
ਸਿੱਧਵਾਂ ਬੇਟ: ਥਾਣਾ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਕੋਟੁੳਮਰਾ, ਗੋਰਸੀਆਂ ਖਾਨ ਮੁਹੰਮਦ ਅਤੇ ਕਈ ਹੋਰ ਪਿੰਡਾਂ ਵਿੱਚ ਔਰਤਾਂ ਦੀ ਹੋ ਬੇਪਤੀ ਅਤੇ ਨਸ਼ਿਆਂ ਖਿਲਾਫ ਅੱਜ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾ. ਬਲਜੀਤ ਸਿੰਘ ਗੋਰਸੀਆਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਆਰਐੱਮਪੀਆਈ ਦੇ ਤਹਿਸੀਲ ਸਕੱਤਰ ਮਾ. ਗੁਰਮੇਲ ਸਿੰਘ ਰੂਮੀ ਦੀ ਅਗਵਾਈ ਹੇਠ ਕੜਕਦੀ ਧੁੱਪ ਵਿੱਚ ਥਾਣਾ ਸਿੱਧਵਾਂ ਬੇਟ ਅੱਗੇ ਧਰਨਾ ਲਗਾਇਆ ਗਿਆ| ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਭੜਾਸ ਕੱਢੀ ਗਈ।
ਇਸ ਧਰਨੇ ਵਿੱਚ ਸਰਕਾਰੀ ਧੱਕੇਸ਼ਾਹੀ ਅਤੇ ਪੁਲਿਸ ਦੀ ਬੇਰੁੱਖੀ ਦਾ ਸ਼ਿਕਾਰ ਔਰਤਾਂ ਤੋਂ ਇਲਾਵਾ ਪਿਛਲੇ ਸਮੇਂ ਤੋਂ ਇਨਸਾਫ ਲੈਣ ਲਈ ਥਾਣੇ ਦੇ ਚੱਕਰ ਲਗਾ ਰਹੇ ਲੋਕ ਪਹੁੰਚੇ ਹੋਏ ਸਨ| ਇਸ ਧਰਨੇ ਨੂੰ ਸੰਬੋਧਨ ਕਰਨ ਲਈ ਪੁੱਜੇ ਔਰਤ ਮੁਕਤੀ ਮੋਰਚਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਜੈਪਾਲ ਨੇ ਸਥਾਨਿਕ ਪੁਲਿਸ ‘ਤੇ ਵਰ੍ਹਦੇ ਹੋਏ ਆਖਿਆ ਕਿ ਪੁਲਿਸ ਸਭ ਦੀ ਰਖਵਾਲੀ ਲਈ ਹੁੰਦੀ ਹੈ ਅਤੇ ਉਸ ਨੂੰ ਹਾਕਮ ਧਿਰ ਦੇ ਲੋਕਾਂ ਦੀ ਨਹੀਂ ਸਗੋਂ ਹਰ ਇੱਕ ਨੂੰ ਇਨਸਾਫ ਦੇਣਾ ਚਾਹੀਦਾ ਹੈ। ਉਨਾਂ ਆਖਿਆ ਕਿ ਜਿਸ ਤਰਾਂ ਬੀਬੀ ਪ੍ਰਕਾਸ਼ ਕੌਰ ਕੋਟਉਮਰਾ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰਕੇ ਉਸ ਦੀ ਬੇਇਜਤੀ ਕੀਤੀ ਅਤੇ ਉਸ ਦੀ ਚੁੰਨੀ ਨੂੰ ਹਵਾ ਵਿੱਚ ਲਹਿਰਾਇਆ ਅਜਿਹੀ ਘਟਨਾ ਸਾਡੇ ਸਮਾਜ ‘ਤੇ ਕਲੰਕ ਹੈ| ਅਜਿਹੀਆਂ ਘਟਨਾਵਾਂ ਆਜਾਦੀ ਦੇ 77 ਸਾਲ ਬੀਤ ਜਾਣ ‘ਤੇ ਵੀ ਖਤਮ ਨਹੀਂ ਹੋਈਆਂ। ਉਨਾਂ ਪ੍ਰਕਾਸ਼ ਕੌਰ ਸਮੇਤ ਹੋਰ ਪੀੜਿਤ ਔਰਤਾਂ ਨੂੰ ਇੱਕ ਹਫਤੇ ਵਿੱਚ ਇਨਸਾਫ ਦਿਵਾਉਣ ਦਾ ਵਾਅਦਾ ਕਰਦਿਆਂ ਥਾਣਾ ਮੁਖੀ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਖਿਆ।
