
ਮੁਕਤਸਰ ਸਾਹਿਬ: ਅੱਜ ਇੱਥੇ ਸਥਾਨਕ ਡੀਸੀ ਦਫ਼ਤਰ ਸਾਹਮਣੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਪ੍ਰਭਾਵਸ਼ਾਲੀ ਧਰਨਾ ਪ੍ਰਦਰਸ਼ਨ ਕਰਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ।
ਭਾਰੀ ਬਾਰਿਸ਼ਾਂ ਕਾਰਨ ਅਤੇ ਹੜ੍ਹਾਂ ਕਾਰਨ ਮਜ਼ਦੂਰਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਲੈ ਕੇ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਸਾਹਮਣੇ ਮਾਰੇ ਗਏ ਧਰਨਿਆਂ ਦੀ ਕੜੀ ਤਹਿਤ ਇੱਥੇ ਵੱਡਾ ਇਕੱਠ ਕਰਕੇ ਧਰਨਾ ਮਾਰਿਆ ਗਿਆ। ਧਰਨੇ ਵਿੱਚ ਸ਼ਾਮਿਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਮਨਰੇਗਾ ਵਰਕਰਜ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਸਭਾ ਦੇ ਆਗੂਆਂ ਤੇ ਵਰਕਰਾਂ ਨੇ ਭਰਵੀ ਸ਼ਮੂਲੀਅਤ ਕੀਤੀ।
ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਜੀਤ ਸਿੰਘ ਮਦਰੱਸਾ, ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਲਾਲ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਸੀਰਲੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਨਾਨਕ ਚੰਦ ਬਜਾਜ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਦੀ ਜੰਮ ਕੇ ਨਿੰਦਾ ਕੀਤੀ ਅਤੇ ਕਿਹਾ ਕਿ ਦੋਵਾਂ ਸਰਕਾਰਾਂ ਨੇ ਹੜਾਂ ਕਾਰਨ ਲੋਕਾਂ ਦੇ ਹੋਏ ਜਾਨੀ ਮਾਲੀ ਨੂੰ ਨੁਕਸਾਨ ਲਈ ਕੋਈ ਮਦਦ ਨਹੀਂ ਕੀਤੀ। ਮੋਦੀ ਸਰਕਾਰ ਨੇ ਤਾਂ ਬਿਲਕੁਲ ਸ਼ਰਮ ਹੀ ਲਾ ਦਿੱਤੀ ਅਤੇ ਧੇਲਾ ਵੀ ਨਾ ਕੇਂਦਰ ਸਰਕਾਰ ਨੇ ਅਤੇ ਨਾ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੇ ਪੱਲੇ ਪਾਇਆ। ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਨਰੇਗਾ ਅਧੀਨ ਲੰਮੇ ਸਮੇਂ ਲਈ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਕੀਤੀ ਜਾਵੇ, ਬਾਰਸ਼ਾਂ ਕਾਰਨ ਡਿੱਗੇ ਅਤੇ ਪਾਟ ਗਏ ਘਰਾਂ ਦਾ ਪੂਰਾ ਸਰਵਾ ਕਰਕੇ ਉਹਨਾਂ ਨੂੰ ਬਣਨ ਦੇ ਹੱਕ ਦਿੱਤੇ ਜਾਣ ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਮਜ਼ਦੂਰਾਂ ਦੀ ਸਾਰ ਨਾ ਲਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।