
ਚੰਡੀਗੜ੍ਹ: ਸਾਹਿਤ ਚਿੰਤਨ, ਚੰਡੀਗੜ੍ਹ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਇਥੋਂ ਦੇ ਕਾਮਰੇਡ ਭਾਗ ਸਿੰਘ ਸੱਜਣ ਮੈਮੋਰੀਅਲ ਟਰੱਸਟ ਵਿਖੇ ਡਾ. ਰੌਣਕੀ ਰਾਮ ਦੀ ਪ੍ਰਧਾਨਗੀ ਹੇਠ ਹੋਈ।
ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਸਾਥੀਆਂ – ਗੀਤਕਾਰ ਗੁਰਸੇਵਕ ਬਰਾੜ, ਉੱਘੇ ਪ੍ਰਮਾਣੂ ਵਿਗਿਆਨੀ ਐਮ.ਆਰ. ਸ਼੍ਰੀ ਨਿਵਾਸਨ, ਨਕਸਲੀ ਆਗੂ ਨੰਬਾਲਾ ਕੇਸ਼ਵ ਰਾਉ ਉਰਫ਼ ਬਸਵਰਾਜ, ਝਾਰਖੰਡ ਮੁਕਤੀ ਮੋਰਚਾ ਦੇ ਆਗੂ ਪੱਪੂ ਲੋਹਰਾ ਤੇ 400 ਹੋਰ ਨਕਸਲੀ, ਪਦਮ ਸ਼੍ਰੀ ਲੇਖਕ ਰਤਨ ਸਿੰਘ ਜੱਗੀ, ਅਦਾਕਾਰ ਮੁਕਲ ਦੇਵ, ਕੀਨੀਆ ਦਾ ਲੇਖਕ ਨਾਗੂਗੀ ਵਾ ਥਿਉਗੋ, ਪੇਂਡੂ ਸੰਘਰਸ਼ ਕਮੇਟੀ ਤੇ ਪੰਜਾਬੀ ਬਚਾਓ ਮੰਚ ਦੀ ਸਰਗਰਮ ਕਾਰਕੁੰਨ ਜਸਵਿੰਦਰ ਕੌਰ ਬਹਿਲਾਣਾ, ਕਾ. ਸੁਨੀਤ ਚੋਪੜਾ, ਸਾਥੀ ਦਲੀਪ ਨੰਦੀ ਉਰਫ਼ ਦਾਦਾ ਜੀ, ਸਾਬਕਾ ਵੀ.ਸੀ. ਡਾ. ਐਸ.ਪੀ. ਸਿੰਘ ਦੀ ਪਤਨੀ, ਉਘੇ ਗਣਿਤ ਸਾਸ਼ਤਰੀ ਪਦਮ ਭੂਸ਼ਨ ਪ੍ਰੋ. ਰਾਮ ਪ੍ਰਕਾਸ਼ ਬਾਂਬਾ ਤੇ ਜੰਗਬੰਦੀ ਪਿੱਛੋਂ ਗਾਜਾ ਵਿੱਚ ਮਾਰੇ ਗਏ 552 ਫਲਸਤੀਨੀ ਨਾਗਰਿਕਾਂ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਹੀ ਪੜ੍ਹੀ ਤੇ ਪ੍ਰਵਾਨ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਕਾ ਮੰਗਤ ਰਾਮ ਪਾਸਲਾ ਦੀ ਪਹਿਲੀ ਕਿਤਾਬ – ‘ ਕਿਣ-ਮਿਣ ‘ ਵਿੱਚੋਂ ਕਠੂਆ (ਜੰਮੂ) ਦੇ ਮੰਦਰ ਵਿੱਚ ਫਿਰਕੂ ਤੱਤਾਂ ਵੱਲੋਂ ਬਲਾਤਕਾਰ ਪਿੱਛੋਂ ਕਤਲ ਕੀਤੀ ਗਈ ਆਸਫ਼ਾ ਬਾਲੜੀ ਦੀ ਪੁਕਾਰ – ‘ ਅੰਮੜੀ ਵਿਹੜੇ’- ਗੀਤ ਨਾਲ ਹੋਈ। ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਇਹ ਗੀਤ ਪੇਸ਼ ਕੀਤਾ।