ਇਸ ਮੌਕੇ ਕਾ. ਬਲਜੀਤ ਸਿੰਘ ਗੋਰਸੀਆਂ, ਕਾ. ਬਲਰਾਜ ਸਿੰਘ ਕੋਟਉਮਰਾ, ਮਾ.ਗੁਰਮੇਲ ਸਿੰਘ ਰੂੰਮੀ, ਕਾ. ਨਿਰਮਲ ਸਿੰਘ ਧਾਲੀਵਾਲ ਨੇ ਵੀ ਥਾਣਾ ਮੁਖੀ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਆਖਿਆ ਕਿ ਬੇਟ ਇਲਾਕੇ ਵਿੱਚ ਇੱਕ ਤਰਾਂ ਦਾ ਗੁੰਡਾ ਰਾਜ ਹੈ ਅਤੇ ਥਾਣੇ ਵਿੱਚ ਹਾਕਮ ਵਿਰੋਧੀ ਵਿਅਕਤੀ ਨੂੰ ਇਨਸਾਫ ਨਹੀਂ ਮਿਲ ਰਿਹਾ| ਇਲਾਕੇ ਅੰਦਰ ਨਸ਼ਿਆਂ ਦਾ ਕਾਰੋਬਾਰ ਵੀ ਧੜੱਲੇ ਨਾਲ ਚੱਲ ਰਿਹਾ ਹੈ।
ਧਰਨੇ ਨੂੰ ਸ਼ਾਂਤ ਕਰਵਾਉਣ ਲਈ ਪੁੱਜੇ ਥਾਣਾ ਮੁਖੀ ਇੰਸ. ਹੀਰਾ ਸਿੰਘ ਨੇ ਆਖਿਆ ਕਿ ਇੱਕ ਹਫਤੇ ਵਿੱਚ ਸਾਰੇ ਮਾਮਲਿਆਂ ਦੀ ਬਰੀਕੀ ਨਾਲ ਜਾਂਚ ਕਰਕੇ ਅਤੇ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਹਰ ਔਰਤ ਨੂੰ ਇਨਸਾਫ ਦਿੱਤਾ ਜਾਵੇਗਾ। ਉਨਾਂ ਇਲਾਕੇ ਅੰਦਰ ਚਿੱਟੇ ਦੇ ਕਾਰੋਬਾਰ ਦੇ ਲੈ ਕੇ ਧਰਨੇ ਵਿੱਚ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਆਖਿਆ ਕਿ ਜਨਵਰੀ-2025 ਤੋਂ ਹੁਣ ਤੱਕ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਦੇ 62 ਮਾਮਲੇ ਦਰਜ ਹੋ ਚੁੱਕੇ ਹਨ, ਜੋ ਪੁਲਿਸ ਦੀ ਵੱਡੀ ਪ੍ਰਾਪਤੀ ਹੈ।
ਇਸ ਮੌਕੇ ਕਾ. ਕੇਵਲ ਸਿੰਘ ਮੁੱਲਾਂਪੁਰ, ਸਰਪੰਚ ਹਰਮੇਸ਼ ਸਿੰਘ ਕੋਟਉਮਰਾ, ਸਾਬਕਾ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸੁੱਖਾ, ਸਾਬਕਾ ਸਰਪੰਚ ਬਲਦੇਵ ਸਿੰਘ, ਪ੍ਰਧਾਨ ਸੰਦੀਪ ਸਿੰਘ ਐਸ.ਸੀ. ਵਿੰਗ ਕਾਂਗਰਸ, ਗੁਰਦੇਵ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਸੁਖਮਿੰਦਰ ਕੌਰ, ਸਲਿੰਦਰਾ ਬਾਈ, ਮਲ ਸਿੰਘ, ਪੰਚਬਾਰਾ ਸਿੰਘ, ਪੰਚ ਗੁਰਦੇਵ ਕੌਰ, ਲਖਬੀਰ ਸਿੰਘ, ਮੱਖਣ ਸਿੰਘ, ਕਿਰਪਾਲ ਸਿੰਘ ਕੋਟਮਾਨ, ਦਰਸ਼ਨ ਸਿੰਘ, ਦੀਵਾਨ ਸਿੰਘ, ਕੁਲਦੀਪ ਕੌਰ ਅਤੇ ਪ੍ਰਕਾਸ਼ ਕੌਰ ਤੋਂ ਇਲਾਵਾ ਇਲਾਕੇ ਦੀਆਂ ਹੋਰ ਬੀਬੀਆਂ ਹਾਜ਼ਰ ਸਨ।