
ਅਜਨਾਲਾ: ਲੋਪੋਕੇ ਦੇ ਸਰਹੱਦੀ ਖੇਤਰ ‘ਚ ਲੱਗਭੱਗ 150 ਪਿੰਡ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ, ਇਹਨਾਂ ਪਿੰਡਾਂ ਦੀ ਤਕਰੀਬਨ ਸਵਾ ਲੱਖ ਏਕੜ ਸਾਉਣੀਂ ਦੀਆਂ ਫ਼ਸਲਾਂ ਸਮੇਤ ਗੰਨਾਂ ਹੜ੍ਹਾਂ ਨਾਲ ਮਾਰੀਆਂ ਗਈਆਂ ਹਨ। ਹੋਰ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ।
ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਜੋਸ਼, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਆਗੂ ਸੁਖਦੇਵ ਸਿੰਘ ਸੈਸਰਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਕਾਬਲ ਸਿੰਘ ਛੀਨਾਂ, ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾਂ ਤੇ ਆਗੂ ਵਿਜੇ ਸ਼ਾਹ ਧਾਰੀਵਾਲ ਹੋਣਾ ਨੇ ਪ੍ਰੈਸ ਨੂੰ ਦੱਸਿਆ ਕਿ ਪਿੰਡਾਂ ਵਿੱਚ ਅਜੇ ਵੀ ਬਹੁਤ ਸਾਰੇ ਮਜ਼ਦੂਰ, ਕਿਸਾਨ ਤੇ ਹੋਰ ਕਾਰੋਬਾਰੀਆਂ ਦਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਚਾਰੇ ਨਹੀਂ ਪਹੁੰਚ ਰਿਹਾ ਅਤੇ ਗਰੀਬ ਲੋਕਾਂ ਨੂੰ ਦੋ ਵੇਲੇ ਦਾ ਅੰਨ ਪਾਣੀ ਚਲਾਉਣ ਮੁਸ਼ਕਿਲ ਹੋ ਰਿਹਾ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਸ ਸਬੰਧੀ ਠੋਸ ਕਦਮ ਨਹੀਂ ਚੁੱਕ ਰਹੀ ਸਿਰਫ਼ ਤੇ ਸਿਰਫ਼ ਐੱਸਕੇਐੱਮ ਦੀਆਂ ਕਿਸਾਨ ਜਥੇਬੰਦੀਆਂ, ਸਵੈਸੇਵਕ ਸੰਗਠਨ ਅਤੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਮੁੱਖੀ ਪਿੰਡਾਂ ਵਿੱਚ ਗਰੀਬਾਂ ਅਤੇ ਲੋੜਵੰਦਾਂ ਲਈ ਲੰਗਰ ਵੀ ਲਾਏ ਹੋਏ ਹਨ ਅਤੇ ਰਾਹਤ ਸਮੱਗਰੀ ਵੀ ਵੰਡ ਰਹੇ ਹਨ। ਇਸ ਭਾਵਨਾ ਤਹਿਤ ਐੱਸਕੇਐੱਮ ਦੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅੱਜ ਇਥੇ ਐੱਸਕੇਐੱਮ ਦੇ ਰਾਹਤ ਕੇਂਦਰ ਵਿਖੇ ਰਾਹਤ ਸਮੱਗਰੀ ਲੈਕੇ ਪਹੁੰਚੇ, ਜਿੱਥੇ ਉਹਨਾਂ ਨੂੰ ਲੋੜਵੰਦਾਂ ਪਿੰਡਾਂ ਡੱਬਰ, ਲਾਲਵਾਲਾ ਆਦਿ ਵਿੱਚ ਸਮੱਗਰੀ ਵੰਡਣ ਲਈ ਰਵਾਨਾ ਕੀਤਾ।
ਉਕਤ ਆਗੂਆਂ ਨੇ ਜਿਹੜੀ ਪੰਜਾਬ ਸਰਕਾਰ ਵੱਲੋਂ ਨਿਗੂਣੀ ਰਾਹਤ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ, ਇਸ ਨਾਲ ਕਿਸਾਨਾਂ ਦਾ ਬੀਜ, ਝੋਨੇ ਦੀ ਲਵਾਈ, ਖਾਦ, ਦਵਾਈਆਂ ਦਾ ਵੀ ਖ਼ਰਚਾ ਪੂਰਾ ਨਹੀਂ ਹੁੰਦਾ ਜਦੋਂ ਕਿ ਇਸ ਇਲਾਕੇ ਵਿੱਚ ਜਦੋਂ ਕਿ 60 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਦੇਣਾ ਪੈਂਦਾ ਹੈ। ਇਸੇ ਕਰਕੇ ਹੀ ਐੱਸਕੇਐੱਮ ਵੱਲੋਂ ਪ੍ਰਤੀ ਏਕੜ 70 ਹਜ਼ਾਰ ਰੁਪਏ ਅਤੇ ਮਜ਼ਦੂਰਾਂ ਲਈ 10 ਹਜ਼ਾਰ ਰੁਪਏ ਦਾ ਮੁਆਵਜ਼ਾ ਮੰਗਿਆ ਹੈ।
ਇਹਨਾਂ ਆਗੂਆਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਘੱਟੋਘੱਟ ਹੜ੍ਹ ਪੀੜਿਤ ਹਰੇਕ ਪਰਿਵਾਰ ਨੂੰ ਇੱਕ ਲੱਖ ਰੁਪਏ ਅੰਤਿ੍ਮ ਰਾਹਿਤ ਦੇਣ ਦੀ ਮੰਗ ਕੀਤੀ। ਢਹਿ ਗਏ ਘਰਾਂ ਨੂੰ 10 ਲੱਖ ਰੁਪਏ ਗ੍ਰਾਂਟ, ਮਾਰੇ ਗਏ ਵਿਅਕਤੀਆਂ ਲਈ ਨੂੰ ਵੀ 10 ਲੱਖ ਰੁਪਏ ਅਤੇ ਮਾਰੇ ਗਏ ਡੰਗਰਾਂ ਲਈ ਇਕ ਇਕ ਲੱਖ ਰੁਪਏ ਤੁਰੰਤ ਜਾਰੀ ਕੀਤੇ ਜਾਣ। ਐੱਸਕੇਐੱਮ ਦੇ ਆਗੂਆਂ ਨੇ ਕਿਹਾ ਕਿ ਜੇਕਰ ਅਜਿਹੀ ਰਾਹਤ ਜਲਦੀ ਜਾਰੀ ਨਾ ਕੀਤੀ ਗਈ ਤਾਂ ਪੰਜਾਬ ਪੱਧਰ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।