ਕਾਮਰੇਡ ਮੰਗਤ ਰਾਮ ਪਾਸਲਾ ਦੀ ਦੂਜੀ ਨਵੀਂ ਕਿਤਾਬ ਪੁਰਖਾਰ ਵਾਟਾਂ ‘ ਬਾਰੇ ਸੰਖੇਪ ਚਰਚਾ ਕਰਦਿਆਂ ਡਾ. ਕੁਲਦੀਪ ਕੌਰ ਨੇ ਕਿਹਾ ਕਿ ਇਹ ਕਮਿਉਨਿਸਟ ਕੁਲਵਕਤੀ ਦੀ ਆਤਮ ਕਥਾ ਹੈ। ਸਟੇਟ ਦਾ ਕਿਰਦਾਰ ਕਾਰਪੋਰੇਟ ਪੱਖੀ ਹੈ। ਵਿਸ਼ਵ ਸਿਆਸਤ ਵਿੱਚ ਆਰਥਿਕਤਾ ਦੀ ਬੜੀ ਵੱਡੀ ਭੂਮਿਕਾ ਹੈ। ਸਰਕਾਰਾਂ ਚਾਹੁੰਦੀਆਂ ਹਨ ਕਿ ਮੁਫ਼ਤ ਰਾਸ਼ਨ, ਬਿਜਲੀ, ਪਾਣੀ, ਧਾਰਮਿਕ ਯਾਤਰਾ ਵਰਗੀਆਂ ਸਹੂਲਤਾਂ ਲਵੋ, ਪਰ ਬਰਾਬਰੀ ਤੇ ਸਮਾਜਿਕ ਨਿਆਂ ਦੀ ਮੰਗ ਨਾ ਕਰੋ। ਜਾਤ, ਜੈਂਡਰ ਤੇ ਸਾਧਨਾ ਦੀ ਸਾਵੀਂ ਵੰਡ ਵਰਗੇ ਵੱਡੇ ਮਸਲਿਆਂ ਦੇ ਹੱਲ ਸਰਕਾਰਾਂ ਕੋਲ ਨਹੀਂ ਹਨ। ਇਸ ਵਾਸਤੇ ਪੂੰਜੀਵਾਦ ਦੀ ਥਾਂ ਸਮਾਜਵਾਦ ਦਾ ਬਦਲ ਦੇਣਾ ਪਵੇਗਾ। ਸਰਕਾਰ ਨੂੰ ਰਾਸ਼ਟਰਵਾਦ ਦਾ ਸਿਆਸੀ ਮੋਤੀਆ ਹੋ ਗਿਆ ਹੈ। ਅਸੀਂ ਸਿਰਫ਼ ਸਰੀਰ ਬਚਾ ਰਹੇ ਹਾਂ। ਸਮਾਜ ਹਾਸ਼ੀਏ/ਮੌਤ ਵੱਲ ਸੁੱਟਿਆ ਜਾ ਰਿਹਾ ਹੈ। ਲੋਕ ਬਿਮਾਰ ਹਨ ਜਾਂ ਧਰਤੀ ਬਿਮਾਰ ਹੈ। ਜਾਸੂਸੀ ਨੇ ਸਾਰਾ ਚੈਨ ਚੁਰਾ ਲਿਆ ਹੈ। ਸਿੱਖਿਆ ਤੇ ਸਿਹਤ ਸਰਕਾਰਾਂ ਲਈ ਫ਼ਜੂਲ ਵਿਸ਼ੇ ਹਨ। ਸਾਨੂੰ ਸਿਧਾਂਤਕ ਅਮਲ ਦੀ ਲੋੜ ਹੈ। ਇਹ ਸੱਤਾ ਪਲਟਾਉਣੀ ਪਵੇਗੀ।
ਡਾ. ਸਰਬਜੀਤ ਸਿੰਘ ਕੰਗਣੀਵਾਲ ਨੇ ਕਿਹਾ ਕਿ ਕਮਿਉਨਿਸਟ ਪਾਰਟੀਆਂ ਅੰਦਰ ਜਮਹੂਰੀ ਕੇਂਦਰਵਾਦ ਵਿਚਾਰ ਦੀ ਮੰਗ ਕਰਦਾ ਹੈ। ਮਾਰਕਸਵਾਦ ਤੇ ਅੰਬੇਦਕਰਵਾਦ ਨੂੰ ਇਕੱਠੇ ਕਰਨਾ ਠੀਕ ਨਹੀਂ ਹੈ। ਪੂੰਜੀਵਾਦ ਦੀ ਥਾਂ ਸਮਾਜਵਾਦ ਦੀ ਉਸਾਰੀ ਕਰਨੀ ਪਵੇਗੀ।
