ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ, ਰੇਲ ਕਰਮਚਾਰੀਆਂ ਦੇ ਇਤਿਹਾਸਕ ਘੋਲਾਂ ਵਿੱਚ ਬੇਸ਼ੁਮਾਰ ਕੁਰਬਾਨੀਆਂ ਕਰਦਿਆਂ, ਸ਼ਾਨਦਾਰ ਅਗਵਾਈ ਦੇਣ ਵਾਲੇ ਨਾਮਵਰ ਟਰੇਡ ਯੂਨੀਅਨ ਆਗੂ ਸਾਥੀ ਹਰਚਰਨ ਸਿੰਘ ਕਪੂਰਥਲਾ ਦੀ ਧਰਮ ਪਤਨੀ ਮਾਤਾ ਬਲਵੀਰ ਕੌਰ ਦੇ ਸਦੀਵੀਂ ਵਿਛੋੜਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਥੀ ਹਰਚਰਨ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਸੰਵੇਦਨਾਵਾਂ ਸਾਂਝੀਆਂ ਕੀਤੀਆਂ।
ਕਾਮਰੇਡ ਹਰਚਰਨ ਸਿੰਘ ਜੀ ਦਾ ਸਮੁੱਚਾ ਪਰਿਵਾਰ, ਮਰਹੂਮ ਮਾਤਾ ਜੀ ਦੇ ਆਪਣੇ ਪਤੀ ਦੇ ਕਾਜ ਪ੍ਰਤੀ ਸਮਰਪਣ ਅਤੇ ਪ੍ਰੇਰਣਾ ਸਦਕਾ ਖੱਬੀ ‘ਤੇ ਅਗਾਂਹਵਧੂ ਲਹਿਰ ਨਾਲ ਜੁੜਿਆ ਹੋਇਆ ਹੈ। ਕਾਮਰੇਡ ਹਰਚਰਨ ਸਿੰਘ ਜੀ ਨੇ ਰੇਲ ਕਾਮਿਆਂ ਦੇ ਸ਼ਾਨਾਮੱਤੇ ਅਤੇ ਸਿਰੜੀ ਘੋਲਾਂ ਦੀ ਅਗਵਾਈ ਕਰਦਿਆਂ ਸਾਲਾਂਬੱਧੀ ਡਿਸਮਿਸ ਰਹਿਣ ਤੋਂ ਇਲਾਵਾ ਬੇਸ਼ੁਮਾਰ ਦੁਸ਼ਵਾਰੀਆਂ ਝੱਲੀਆਂ। ਇਨ੍ਹਾਂ ਮੁਸੀਬਤਾਂ ਦਾ ਸਿਦਕਦਿਲੀ ਨਾਲ ਟਾਕਰਾ ਕਰਦਿਆਂ ਮਾਤਾ ਜੀ ਅਡੋਲ ਆਪਣੇ ਪਤੀ ਦੇ ਨਾਲ ਖੜ੍ਹਦੇ ਰਹੇ। ਰੇਲ ਕਾਮਿਆਂ ਦੇ ਸੰਘਰਸ਼ਾਂ ਅਤੇ ਦੱਬੇ ਕੁਚਲੇ ਮਿਹਨਤਕਸ਼ ਆਵਾਮ ਦੀ ਬੰਦਖਲਾਸੀ ਦੇ ਮਾਨਵਤਾਵਾਦੀ ਸੰਗਰਾਮਾਂ ਵਿੱਚ ਕਾਮਰੇਡ ਹਰਚਰਨ ਸਿੰਘ ਜੀ ਦੀ ਸੁਯੋਗ ਅਗਵਾਈ ਮਾਤਾ ਜੀ ਦੇ ਸਮਰਪਣ ਅਤੇ ਸਹਿਯੋਗ ਤੋਂ ਬਿਨਾਂ ਸ਼ਾਇਦ ਸੰਭਵ ਹੀ ਨਾ ਹੁੰਦੀ।
ਸਾਥੀ ਪਾਸਲਾ ਅਤੇ ਹਰਕੰਵਲ ਸਿੰਘ ਨੇ ਪਾਰਟੀ ਦੀ ਕੇਂਦਰੀ ਕਮੇਟੀ ਤੇ ਪੰਜਾਬ ਰਾਜ ਕਮੇਟੀ ਵਲੋਂ ਮਾਤਾ ਜੀ ਨੂੰ ਸੰਗਰਾਮੀ ਸ਼ਰਧਾਂਜਲੀਆਂ ਭੇਂਟ ਕੀਤੀਆਂ।