ ਦੀ ਸਲਾਮਤੀ ਲਈ ਅਤੇ ਪੈਦਾ ਹੋਏ ਆਰਥਿਕ ਸੰਕਟ ਤੋਂ ਮੁਕਤੀ ਲਈ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਸਮੇਂ ਦੀ ਲੋੜ ਹੈ ਕਿ ਫਿਰਕੂ-ਫਾਸ਼ੀਵਾਦੀ ਤੇ ਨਵਉਦਾਰਵਾਦੀ ਨੀਤੀਆਂ ਦੇ ਟਾਕਰੇ ਲਈ ਖੱਬੀਆਂ ਤੇ ਜਮਹੂਰੀ ਤਾਕਤਾਂ ਇਕਮੁੱਠ ਹੋ ਕੇ ਜਨਤਕ ਲਾਮਬੰਦੀ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਸਾਰੀਆਂ ਖੱਬੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਇਕ ਮੰਚ ‘ਤੇ ਇਕੱਠੀਆਂ ਹੋਣ। ਰੈਲੀ ਦੇ ਸ਼ੁਰੂ ਵਿਚ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਅਧਿਕਾਰ ਰੈਲੀ ਦੇ ਮਨੋਰਥ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਦਮ ਕਦਮ ‘ਤੇ ਲੁੱਟਿਆ ਜਾ ਰਿਹਾ ਹੈ। ਕਿਰਤੀ ਲੁੱਟੇ ਜਾ ਰਹੇ ਹਨ, ਮੰਡੀ ‘ਚ ਕਿਸਾਨ ਲੁੱਟਿਆ ਜਾ ਰਿਹਾ ਹੈ, ਅਕਹਿ ਤੇ ਅਸਹਿ ਟੈਕਸਾਂ ਰਾਹੀਂ ਸਰਕਾਰ ਲੋਕਾਂ ਨੂੰ ਲੁੱਟ ਰਹੀ ਹੈ। ਇਸ ਲੁੱਟ ਵਿਰੁੱਧ, ਆਪਣੇ ਗੁਜ਼ਾਰੇਯੋਗ ਸਥਾਈ ਰੁਜ਼ਗਾਰ ਦੇ ਅਧਿਕਾਰ, ਹਰ ਇਕ ਲਈ ਸਿਹਤ ਤੇ ਬਰਾਬਰ ਸਿੱਖਿਆ ਦੇ ਅਧਿਕਾਰ, ਖੇਤੀ ਉਪਜ ਦੇ ਵਾਜਬ ਮੁੱਲ ਲਈ ਕਿਸਾਨੀ ਦੇ ਅਧਿਕਾਰ ਵਾਸਤੇ ਵਿਸ਼ਾਲ ਸੰਗਰਾਮ ਸਮੇਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਪੂੰਜੀਵਾਦੀ ਸਿਸਟਮ ਨੂੰ ਬਦਲੇ ਬਿਨਾਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਸੰਭਵ ਨਹੀਂ। ਉਨ੍ਹਾਂ ਲੋਕਾਂ ਨੂੰ ਜਮਾਤ, ਜਾਤ ਤੇ ਲਿੰਗਕ ਵਿਤਕਰੇ ਤੋਂ ਰਹਿਤ, ਬਰਾਬਰੀ ‘ਤੇ ਆਧਾਰਤ ਸਮਾਜ ਦੀ ਸਿਰਜਣਾ ਲਈ ਹੰਭਲਾ ਮਾਰਨ ਵਾਸਤੇ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੋਕਾ ਵੀ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਰਾਜ ਖਤਮ ਕਰਕੇ ਖੁਸ਼ੀ ਮਨਾਈ ਸੀ। ਉਹਨਾਂ ਨੂੰ ਆਸ ਸੀ ਕਿ ਹੁਣ ਉਹ ਮਾਫੀਆ ਰਾਜ ਤੋਂ ਮੁਕਤ ਹੋ ਜਾਣਗੇ ਪਰ ਉਨ੍ਹਾਂ ਦੀ ਇਹ ਖੁਸ਼ੀ ਚਾਰ ਦਿਨ ਵੀ ਨਹੀਂ ਕੱਢ ਸਕੀ। ਫਰਕ ਸਿਰਫ ਇਹ ਪਿਆ ਹੈ ਕਿ ਰੇਤ-ਬੱਜਰੀ-ਨਸ਼ਾ-ਜ਼ਮੀਨ ਮਾਫੀਆ ਨੇ ਆਪਣਾ ਰੰਗ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਮੁੜ ਸਿਰ ਚੁੱਕ ਰਹੀਆਂ ਹਨ ਪਰ ਕੈਪਟਨ ਸਰਕਾਰ ਅਜਿਹੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ ਜਿਹੜੇ ਲੋਕ ਏਕਤਾ ਨੂੰ ਤੋੜਨਾ ਚਾਹੁੰਦੇ ਹਨ। ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਮੁੜ ਤੋਂ ਮਨੂੰਵਾਦ ਲਾਗੂ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਦਲਿਤਾਂ ਉਪਰ ਸਮਾਜਿਕ ਜਬਰ ਦਿਨੋ ਦਿਨ ਵੱਧ ਰਿਹਾ ਹੈ ਅਤੇ ਉਨ੍ਹਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਔਰਤਾਂ ਨਾਲ ਵਿਤਕਰਾ ਮੋਦੀ ਰਾਜ ਦੌਰਾਨ ਹੋਰ ਤਿੱਖਾ ਹੋਇਆ ਹੈ ਅਤੇ ਬਲਾਤਕਾਰ ਦੀਆਂ ਘਟਨਾਵਾਂ ਹੁਣ ਇਕ ਆਮ ਗੱਲ ਹੋ ਗਈਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਮਾਜ ਨੂੰ ਜਾਤੀਵਾਦੀ ਲੀਹਾਂ ‘ਤੇ ਵੰਡਣ ਦੀਆਂ ਚਾਲਾਂ ਨੂੰ ਅਸਫਲ ਬਣਾਉਂਦਿਆਂ ਜਮਾਤ ਰਹਿਤ, ਜਾਤ ਰਹਿਤ ਤੇ ਲਿੰਗਕ ਵਿਤਕਰੇ ਤੋਂ ਰਹਿਤ ਬਰਾਬਰੀ ‘ਤੇ ਆਧਾਰਤ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਅੱਗੇ ਵਧਣ। ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਗਏ ਫ਼ੈਸਲਿਆਂ ਦਾ ਰੈਲੀ ਵਿੱਚ ਐਲਾਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਵੱਲੋਂ 30 ਜਨਵਰੀ ਤੋਂ 6 ਫਰਵਰੀ ਤੱਕ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਦੇਸ਼ ਅੰਦਰ ਜ਼ਿਲ੍ਹਾ ਪੱਧਰ ‘ਤੇ ਜਨਤਕ ਲਾਮਬੰਦੀ ਰਾਹੀਂ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀ ਰਾਖੀ ਲਈ ਸੂਬਾਈ ਪੱਧਰ ਦੇ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਇਹ ਫ਼ੈਸਲਾ ਵੀ ਕੀਤਾ ਗਿਆ ਕਿ ਮਾਰਚ ਦੇ ਪਹਿਲੇ ਅੱਧ ਵਿੱਚ ‘ਦਲਿਤਾਂ ‘ਤੇ ਵੱਧ ਰਹੇ ਅਤਿਆਚਾਰ’ ਦੇ ਵਿਸ਼ੇ ‘ਤੇ ਦਿੱਲੀ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਰੈਲੀ ਦੌਰਾਨ ਪਾਰਟੀ ਦੇ ਚੇਅਰਮੈਨ ਸਾਥੀ ਕੇ.ਗੰਗਾਧਰਨ ਨੇ ‘ਸੰਗਰਾਮੀ ਲਹਿਰ’ ਦਾ ਹਿੰਦੀ ਅੰਕ ਵੀ ਰਲੀਜ਼ ਕੀਤਾ ਅਤੇ ਆਸ ਪ੍ਰਗਟਾਈ ਕਿ ਇਸ ਪਰਚੇ ਰਾਹੀਂ ਪਾਰਟੀ ਆਪਣੀ ਸਮਝਦਾਰੀ ਲੋਕਾਂ ਦੇ ਵਡੇਰੇ ਹਿੱਸੇ ਤੱਕ ਪਹੁੰਚਾਉਣ ‘ਚ ਕਾਮਯਾਬ ਰਹੇਗੀ।