ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਐੱਸ.ਡੀ.ਐੱਮ. ਦਫ਼ਤਰ ਅੰਦਰ ਰੋਜ਼ਮਰਾ ਦੇ ਕੰਮਾਂ ਲਈ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਵਿਰੁੱਧ ਅਤੇ ਦਫ਼ਤਰ ਅੰਦਰ ਫੈਲੇ ਭਿ੍ਸ਼ਟਾਚਾਰ ਵਿਰੁੱਧ ਐੱਸ.ਡੀ.ਐੱਮ. ਦਫ਼ਤਰ ਖਡੂਰ ਸਾਹਿਬ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ|ਅੱਜ ਦੇ ਧਰਨੇ ਦੀ ਅਗਵਾਹੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਮਨਜੀਤ ਸਿੰਘ ਬੱਗੂਕੋਟ, ਨੰਬਰਦਾਰ ਅਜੀਤ ਸਿੰਘ ਢੋਟਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ| ਆਰ.ਐੱਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪ੍ਰਗਟ ਸਿੰਘ ਜਾਮਾਰਾਏ, ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਮੱਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਗੁਰੂਆਂ ਦੀ ਪਵਿੱਤਰ ਧਰਤੀ ਖਡੂਰ ਸਾਹਿਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਿਥੇ ਐੱਸ.ਡੀ.ਐੱਮ. ਦਫ਼ਤਰ ਵਿਖੇ ਕੁਰਸੀ ਲਗਾਤਾਰ ਖ਼ਾਲੀ ਰਹਿੰਦੀ ਹੈ, ਹਰ ਮਹੀਨੇ ਇਥੋਂ ਐੱਸ.ਡੀ.ਐੱਮ. ਬਦਲ ਜਾਂਦਾ ਹੈ| ਲੋਕ ਇਥੇ ਰੋਜਾਨਾ ਖੱਜਲ ਖੁਆਰ ਹੁੰਦੇ ਹਨ| ਤਹਿਸੀਲ ਦਫ਼ਤਰ ਭਿ੍ਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ| ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਵੀ ਮਹੀਨਿਆਂਬੱਧੀ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਰਿਸ਼ਵਤ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਹੈ| ਇਸ ਮੌਕੇ ਉਨ੍ਹਾਂ ਕਿਹਾ ਕਿ ਰਿਸ਼ਵਤ ਦੇ ਕਈ ਮਾਮਲੇ ਪ੍ਰਸ਼ਾਸਨ ਦੇ ਸਾਹਮਣੇ ਰੱਖੇ ਜਾ ਸਕਦੇ ਹਨ| ਇਸ ਮੌਕੇ ਦਾਰਾ ਸਿੰਘ ਮੁੰਡਾਪਿੰਡ, ਡਾ: ਅਜੈਬ ਸਿੰਘ ਜਹਾਂਗੀਰ, ਪ੍ਰੇਮ ਸਿੰਘ ਸਰਾਂ ਤਲਵੰਡੀ, ਬਲਵਿੰਦਰ ਸਿੰਘ, ਰੇਸ਼ਮ ਸਿੰਘ ਫੈਲੋਕੇ, ਡਾ: ਪ੍ਰਮਜੀਤ ਸਿੰਘ ਕੋਟ, ਜਸਵੰਤ ਸਿੰਘ, ਝਿਲਮਿਲ ਸਿੰਘ ਬਾਣੀਆ, ਸਰਬਜੀਤ ਸਿੰਘ ਕੋਟ, ਸੁਰਜੀਤ ਸਿੰਘ ਵੈਰੋਵਾਲ, ਕਰਮ ਸਿੰਘ ਤਖਤੂਚੱਕ, ਅਜੈਬ ਸਿੰਘ ਬੋਦੇਵਾਲ, ਪਲਵਿੰਦਰ ਸਿੰਘ ਜਹਾਂਗੀਰ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਬਾਬਾ ਦਿਆਲ ਸਿੰਘ ਦੀਨੇਵਾਲ, ਅਨੋਖ ਸਿੰਘ ਕਾਹਲਵਾਂ ਆਦਿ ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ, ਬੂਟਾ ਸਿੰਘ ਕੋਟ ਆਦਿ ਹਾਜ਼ਰ ਸਨ|