Now Reading
ਦਿਹਾਤੀ ਮਜ਼ਦੂਰ ਸਭਾ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤਿੱਖੇ ਬੱਝਵੇਂ ਘੋਲ ਵਿੱਢਣ ਦਾ ਦਿੱਤਾ ਹੋਕਾ

ਦਿਹਾਤੀ ਮਜ਼ਦੂਰ ਸਭਾ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਤਿੱਖੇ ਬੱਝਵੇਂ ਘੋਲ ਵਿੱਢਣ ਦਾ ਦਿੱਤਾ ਹੋਕਾ


ਜਲੰਧਰ: ਦਿਹਾਤੀ ਮਜ਼ਦੂਰ ਸਭਾ ਵੱਲੋਂ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ’ ਵਿਖੇ ਅੱਜ ਸੂਬੇ ਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਮਜ਼ਦੂਰਾਂ ਤੇ ਗਰੀਬਾਂ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਵਿਸ਼ਾਲ ਸੂਬਾਈ ਰੈਲੀ ਕੀਤੀ ਗਈ। ਸ਼ਹੀਦ-ਇ-ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਰੈਲੀ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕੀਤੀ। ਖ਼ਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਹਜ਼ਾਰਾਂ ਮਰਦ-ਔਰਤਾਂ ਹੱਥਾਂ ‘ਚ ਲਾਲ ਝੰਡੇ ਫੜ੍ਹੀ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇ ਮਾਰਦੇ ਹੋਏ ਰੈਲੀ ‘ਚ ਸ਼ਾਮਲ ਹੋਏ।
ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਦਰਜਾਕੇ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਅਤੇ ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਦੀਪਕ ਠਾਕੁਰ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸੂਬਾ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਸਿੰਘ ਨੇ ਕੀਤਾ। ਅਮਰੀਕ ਸਿੰਘ ਦਾਊਦ, ਪਰਮਜੀਤ ਰੰਧਾਵਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਨਾਮ ਸਿੰਘ ਭਿੰਡਰ, ਜਗਜੀਤ ਸਿੰਘ ਜੱਸੇਆਣਾ ਵੀ ਮੰਚ ‘ਤੇ ਬਿਰਾਜਮਾਨ ਸਨ ‌‌।
ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪੇਂਡੂ ਕਿਰਤੀਆਂ ਨੂੰ ਰੁਜ਼ਗਾਰ ਤੋਂ ਵਾਂਝੇ ਕਰਦਾ ਵੀ.ਬੀ. ਜੀ.ਰਾਮ.ਜੀ. ਕਾਨੂੰਨ ਰੱਦ ਕਰਕੇ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ 700 ਰੁਪਏ ਦਿਹਾੜੀ ਤਹਿਤ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ, ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਨਿੱਤ ਵਰਤੋਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਸਰਕਾਰ ਵਲੋਂ ਸਰਵ ਜਨਕ ਜਨਤਕ ਵੰਡ ਪ੍ਰਣਾਲੀ ਤਹਿਤ ਡੀਪੂਆਂ ਰਾਹੀਂ ਅਤਿ ਸਸਤੇ ਭਾਅ ‘ਤੇ ਦਿੱਤੀਆਂ ਜਾਣ, ਗਰੀਬਾਂ ਦਾ ਸਰਕਾਰੀ, ਗੈਰ ਸਰਕਾਰੀ, ਸਹਿਕਾਰੀ, ਮਾਈਕਰੋ ਫਾਇਨਾਂਸ ਕੰਪਨੀਆਂ ਸਮੇਤ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਔਰਤਾਂ ਦੇ 1000 ਤੇ 1500 ਰੁਪਏ ਪਿਛਲੇ ਚਾਰ ਸਾਲ ਦੇ ਬਕਾਏ ਸਮੇਤ ਉਨ੍ਹਾਂ ਦੇ ਖਾਤਿਆਂ ‘ਚ ਪਾਏ ਜਾਣ, ਬੁਢਾਪਾ-ਵਿਧਵਾ-ਅੰਗਹੀਣ-ਆਸ਼ਰਿਤ ਪੈਨਸ਼ਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਗਾਤਾਰ ਦਿੱਤੀ ਜਾਵੇ ਅਤੇ ਪੈਨਸ਼ਨ ਦੇਣ ਲਈ ਔਰਤਾਂ ਦੀ ਉਮਰ 55 ਤੇ ਮਰਦਾਂ ਦੀ 58 ਸਾਲ ਮਿਥੀ ਜਾਵੇ, ਮੋਦੀ-ਮਾਨ ਸਰਕਾਰਾਂ ਵਲੋਂ ਚੋਣਾਂ ‘ਚ ਕੀਤੇ ਵਾਅਦੇ ਤੇ ਗਾਰੰਟੀਆਂ ਇੰਨ-ਬਿੰਨ ਲਾਗੂ ਕੀਤੀਆਂ ਜਾਣ, ਪ੍ਰਸਤਾਵਤ ਬਿਜਲੀ ਤੇ ਬੀਜ ਸੋਧ ਬਿੱਲ 2025 ਰੱਦ ਕੀਤੇ ਜਾਣ, ਬੇਘਰਿਆਂ ਤੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਚਾਰ ਲੇਬਰ ਕੋਡ ਰੱਦ ਕਰਕੇ, ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ, ਭੂਮੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨਿਆਂ ‘ਚ ਮੁਫ਼ਤ ਵੰਡੀ ਜਾਵੇ, ਦਲਿਤਾਂ-ਔਰਤਾਂ ਖਿਲਾਫ਼ ਹੁੰਦਾ ਜਾਤੀਵਾਦੀ ਤੇ ਲਿੰਗਕ ਜ਼ਬਰ ਤੇ ਵਿਤਕਰਾ ਬੰਦ ਕੀਤਾ ਜਾਵੇ ਅਤੇ ਸੰਘਰਸ਼ੀ ਮਜ਼ਦੂਰਾਂ-ਕਿਸਾਨਾਂ, ਮੁਲਾਜ਼ਮਾਂ ਖਿਲਾਫ਼ ਦਰਜ ਝੂਠੇ ਕੇਸ ਵਾਪਸ ਲਏ ਜਾਣ। ਇਸ ਮੌਕੇ ਉਚੇਚੇ ਪਹੁੰਚੇ ਜਮਹੂਰੀ ਲਹਿਰ ਦੇ ਕੌਮੀ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਮਰੀਕਾ-ਇਜ਼ਰਾਇਲ ਵਲੋਂ ਈਰਾਨ ਖਿਲਾਫ ਵਿੱਢੀ, ਬੱਚਿਆਂ-ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕਾਂ ਦੀ ਬਲੀ ਲੈਣ ਵਾਲੀ ਨਿਹੱਕੀ ਜੰਗ ਨੇ ਭਾਰਤ ਸਣੇ ਸੰਸਾਰ ਦੇ ਸਾਰੇ ਦੇਸ਼ ਡੂੰਘੇ ਆਰਥਕ ਸੰਕਟ ਵੱਲ ਧੱਕ ਦਿੱਤੇ ਹਨ ਅਤੇ ਲੋਕੀਂ ਤੇਲ-ਗੈਸ, ਅਨਾਜ ਤੇ ਹੋਰ ਖੁਰਾਕੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ ਤੇ ਕਾਲਾ ਬਾਜ਼ਾਰੀ ਦਾ ਸੰਤਾਪ ਭੋਗ ਰਹੇ ਹਨ। ਜੰਗਬਾਜਾਂ ਮੂਹਰੇ ਗੋਡੇ ਟੇਕ ਕੇ ਭਾਰਤ ਦੀ ਸਾਖ ਨੂੰ ਬੱਟਾ ਲਾਉਣ ਵਾਲੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਆਰਐਸਐਸ ਦੇ ਚਾਟੜਿਆਂ ਨੇ ਦੇਸ਼ ਦੀ ਹੋਣੀ ਜ਼ਾਲਿਮ ਧਾੜਵੀਆਂ ਨਾਲ ਨੱਥੀ ਕਰ ਦਿੱਤੀ ਹੈ, ਕਿਉਂਕਿ ਤਾਨਾਸ਼ਾਹ ਟਰੰਪ, ਘੋਰ ਨਸਲਵਾਦੀ ਨੇਤਨਯਾਹੂ ਤੇ ਲੋਕਰਾਜ ਦਾ ਜਨਮਜਾਤ ਵੈਰੀ ਮੋਦੀ ਮੁਸੋਲਿਨੀ ਤੇ ਹਿਟਲਰ ਵਰਗੇ ਫਾਸਿਸਟਾਂ ਤੇ ਨਾਜ਼ੀਆਂ ਦੀ ਅਮਾਨਵੀ ਸੋਚ ਦੇ ਪਿਛਲੱਗ ਹਨ। ਉਨ੍ਹਾਂ ਭਾਰਤੀ ਕਿਰਤੀਆਂ ਤੇ ਮਿਹਨਤੀ ਵਸੋਂ ਨੂੰ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਹਿਤ ਪੂਰਨ ਲਈ ਘੜੀਆਂ ਨਵ-ਉਦਾਰਵਾਦੀ ਨੀਤੀਆਂ; ਦੇਸ਼ ਦੀ ਸਵੈ ਨਿਰਭਰਤਾ ਤੇ ਖੁਦ ਮੁਖਤਿਆਰੀ ਦਾ ਖਾਤਮਾ ਕਰਨ ਵਾਲੇ ‘ਵਿਦੇਸ਼ ਵਪਾਰ ਸਮਝੌਤਿਆਂ’ ਰੂਪੀ ਨਵਬਸਤੀਵਾਦੀ ਗੁਲਾਮੀ ਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਨਵਾਂ ਕੌਮੀ ਮੁਕਤੀ ਯੁੱਧ ਛੇੜਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਫਿਰਕੂ-ਜਾਤੀਵਾਦੀ ਵੰਡ ਤਿੱਖੀ ਕਰਨ ਤੇ ਧਰਮ ਆਧਾਰਿਤ ਪਿਛਾਖੜੀ ਢਾਂਚਾ ਕਾਇਮ ਕਰਨ ਲਈ ਸੰਘ-ਭਾਜਪਾ ਤੇ ਮੋਦੀ ਸਰਕਾਰ ਵਲੋਂ ਮੁਸਲਿਮ ਤੇ ਈਸਾਈ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਬਾਇਲੀਆਂ ਦੇ ਕੀਤੇ ਜਾ ਰਹੇ ਕਤਲ ਤੇ ਇਨ੍ਹਾਂ ‘ਤੇ ਢਾਹੇ ਜਾ ਰਹੇ ਅਕਹਿ ਜ਼ੁਲਮਾਂ ਦਾ ਅੰਤਮ ਨਿਸ਼ਾਨਾ ਹਿੰਦੂ ਭਾਈਚਾਰੇ ਸਮੇਤ ਦੇਸ਼ ਦੀ ਸਮੁੱਚੀ ਕਿਰਤੀ ਵਸੋਂ ਤੇ ਅਗਾਂਹਵਧੂ ਲੋਕ ਬਣਨਗੇ। ਖੇਤੀ-ਬਾੜੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਤੇ ਪ੍ਰਚੂਨ ਵਪਾਰ ਦਾ ਯੋਜਨਾਬੱਧ ਖਾਤਮਾ ਕੀਤੇ ਜਾਣ ਤੇ ਕਿਰਤ ਕਾਨੂੰਨ ਖਾਰਜ ਕਰਕੇ ਕਿਰਤੀ ਮਾਰੂ ਚਾਰ ਕਿਰਤ ਕੋਡ ਘੜਨ ਰਾਹੀਂ ਇਸ ਤੱਥ ਦੀ ਬਾਖੂਬੀ ਪੁਸ਼ਟੀ ਹੋ ਜਾਂਦੀ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਾ ਤਸਕਰੀ, ਭ੍ਰਿਸ਼ਟਾਚਾਰ, ਅਪਰਾਧਿਕ ਵਾਰਦਾਤਾਂ, ਰੇਤ-ਬਜਰੀ ਮਾਫੀਆ ਦੀ ਲੁੱਟ ਅਤੇ ਲੜ ਰਹੇ ਲੋਕਾਂ ‘ਤੇ ਪੁਲਸ ਜਬਰ ਦਾ ਬੇਲਗਾਮ ਵਾਧਾ ਦੱਸਦਾ ਹੈ ਕਿ ‘ਆਪ’ ਦਾ ਬਦਲਾਅ ਦਾ ਦਮਗਜਾ ਸੂਬੇ ਦੇ ਲੋਕਾਂ ਨਾਲ ਅੱਜ ਤਾਈਂ ਦਾ ਸਭ ਤੋਂ ਵੱਡਾ ਸਿਆਸੀ ਧੋਖਾ ਹੈ। ‘ਉਨ੍ਹਾਂ ਕਿਹਾ ਕਿ ਹਰ ਮੁਹਾਜ ‘ਤੇ ਆਪਣੀ ਅਸਲੋਂ ਨਖਿੱਧ ਕਾਰਗੁਜ਼ਾਰੀ ਦੀ ਪਰਦਾਪੋਸ਼ੀ ਲਈ ਮੁੱਖ ਮੰਤਰੀ ਇਸ਼ਤਿਹਾਰਬਾਜੀ ‘ਤੇ ਹਜ਼ਾਰਾਂ ਕਰੋੜ ਰੁਪਏ ਫੂਕ ਰਿਹਾ ਹੈ ਤੇ ਵੋਟਾਂ ਬਟੋਰਨ ਲਈ ਰਿਆਇਤਾਂ ਦੇ ਗੱਫੇ ਵੰਡ ਰਿਹਾ ਹੈ। ਇਹੋ ਨਹੀਂ ਆਪਣੇ ਪਾਪ ਕੱਜਣ ਲਈ ਮੁੱਖ ਮੰਤਰੀ ਪ੍ਰੈਸ ਦੀ ਆਜ਼ਾਦੀ ਦਾ ਵੀ ਗਲਾ ਘੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੰਕਟਮਈ ਦੌਰ ‘ਚ ਸਿੱਖ ਗੁਰੂ ਸਾਹਿਬਾਨ ਦੀ ਮਾਨਵੀ ਬਾਣੀ ਤੇ ਭਗਤੀ ਲਹਿਰ ਦੇ ਰਹਿਬਰਾਂ ਦੀਆਂ ਸਿਖਿਆਵਾਂ ਦੇ ਪੈਰੋਕਾਰਾਂ, ਭਗਤ ਸਿੰਘ ਦੀ ਸੋਚ ਨੂੰ ਪ੍ਰਣਾਏ ਖੱਬੇ ਪੱਖੀਆਂ, ਲੋਕਰਾਜ ਤੇ ਧਰਮ ਨਿਰਪੱਖਤਾ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਅਤੇ ਅੰਬੇਦਕਰ ਦੀ ਸੋਚ ਦੇ ਖਰੇ ਪੈਰੋਕਾਰਾਂ ਦਾ ਸਾਂਝਾ ਮੁਹਾਜ ਅਤੇ ਬੱਝਵਾਂ ਲੋਕ ਯੁੱਧ ਹੀ ਲੋਕਾਈ ਨੂੰ ਭੁੱਖ-ਦੁੱਖ ਤੇ ਜਿੱਲਤ ਤੋਂ ਮੁਕਤੀ ਦੁਆ ਸਕਦਾ ਹੈ।

Scroll To Top