
ਭਿੱਖੀਵਿੰਡ: ਦਿਹਾਤੀ ਮਜ਼ਦੂਰ ਸਭਾ ਦੀ ਇੱਕ ਮੀਟਿੰਗ ਗੁਰਬੀਰ ਭੱਟੀ ਰਾਜੋਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਸਵੰਤ ਸਿੰਘ ਭਿੱਖੀਵਿੰਡ, ਲਾਜ਼ਰ ਲਾਖਣਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਮਜ਼ਦੂਰ ਵਰਗ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋ-ਘੱਟ ਪੰਜ ਹਜ਼ਾਰ ਕੀਤੀ ਜਾਵੇ। ਪੰਚਾਇਤੀ ਜ਼ਮੀਨ ਵਿੱਚੋਂ ਦੱਸ ਦੱਸ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਬਣਾਉਣ ਲਈ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪਿੰਡਾਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੀਆਂ ਕਮੇਟੀਆਂ ਬਣਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਮਜ਼ਦੂਰ ਵਰਗ ਦਾ ਖ਼ੂਨ ਨਿਚੋੜਿਆ ਜਾਵੇ ਤੇ ਪੰਜਾਬ ਸਰਕਾਰ ਨੌਜਵਾਨਾ ਨੂੰ ਰੋਜ਼ਗਾਰ ਦੇਣ ਦੀ ਬਜਾਏ ਘਰ ਬੈਠਿਆਂ ਨੂੰ ਪਰਚਿਆਂ ਨਾਲ ਨਿਵਾਜ ਰਹੀ ਹੈ। ਸਾਡੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ। ਮੀਟਿੰਗ ਦੇ ਅੰਤ ਵਿੱਚ ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਰਾਜੋਕੇ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਭੋਲਾ ਸਿੰਘ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਸੁਖਦੇਵ ਸਿੰਘ ਚੁਣੇ ਜਾਣ ਤੋਂ ਇਲਾਵਾ ਬਾਕੀ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਬਖਸ਼ੀਸ਼ ਸਿੰਘ, ਦਿਲਬਾਗ ਸਿੰਘ, ਸ਼ਰਵਨ ਸਿੰਘ, ਬਲਦੇਵ ਸਿੰਘ, ਸੁਖਰਾਜ ਸਿੰਘ, ਬਲਜਿੰਦਰ ਸਿੰਘ, ਬੋਹੜ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।