
ਮੁਕੰਦਪੁਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਕਾਮਰੇਡ ਹਰਬੰਸ ਸਿੰਘ ਬੀਕਾ ਦੀ 38ਵੀਂ ਬਰਸੀ ਮੌਕੇ ਸ਼ਹੀਦੀ ਸਮਾਗਮ ਪਿੰਡ ਬੀਕਾ ਵਿਖੇ ਕਾਮਰੇਡ ਅਜੀਤ ਸਿੰਘ, ਡਾ. ਬਲਦੇਵ ਬੀਕਾ ਅਤੇ ਕਾਮਰੇਡ ਗੁਰਦੀਪ ਸਿੰਘ ਬੀਕਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਹੀਦ ਕਾਮਰੇਡ ਹਰਬੰਸ ਸਿੰਘ ਬੀਕਾ ਦੀ ਯਾਦਗਾਰ ਵਿਖੇ ਲਾਲ ਝੰਡਾ ਝੁਲਾਉਣ ਦੀ ਰਸਮ ਸ੍ਰੀ ਬਿਮਲ ਕਿਸ਼ੋਰ, ਸਾਬਕਾ ਸਰਪੰਚ ਪਿੰਡ ਬਖਲੌਰ ਵਲੋਂ ਨਿਭਾਈ ਗਈ। ਇਸ ਸਮੇਂ ਜ਼ਿਲ੍ਹਾ ਸਕੱਤਰ ਕਾ. ਕੁਲਦੀਪ ਸਿੰਘ ਦੌੜਕਾ ਨੇ ਸ਼ਹੀਦ ਕਾਮਰੇਡ ਹਰਬੰਸ ਸਿੰਘ ਬੀਕਾ ਨਾਲ ਬਤੀਤ ਕੀਤੇ ਸਮੇਂ ਨੂੰ ਯਾਦ ਕਰਦਿਆਂ ਤਜਰਬਿਆਂ ਨੂੰ ਸਾਂਝੇ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪਹਿਲਗਾਮ ਵਿੱਚ ਕੇਂਦਰ ਸਰਕਾਰ ਵਲੋਂ ਸੁਰੱਖਿਆ ਹਟਾਉਣ ਕਾਰਨ ਦਹਿਸ਼ਤ ਗਰਦਾਂ ਵਲੋਂ ਕੀਤੇ ਕਤਲੇਆਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਉਹਨਾਂ ਦੇਸ਼ ਦੀ ਆਜ਼ਾਦੀ, ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਫਿਰਕੂ ਫਾਸ਼ੀਵਾਦੀ ਤਾਕਤਾਂ ਖਿਲਾਫ ਲੜਨ ਦਾ ਅਹਿਦ ਕੀਤਾ। ਉਨ੍ਹਾਂ ਦੇਸ਼ ਦੇ ਵਿਕਾਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਨੇ ਆਪਣੇ ਸੰਬੋਧਨ ਵਿੱਚ ਮੌਜੂਦਾ ਸਮੇਂ ਦੀ ਕੱਟੜਵਾਦੀ -ਫਿਰਕਾਪ੍ਰਸਤੀ ਦੇ ਵਹਿਸ਼ੀਪੁਣੇ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਤੇ ਇਸ ਵਿਰੁੱਧ ਲਾਮਬੰਦੀ ਹੀ ਸਹੀ ਹੱਲ ਦੱਸਿਆ ਜੋ ਸ਼ਹੀਦ ਹਰਬੰਸ ਸਿੰਘ ਬੀਕਾ ਦਾ ਸਹੀ ਰਾਹ ਹੈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਬਲਦੇਵ ਸਿੰਘ ਨੂਰਪੁਰੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਥੀ ਹਰਬੰਸ ਸਿੰਘ ਬੀਕਾ ਵੀ ਦਿਹਾਤੀ ਮਜ਼ਦੂਰ ਸਭਾ ਦੇ ਬਾਨੀ ਆਗੂਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਮਜ਼ਦੂਰ ਜਮਾਤ ਲਈ ਦ੍ਰਿੜਤਾ ਨਾਲ ਘੋਲ਼ ਲੜੇ। ਸ਼ਹੀਦ ਬੀਕਾ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਲਈ ਹਰੇਕ ਸਾਥੀ ਨੂੰ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਜਸਵੀਰ ਮੋਰੋਂ, ਹਰੀ ਬਿਲਾਸ ਹੀਉਂ, ਸੁਰਿੰਦਰ ਭੱਟੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਕਰਨੈਲ ਚੱਕ ਬਿਲਗਾ, ਪਾਲੀ, ਸੋਢੀ ਰਾਮ ਸਾਬਕਾ ਸਰਪੰਚ ਜਗਤਪੁਰ, ਬਲਿਹਾਰ ਸਿੰਘ ਪੰਚ, ਬਹਾਦਰ ਸਿੰਘ, ਡਾ: ਸੁਨੀਤਾ ਬੀਕਾ, ਹਰਨੇਕ ਬੀਕਾ, ਪਰਮਜੀਤ ਪੰਚ, ਵਿਜੈ ਬਘੌਰਾ, ਅਮਰਜੀਤ ਆਦਿ ਹਾਜ਼ਰ ਸਨ।