Now Reading
ਗੁਰਮੀਤ ਸਿੰਘ ਸ਼ੁਗਲੀ ਨੂੰ ਕੀਤਾ ਯਾਦ

ਗੁਰਮੀਤ ਸਿੰਘ ਸ਼ੁਗਲੀ ਨੂੰ ਕੀਤਾ ਯਾਦ


ਕਿਸ਼ਨਗੜ੍ਹ: ‘ਨਵਾਂ ਜ਼ਮਾਨਾ’ ਲਈ ਇਤਿਹਾਸਕ ਜਿੰਮੇਵਾਰੀ ਨਿਭਾਉਣ ਵਾਲੇ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੂੰ ਉਨ੍ਹਾ ਦੇ ਪਿੰਡ ਮੰਡ ਮੌੜ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ।

ਨਵਾਂ ਜ਼ਮਾਨਾ ਅਖਬਾਰ ਦੇ ਪ੍ਰਿੰਟਰ ਤੇ ਪਬਲਿਸ਼ਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਲੰਘੀ 5 ਜੂਨ ਨੂੰ ਨਿਊ ਯਾਰਕ ਵਿਚ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿਚ ਪਿੰਡ ਮੰਡ ਮੌੜ ਵਿਖੇ ਭਾਰੀ ਇਕੱਠ ਜੁੜਿਆ, ਜਿਸ ਨੂੰ ਸ਼ੁਗਲੀ ਪਰਵਾਰ ਨੇ ‘ਜ਼ਿੰਦਗੀ ਦੇ ਜਸ਼ਨ’ ਦਾ ਨਾਂਅ ਦਿੱਤਾ। ਇਸੇ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੁਗਲੀ ਹੁਰਾਂ ਦੇਸਨੇਹੀਆਂ ਨੇ ਇਸ ਗੈਰ-ਧਾਰਮਕ ਇਕੱਠ ਵਿਚ ਸ਼ਿਰਕਤ ਕੀਤੀ। ਵੱਖੋ ਵੱਖ ਖੇਤਰਾਂ ਨਾਲ ਸੰਬੰਧਤ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਸ਼ੁਗਲੀ ਸਾਬ ਵਲੋਂ ਪਾਏ ਵੱਡੇ ਯੋਗਦਾਨ ਨੂੰ ਉਭਾਰਦੇ ਹੋਏ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਉਨ੍ਹਾਂ ਦੇ ਜਾਣ ਨਾਲ ਸਾਡੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

    ਮਾਰਕਸੀ ਚਿੰਤਕ ਜਗਰੂਪ ਨੇ ਕਿਹਾ ਕਿ ਦੁਆਬੇ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਅਤੇ ਉਨ੍ਹਾਂ ਵਲੋਂ ਆਯੋਜਤ ਹੋਰ ਸਰਗਰਮੀਆਂ ਲਈ ਸ਼ੁਗਲੀ ਸਾਬ ਇਕ ਮਜਬੂਤ ਥੰਮ ਵਾਂਗ ਸਨ। ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਪਾਸਲਾ ਦਾ ਮਤ ਸੀ ਕਿ ਇਨ੍ਹਾਂ ਔਖਿਆਂ ਵੇਲਿਆਂ ਵਿਚ ਜਦੋਂ ਖੱਬੀਆਂ ਪਾਰਟੀਆਂ ਨੂੰ ਆਪਣੀਆਂ ਸਫਾਂ ਨੂੰ ਮੋਕਲਾ ਕਰਨ ਦੀ  ਲੋੜ ਹੈ ੳਦੋਂ ਇਹੋ ਜਿਹੇ ਸਿਰਕਢ ਸਾਥੀ ਦਾ ਚਲੇ ਜਾਣਾ ਵੱਡੇ ਘਾਟੇ ਵਾਲੀ ਗੱਲ ਹੈ। ਕਾਮਰੇਡ ਸਤਨਾਮ ਚਾਨਾ ਨੇ ਸ਼ੁਗਲੀ ਸਾਬ ਵਲੋਂ ਲਿਖੀਆਂ ਗਈਆਂ ਛੇ ਕਿਤਾਬਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨਾਲ ਦਹਾਕਿਆਂ ਬੱਧੀ ਯਾਰੀ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਸੀ ਪੀ ਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸ਼ੁਗਲੀ ਸਾਹਬ ਲੰਮੇ ਸਮੇਂ ਤੋਂ ਪਾਰਟੀ ਦੀਆਂ ਜਲੰਧਰ ਜ਼ਿਲੇ ਵਿਚ ਸਰਗਰਮੀਆਂ ਦੇ ਆਗੂ ਰਹੇ, ਅਤੇ ਸਾਰੇ ਉਤਾਰ ਚੜ੍ਹਵਾਂ ਦੌਰਾਨ ਉਹ ਨਾ ਸਿਰਫ ਅਡੋਲ ਰਹੇ, ਬਲਕਿ ਬੜੇ ਰੌਸ਼ਨ ਮੱਥੇ ਨਾਲ ਪਾਰਟੀ ਦੀ ਵਿਚਾਰਧਾਰਾ ਨੂੰ ਬਾਕੀ ਕਾਮਰੇਡਾਂ ਅਤੇ ਆਮ ਲੋਕਾਂ ਤੱਕ ਲਿਜਾਂਦੇ ਰਹੇ। ਸਾਬਕਾ ਐਮ ਐਲ ਏ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅਜੋਕੇ ਔਖੇ ਸਮਿਆਂ ਵਿਚ, ਜਦੋਂ ਭਾਜਪਾ ਸਰਕਾਰ ਕਮਿਊਨਿਸਟਾਂ ਨੂੰ ਹਰ ਆਨੇ ਬਹਾਨੇ ਨਿਸ਼ਾਨਾ ਬਣਾ ਰਹੀ ਹੈ, ਉਦੋਂ ਲਗਾਤਾਰ ਅਖਬਾਰ ਵਿਚ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਸੌਖਾ ਕੰਮ ਨਹੀਂ, ਜਿਹੜਾ ਨਾ ਸਿਰਫ ਸ਼ੁਗਲੀ ਸਾਹਬ ਆਪਣੇ ਕਾਲਮਾਂ ਵਿਚ ਨਿਰਵਿਘਨ ਕਰ ਰਹੇ ਸਨ, ਬਲਕਿ ਹੋਰਨਾਂ ਲੇਖਕਾਂ ਅਤੇ ਕਾਲਮ ਨਵੀਸਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਦੇ ਸਨ। ਐਡਵੋਕੇਟ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਜਲੰਧਰ ਜ਼ਿਲ੍ਹਾ ਕਚਹਿਰੀਆਂ ਵਿਚ ਸ਼ੁਗਲੀ ਸਾਬ ਤੋਂ ਸੀਨੀਅਰ ਹੋਰ ਸੈਂਕੜੇ ਵਕੀਲ ਹੋਣਗੇ, ਪਰ ਜਿਹੜਾ ਇੱਜ਼ਤ ਮਾਣ ਇਨ੍ਹਾਂ ਨੂੰ ਓਥੇ ਮਿਲਦਾ ਸੀ, ਉਹ ਆਪਣੇ ਆਪ ਵਿਚ ਸਭ ਪਦਵੀਆਂ ਤੋਂ ਉੱਪਰ ਸੀ। ਇਹ ਉਹ ਵਕੀਲ ਸਨ, ਜਿਨ੍ਹਾਂ ਨੇ ਕਦੇ ਵੀ ਕਿਸੇ ਕਲਾਇੰਟ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਜਿਥੇ ਕਿਤੇ ਰਾਜ਼ੀਨਾਮਾ ਹੋ ਸਕਦਾ ਸੀ, ਕਰਵਾਇਆ। ਅਸੂਲਾਂ ਦੇ ਏਨੇ ਪੱਕੇ ਕਿ ਕਈ ਵਾਰ ਜੱਜਾਂ ਮੂਹਰੇ ਅੜ ਕੇ ਖੜੋਣ ਤੋਂ ਵੀ ਨਾ ਕਤਰਾਂਦੇ। ਨਵਾਂ ਜ਼ਮਾਨਾ ਦੇ ਜਨਰਲ ਮੈਨੇਜਰ ਗੁਰਮੀਤ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਗਲੀ ਸਾਬ ਨੇ ਜਿਵੇਂ ਟਰੱਸਟ ਦੇ ਸਕੱਤਰ ਦੇ ਤੌਰ ‘ਤੇ ਨਵਾਂ ਜ਼ਮਾਨਾ ਵਿਚ ਕਈ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ, ਉਸਦਾ ਕੋਈ ਬਦਲ ਲੱਭਣਾ ਸੌਖਾ ਨਹੀਂ ਹੋਵੇਗਾ। ਇਨ੍ਹਾਂ ਵਕਤਿਆਂ ਤੋਂ ਇਲਾਵਾ ਆਦਮਪੁਰ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਕੋਟਲੀ, ਕਾਂਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਾਜਿੰਦਰ ਸਿੰਘ, ਇਸਤਰੀ ਸਭਾ ਪੰਜਾਬ ਦੀ ਆਗੂ ਨਰਿੰਦਰ ਸੋਹਲ, ਦੇਸ਼ ਭਗਤ ਯਾਦਗਾਰ ਹਾਲ ਦੇ ਜਨਰਲ ਸਕੱਤਰ ਪਿਰਥੀਪਾਲ ਮਾੜੀਮੇਘਾ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਅਮੋਲਕ ਸਿੰਘ, ਖੇਤ ਮਜ਼ਦੂਰ ਸਭਾ ਦੀ ਆਗੂ ਕਾਮਰੇਡ ਦੇਵੀ ਕੁਮਾਰੀ, ਡੀ ਬੀ ਏ ਦੇ ਮੌਜੂਦਾ ਪ੍ਰਧਾਨ ਅਦਿਤਿਆ ਜੈਨ, ਸਾਬਕਾ ਪ੍ਰਧਾਨ ਕਾਮਰੇਡ ਨਰਿੰਦਰ ਸਿੰਘ, ਬੀ ਐਸ ਪੀ ਆਗੂ ਬਲਵਿੰਦਰ ਕੁਮਾਰ ਅਤੇ ਕਾਮਰੇਡ ਰਛਪਾਲ ਕੈਲੇ ਨੇ ਆਪਣੇ ਆਪਣੇ ਖੇਤਰਾਂ ਅਤੇ ਸਾਥੀਆਂ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ।  ਇਸ ਇਕੱਠ ਵਿਚ ਨਵਾਂ ਜ਼ਮਾਨਾ ਟਰੱਸਟ ਦੇ ਪ੍ਰਧਾਨ ਕਾਮਰੇਡ ਰਛਪਾਲ ਬੜਾ ਪਿੰਡ, ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਰਣਜੀਤ ਸਿੰਘ ਔਲਖ, ਸੁਰਿੰਦਰ  ਕੁਮਾਰੀ ਕੋਛੜ, ਕਾਮਰੇਡ ਚੌਰੰਜੀ ਲਾਲ, ਸੀਤਲ ਸਿੰਘ ਸੰਘਾ, ਆਮ ਆਦਮੀ ਪਾਰਟੀ ਦੇ ਆਗੂ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਇਲਾਕੇ ਦੇ ਸਰਪੰਚ, ਨੰਬਰਦਾਰ, ਅਧਿਆਪਕ, ਪੈਨਸ਼ਨ ਯੂਨੀਅਨ, ਏਟਕ ਅਤੇ ਅਨੇਕਾਂ ਡਾਕਟਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸਮਾਗਮ ਦੇ ਅਖੀਰ ਵਿਚ ਜਸ ਮੰਡ ਨੇ ਧੰਨਵਾਦ ਦੇ ਲਫਜ਼ ਆਖੇ। ਸ਼ੁਗਲੀ ਸਾਬ ਦੀ ਧਰਮ ਪਤਨੀ ਬੀਬੀ ਮਹਿੰਦਰ ਕੌਰ ਅਤੇ ਉਨ੍ਹਾ ਦੇ ਸਪੁੱਤਰ ਐਡਵੋਕੇਟ ਰਾਜਿੰਦਰ ਮੰਡ ਨੇ ਸ਼ੁਗਲੀ ਸਾਬ ਦੀ ਯਾਦ ਵਿਚ ਵੱਖੋ ਵੱਖ ਅਦਾਰਿਆਂ ਨੂੰ ਮਾਇਆ ਭੇਟ ਕੀਤੀ। ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਵਰਨ ਟਹਿਣਾ ਨੇ ਨਿਭਾਈ।

Scroll To Top