
ਮੁੱਲਾਪੁਰ: “ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋ ਕੀਤੇ ਜਾਣ ਵਾਲੇ 30 ਜੁਲਾਈ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਕੀਤੀਆਂ ਜਾ ਰਹੀਆਂ ਹਨ।” ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਇਥੋਂ ਦੇ ਗੁਰਸ਼ਰਨ ਕਲਾ ਭਵਨ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਧੰਦੇ ਵਿੱਚੋਂ ਬਾਹਰ ਕਰਕੇ ਖਾਦ ਪਦਾਰਥਾਂ ਉੱਪਰ ਕਬਜ਼ੇ ਦੀ ਵਿਉਂਤ ਬੰਦੀ ਕਰ ਰਹੀ ਹੈ ਪਰ ਕਿਰਤੀ ਕਿਸਾਨ ਸਰਕਾਰਾਂ ਦੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦੇਣਗੇ।
ਅੱਜ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਕਿਸਾਨ ਆਪਣੀਆਂ ਜ਼ਮੀਨਾਂ ਉੱਪਰ ਕਾਰਪੋਰੇਟਾ ਦੇ ਕਬਜ਼ੇ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਮੀਨਾਂ ਦੀ ਰਾਖੀ ਲਈ ਲੋਕਾ ਨੂੰ ਲਾਮਬੰਦ ਕਰੇਗੀ। ਉਹਨਾਂ ਕਿਹਾ ਕਿ ਪਿੰਡਾ ਵਿੱਚ ਮੀਟਿੰਗਾਂ, ਜਲਸੇ ਤੇ ਰੈਲੀਆਂ ਰਾਹੀਂ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ।
ਮੀਟਿੰਗ ’ਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮਹਿਲਾ ਵਿੰਗ ਦੀ ਆਗੂ ਪੰਚ ਕਰਮਜੀਤ ਕੌਰ ਨਾਰੰਗਵਾਲ ਨੇ ਆਖਿਆ ਕਿ ਜਿਵੇਂ ਪਹਿਲਾਂ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਬੀਬੀਆਂ ਨੇ ਅੰਦੋਲਨ ਵਿੱਚ ਸ਼ਮੂਲੀਅਤ ਕਰਕੇ ਮੋਰਚਾ ਜਿੱਤਿਆ ਸੀ, ੳਸੇ ਤਰਾਂ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ ਵਿੱਚ ਵੀ ਬੀਬੀਆਂ ਅਹਿਮ ਭੂਮਿਕਾ ਨਿਭਾਉਣਗੀ।
ਬਾਇਓ ਗੈਸ ਫ਼ੈਕਟਰੀਆਂ ਨਾਲ ਫੈਲਣ ਵਾਲੇ ਪ੍ਰਦੂਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਇਹਨਾਂ ਫ਼ੈਕਟਰੀਆਂ ਦੇ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਤਾਂ ਜੋ ਜ਼ਮੀਨ, ਹਵਾ ਤੇ ਪਾਣੀ ਨੂੰ ਦੂਸ਼ਤ ਹੋਣ ਤੋ ਬਚਾਇਆ ਜਾ ਸਕੇ।
ਅੱਜ ਦੀ ਮੀਟਿੰਗ ਵਿੱਚ ਮੰਡ-ਬੇਟ ਅਬਾਦਕਾਰ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਦੇ ਪੰਜ ਮੈਂਬਰਾਂ ਗੁਰਪ੍ਰੀਤ ਸਿੰਘ ਤਲਵੰਡੀ ਨੌਅਬਾਦ, ਦਰਸ਼ਣ ਸਿੰਘ ਰਾਮਪੁਰ, ਦਿਵਾਨ ਸਿੰਘ ਕੋਟਉਮਰਾ, ਕਿਰਪਾਲ ਸਿੰਘ ਕੋਟਮਾਨਾ ਅਤੇ ਤਾਰਾ ਸਿੰਘ ਗੋਰਸੀਆ ਦੀ ਚੋਣ ਕੀਤੀ ਗਈ। ਇਹ ਕਮੇਟੀ ਅਗਲੀ ਮੀਟਿੰਗ ਕਰਕੇ ਇਸ ਦਾ ਵਿਸਥਾਰ ਕਰੇਗੀ।
ਅੱਜ ਦੀ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਮੁੱਲਾਪੁਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਸੁਰਜੀਤ ਸਿੰਘ ਸੀਲੋ, ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਮਲਕੀਤ ਸਿੰਘ ਗਰੇਵਾਲ, ਮੋਹਣਜੀਤ ਸਿੰਘ ਗਰੇਵਾਲ, ਨਛੱਤਰ ਸਿੰਘ, ਕਰਮ ਸਿੰਘ ਗਰੇਵਾਲ, ਕੁਲਵੰਤ ਸਿੰਘ ਮੋਹੀ, ਪਰਮਜੀਤ ਸਿੰਘ ਪੀਜਵਾਲੇ ਮੋਹੀ, ਕੈਪਟਨ ਹਰਦੇਵ ਸਿੰਘ, ਡਾ. ਅਜੀਤ ਰਾਮ ਸ਼ਰਮਾ ਝਾਂਡੇ, ਜਗਮਿੰਦਰ ਸਿੰਘ ਬਿੱਟੂ ਲੱਲਤੋ ਖ਼ੁਰਦ, ਲਖਵੀਰ ਸਿੰਘ ਦਾਖੇ ਆਦਿ ਹਾਜ਼ਰ ਸਨ।