ਨਵੀਂ ਦਿੱਲੀ : ਦੇਸ਼ ਦੀਆਂ ਦੋ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਇਟਿਡ) (ਐਮ.ਸੀ.ਪੀ.ਆਈ.(ਯੂ)) ਦੇ ਕੇਂਦਰੀ ਆਗੂਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਮੌਜੂਦਾ ਚਿੰਤਾਜਨਕ ਰਾਜਸੀ ਅਵਸਥਾ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਇਆ। ਮੋਦੀ ਸਰਕਾਰ ਦੇ ਨਵਉਦਾਰਵਾਦੀ ਨੀਤੀ ਚੌਖਟੇ ‘ਤੇ ਅਮਲ ਦੇ ਸਿੱਟੇ ਵਜੋਂ ਆਮ ਲੋਕਾਂ ਦੀਆਂ ਦਿਨੋ-ਦਿਨ ਦੁਭਰ ਹੋ ਰਹੀਆਂ ਜੀਵਨ ਹਾਲਤਾਂ ਅਤੇ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਹੋਰ ਮਿਹਨਤੀ ਤਬਕਿਆਂ ‘ਤੇ ਕੀਤੇ ਜਾ ਰਹੇ ਫਿਰਕੂ-ਫਾਸ਼ੀਵਾਦੀ ਹਮਲਿਆਂ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਲੋਂ ਫੈਸਲਾ ਕੀਤਾ ਗਿਆ ਕਿ ਨਵਉਦਾਰਵਾਦੀ ਨੀਤੀਆਂ ਦੇ ਪੈਰੋਕਾਰ ਰਾਜਸੀ ਦਲਾਂ ਦੇ ਮੁਕਾਬਲੇ ਭਰੋਸੇਯੋਗ ਰਾਜਸੀ ਬਦਲ ਉਸਾਰੇ ਜਾਣ ਦੇ ਮਕਸਦ ਨਾਲ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਨ ਦੇ ਯਤਨ ਹੋਰ ਤੇਜ਼ ਕੀਤੇ ਜਾਣਗੇ। ਇਸ ਫੈਸਲੇ ਦੀ ਰੌਸ਼ਨੀ ਵਿਚ ਕਾਮਰੇਡ ਕੇ.ਗੰਗਾਧਰਨ, ਮੰਗਤ ਰਾਮ ਪਾਸਲਾ, ਰਜਿੰਦਰ ਪਰਾਂਜਪੇ, ਹਰਕੰਵਲ ਸਿੰਘ, ਕੇ.ਐਸ. ਹਰੀਹਰਨ (ਸਾਰੇ ਆਰ.ਐਮ.ਪੀ.ਆਈ.) ਅਤੇ ਸਾਥੀ ਮੁਹੰਮਦ ਘੌਸ, ਅਸ਼ੋਕ ਓਮਕਾਰ, ਕਿਰਨਜੀਤ ਸਿੰਘ ਸੇਖੋਂ, ਅਨੁਵਬ ਦਾਸ ਸ਼ਾਸ਼ਤਰੀ, ਮਹਿੰਦਰ ਨੇਹ (ਸਾਰੇ ਐਮ.ਸੀ.ਪੀ.ਆਈ.(ਯੂ)) ‘ਤੇ ਅਧਾਰਿਤ ਤਾਲਮੇਲ ਕਮੇਟੀ ਬਣਾਈ ਗਈ। ਕਾਮਰੇਡ ਮੰਗਤ ਰਾਮ ਪਾਸਲਾ ਅਤੇ ਮੁਹੰਮਦ ਘੌਸ ਇਸ ਤਾਲਮੇਲ ਕਮੇਟੀ ਦੇ ਕਨਵੀਨਰ ਚੁਣੇ ਗਏ। ਇਹ ਕਮੇਟੀ, ਭਵਿੱਖ ਵਿਚ ਦੋਹਾਂ ਪਾਰਟੀਆਂ ਦੇ ਏਕੀਕਰਣ ਦੀ ਪ੍ਰਕਿਰਿਆ ਸਫਲ ਕਰਨ ਅਤੇ ਸਾਂਝੇ ਘੋਲ ਵਿੱਢਣ ਸਬੰਧੀ ਯੋਜਨਾਬੰਦੀ ਉਲੀਕਣ ਦਾ ਕੰਮ ਕਰੇਗੀ। ਤਾਲਮੇਲ ਕਮੇਟੀ ਦੀ ਅਗਲੀ ਮੀਟਿੰਗ ਸਤੰਬਰ ਦੇ ਆਖਰੀ ਹਫ਼ਤੇ ਹੈਦਰਾਬਾਦ ਵਿਖੇ ਸੱਦਣ ਦਾ ਫ਼ੈਸਲਾ ਵੀ ਕੀਤਾ ਗਿਆ।