ਸ਼੍ਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਇਹ ਯਾਦਾਂ ਦੇ ਨਾਲ ਕਮਿਉਨਿਸਟ ਕੁਲਵਕਤੀ ਦੇ ਕੰਮ ਦਾ ਲੇਖਾ-ਜੋਖਾ ਵੀ ਹੈ। ਸਿਆਸੀ ਸੰਗਠਨ ਬਣਾ ਕੇ ਹੀ ਕਿਰਤੀਆਂ ਲਈ ਕੰਮ ਹੋ ਸਕਦਾ ਹੈ। ਪਾਰਲੀਮਾਨੀ ਰਾਹ ਸਰਮਾਏਦਾਰ ਜਮਾਤਾਂ ਨਾਲ ਗੱਠਜੋੜ ਦਾ ਰਾਹ ਵੀ ਖੋਲ੍ਹਦਾ ਹੈ। ਮਾਰਕਸਵਾਦੀ ਨਿਘਾਰ ਸਦਾਚਾਰਕ ਨਿਘਾਰ ਨੂੰ ਜਨਮ ਦਿੰਦਾ ਹੈ।
ਸ਼੍ਰੀ ਸ਼ਬਦੀਸ਼ ਨੇ ਕਿਹਾ ਕਿ ਕਮਿਉਨਿਸਟ ਪਾਰਟੀਆਂ ਦੇ ਫੰਡਾਂ ਦੇ ਸਰੋਤ ਸਹੀ ਹੋਣੇ ਚਾਹੀਦੇ ਹਨ। ਚੁੱਪ ਕਈ ਵਾਰ ਅਪਰਾਧ ਵਰਗੀ ਹੁੰਦੀ ਹੈ। ਇਹ ਸਵੈ-ਪੜਚੋਲ ਦਾ ਦਸਤਾਵੇਜ ਹੈ।
ਸ਼੍ਰੀ ਜਸਵੰਤ ਸਿੰਘ ਨੇ ਕਿਹਾ ਕਿ ਇਹ ਸਿਆਸੀ ਕੁਲਵਕਤੀ ਦਾ ਇਕਬਾਲੀਆ ਬਿਆਨ ਹੈ। ਉਦਯੋਗਕ ਕ੍ਰਾਂਤੀ ਅਨੁਸਾਰ ਸਮਾਜ ਦੀ ਸੋਚ ਵੀ ਬਦਲਦੀ ਹੈ। ਬਾਹਰਮੁਖੀ ਹਲਾਤ ਸਭ ਲਈ ਸਮਾਨ ਹੁੰਦੇ ਹਨ। ਵੰਡ ਹੋਣਾ ਮੰਦਭਾਗਾ ਹੈ।
ਸ਼੍ਰੀ ਅਭੈ ਸਿੰਘ ਨੇ ਕਿਹਾ ਕਿ ਰੱਬ ਤੋਂ ਮੁਕਤ ਹੋਣਾ ਤਰਕਸ਼ੀਲ ਹੋਣਾ ਹੈ। ਪਾਰਲੀਮਾਨੀ ਰਾਹ ਵੀ ਮਾੜਾ ਨਹੀਂ ਹੈ। ਵੋਟ ਦਾ ਅਧਿਕਾਰ ਤੇ ਬਹੁ-ਪਾਰਟੀ ਸਿਸਟਮ ਸਿਆਸੀ ਤਬਦੀਲੀ ਦੇ ਦੋ ਵੱਡੇ ਹਥਿਆਰ ਹਨ। ਚੁਣੀ ਸਰਕਾਰ ਨੂੰ ਉਤਾਰ ਕੇ ਸਮਾਜਵਾਦ ਕਿਵੇਂ ਸਥਾਪਤ ਕਰਾਂਗੇ। ਦੇਸ ਭਗਤ ਦੀ ਥਾਂ ਲੋਕ ਭਗਤ ਬਣੀਏ।
ਸ਼੍ਰੀ ਰਾਜਵਿੰਦਰ ਰਾਹੀ ਨੇ ਕਿਹਾ ਕਿ ਲੇਖਕ ਲੂਣ ਦੀ ਖਾਨ ਵਿੱਚ ਲੂਣ ਨਹੀਂ ਬਣਿਆ। ਮੁਰਗਾਬੀ ਟੁੱਭੀਆਂ ਮਾਰ ਕੇ ਵੀ ਖੰਭਾਂ ਨੂੰ ਪਾਣੀ ਨਹੀਂ ਲੱਗਣ ਦਿੰਦੀ। ਪਾਸ਼ ਦੇ ਕਤਲ ਤੋਂ ਪਹਿਲਾਂ ਉਸ ਦੇ ਸਿਧਾਂਤ ਦਾ ਕਤਲ ਹੋ ਗਿਆ ਸੀ। ਕਿਸੇ ਪ੍ਰੋਗਰਾਮ ਨੇ ਜ਼ਮੀਨੀ ਮਸਲੇ ਹੱਲ ਨਹੀਂ ਕੀਤੇ। ਕਮਿਉਨਿਸਟਾਂ ਨੇ ਜਾਤ ਪ੍ਰਥਾ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਸਵੈ-ਜੀਵਨੀ ਵਿੱਚ ਬਚਪਨ ਤੇ ਜਵਾਨੀ ਸਮੇਂ ਦੀਆਂ ਸੱਧਰਾਂ ਤੇ ਸੁਪਨੇ ਵੀ ਹੋਣੇ ਚੀਦੇ ਹਨ। ਪਾਰਟੀਆਂ ਅੰਦਰ ਵੱਡੇ ਨੇਤਾਵਾਂ ਵੱਲੋਂ ਖਿਲਾਰੇ ਕੰਡੇ ਦੂਜਿਆਂ ਨੂੰ ਚੁਗਣੇ ਪੈਂਦੇ ਹਨ। ਇਹ ਸੁੰਦਰ ਸਿਆਸੀ ਟੈਕਸਟ ਹੈ।
ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਖੇਤਰੀ ਤੇ ਕੌਮੀ ਪਾਰਟੀਆਂ ਨਿਘਾਰ ਵੱਲ ਜਾ ਰਹੀਆਂ ਹਨ। ਪੰਡਿਤ ਨਹਿਰੂ ਵੱਲੋਂ ਉਸਾਰਿਆ ਸਰਕਾਰੀ ਤੇ ਪਬਲਿਕ ਸੈਕਟਰ ਅਜੋਕੀ ਸਰਕਾਰ ਨੇ ਕਾਰਪੋਰੇਟ ਦੇ ਹਵਾਲੇ ਕਰ ਦਿੱਤਾ ਹੈ। ਯੁੱਗ ਪਲਟਾਊ ਕੰਮਾਂ ਲਈ ਉੱਚੇ ਕਿਰਦਾਰ ਚਾਹੀਦੇ ਹਨ।
ਡਾ. ਅਰੀਤ ਕੌਰ ਨੇ ਕਿਹਾ ਕਿ ਸੁਪਨੇ ਨਿੱਜ ਲਈ ਨਹੀਂ, ਵਧੀਆ ਸਮਾਜ ਲਈ ਲੈਣੇ ਚਾਹੀਦੇ ਹਨ। ਜੇ ਪਾਰਲੀਮਾਨੀ ਰਾਹ ਠੀਕ ਹੈ ਤਾਂ ਕਮਿਊਨਿਸਟ ਪੱਛਮੀ ਬੰਗਾਲ, ਕੇਰਲਾ ਤੇ ਤਿਰੀਪੁਰਾ ਵਿੱਚ ਕਿਉਂ ਹਾਰ ਗਏ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਧੀਆਂ ਨੂੰ ਟੂੰਮਾਂ, ਸੂਟ ਦੇ ਕੇ ਮੁਕਤੀ ਨਹੀਂ ਹੋਣੀ, ਉਨ੍ਹਾਂ ਨੂੰ ਸਿਆਸੀ ਸਮਝ ਵੀ ਦੇਣੀ ਪਵੇਗੀ।
ਸ਼੍ਰੀ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਸਵੈ-ਅਲੋਚਨਾ ਦੀ ਟੈਕਸਟ ਹੈ। ਅੱਤਵਾਦ ਸਮੇਂ ਪੰਜਾਬ ਅੰਦਰ ਤਿੰਨ ਸੌ ਕਮਿਉਨਿਸਟ ਕਾਰਕੁੰਨ ਸ਼ਹੀਦ ਹੋਏ। ਕਾਂਗਰਸ ਤੇ ਬੀ.ਜੇ.ਪੀ. ਤੋਂ ਬਰਾਬਰ ਦੂਰੀ ਦਾ ਮਤਲਬ ਕਾਂਗਰਸ ਦੇ ਨੇੜੇ ਜਾਣਾ ਨਹੀਂ ਹੁੰਦਾ। ਵਿਦਿਆਰਥੀ ਜੀਵਨ ਸਮੇਂ ਲੇਖਕ ਦੇ ਸਾਈਕਲ ਦੀ ਘੰਟੀ ਤੋਂ ਬਿਨਾਂ ਸਭ ਕੁਝ ਖੜਕਦਾ ਸੀ।
ਸ਼੍ਰੀ ਯਸ਼ਪਾਲ ਨੇ ਕਿਹਾ ਕਿ ਇਹ ਸਾਹਿਤਕ ਨਹੀਂ, ਸਿਆਸੀ ਟੈਕਸਟ ਹੈ। ਇਸਨੂੰ ਸਿਆਸੀ ਮੰਚ ਉੱਤੇ ਹੀ ਵਿਚਾਰਨਾ ਚਾਹੀਦਾ ਹੈ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਮੈਂ ਰਾਜਸੀ ਕਾਮਾ ਹਾਂ। ਗੁਰਬਤ ਬੰਦੇ ਨੂੰ ਹਲੀਮੀ ਵੀ ਬਖ਼ਸ਼ਦੀ ਹੈ। ਮੇਰਾ ਲੋਕ ਲਹਿਰਾਂ ਨਾਲ ਸਰੋਕਾਰ ਹੈ। ਮੈਂ ਕਿਸੇ ਨੂੰ ਨਿੰਦ ਕੇ ਜਾਂ ਲੋਕ ਲਹਿਰਾਂ ਦੇ ਨਿਘਾਰ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ। ਸੋਵੀਅਤ ਯੂਨੀਅਨ ਟੁੱਟਣ ਸਮੇਂ ਬਚਾਉਣ ਲਈ ਇੱਕ ਵੀ ਰੂਸੀ ਨਾਗਰਿਕ ਅੱਗੇ ਨਹੀਂ ਆਇਆ। 1964 ਦੀ ਪਾਰਟੀ ਵੰਡ ਸਿਧਾਂਤਕ ਸੀ। ਮੈਂ ਬੇਆਸ ਤੇ ਵਿਹਲਾ ਬੰਦਾ ਨਹੀਂ ਹਾਂ। ਸਾਡਾ ਲੋਕਤੰਤਰ ਪੂੰਜੀਵਾਦ ਦੀ ਸੇਵਾ ਕਰਨ ਵਾਲਾ ਹੈ। ਪੱਛਮੀ ਬੰਗਾਲ ਵਿੱਚ ਕਮਿਉਨਿਸਟ ਕਾਰਕੁੰਨ ਫਿਰਕਾਪ੍ਰਸਤ ਭਾਜਪਾ ਵਿੱਚ ਨਹੀਂ ਜਾਣੇ ਚਾਹੀਦੇ। ਅਦਾਨੀਆਂ, ਅੰਬਾਨੀਆਂ ਵੱਲੋਂ ਉਸਾਰੀ ਗਈ ਕੇਰਲਾ ਦੀ ਬੰਦਰਗਾਹ ਦੇ ਉਦਘਾਟਨ ਵੇਲੇ ਸੀ.ਪੀ.ਐਮ., ਭਾਜਪਾ ਤੇ ਕਾਂਗਰਸ ਇੱਕੋ ਮੰਚ ਤੇ ਖੜੇ ਸਨ। ਇਨਕਲਾਬੀ ਲਹਿਰ ਉਸਾਰਨ ਲਈ ਜਰਮਨ ਤੋਂ ਨੌਜਵਾਨ ਭਰਤੀ ਨਹੀਂ ਹੋਣੇ, ਇਹ ਕੰਮ ਪੰਜਾਬੀ/ਭਾਰਤੀ ਲੋਕਾਂ ਨੇ ਕਰਨਾ ਹੈ।
ਡਾ. ਰੌਣਕੀ ਰਾਮ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਦੂਜੀ ਸੰਸਾਰ ਜੰਗ ਪਿੱਛੋਂ ਆਰਥਿਕ ਮੰਦੀ ਦਾ ਦੌਰ ਸੀ। ਸਰਮਾਏਦਾਰੀ ਤੇ ਸਮਾਜਵਾਦ ਦੋ ਵਿਚਾਰਧਾਰਾ ਹਨ। ਸ਼ੋਸ਼ਲ ਡੈਮੋਕਰੇਸੀ ਇੱਕ ਵਿਕਲਪ ਹੈ। ਜੇ ਵਿਚਾਰਾਂ ਦੀ ਪ੍ਰੋੜਤਾ ਨਹੀਂ ਹੁੰਦੀ ਤਾਂ ਅਹੁਦਾ ਤਿਆਗ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਅੱਤਵਾਦ ਸਮੇਂ ਸਟੇਟ ਦਾ ਵੀ ਰੋਲ ਸੀ। ਇਨਕਲਾਬ ਤਾਂ ਇਨਕਲਾਬੀ ਵਿਚਾਰਾਂ ਉਤੇ ਅਮਲ ਕਰਕੇ ਹੀ ਹੋਣਾ ਹੈ।
