Now Reading
ਪੁਲਸੀਆ ਕਹਿਰ ਨੇ ਨੰਗਾ ਕੀਤਾ ‘ਆਪ’ ਸਰਕਾਰ ਦਾ ਜਾਬਰ ਤੇ ਦੰਭੀ ਕਿਰਦਾਰ

ਪੁਲਸੀਆ ਕਹਿਰ ਨੇ ਨੰਗਾ ਕੀਤਾ ‘ਆਪ’ ਸਰਕਾਰ ਦਾ ਜਾਬਰ ਤੇ ਦੰਭੀ ਕਿਰਦਾਰ


ਜਲੰਧਰ: ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ.ਐੱਮ.ਪੀ.ਆਈ.) ਨੇ, ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਤੇ ਬਾਜਾਬਤਾ ਰਹਿ ਕੇ ਆਵਾਜ ਬੁਲੰਦ ਕਰਨ ਲਈ ਬੀਤੇ ਕੱਲ੍ਹ ਚੰਡੀਗੜ੍ਹ ਪੁੱਜੇ ਸਰਕਾਰੀ ਮੁਲਾਜ਼ਮਾਂ, ਖਾਸ ਕਰਕੇ ਇਸਤਰੀਆਂ ‘ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਢਾਹੇ ਗਏ ਵਹਿਸ਼ੀ ਪੁਲਸ ਜਬਰ ਦੀ ਕਰੜੀ ਨਿਖੇਧੀ ਕੀਤੀ ਹੈ।
ਅੱਜ ਇੱਥੋਂ ਜਾਰੀ ਇਕ ਸੰਯੁਕਤ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਮੁਲਾਜ਼ਮਾਂ ‘ਤੇ ਵਰਤਾਏ ਗਏ ਇਸ ਪੁਲਸੀਆ ਕਹਿਰ ਨਾਲ ਪ੍ਰਾਂਤ ਦੇ ਲੋਕਾਂ ਨੂੰ ਬਦਲਾਅ ਲਿਆਉਣ ਦੇ ਨਾਂ ਹੇਠ ਭੁਚਲਾ ਕੇ ਸੂਬੇ ਦੀ ਰਾਜਸੱਤਾ ਹਥਿਆਉਣ ਵਾਲੀ ‘ਆਪ’ ਸਰਕਾਰ ਦਾ ਦੰਭੀ ਕਿਰਦਾਰ ਤੇ ਜਾਬਰ ਚਿਹਰਾ-ਮੋਹਰਾ ਇਕ ਵਾਰ ਫੇਰ ਬੁਰੀ ਤਰ੍ਹਾਂ ਬੇਪਰਦ ਹੋ ਗਿਆ ਹੈ।
ਆਗੂਆਂ ਨੇ ਕਿਹਾ ਹੈ ਕਿ ‘ਕੌਮਾਂਤਰੀ ਇਸਤਰੀ ਦਿਵਸ’ ਮੌਕੇ ਪੁਲਸ ਵਲੋਂ ਕੀਤੀ ਗਈ ਇਸਤਰੀ ਮੁਲਾਜ਼ਮਾਂ ਦੀ ਜ਼ਾਲਮਾਨਾ ਕੁੱਟ-ਮਾਰ ਤੇ ਔਰਤਾਂ ਦੇ ਸਵੈਮਾਣ ਨੂੰ ਸੱਟ ਮਾਰਨ ਵਾਲੀ ਖਿਚ-ਧੂਹ ਭਗਵੰਤ ਸਿੰਘ ਮਾਨ ਸਰਕਾਰ ਲਈ ਸ਼ਰਮ ਨਾਲ ਡੁੱਬ ਮਰਨ ਦਾ ਮੁਕਾਮ ਹੈ।
ਪਾਸਲਾ, ਹਰਕੰਵਲ ਤੇ ਜਾਮਾਰਾਏ ਨੇ ਪਾਰਟੀ ਤੇ ਜਨ ਸੰਗਠਨਾਂ ਦੀਆਂ ਹੇਠਲੀਆਂ ਕਮੇਟੀਆਂ ਨੂੰ ਇਸ ਨਿਹੱਕੇ ਜਬਰ ਖਿਲਾਫ ਪਿੰਡਾਂ, ਸ਼ਹਿਰਾਂ ‘ਚ ਤਕੜਾ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੰਦਿਆਂ ਪੰਜਾਬ ਵਾਸੀਆਂ ਨੂੰ ਸੂਬਾ ਸਰਕਾਰ ਦੀ ਜਾਬਰ ਨੀਤੀ ਪਹੁੰਚ ਖਿਲਾਫ ਹਰ ਮੰਚ ਤੋਂ ਸ਼ਕਤੀਸ਼ਾਲੀ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।

Scroll To Top