ਡਾ. ਜਗਦੀਸ਼ ਚੰਦਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਕੇਵਲ ਇਨਕਲਾਬੀ ਪਾਰਟੀ ਹੀ ਇਨਕਲਾਬ ਕਰ ਸਕਦੀ ਹੈ। ਪੂੰਜੀਵਾਦ ਕੋਲ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸਮਾਜਵਾਦ ਹੀ ਲੋਕ ਕਲਿਆਣ ਦਾ ਮਾਰਗ ਹੈ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ ਡਾ. ਗੁਲਜ਼ਾਰ ਸਿੰਘ ਸੰਧੂ, ਡਾ. ਸੁਰਜੀਤ ਕੌਰ ਸੰਧੂ, ਡਾ. ਅਮੀਰ ਸੁਲਤਾਨਾ, ਡਾ. ਮਨੀਸ਼ ਗੋਸਵਾਮੀ, ਡਾ. ਰਾਬਿੰਦਰ ਨਾਥ ਸ਼ਰਮਾ, ਡਾ. ਨਵਨੀਤ ਕੌਰ, ਪੱਤਰਕਾਰ ਮਨਦੀਪ ਪੁਨੀਆ, ਜਸਵੀਰ ਸਮਰ, ਪ੍ਰੀਤਮ ਰੁਪਾਲ, ਚਰਨਜੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਮੇਜਰ ਸਿੰਘ, ਨਰਾਇਣ ਸਿੰਘ, ਪੁਸ਼ਪਾ, ਗੁਰਨਾਮ ਸਿੰਘ, ਇੰਦਰਜੀਤ ਸਿੰਘ ਭਾਟੀਆ, ਕਮਲ ਦੁਸਾਂਝ, ਹਜ਼ਾਰਾ ਸਿੰਘ, ਗੁਰਵਿੰਦਰ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ, ਅਮਰ ਸਿੰਘ, ਰਮਿੰਦਰ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਭਜਨ ਦਾਸ, ਸੁਖਬੀਰ ਸਿੰਘ, ਬਲਬੀਰ ਸਿੰਘ ਸੈਣੀ, ਗੁਲਜ਼ਾਰ ਸਿੰਘ, ਅਜੇ ਵਰਮਾ, ਸੱਜਣ ਸਿੰਘ, ਰਵੀ ਕੰਵਰ, ਗੁਰਦਰਸ਼ਨ ਸਿੰਘ ਬੀਕਾ, ਪਰਮਜੀਤ ਸਿੰਘ, ਰਾਮ ਆਸਰੇ, ਜਗਤਾਰ ਸਿੰਘ, ਸਤੀਸ਼ ਕੁਮਾਰ ਖੋਸਲਾ, ਮੋਹਨ ਲਾਲ ਰਾਹੀ, ਬਲਵਿੰਦਰ ਸਿੰਘ, ਬੋਧ ਰਾਜ ਕਾਂਤ, ਗੁਰਪਾਲ ਸਿੰਘ, ਸੁਖਦੇਵ ਸਿੰਘ, ਸੁਖਦੀਪ ਸਿੰਘ, ਮਹਿੰਦਰ ਸਿੰਘ ਮਾਵੀ, ਸੁਖਦੇਵ ਸਿੰਘ, ਪੰਕਜ ਕੁਮਾਰ, ਸੁਰਜੀਤ ਸਿੰਘ ਸੈਣੀ, ਪ੍ਰਭਦੇਵ ਸਿੰਘ ਉਪਲ, ਦਿਲਦਾਰ ਸਿੰਘ, ਰਮਿੰਦਰਪਾਲ ਸਿੰਘ, ਵਿਨੋਦ ਕੁਮਾਰ, ਅਜੇ ਸਿੰਗਲਾ, ਸੁਖਵਿੰਦਰ ਸਿੰਘ ਰਫ਼ੀਕ, ਕਲਬੀਰ ਸਿੰਘ, ਪਰਵਿੰਦਰ ਸਿੰਘ ਸਮੇਤ 70 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।
